ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਰੂਹ ਦਾ ਸਾਕ

11:14 AM Oct 05, 2023 IST

ਅੰਮ੍ਰਿਤਪਾਲ ਕਲੇਰ ਚੀਦਾ

Advertisement

ਪੱਛਮ ਵਿੱਚ ਛਿਪ ਚੁੱਕੇ ਸੂਰਜ ਦੀ ਲਾਲੀ ਅਜੇ ਵੀ ਭਾਹ ਮਾਰ ਰਹੀ ਸੀ। ਚਿੜੀਆਂ ਨਿੰਮ ਉੱਤੇ ਉੱਚੀ ਅਵਾਜ਼ ਵਿੱਚ ਚੀਂ-ਚੀਂ ਕਰ ਰਹੀਆਂ ਸਨ। ਕੂੰਜਾਂ ਦੀਆਂ ਡਾਰਾਂ ਆਪਣੇ ਆਸ਼ਿਆਨੇ ਵੱਲ ਆਸਮਾਨ ਵਿੱਚ ਜਾ ਰਹੀਆਂ ਸਨ। ਵਿਸਾਖ ਦੇ ਪਿਛਲੇ ਪਹਿਰ ਵਗ ਰਹੀ ਤੱਤੀ ਲੂ ਅਜੇ ਵੀ ਪਿੰਡੇ ਨੂੰ ਲੂੰਹਦੀ ਸੀ। ਦੂਰ ਖੇਤਾਂ ਵਿੱਚ ਕਣਕ ਦੀ ਰਹਿੰਦ-ਖੂੰਹਦ ਟਾਂਗਰ ਨੂੰ ਲਾਈ ਅੱਗ ਤਾਂਡਵ ਕਰ ਰਹੀ ਸੀ। ਉੱਚੇ ਉੱਠ ਰਹੇ ਭਾਂਬੜਾਂ ਨੂੰ ਵੇਖ ਉਸ ਨੂੰ ਬੁਰੇ ਤੇ ਡਰਾਉਣੇ ਖ਼ਿਆਲ ਆ ਰਹੇ ਸਨ।
‘‘ਰੱਬ ਨਾ ਕਰੇ, ਕਿਤੇ ਸੀਬੋ ਬੱਲੀਆਂ ਚੁਗਦੀ... ਨਹੀਂ ਨਹੀਂ।’’ ਤਾਰੇ ਦਾ ਮੱਥਾ ਮੁੜ੍ਹਕੇ ਨਾਲ ਭਿੱਜ ਗਿਆ। ‘‘ਓ...ਹੋ ਡਾਢਿਆ...।’’ ਉਹਨੇ ਰੱਬ ਨੂੰ ਹਾਉਕੇ ਵਰਗਾ ਉਲਾਂਭਾ ਦਿੱਤਾ। ਉਹਨੂੰ ਚੱਕਰ ਜਿਹਾ ਆਇਆ ਅਤੇ ਸਿਰੋਂ ਡੱਬੀਆਂ ਵਾਲਾ ਮੈਲਾ ਸਾਫ਼ਾ ਲਾਹ ਕੇ ਮੱਥਾ ਪੂੰਝਿਆ। ਮੋਢੇ ਤੋਂ ਕਹੀ ਉਤਾਰ ਕੇ ਮਲਕੜੇ ਜਿਹੇ ਖਾਲ਼ ਦੀ ਵੱਟ ਉੱਤੇ ਬੈਠ ਗਿਆ। ਸੱਠੀ ਮੂੰਗੀ ਬੀਜਣ ਲਈ ਅੱਜ ਉਸ ਨੇ ਖੇਤ ਨੂੰ ਰਵਾਂ ਕਰਨਾ ਸੀ। ਅੱਜ ਪਾਣੀ ਦੀ ਵਾਰੀ ਹੋਣ ਕਰਕੇ ਮੋਘੇ ਵਿੱਚੋਂ ਛੱਡਿਆ ਪਾਣੀ ਖਾਲ਼ ਵਿੱਚ ਹੌਲ਼ੀ ਹੌਲ਼ੀ ਤੁਰਿਆ ਆ ਰਿਹਾ ਸੀ। ਹੱਥ ਨਾਲ ਫੂਸ ਨੂੰ ਪਰ੍ਹੇ ਕਰ ਉਹਨੇ ਖਾਲ਼ ਵਿੱਚੋਂ ਹੀ ਪਾਣੀ ਦਾ ਬੁੱਕ ਭਰਿਆ ਅਤੇ ਮੂੰਹ ਨੂੰ ਲਾਉਣ ਹੀ ਲੱਗਾ ਸੀ ਕਿ ਕਰਮੋ ਤੇ ਉਹਦੀ ਭਾਬੀ ਬੱਲੀਆਂ ਦੀਆਂ ਪੰਡਾਂ ਸਿਰ ’ਤੇ ਧਰੀ ਆਉਂਦੀਆਂ ਦਿਸੀਆਂ। ਕਰਮੋ ਦੀ ਭਾਬੀ ਬੰਸੋ ਦੀ ਪਹਿਲਾਂ ਤਾਂ ਤਾਰੇ ਨੂੰ ਸਿਆਣ ਨਾ ਆਈ, ਜਦੋਂ ਕੋਲ ਦੀ ਲੰਘਣ ਲੱਗੀ ਤਾਂ ਨੱਕ ਜਾ ਚੜ੍ਹਾ ਕੇ ਬੋਲੀ, ‘‘ਕਰਮੋ, ਬਾਹਲ਼ਾ ਈ ਮੁਸ਼ਕ ਮਾਰਦਾ ਐਥੋਂ ਤਾਂ, ਪਤਾ ਨੀ ਜਵਿੇਂ ਕੋਈ ਕੁੱਤਾ ਮਰਿਆ ਹੁੰਦਾ।’’ ਉਹਨੇ ਤਾਰੇ ਦੇ ਬਰਾਬਰ ਆ ਕੇ ਜ਼ੋਰ ਦੀ ਥੁੱਕਿਆ।
‘‘ਕਾਹਨੂੰ ਭਾਬੀ, ਖੜ੍ਹੇ ਪਾਣੀ ’ਚੋਂ ਸੜਾਂਦ ਮਾਰਦੀ ਆ।’’ ਕਰਮੋ ਨੇ ਤੁਰੀ ਜਾਂਦੀ ਨੇ ਸਹਿਜੇ ਹੀ ਕਹਿ ਦਿੱਤਾ।
ਤਾਰੇ ਦਾ ਦਿਲ ਕੀਤਾ ਕਿ ਕਰਮੋ ਦੀ ਭਰਜਾਈ ਬੰਸੋ ਨੂੰ ਗੁੱਤੋਂ ਫੜ ਪੁੱਛੇ ਕਿ ‘ਦੱਸ ਕਿੰਨੇ ਪੈਸੇ ਖਾਧੇ ਨੇ?’ ਪਰ ਉਹ ਮਿੱਟੀ ਦਾ ਮਾਧੋ ਬਣਿਆ ਖੜ੍ਹਾ ਰਿਹਾ।
‘‘ਨੀ ਖੜ੍ਹੇ ਪਾਣੀਆਂ ’ਚੋਂ ਸੜਾਂਦ ਹੀ ਮਾਰੂ, ਹੋਰ ਕੋਈ ਗੁਲ ਖਿੜਨਗੇ?’’
ਕਰਮੋ ਦੀ ਭਾਬੀ ਬੰਸੋ, ਤਾਰੇ ਵੱਲ ਮੂੰਹ ਕਰ ਕੇ ਉੱਚੀ ਦੇਣੇ ਕਹਿੰਦੀ ਹੋਈ ਲੱਕ ਨੂੰ ਹਲੋਰੇ ਮਾਰਦੀ ਕੱਚੀ ਪਹੀ ’ਤੇ ਜਾ ਚੜ੍ਹੀ।
‘‘... ..., ਕਵਿੇਂ ਮੱਛਰੀ ਜਾਂਦੀ ਆ, ਉਦੋਂ ਪੁੱਛੂੰ ਜਦੋਂ ਜ਼ਿਮੀਂਦਾਰਾਂ ਦੇ ਸਰਦਾਰੇ ਕੀ ਮੋਟਰ ਤੋਂ...।’’ ਤਾਰੇ ਨੇ ਮੂੰਹ ਵਿੱਚ ਹੀ ਬੁੜਬੁੜ ਕੀਤੀ। ਕਰਮੋ ਤੇ ਉਹਦੀ ਭਰਜਾਈ ਬੰਸੋ ਪਹੀ ’ਤੇ ਦੂਰ ਤੁਰੀਆਂ ਜਾਂਦੀਆਂ ਵੀ ਹਬਿੜ-ਹਬਿੜ ਕਰ ਉੱਚੀ ਉੱਚੀ ਹੱਸ ਰਹੀਆਂ ਸਨ। ਉਨ੍ਹਾਂ ਦੀ ਹਾਸੀ ਬੇਵੱਸ ਤਾਰੇ ਨੂੰ ਬੁਰੀ ਤਰ੍ਹਾਂ ਚਿੜ੍ਹਾ ਰਹੀ ਸੀ।
ਦੋ ਕੁ ਓਰੇ ਇਸ ਵਾਰ ਤਾਰੇ ਨੇ ਸਰਦਾਰ ਬਿੱਕਰ ਸਿਹੁੰ ਨੂੰ ਪੁੱਛ ਮਿਰਚਾਂ ਦੀ ਪਨੀਰੀ ਦੇ ਝੋਰਿਆਂ ਵਾਲੇ ਖੇਤ ਬੀਜੇ ਸਨ। ਮਨ ਤਾਂ ਕਰਦਾ ਸੀ ਕਿ ਤੋਰੀਆਂ ਅਤੇ ਕੱਦੂਆਂ ਦੀਆਂ ਵੇਲਾਂ ਵੀ ਲਾ ਦੇਵੇ ਪਰ ਮੋਘੇ ਦਾ ਪਾਣੀ ਬੇਪਰਤੀਤਾ ਸੀ, ਕੋਈ ਵਿਸਾਹ ਨਹੀਂ ਸੀ, ਆਵੇ ਨਾ ਆਵੇ ਦੋ ਮਹੀਨੇ ਹੀ ਨਾ ਆਵੇ।
‘‘ਕਵਿੇਂ ਉਏ ਤਾਰਿਆ, ਅਜੇ ਭਰਿਆ ਨਹੀਂ ਕਿਆਰਾ?’’ ਬਿੱਕਰ ਸਿਹੁੰ ਦੇ ਮੁੰਡੇ ਗੁਰਦੀਪ ਨੇ ਪਿੱਛੋਂ ਆ ਕੇ ਤਾਰੇ ਨੂੰ ਪੁੱਛਿਆ ਜੋ ਹੁਣੇ ਹੀ ਮੋਟਰ ਤੋਂ ਆਇਆ ਸੀ। ਮੁੱਛਾਂ ਨੂੰ ਦਿੱਤਾ ਹੋਇਆ ਤਾਅ ਅਤੇ ਚਿਹਰੇ ਦੀ ਲਾਲੀ ਉਸ ਨੂੰ ਪੰਤਾਲੀਆਂ ਤੋਂ ਪੈਂਤੀਆਂ ਦਾ ਦਰਸਾ ਰਹੇ ਸਨ।
‘‘ਬਾਈ, ਪਾਣੀ ਪਿੱਛੋਂ ਹੀ ਲੇਟ ਆਇਆ।’’ ਤਾਰੇ ਨੇ ਨਾ ਚਾਹੁੰਦਿਆਂ ਵੀ ਜਵਾਬ ਦਿੱਤਾ।
‘‘ਕਵਿੇਂ ਆਹ ਸੋਡੇ ਵਿਹੜੇ ਆਲ਼ੀਆਂ ਅੱਜ ਮੂੰਹ ਨੇਰ੍ਹਾ ਜਾ ਕਰੀ ਫਿਰਦੀਆਂ ਸੀ?’’ ਗੁਰਦੀਪ ਨੇ ਤਾਰੇ ਨੂੰ ਟਟੋਲਣਾ ਚਾਹਿਆ ਕਿ ਕਿਤੇ...।
‘‘ਮੈਨੂੰ ਤਾਂ ਨੀ ਪਤਾ ਲੱਗਿਆ ਬਾਈ ਕੌਣ ਸੀ?’’ ਤਾਰਾ ਜਾਣ-ਬੁੱਝ ਕੇ ਮੁੱਕਰ ਗਿਆ।
‘‘ਤੇਰੇ ਕੋਲ਼ ਦੀ ਤਾਂ ਲੰਘੀਆਂ ਹੁਣੇ।’’
‘‘ਬਾਈ ਮੇਰਾ ਧਿਆਨ ਨ੍ਹੀਂ ਸੀ, ਸੌ ਤੁਰੀ ਫਿਰਦੀ ਐ ਏਥੇ ਲੰਡੀ ਬੁੱਚੀ।’’ ਤਾਰੇ ਤੋਂ ਮਨੋਂ-ਮਨ ਰੋਕਦਿਆਂ ਵੀ ਇਹ ਸ਼ਬਦ ਉਹਦੇ ਮੂੰਹੋਂ ਬਦੋਬਦੀ ਨਿਕਲ ਗਏ। ਗੁਰਦੀਪ ਨੇ ਮੁੱਛਾਂ ਵਿੱਚ ਹੱਸ ਕੇ ਮੋਟਰਸਾਈਕਲ ਦੀ ਕਿੱਕ ਮਾਰੀ ਅਤੇ ਕੱਚੀ ਪਹੀ ’ਤੇ ਧੂੜ ਉਡਾਉਂਦਾ ਪਿੰਡ ਵੱਲ ਨੂੰ ਤੁਰ ਗਿਆ।
ਪਾਣੀ ਹੁਣ ਮਿਰਚਾਂ ਦੇ ਕਿਆਰੇ ਬੰਨੇ ਪਹੁੰਚ ਗਿਆ ਸੀ। ਆਥਣ ਦੇ ਘੁਸਮੁਸੇ ਨੂੰ ਛੱਡ ਰਾਤ ਨੇ ਆਪਣੀਆਂ ਬਾਹਾਂ ਪਸਾਰ ਲਈਆਂ ਸਨ। ਆਸਮਾਨ ’ਤੇ ਤਾਰਿਆਂ ਦੀ ਸਪਤਰਿਸ਼ੀ ਉਹਨੂੰ ਚੰਗੀ ਚੰਗੀ ਲੱਗੀ। ਤਾਰੇ ਨੂੰ ਯਾਦ ਆਇਆ ਕਿ ਉਸ ਨੇ ਕਈ ਵਾਰ ਰਾਤ ਨੂੰ ਤਾਰਿਆਂ ਦੇ ਇਨ੍ਹਾਂ ਝੁੰਡ ਨੂੰ ਵੇਖ ਕੇ ਸੀਬੋ ਨੂੰ ਕਹਿਣਾ, ‘‘ਅੱਕੀ ਦੀ ਮਾਂ, ਤੈਨੂੰ ਪਤਾ ਇਹ ਕੀ ਏ? ਇਹ ਚਾਰੇ ਤਾਰੇ ਰਾਜੇ ਦਾ ਮਹਿਲ ਨੇ, ਇਹ ਮਹਿਲ ਸੋਨੇ ਦਾ ਬਣਿਆ, ਔਹ ਜਿਹੜੇ ਤਿੰਨ ਥੋੜ੍ਹੀ ਦੂਰ ਤਾਰੇ ਨੇ, ਉਹ ਰਾਜੇ ਦੇ ਮਹਿਲ ਵਿੱਚ ਰਾਣੀ ਤੇ ਰਾਜੇ ਦੀ ਰਾਖੀ ਕਰਦੇ ਨੇ। ਰਾਜੇ ਤੇ ਰਾਣੀ ਦੇ ਪਲੰਘ ਹੇਠ ਸੋਨੇ ਦੀਆਂ ਚਾਰ ਇੱਟਾਂ ਵੀ ਨੇ। ਰਾਜਾ ਆਪਣੀ ਰਾਣੀ ਨਾਲ ਬਹੁਤ ਮੁਹੱਬਤ ਕਰਦਾ ਹੈ। ਚੜ੍ਹਦੇ ਤੋਂ ਉਤਾਂਹ ਵੱਲ ਧਰੂ ਤਾਰਾ, ਜੋ ਡਾਕੂ ਆ ਉਹ, ਮਹਾਰਾਜੇ ਦੀ ਬੇਗ਼ਮ ਨੂੰ ਗਹਿਰੀ ਅੱਖ ਨਾਲ ਵੇਖਦਾ ਹੈ।’’
ਸੀਬੋ ਅੰਦਰੇ-ਅੰਦਰ ਨਿਉਲੀ਼ਆਂ ਜਿਹੀਆਂ ਵੱਟ ਉਸ ਨੂੰ ਅੱਧ-ਵਿਚਾਲਿਉਂ ਟੋਕਦਿਆਂ ਕਹਿੰਦੀ, ‘‘ਇਹ ਤਾਂ ਜਣੀ ਰਾਜੇ ਰਾਣੀ ਦਾ ਵਿਚੋਲਾ ਸੀ, ਚੱਲ ਸੌਂ ਜਾ ਹੁਣ, ਤੜਕੇ ਦੇ ਹੰਭੇ ਆਂ, ਦੋ ਘੜੀ ’ਰਾਮ ਕਰਨ ਦੇ।’’
ਕਈ ਵਾਰ ਗੱਲਾਂ ਕਰਦਿਆਂ ਤਾਰੇ ਨੂੰ ਦਨਿ ਦੀ ਥਕਾਵਟ ਦਾ ਅਹਿਸਾਸ ਵੀ ਨਾ ਹੁੰਦਾ। ਉਹ ਸੀਬੋ ਦੀ ਹਰ ਗੱਲ ’ਤੇ ਫੁੱਲ ਚੜ੍ਹਾਉਂਦਾ ਤੇ ਉਸ ਨੂੰ ਮੂੰਹ ਨਾ ਫਿਟਕਾਰਦਾ। ਉਸ ਦਾ ਵਿਆਹ ਵੀ ਵੱਡੀ ਉਮਰ ਵਿੱਚ ਹੀ ਹੋਇਆ ਸੀ। ਉਮਰ ਲੰਘਣ ਕਰਕੇ ਉਸ ਨੇ ਵਿਆਹ ਦੀ ਆਸ ਹੀ ਮੁਕਾ ਦਿੱਤੀ ਸੀ। ਮਾਂ ਨੇ ਗੁਆਂਢਣ ਤੇਜੋ ਦੀਆਂ ਮਿੰਨਤਾਂ ਕਰ ਕੇ ਉਸਨੂੰ ਸਾਕ ਕਰਾਉਣ ਲਈ ਜ਼ੋਰ ਪਾਇਆ ਸੀ। ਤੇਜੋ ਨੇ ਆਪਣੇ ਪੇਕਿਆਂ ਤੋਂ ਸੀਬੋ ਦਾ ਰਿਸ਼ਤਾ ਤਾਰੇ ਨੂੰ ਕਰਾਇਆ ਸੀ। ਉਸ ਦਨਿ ਤਾਰੇ ਦਾ ਧਰਤੀ ਪੱਬ ਨਹੀਂ ਸੀ ਲੱਗਿਆ। ਜਿਸ ਦਨਿ ਸੀਬੋ ਦਾ ਪਿਓ ਤਾਰੇ ਦੇ ਹੱਥ ’ਤੇ ਰੁਪਈਆ ਧਰ ਗਿਆ ਸੀ, ਮਾਂ ਨੇ ਸਾਰੇ ਵਿਹੜੇ ਵਿੱਚ ਪਤਾਸਿਆਂ ਦੀ ਲੱਪ ਲੱਪ ਵੰਡੀ ਸੀ। ਮਾਂ ਨੂੰ ਸਾਰੇ ਸ਼ਰੀਕੇ ਕਬੀਲੇ ’ਚੋਂ ਵਧਾਈਆਂ ਮਿਲ ਰਹੀਆਂ ਸਨ।
‘‘ਆਹ ਤਾਂ ਤਾਰੇ ਦੇ ਰਿਸ਼ਤੇ ਵਾਲਾ ਬਾਹਲ਼ਾ ਈ ਸੋਹਣਾ ਹੋਇਆ ਭੈਣੇ।’’ ਤਾਈ ਸੰਤੀ ਨੇ ਵੀ ਮਾਂ ਨੂੰ ਵਧਾਈਆਂ ਦੇ ਕੇ ਦੇਹਲੀ ਵਧਣ ਦੀ ਅਸੀਸ ਦਿੱਤੀ।
ਸੀਬੋ, ਤਾਰੇ ਤੋਂ ਘੱਟੋ-ਘੱਟ ਅੱਠ ਸੱਤ ਸਾਲ ਛੋਟੀ ਸੀ। ਕਣਕ ਭਿੰਨਾ ਰੰਗ, ਤਿੱਖੇ ਨੈਣ ਨਕਸ਼ ਅਤੇ ਮੋਟੀਆਂ ਮੋਟੀਆਂ ਅੱਖਾਂ, ਸਰੂ ਜਿੱਡਾ ਕੱਦ ਛਮਕ ਜਿਹੀ ਸੀ। ਤਾਰਾ ਉਸ ਨੂੰ ਵੇਖ ਵੇਖ ਨਾ ਰੱਜਦਾ। ਵਿਹੜੇ ਵਿੱਚ ਸੂਹੇ ਸੂਟ ਵਿੱਚ ਸਜੀ ਫਿਰਦੀ ਸੀਬੋ ਉਸ ਨੂੰ ਸ਼ਹਿਜ਼ਾਦੀ ਲੱਗਦੀ। ਉਸ ਨੂੰ ਸਰੂਰ ਜਿਹਾ ਚੜ੍ਹ ਜਾਂਦਾ। ਤੰਗੀਆਂ ਤੁਰਸ਼ੀਆਂ ਦੇ ਝੰਬੇ ਤਾਰੇ ਨੂੰ ਸੀਬੋ ਦੇ ਚਾਅ ਵਿੱਚ ਇਹ ਵੀ ਤੁੱਛ ਲੱਗਦੀਆਂ। ਉਹ ਸੀਬੋ ਦਾ ਵਿੱਤ ਅਨੁਸਾਰ ਹਰ ਚਾਅ ਪੂਰਾ ਕਰਦਾ। ਤਾਰੇ ਨੂੰ ਲੱਗਦਾ ਜਵਿੇਂ ਉਹ ਕਿਸੇ ਹੋਰ ਰੰਗਲੀ ਦੁਨੀਆਂ ਦਾ ਵਾਸੀ ਹੋ ਗਿਆ ਹੋਵੇ ਜਿੱਥੇ ਉਹ ਮਹਾਰਾਜਾ ਤੇ ਸੀਬੋ ਮਹਾਰਾਣੀ ਹੋਵੇ। ਸਾਲ ਬਾਅਦ ਉਨ੍ਹਾਂ ਦੇ ਘਰ ਇਕ ਬੱਚੀ ਨੇ ਜਨਮ ਲਿਆ। ਤਾਰੇ ਦੀ ਮਾਂ ਨੇ ਉਹਦਾ ਨਾਂ ਅੱਕੀ ਰੱਖਿਆ। ਉਹ ਸਾਰਾ ਪਰਿਵਾਰ ਬੱਚੀ ਨਾਲ ਖੇਡਦਾ ਨਾ ਥੱਕਦਾ।
ਮਾਂ ਹੁਣ ਬਿਰਧ ਹੋ ਚੁੱਕੀ ਸੀ। ਮਾਂ ਦੇ ਗੋਹੇ-ਕੂੜੇ ਵਾਲੇ ਘਰਾਂ ਦਾ ਕੰਮ ਹੁਣ ਸੀਬੋ ਨੇ ਸਾਂਭ ਲਿਆ ਸੀ। ਜਦੋਂ ਸੀਬੋ ਘਰਾਂ ਵਿੱਚ ਗੋਹਾ ਕੂੜਾ ਕਰਨ ਜਾਂਦੀ ਤਾਂ ਉਸ ਦਾ ਕਣਕ ਭਿੰਨਾ ਰੰਗ ਤੇ ਤਿੱਖੇ ਨੈਣ ਨਕਸ਼ ਸਾਹਮਣੇ ਵਾਲੇ ਨੂੰ ਬੰਨ੍ਹ ਲੈਂਦੇ। ਉਹ ਚੰਗੇ ਸਰਦੇ-ਪੁੱਜਦੇ ਘਰਾਂ ਵਿੱਚ ਕੰਮ ਕਰਦੀ। ਗੁਆਂਢ ਰਹਿੰਦੀ ਬੰਸੋ ਨਾਲ ਹੁਣ ਉਸ ਦਾ ਮੇਲ-ਮਿਲਾਪ ਵਧ ਗਿਆ ਸੀ। ਬੰਸੋ ਕਰਾਅ ਲਾਉਣ ਤੇ ਕਰਾਅ ਤੋਰਨ ਵਿੱਚ ਵਿਹੜੇ ’ਚੋਂ ਮੋਹਰੀ ਸੀ। ਸੀਬੋ ਹੁਣ ਬਹੁਤਾ ਸਮਾਂ ਬੰਸੋ ਨਾਲ ਹੀ ਗੁਜ਼ਾਰਦੀ। ਤਾਰਾ ਆਥਣੇ ਦਿਹਾੜੀ ਤੋਂ ਆਉਂਦਾ ਤਾਂ ਸੀਬੋ ਦੇ ਅੱਗੇ-ਪਿੱਛੇ ਫਿਰਦਾ ਰਹਿੰਦਾ, ਪਰ ਸੀਬੋ ਦੇ ਰੰਗ-ਢੰਗ ਬਦਲ ਗਏ ਸਨ। ਉਹ ਪਾਣੀ ਮੰਗਦਾ ਤਾਂ ਸੀਬੋ ਉਸ ਨੂੰ ਅੱਗੋਂ ਸੂਈ ਬਘਿਆੜੀ ਵਾਂਗੂੰ ਪੈਂਦੀ। ਉਹ ਜ਼ਹਿਰ ਦਾ ਘੁੱਟ ਭਰ ਚੁੱਪ ਹੋ ਜਾਂਦਾ। ਉਹ ਉਸ ਅੱਗੇ ਲੇਲੜੀਆਂ ਕੱਢਦਾ, ਪਰ ਸੀਬੋ ਸੱਤਵੇਂ ਆਸਮਾਨ ’ਤੇ ਚੜ੍ਹੀ ਹੁੰਦੀ।
‘‘ਕੀ ਆ ਤੇਰੇ ਘਰੇ, ਖਾਣ ਨੂੰ ਭੁੱਬਲ ਵੀ ਨਹੀਂ।’’
‘‘ਸੀਬੋ, ਮੈਂ ਤਾਂ ਤੇਰੇ ਲਈ ਜਾਨ ਵੀ ਦੇ ਦਿਆਂ, ਦੇਖ ਆਪਾਂ ਨੂੰ ਰੱਬ ਨੇ ਕਿੰਨੀ ਸੋਹਣੀ ਕੁੜੀ ਦਿੱਤੀ ਆ।’’ ਤਾਰਾ ਕਈ ਵਾਰ ਭਾਰੇ ਗਲ਼ੇ ਨਾਲ ਇਹ ਸ਼ਬਦ ਬੋਲਦਾ। ਸੀਬੋ ਲੜਨ ਦਾ ਬਹਾਨਾ ਲੱਭਦੀ ਰਹਿੰਦੀ। ਬੰਸੋ ਨਾਲ ਸ਼ਹਿਰ ਗਈ ਸੀਬੋ ਮੁੜ ਕੇ ਘਰੇ ਕਦੇ ਨਾ ਮੁੜੀ।
‘‘ਤਾਰਿਆ, ਉਏ ਤਾਰਿਆ, ਅਜੇ ਕਿੰਨਾ ਕੁ ਰਹਿੰਦਾ ਤੇਰਾ ਕਿਆਰਾ?’’ ਭਾਊ ਨੇ ਤਾਰੇ ਨੂੰ ਆਵਾਜ਼ ਮਾਰੀ।
‘‘ਬੱਸ ਬਾਈ ਹੋ ਗਿਆ ਪੂਰਾ, ਵੱਢ ਲਾ ਨੱਕਾ।’’ ਤਾਰਾ ਸੁੱਕੇ ਗਲ਼ੇ ਵਿੱਚੋਂ ਮਸਾਂ ਹੀ ਬੋਲਿਆ। ਕਹੀ ਮੋਢੇ ਰੱਖ ਉਹ ਘਰ ਨੂੰ ਤੁਰ ਪਿਆ।
‘‘ਪਾਪਾ ਆ ਗਏ, ਪਾਪਾ ਆ ਗਏ।’’ ਅੱਕੀ ਨੇ ਉੱਚੀ ਉੱਚੀ ਰੌਲ਼ਾ ਪਾਉਣਾ ਸ਼ੁਰੂ ਕਰ ਦਿੱਤਾ।
‘‘ਪੁੱਤ ਰੋਟੀ ਪਾ ਦਿਆਂ?’’ ਮਾਂ ਨੇ ਕੰਬਦੀ ਆਵਾਜ਼ ਵਿੱਚ ਕਿਹਾ।
‘‘ਰੋਟੀ ਕਾਹਦੇ ਨਾਲ ਹੈ ਮਾਂ?’’ ਤਾਰੇ ਨੇ ਸਰਸਰੀ ਜਿਹੇ ਪੁੱਛਿਆ।
‘‘ਪੁੱਤ, ਕੱਦੂ ਧਰਿਆ।’’
‘ਓ... ਹੋ।’ ਤਾਰੇ ਦੇ ਮਨ ਅੰਦਰ ਝਰਨਾਹਟ ਛਿੜੀ, ‘ਸੀਬੋ, ਕੱਦੂ ਬਹੁਤ ਚਾਹ ਕੇ ਖਾਂਦੀ ਸੀ, ਰੋਜ਼ ਹੀ ਕਹਿ ਦਿੰਦੀ ਸੀ, ਅੱਕੀ ਦਾ ਪਿਓ ਕੱਦੂ ਲਿਆ। ਰੂਹ ਦਾ ਸਾਕ ਸੀ, ਸੀਬੋ, ਸੀਬੋ ਮੁੜ ਆ, ਮੁੜ ਆ ਸੀਬੋ।’
ਸੰਪਰਕ: 99157-80980
* * *

ਭਿਖਾਰੀ

ਰਾਮ ਦਾਸ ਨਸਰਾਲੀ
“ਲੈ ਬਈ ਤਾਇਆ ਕਰ ਦਸਤਖਤ... ਮੈਂ ਕਰ ਦਿੰਨਾ ਤਸਦੀਕ... ਲਿਆ ਤੇਰਾ ਵੀ ਸਸਤੀ ਦਾਲ ਤੇ ਦੋ ਰੁਪਏ ਕਿਲੋ ਵਾਲੀ ਕਣਕ ਦਾ ਕਾਰਡ ਬਣਵਾ ਦੇਈਏ... ਹੋਰ ਵੀ ਆਪਣੇ ਪਿੰਡ ਬਥੇਰਿਆਂ ਨੇ ਬਣਵਾਏ ਹੋਏ ਨੇ। ਹਰ ਮਹੀਨੇ ਟਰਾਲੀਆਂ ਵਿੱਚ ਲੱਦ ਕੇ ਲਿਆਉਂਦੇ ਨੇ ਕਣਕ...।” ਸਰਪੰਚ ਨਿਰੰਜਣ ਸਿੰਘ ਨੇ ਆਪਣੇ ਹਮਾਇਤੀ ਤਾਏ ਜੰਗੀਰ ਸਿੰਘ ਦੇ ਘਰ ਜਾ ਕੇ ਅਪਣੱਤ ਨਾਲ ਉਹਦੇ ਮੂਹਰੇ ਫਾਰਮ ਕਰਦਿਆਂ ਕਿਹਾ।
“ਨਾ ਨਾ ਉਏ ਪੁੱਤਰਾ, ਜਿਉਂਦਾ ਵਸਦਾ ਰਹਿ... ਰੱਬ ਤੈਨੂੰ ਹਮੇਸ਼ਾ ਤੰਦਰੁਸਤੀ ਬਖ਼ਸ਼ੇ। ਮੇਰੇ ਘਰ ਕਿਸੇ ਚੀਜ਼ ਦਾ ਘਾਟਾ ਨ੍ਹੀਂ..., ਆਪਣੀ ਮਿਹਨਤ ਦੀ ਕਮਾਈ ਦੇ ਸਿਰ ’ਤੇ ਅੱਜ ਘਰ ’ਚ ਟਰੈਕਟਰ ਟਰਾਲੀ, ਕਾਰ ਤੇ ਮੋਟਰਸਾਈਕਲ ਖੜ੍ਹਾ। ਮੇਰੀ ਜ਼ਮੀਰ ਅਜੇ ਜਾਗਦੀ ਆ... ਇਹ ਮੈਨੂੰ ਭਿਖਾਰੀ ਨਹੀਂ ਬਣਨ ਦੇਵੇਗੀ। ਮਰੀ ਜ਼ਮੀਰ ਵਾਲੇ ਹੋਣਗੇ ਜਿਹੜੇ ਘਰ ਵਿੱਚ ਸਭ ਕੁਝ ਹੁੰਦਿਆਂ-ਸੁੰਦਿਆਂ ਵੀ ਭਿਖਾਰੀ ਬਣ ਕੇ ਹਰ ਮਹੀਨੇ ਸਸਤੀ ਕਣਕ ਆਪਣੇ ਘਰ ਲਿਆਉਂਦੇ ਨੇ...।’’
ਜਾਗਦੀ ਜ਼ਮੀਰ ਵਾਲੇ ਤਾਏ ਦੇ ਮੂੰਹੋਂ ਇਹ ਸ਼ਬਦ ਸੁਣ ਕੇ ਸਰਪੰਚ ਨਿਰੰਜਣ ਸਿੰਘ ਦਾ ਸਿਰ ਸਤਿਕਾਰ ਨਾਲ ਤਾਏ ਜੰਗੀਰ ਸਿੰਘ ਅੱਗੇ ਝੁਕ ਗਿਆ।
ਸੰਪਰਕ: 98729-18089

Advertisement

Advertisement