ਹੜ੍ਹ ਪੀੜਤਾਂ ਦੀ ਮਦਦ ਕਰਨ ਵਾਲੇ ਕੌਮ ਤੇ ਸਮਾਜ ਲਈ ਪ੍ਰੇਰਨਾ ਸਰੋਤ: ਜਥੇਦਾਰ
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 25 ਜੁਲਾਈ
ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜੱਥੇਦਾਰ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਨੇ ਸਿੱਖ ਸੰਗਤ ਨੂੰ ਕਿਹਾ ਹੈ ਕਿ ਉਹ ਸਿੱਖ ਗੁਰੂ ਸਾਹਿਬਾਨ ਵੱਲੋਂ ਬਖਸ਼ੇ ਸੇਵਾ ਅਤੇ ਸਿਮਰਨ ਦੇ ਸਿਧਾਂਤ ਨਾਲ ਜੁੜਕੇ ਆਪਣੀ ਉਸਾਰੂ ਸੋਚ ਨੂੰ ਸੇਵਾ ਕਾਰਜਾਂ ਵਿੱਚ ਲਗਾਉਣ।
ਉਹ ਅੱਜ ਲੁਧਿਆਣਾ ਫੇਰੀ ਦੌਰਾਨ ਹਰਪਾਲ ਸਿੰਘ ਖਾਲਸਾ ਫਰਨੀਚਰ ਵਾਲਿਆਂ ਦੇ ਗ੍ਰਹਿ ਵਿੱਖੇ ਇੱਕਤਰ ਹੋਈ ਸੰਗਤ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਹੜ੍ਹਾਂ ਨਾਲ ਹੋਈ ਤਬਾਹੀ ਸਮੇਂ ਗੁਰੂ ਸਾਹਿਬਾਨ ਵੱਲੋਂ ਬਖਸ਼ੀ ਸੇਵਾ ਭਾਵਨਾੈ ਦੇ ਸਿਧਾਂਤ ਤੇ ਪਹਿਰਾ ਦਿੰਦਿਆਂ ਸੰਗਤ ਵੱਲੋਂ ਹੜ੍ਹ ਪੀੜਤਾਂ ਲਈ ਲੰਗਰ ਤਿਆਰ ਕਰਨ ਤੇ ਲੋੜਵੰਦ ਲੋਕਾਂ ਨੂੰ ਰਸਦ, ਦਵਾਈਆਂ ਆਦਿ ਵੰਡਣ ਦੀ ਸੇਵਾ ਕਰਨ ਵਾਲੀਆਂ ਸਮੂਹ ਸੁਸਾਇਟੀਆਂ ਅਤੇ ਵਿਅਕਤੀ ਕੌਮ ਤੇ ਸਮਾਜ ਲਈ ਪ੍ਰੇਰਨਾ ਸਰੋਤ ਹਨ। ਉਨ੍ਹਾਂ ਹਰਪਾਲ ਸਿੰਘ ਖਾਲਸਾ ਤੇ ਪ੍ਰਵਾਰਿਕ ਮੈਂਬਰਾਂ ਵੱਲੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਗੁਰਬਾਣੀ ਦੇ ਪ੍ਰਚਾਰ ਤੇ ਪ੍ਰਸਾਰ ਦੇ ਨਾਲ ਨਾਲ ਕੀਤੀਆਂ ਜਾ ਰਹੀਆਂ ਮਨੁੱਖੀ ਭਲਾਈ ਦੀਆਂ ਸੇਵਾਵਾਂ ਕਾਬਲੇ ਤਾਰੀਫ਼ ਹਨ। ਇਸ ਮੌਕੇ ਹਰਪਾਲ ਸਿੰਘ ਖਾਲਸਾ ਤੇ ਉਨ੍ਹਾਂ ਦੇ ਸਾਥੀਆਂ ਨੇ ਜੈਕਾਰਿਆਂ ਦੀ ਗੂੰਜ ਵਿੱਚ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਨੂੰ ਸਨਮਾਨ ਚਿੰਨ੍ਹ ਤੇ ਸਿਰਪਾਉ ਭੇਟ ਕਰਕੇ ਸਨਮਾਨਿਤ ਕੀਤਾ। ਇਸ ਮੌਕੇ ਜਗਜੀਤ ਸਿੰਘ, ਗੁਰਸ਼ਰਨ ਸਿੰਘ, ਸਰਬਜੀਤ ਸਿੰਘ ਛਾਪਾ, ਹਰਜੋਤ ਸਿੰਘ ਹੈਰੀ, ਕੁਲਦੀਪ ਸਿੰਘ ਪਟਵਾਰੀ ਅਤੇ ਹੋਰ ਪਤਵੂ ਹਾਜ਼ਰ ਸਨ।