ਦੱਖਣੀ ਅਫ਼ਰੀਕਾ ਨੇ ਸ੍ਰੀਲੰਕਾ ਨੂੰ 102 ਦੌੜਾਂ ਨਾਲ ਹਰਾਇਆ
ਨਵੀਂ ਦਿੱਲੀ/ਧਰਮਸ਼ਾਲਾ, 7 ਅਕਤੂਬਰ
ਦੱਖਣੀ ਅਫਰੀਕਾ ਨੇ ਕ੍ਰਿਕਟ ਵਿਸ਼ਵ ਕੱਪ ਦੇ ਲੀਗ ਮੁਕਾਬਲੇ ਵਿਚ ਅੱਜ ਸ੍ਰੀਲੰਕਾ ਨੂੰ 102 ਦੌੜਾਂ ਦੀ ਸ਼ਿਕਸਤ ਦਿੱਤੀ। ਦੱਖਣੀ ਅਫ਼ਰੀਕਾ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਕੁਇੰਟਨ ਡੀਕੌਕ (84 ਗੇਂਦਾਂ ’ਤੇ 100), ਡੁਸੇਨ (110 ਗੇਂਦਾਂ ’ਤੇ 108) ਤੇ ਮਾਰਕਰਾਮ (54 ਗੇਂਦਾਂ ’ਤੇ 106) ਦੀਆਂ ਸੈਂਕੜੇ ਵਾਲੀਆਂ ਪਾਰੀਆਂ ਦੀ ਬਦੌਲਤ ਪੰਜ ਵਿਕਟਾਂ ਦੇ ਨੁਕਸਾਨ ਨਾਲ 428 ਦੌੜਾਂ ਬਣਾਈਆਂ ਸਨ, ਜੋ ਵਿਸ਼ਵ ਕੱਪ ਦਾ ਨਵਾਂ ਰਿਕਾਰਡ ਹੈ। ਮਾਰਕਰਾਮ ਨੇ 49 ਗੇਂਦਾਂ ’ਤੇ ਵਿਸ਼ਵ ਕੱਪ ਦੇ ਇਤਿਹਾਸ ਦਾ ਸਭ ਤੋਂ ਤੇਜ਼ ਸੈਂਕੜਾ ਜੜਿਆ। ਸ੍ਰੀਲੰਕਾ ਦੀ ਟੀਮ ਟੀਚੇ ਦਾ ਪਿੱਛਾ ਕਰਦਿਆਂ 44.5 ਓਵਰਾਂ ਵਿੱਚ 326 ਦੌੜਾਂ ਹੀ ਬਣਾ ਸਕੀ। ਸ੍ਰੀਲੰਕਾ ਲਈ ਚਰਿਤ ਅਸਾਲੰਕਾ ਨੇ 79, ਕੁਸਲ ਮੈਂਡਿਸ ਨੇ 76 ਤੇ ਕਪਤਾਨ ਦਾਸੁਨ ਸ਼ਨਾਕਾ ਨੇ 68 ਦੌੜਾਂ ਦੀ ਪਾਰੀ ਖੇਡੀ। ਅਫਰੀਕਾ ਲਈ ਗੇਰਾਲਡ ਕੋਇਟਜ਼ੀ ਨੇ ਸਭ ਤੋਂ ਵੱਧ ਤਿੰਨ ਵਿਕਟ ਲਏ।
ਦੱਖਣੀ ਅਫ਼ਰੀਕਾ ਵਿਸ਼ਵ ਕੱਪ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਦੇ ਆਸਟਰੇਲੀਆ ਦੇ (ਅਫ਼ਗਾਨਿਸਤਾਨ ਖਿਲਾਫ਼ 417 ਦੌੜਾਂ ਦੇ) ਰਿਕਾਰਡ ਨੂੰ ਤੋੜਨ ਵਿੱਚ ਸਫ਼ਲ ਰਿਹਾ। ਡਿਕੌਕ ਤੇ ਡੁਸੇਨ ਨੇ ਦੂਜੇ ਵਿਕਟ ਲਈ 204 ਦੌੜਾਂ ਦੀ ਭਾਈਵਾਲੀ ਕਰਕੇ ਮਜ਼ਬੂਤ ਨੀਂਹ ਰੱਖੀ। ਮਾਰਕਰਾਮ ਨੇ 14 ਚੌਕਿਆਂ ਤੇ ਤਿੰਨ ਛੱਕਿਆਂ ਦੀ ਮਦਦ ਨਾਲ ਮਜ਼ਬੂਤ ਪਾਰੀ ਖੇਡੀ। ਸ੍ਰੀਲੰਕਾ ਲਈ ਕਪਤਾਨ ਦਾਸੁਨ ਸ਼ਨਾਕਾ 6 ਓਵਰਾਂ ਵਿੱਚ 36 ਦੌੜਾਂ ਦੇ ਕੇ ਸਭ ਤੋਂ ਕਿਫਾਇਤੀ ਸਾਬਤ ਹੋਇਆ।
ਉਧਰ ਅੱਜ ਧਰਮਸ਼ਾਲਾ ਵਿਚ ਬੰਗਲਾਦੇਸ਼ ਨੇ ਘੱਟ ਦੌੜਾਂ ਵਾਲੇ ਮੁਕਾਬਲੇ ਵਿੱਚ ਅਫ਼ਗਾਨਿਸਤਾਨ ਨੂੰ 6 ਵਿਕਟਾਂ ਨਾਲ ਹਰਾ ਕੇ ਕ੍ਰਿਕਟ ਵਿਸ਼ਵ ਕੱਪ ਵਿੱਚ ਜਿੱਤ ਨਾਲ ਆਪਣੀ ਮੁਹਿੰਮ ਦਾ ਆਗਾਜ਼ ਕੀਤਾ। ਬੰਗਲਾਦੇਸ਼ੀ ਕਪਤਾਨ ਸ਼ਾਕਬਿ ਅਲ ਹਸਨ ਵੱਲੋਂ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦੇ ਦਿੱਤੇ ਸੱਦੇ ’ਤੇ ਅਫ਼ਗਾਨਿਸਤਾਨ ਦੀ ਪੂਰੀ ਟੀਮ 37.2 ਓਵਰਾਂ ਵਿੱਚ 156 ਦੌੜਾਂ ’ਤੇ ਆਊਟ ਹੋ ਗਈ। ਬੰਗਲਾਦੇਸ਼ ਨੇ ਮਹਿਦੀ ਹਸਨ ਮਿਰਾਜ਼ (57) ਤੇ ਨਜਮੁਲ ਹੁਸੈਨ ਸ਼ੰਟੋ (ਨਾਬਾਦ 59) ਵੱਲੋਂ ਲਾਏ ਨੀਮ ਸੈਂਕੜਿਆਂ ਦੀ ਮਦਦ ਨਾਲ 34.4 ਓਵਰਾਂ ਵਿਚ ਚਾਰ ਵਿਕਟਾਂ ਦੇ ਨੁਕਸਾਨ ਨਾਲ 158 ਦੌੜਾਂ ਬਣਾ ਕੇ ਮੈਚ ਜਿੱਤ ਲਿਆ। -ਪੀਟੀਆਈ
ਭਾਰਤ ਤੇ ਆਸਟਰੇਲੀਆ ਦਾ ਮੁਕਾਬਲਾ ਅੱਜ
ਚੇਨੱਈ: ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਭਾਰਤੀ ਟੀਮ ਭਲਕੇ ਆਸਟਰੇਲੀਆ ਖਿਲਾਫ਼ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗੀ। ਚੇਪਕ ਦੀ ਵਿਕਟ ’ਤੇ ਭਾਰਤੀ ਸਪਿੰਨਰਾਂ ਦਾ ਪ੍ਰਦਰਸ਼ਨ ਫੈਸਲਾਕੁਨ ਸਾਬਤ ਹੋ ਸਕਦਾ ਹੈ। ਭਾਰਤ ਆਪਣੇ ਤਿੰਨਾਂ ਸਪਿੰਨਰਾਂ ਕੁਲਦੀਪ ਯਾਦਵ, ਰਵਿੰਦਰ ਜਡੇਜਾ ਤੇ ਰਵੀਚੰਦਰਨ ਅਸ਼ਵਨਿ ਨੂੰ ਮੈਦਾਨ ਵਿੱਚ ਉਤਾਰ ਸਕਦਾ ਹੈ। ਤੇਜ਼ ਬੁਖਾਰ ਨਾਲ ਜੂਝ ਰਹੇ ਸ਼ੁਭਮਨ ਗਿੱਲ ਦੇ ਭਲਕੇ ਖੇਡਣ ਨੂੰ ਲੈ ਕੇ ਸ਼ਸ਼ੋਪੰਜ ਬਰਕਰਾਰ ਹੈ। -ਪੀਟੀਆਈ