ਦੱਖਣੀ ਅਫ਼ਰੀਕਾ: ਸਾਬਕਾ ਰਾਸ਼ਟਰਪਤੀ ਜ਼ੂਮਾ ਨਹੀਂ ਲੜ ਸਕਣਗੇ ਚੋਣ
ਕੇਪਟਾਊਨ:
ਦੱਖਣੀ ਅਫ਼ਰੀਕਾ ਦੀ ਸਿਖਰਲੀ ਅਦਾਲਤ ਨੇ ਕਿਹਾ ਹੈ ਕਿ ਅਪਰਾਧਕ ਰਿਕਾਰਡ ਹੋਣ ਕਾਰਨ ਸਾਬਕਾ ਰਾਸ਼ਟਰਪਤੀ ਜੈਕਬ ਜ਼ੂਮਾ ਅਗਲੇ ਹਫ਼ਤੇ ਹੋਣ ਵਾਲੀਆਂ ਕੌਮੀ ਚੋਣਾਂ ਨਹੀਂ ਲੜ ਸਕਣਗੇ। ਇਹ ਫ਼ੈਸਲਾ ਮੁਲਕ ’ਚ ਚੋਣਾਂ ਤੋਂ ਪਹਿਲਾਂ ਸਿਆਸੀ ਤਣਾਅ ਵਧਾ ਸਕਦਾ ਹੈ। ਸੰਵਿਧਾਨਕ ਅਦਾਲਤ ਨੇ ਕਿਹਾ ਕਿ ਸੰਵਿਧਾਨ ਉਨ੍ਹਾਂ ਲੋਕਾਂ ਦੇ ਚੋਣ ਲੜਨ ’ਤੇ ਰੋਕ ਲਾਉਂਦਾ ਹੈ ਜਿਨ੍ਹਾਂ ਨੂੰ 12 ਮਹੀਨੇ ਤੋਂ ਵੱਧ ਦੀ ਸਜ਼ਾ ਦਿੱਤੀ ਗਈ ਹੋਵੇ। ਜ਼ੂਮਾ (82) ਨੂੰ 2021 ’ਚ ਸੰਵਿਧਾਨਕ ਅਦਾਲਤ ਨੇ ਮਾਣਹਾਨੀ ਦੇ ਮਾਮਲੇ ’ਚ 15 ਮਹੀਨੇ ਦੀ ਸਜ਼ਾ ਸੁਣਾਈ ਸੀ। ਇਸ ਮਾਮਲੇ ’ਚ ਉਨ੍ਹਾਂ ਸਰਕਾਰ ਦੇ ਭ੍ਰਿਸ਼ਟਾਚਾਰ ਦੀ ਤਫ਼ਤੀਸ਼ ਲਈ ਬਣੇ ਨਿਆਂਇਕ ਜਾਂਚ ਅੱਗੇ ਗਵਾਹੀ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਜ਼ੁਮਾ 2009 ਤੋਂ 2018 ਤੱਕ ਦੱਖਣੀ ਅਫ਼ਰੀਕਾ ਦੇ ਰਾਸ਼ਟਰਪਤੀ ਸਨ। ਉਨ੍ਹਾਂ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਕਾਰਨ ਅਹੁਦੇ ਤੋਂ ਅਸਤੀਫ਼ਾ ਦੇਣਾ ਪਿਆ ਸੀ। ਉਨ੍ਹਾਂ ਨਵੀਂ ਸਿਆਸੀ ਪਾਰਟੀ ਨਾਲ ਪਿਛਲੇ ਸਾਲ ਸਿਆਸਤ ’ਚ ਵਾਪਸੀ ਕੀਤੀ ਹੈ। ਉਹ ਹਾਕਮ ਧਿਰ ਅਫ਼ਰੀਕਨ ਨੈਸ਼ਨਲ ਕਾਂਗਰਸ ਪਾਰਟੀ ਦੀ ਤਿੱਖੀ ਆਲੋਚਨਾ ਕਰ ਰਹੇ ਹਨ ਜਿਸ ਦੀ ਪਹਿਲਾਂ ਉਹ ਅਗਵਾਈ ਕਰ ਚੁੱਕੇ ਹਨ। -ਏਪੀ