ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਰੂਹ ਦਾ ਹਾਣੀ

07:41 AM Sep 29, 2024 IST
ਫੋਟੋ: ਉਦੇ

ਮਨਪ੍ਰੀਤ ਕੌਰ ਮਿਨਹਾਸ

Advertisement

ਉਸ ਦਾ ਨਾਮ ਸੁਰਮੀਤ ਸੀ। ਚੁਲਬੁਲੀ ਜਿਹੀ ਉਹ ਕੁੜੀ ਹਮੇਸ਼ਾ ਖ਼ੁਸ਼ ਰਹਿੰਦੀ। ਉਸ ਤੋਂ ਵੱਡੇ ਦੋ ਭੈਣ ਭਰਾ ਸਨ। ਸਭ ਤੋਂ ਵੱਡੀ ਭੈਣ, ਦੂਜੇ ਨੰਬਰ ’ਤੇ ਭਰਾ। ਸਭ ਤੋਂ ਛੋਟੀ ਹੋਣ ਕਰਕੇ ਉਹ ਸਭ ਦੀ ਦੁਲਾਰੀ ਸੀ। ਆਪਣੇ ਦਾਦਾ ਜੀ ਦੀ ਤਾਂ ਉਹ ਜਾਨ ਸੀ। ਉਸ ਦੀ ਮਾਂ ਹਮੇਸ਼ਾ ਸੋਚਦੀ ਕਿ ‘ਸਭ ਦਾ ਕਿੰਨਾ ਪਿਆਰ ਲੈਂਦੀ ਹੈ ਮਰਜਾਣੀ। ਰੱਬ ਰੰਗ ਰੂਪ ਪੱਖੋਂ ਵੀ ਥੋੜ੍ਹਾ ਜਿਹਾ ਮਿਹਰਬਾਨ ਹੋ ਜਾਂਦਾ ਤਾਂ ਸੋਨੇ ’ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ’। ਦਰਅਸਲ, ਸੁਰਮੀਤ ਸਾਂਵਲੇ ਰੰਗ ਦੀ ਸੀ। ਦੋਵੇਂ ਵੱਡੇ ਭੈਣ ਭਰਾ ਗੋਰੇ ਚਿੱਟੇ। ਉਹ ਦੋਵੇਂ ਰਲ ਕੇ ਉਸ ਨੂੰ ਚਿੜਾਉਂਦੇ, ‘‘ਮੀਤ, ਤੂੰ ਸਾਡੀ ਭੈਣ ਨਹੀਂ ਲਗਦੀ। ਦੇਖ ਅਸੀਂ ਗੋਰੇ ਚਿੱਟੇ, ਤੂੰ ਕਾਲੀ ਕਲੋਟੀ। ਤੈਨੂੰ ਪਤੈ ਇਸ ਗੱਲ ਦਾ ਕਿ ਤੂੰ ਪਤਾ ਹਸਪਤਾਲ ਵਿੱਚ ਬਦਲ ਗਈ ਸੀ ਤਾਂ ਹੀ ਤੂੰ ਸਾਡੇ ਨਾਲ ਰਲਦੀ ਨਹੀਂ।’’ ਇਹ ਸੁਣ ਕੇ ਉਹ ਚਿੜ ਜਾਂਦੀ ਤੇ ਰੋਂਦੀ ਰੋਂਦੀ ਮਾਂ ਦੀ ਗੋਦ ਵਿੱਚ ਵੜ ਜਾਂਦੀ। ਮਾਂ ਉਸ ਦਾ ਮੂੰਹ ਚੁੰਮ ਕੇ ਸਮਝਾਉਂਦੀ, ‘‘ਤੈਨੂੰ ਜਾਣ ਕੇ ਛੇੜਦੇ ਨੇ। ਤੂੰ ਤਾਂ ਮੇਰੀ ਰਾਣੀ ਧੀ ਏਂ। ਇਨ੍ਹਾਂ ਦੀਆਂ ਗੱਲਾਂ ਦਾ ਗੁੱਸਾ ਨਾ ਮਨਾਇਆ ਕਰ। ਇਹ ਤਾਂ ਤੈਥੋਂ ਸੜਦੇ ਨੇ ਕਿਉਂਕਿ ਤੈਨੂੰ ਸਾਰੇ ਜ਼ਿਆਦਾ ਪਿਆਰ ਕਰਦੇ ਨੇ।’’ ਮਾਂ ਦੀਆਂ ਗੱਲਾਂ ਨਾਲ ਉਹ ਪਰਚ ਜਾਂਦੀ।
ਸਕੂਲ ਵਿੱਚ ਉਹ ਹਰੇਕ ਕੰਮ ਵਿੱਚ ਮੋਹਰੀ ਹੁੰਦੀ। ਚਾਹੇ ਪੜ੍ਹਾਈ ਹੋਵੇ ਜਾਂ ਖੇਡਾਂ, ਬਸ ਉਸ ਦਾ ਹੀ ਨਾਮ ਚਲਦਾ। ਸਕੂਲ ਤੋਂ ਬਾਅਦ ਉਸ ਨੇ ਕਾਲਜ ਦਾ ਰੁਖ਼ ਕੀਤਾ। ਕਾਲਜ ਵਿੱਚ ਉਸ ਨੇ ਐੱਨਸੀਸੀ ਰੱਖ ਲਈ। ਉਹ ਆਪਣੀ ਟੁਕੜੀ ਦੀ ਪਰੇਡ ਕਮਾਂਡਰ ਸੀ। ਉਸ ਦਾ ਆਤਮ-ਵਿਸ਼ਵਾਸ ਹੋਰ ਵੀ ਵਧਦਾ ਗਿਆ, ਪਰ ਨਾਲ ਦੀਆਂ ਸਹੇਲੀਆਂ ਕਈ ਵਾਰ ਉਸ ਨਾਲ ਖਾਰ ਖਾਂਦੀਆਂ। ਉਹ ਉਸ ਦੇ ਸਾਂਵਲੇ ਰੰਗ ਨੂੰ ਨਿਸ਼ਾਨਾ ਬਣਾ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰਦੀਆਂ। ਕਦੇ ਕਦੇ ਉਨ੍ਹਾਂ ਦੀਆਂ ਗੱਲਾਂ ਸੁਣ ਕੇ ਉਹ ਉਦਾਸ ਹੋ ਜਾਂਦੀ, ਪਰ ਛੇਤੀ ਹੀ ਆਪਣੇ ਮਨ ਨੂੰ ਸਮਝਾ ਲੈਂਦੀ। ਉਸ ਦੇ ਕਾਲਜ ਵਿੱਚ ਪੜ੍ਹਾਉਂਦੇ ਹਰਦੀਪ ਮੈਡਮ ਦੀਆਂ ਗੱਲਾਂ ਉਸ ਨੂੰ ਹਮੇਸ਼ਾ ਆਤਮ-ਵਿਸ਼ਵਾਸ ਨਾਲ ਭਰ ਦਿੰਦੀਆਂ। ਉਹ ਕਲਾਸ ਵਿੱਚ ਕਈ ਵਾਰ ਵਿਸ਼ੇ ਤੋਂ ਹਟ ਕੇ ਜ਼ਿੰਦਗੀ ਦੀਆਂ ਗੱਲਾਂ ਕਰਦੇ। ਹਰੇਕ ਨੂੰ ਕਹਿੰਦੇ, ‘‘ਜੇਕਰ ਕਦੇ ਵੀ ਮਨ ਵਿੱਚ ਕੋਈ ਉਲਝਣ ਹੋਈ ਤਾਂ ਮੇਰੇ ਨਾਲ ਰਲ ਕੇ ਉਸ ਨੂੰ ਸੁਲਝਾਉਣਾ, ਪਰ ਨਿਰਾਸ਼ ਨਾ ਹੋਣਾ।’’
ਇੱਕ ਦਿਨ ਸੁਰਮੀਤ ਬਹੁਤ ਉਦਾਸ ਸੀ। ਉਸ ਨੇ ਇਹ ਗੱਲ ਹਰਦੀਪ ਮੈਡਮ ਨਾਲ ਸਾਂਝੀ ਕੀਤੀ, ‘‘ਮੈਮ, ਮੈਂ ਕਦੇ ਵੀ ਆਪਣੇ ਆਪ ਨੂੰ ਕਿਸੇ ਨਾਲੋਂ ਘੱਟ ਨਹੀਂ ਸਮਝਦੀ, ਪਰ ਲੋਕ ਹਮੇਸ਼ਾ ਮੇਰੇ ਸਾਂਵਲੇ ਰੰਗ ਨੂੰ ਲੈ ਕੇ ਮੈਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਨੇ ਜੋ ਮੇਰਾ ਦਿਲ ਤੋੜ ਦਿੰਦਾ ਹੈ।’’ ਮੈਡਮ ਨੇ ਉਸ ਦੀ ਗੱਲ ਧਿਆਨ ਨਾਲ ਸੁਣੀ ਤੇ ਕਹਿਣ ਲੱਗੇ, ‘‘ਸੁਰਮੀਤ, ਤੂੰ ਬਹੁਤ ਸਿਆਣੀ ਕੁੜੀ ਏਂ। ਇਹ ਰੰਗ ਰੂਪਾਂ ਦੇ ਚੱਕਰਾਂ ਵਿੱਚ ਪੈਣਾ ਤੇਰਾ ਕੰਮ ਨਹੀਂ। ਬਸ ਤੂੰ ਤਾਂ ਖੁੱਲ੍ਹੇ ਆਸਮਾਨ ਵਿੱਚ ਉਡਾਰੀਆਂ ਮਾਰਨੀਆਂ ਨੇ। ਇਹ ਸਾਰੀਆਂ ਜ਼ੰਜੀਰਾਂ ਨੂੰ ਤੋੜ ਸੁੱਟ। ਬਸ ਜ਼ਿੰਦਗੀ ਵਿੱਚ ਆਪਣੇ ਪੈਰਾਂ ’ਤੇ ਜ਼ਰੂਰ ਖੜ੍ਹੀ ਹੋਵੀਂ। ਆਉਣ ਵਾਲਾ ਵਕਤ ਤੇਰਾ ਇੰਤਜ਼ਾਰ ਕਰ ਰਿਹਾ ਹੈ, ਬਸ ਤੂੰ ਡੋਲੀ ਨਾ। ਰੰਗ ਰੂਪ ਸਭ ਕੁਦਰਤ ਦੀ ਦੇਣ ਨੇ। ਤੂੰ ਹੌਸਲਾ ਕਦੇ ਨਾ ਛੱਡੀਂ। ਜ਼ਿੰਦਗੀ ਜਿਊਣ ਦਾ ਮਜ਼ਾ ਤਾਂ ਹੀ ਹੈ ਜੇਕਰ ਆਪਣੀ ਕਮਜ਼ੋਰੀ ਨੂੰ ਹੀ ਤਾਕਤ ਬਣਾ ਲਿਆ ਜਾਵੇ। ਮੈਨੂੰ ਤੇਰੇ ’ਤੇ ਪੂਰਾ ਵਿਸ਼ਵਾਸ ਹੈ। ਜਿਹੜਾ ਬੰਦਾ ਲੋਕਾਂ ਦੀ ਸੁਣਦਾ ਹੈ ਉਹ ਜ਼ਿੰਦਗੀ ਵਿੱਚ ਕਦੇ ਵੀ ਕਾਮਯਾਬ ਨਹੀਂ ਹੁੰਦਾ। ਦੁਨੀਆ ਹਮੇਸ਼ਾ ਤੁਹਾਡੀਆਂ ਖ਼ਾਮੀਆਂ ਨੂੰ ਹੀ ਉਜਾਗਰ ਕਰੇਗੀ। ਤੁਹਾਡੀ ਤਾਰੀਫ਼ ਸਿਰਫ਼ ਸਾਫ਼ ਦਿਲ ਲੋਕ ਹੀ ਕਰਨ ਦਾ ਮਾਦਾ ਰੱਖਦੇ ਨੇ। ਇਸ ਲਈ ਲੋਕਾਂ ਤੋਂ ਕਦੇ ਵੀ ਇਹ ਉਮੀਦ ਨਾ ਕਰੋ ਕਿ ਉਹ ਤੁਹਾਡੀ ਤਰੱਕੀ ਦੇਖ ਕੇ ਖ਼ੁਸ਼ ਹੋਣਗੇ। ਉਹ ਤੁਹਾਨੂੰ ਨੀਵਾਂ ਦਿਖਾ ਕੇ ਮਾਨਸਿਕ ਤੌਰ ’ਤੇ ਤੋੜਨ ਦੀ ਕੋਸ਼ਿਸ਼ ਕਰਨਗੇ ਕਿਉਂਕਿ ਉਨ੍ਹਾਂ ਤੋਂ ਇਹ ਬਰਦਾਸ਼ਤ ਨਹੀਂ ਹੁੰਦਾ ਕਿ ਤੁਸੀਂ ਉਨ੍ਹਾਂ ਨਾਲੋਂ ਬਿਹਤਰ ਹੋ। ਇਹ ਤੁਹਾਡੇ ’ਤੇ ਨਿਰਭਰ ਕਰਦਾ ਹੈ ਕਿ ਤੁਸੀਂ ਆਪਣੇ ਆਪ ਨੂੰ ਕਿਸ ਤਰ੍ਹਾਂ ਦੇਖਦੇ ਹੋ। ਆਪਣੇ ਆਪ ’ਤੇ ਵਿਸ਼ਵਾਸ ਰੱਖੋ, ਦੁਨੀਆ ਤੁਹਾਡਾ ਕੁਝ ਨਹੀਂ ਵਿਗਾੜ ਸਕਦੀ।’’ ਮੈਡਮ ਦੀਆਂ ਗੱਲਾਂ ਨੇ ਉਸ ਵਿੱਚ ਵੱਖਰਾ ਹੀ ਜੋਸ਼ ਭਰ ਦਿੱਤਾ।
ਹੁਣ ਉਸ ਦੀ ਡਿਗਰੀ ਪੂਰੀ ਹੋਣ ਵਾਲੀ ਸੀ। ਉਸ ਦੀ ਭੂਆ ਆਪਣੀ ਰਿਸ਼ਤੇਦਾਰੀ ਵਿੱਚੋਂ ਉਸ ਲਈ ਰਿਸ਼ਤਾ ਲੈ ਆਈ। ਮਿੱਥੇ ਦਿਨ ਮੁੰਡੇ ਵਾਲੇ ਉਨ੍ਹਾਂ ਦੇ ਘਰ ਪਹੁੰਚ ਗਏ। ਉਸ ਦੀ ਰਾਇ ਕਿਸੇ ਨਾ ਪੁੱਛੀ। ਸਿਮਰਨ ਸੋਹਣਾ ਸੁਨੱਖਾ, ਉੱਚਾ ਲੰਮਾ ਸੀ। ਜਦੋਂ ਹੀ ਸੁਰਮੀਤ ਚਾਹ ਲੈ ਕੇ ਉਨ੍ਹਾਂ ਸਾਹਮਣੇ ਗਈ ਤਾਂ ਮੁੰਡੇ ਦੀ ਮਾਂ ਦਾ ਮੂੰਹ ਦੇਖ ਕੇ ਉਸ ਨੇ ਹਾਸਾ ਮਸਾਂ ਹੀ ਰੋਕਿਆ। ਉਸ ਦੇ ਮੂੰਹ ਦੀਆਂ ਹਵਾਈਆਂ ਉੱਡ ਗਈਆਂ ਸਨ ਕਿਉਂਕਿ ਉਹ ਹੋਣ ਵਾਲੀ ਨੂੰਹ ਦਾ ਗੋਰਾ ਚਿੱਟਾ ਰੰਗ ਚਿਤਵ ਕੇ ਆਈ ਸੀ ਤੇ ਸੁਰਮੀਤ ਸਾਧਾਰਨ ਅਤੇ ਕਣਕਵੰਨੇ ਰੰਗ ਵਾਲੀ ਨਿਕਲੀ। ਉਸ ਦੇ ਮਨ ਦੀਆਂ ਭਾਵਨਾਵਾਂ ਚਿਹਰੇ ’ਤੇ ਸਪੱਸ਼ਟ ਦਿਖਾਈ ਦੇ ਰਹੀਆਂ ਸਨ। ਉਸ ਦੀ ਤੱਕਣੀ ਵਿੱਚ ਭੂਆ ਪ੍ਰਤੀ ਰੋਸ ਸੀ ਕਿ ਬਿਨਾਂ ਕੁੜੀ ਦੀ ਫੋਟੋ ਦਿਖਾਏ ਉਹ ਰਿਸ਼ਤਾ ਜੋੜਨ ਆ ਗਈ। ਭੂਆ ਵੀ ਮੌਜੂਦਾ ਸਥਿਤੀ ਨੂੰ ਭਾਂਪ ਗਈ ਸੀ। ਉਸ ਨੇ ਸਿਮਰਨ ਅਤੇ ਸੁਰਮੀਤ ਨੂੰ ਅਲੱਗ ਗੱਲਬਾਤ ਕਰਨ ਲਈ ਛੱਤ ’ਤੇ ਜਾਣ ਲਈ ਕਹਿ ਦਿੱਤਾ। ਉਨ੍ਹਾਂ ਦੇ ਜਾਣ ਦੀ ਦੇਰ ਸੀ ਕਿ ਮੁੰਡੇ ਦੀ ਮਾਂ ਨੇ ਭੂਆ ਦੇ ਨੇੜੇ ਹੋ ਕੇ ਘੁਸਰ ਮੁਸਰ ਸ਼ੁਰੂ ਕਰ ਦਿੱਤੀ। ਸੁਰਮੀਤ ਦੀ ਮੰਮੀ ਵੀ ਕੱਪ ਰੱਖਣ ਰਸੋਈ ਵਿੱਚ ਚਲੀ ਗਈ। ਮੈਦਾਨ ਸਾਫ਼ ਦੇਖ ਕੇ ਮੁੰਡੇ ਦੀ ਮਾਂ ਨੇ ਭੂਆ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ, ‘‘ਭੈਣ ਜੀ, ਤੁਸੀਂ ਵੀ ਹੱਦ ਕਰਦੇ ਹੋ। ਰਿਸ਼ਤੇ ਦੀ ਗੱਲ ਤੋਰਨ ਤੋਂ ਪਹਿਲਾਂ ਮੁੰਡੇ ਕੁੜੀ ਦਾ ਫ਼ਰਕ ਤਾਂ ਦੇਖ ਲੈਂਦੇ। ਕਿੱਥੇ ਮੇਰਾ ਸੋਹਣਾ ਸੁਨੱਖਾ, ਭਰ ਜਵਾਨ ਪੁੱਤ ਅਤੇ ਕਿੱਥੇ ਤੁਹਾਡੀ ਕੁੜੀ। ਚਲੋ ਲੰਮੀ ਲੰਝੀ ਤਾਂ ਠੀਕ ਹੈ, ਪਰ ਰੰਗ ਕਣਕਵੰਨਾ। ਇਹ ਤਾਂ ਤੁਹਾਡੇ ਟੱਬਰ ਨਾਲ ਮਿਲਦੀ ਹੀ ਨਹੀਂ। ਤੁਸੀਂ ਇਹ ਠੀਕ ਨਹੀਂ ਕੀਤਾ। ਮੈਂ ਇਸੇ ਕਰਕੇ ਕੁੜੀ ਦੀ ਫੋਟੋ ਨਹੀਂ ਮੰਗਾਈ, ਬਈ, ਘਰ ਦੀ ਗੱਲ ਹੈ, ਪਰ ਮੈਨੂੰ ਤਾਂ ਇਹ ਰਿਸ਼ਤਾ ਭੋਰਾ ਨਹੀਂ ਜਚਿਆ।’’ ਭੂਆ ਵੀ ਕੱਚੀ ਜਿਹੀ ਹੋ ਕੇ ਕਹਿਣ ਲੱਗੀ, ‘‘ਭੈਣ ਜੀ, ਕੁੜੀ ਸਾਡੀ ਬਹੁਤ ਸਿਆਣੀ ਅਤੇ ਸਾਊ ਹੈ। ਰੰਗ ਤਾਂ ਦੇਖੋ ਦੋ ਹੀ ਹੁੰਦੇ ਹਨ, ਧੀ ਪੁੱਤ ਸਿਆਣਾ ਹੋਣਾ ਚਾਹੀਦਾ ਪਰ ਮੁੰਡੇ ਦੀ ਮਾਂ ਪੈਰਾਂ ’ਤੇ ਪਾਣੀ ਨਹੀਂ ਸੀ ਪੈਣ ਦੇ ਰਹੀ। ਉਹ ਕਹਿਣ ਲੱਗੀ, ‘‘ਮੈਂ ਦਾਅਵੇ ਨਾਲ ਕਹਿ ਸਕਦੀ ਹਾਂ ਕਿ ਸਾਡੇ ਮੁੰਡੇ ਨੂੰ ਵੀ ਤੁਹਾਡੀ ਕੁੜੀ ਪਸੰਦ ਨਹੀਂ ਆਉਣੀ।’’ ਇੰਨਾ ਕੋਰਾ ਜਵਾਬ ਸੁਣ ਕੇ ਹਾਰ ਕੇ ਭੂਆ ਨੇ ਵੀ ਕਹਿ ਦਿੱਤਾ, ‘‘ਸਾਡੀ ਕੁੜੀ ਕਿਹੜਾ ਰਹੀ ਹੋਈ ਹੈ! ਜੇ ਪਰਮਾਤਮਾ ਨੇ ਚਾਹਿਆ ਤਾਂ ਤੁਹਾਡੇ ਮੁੰਡੇ ਨਾਲੋਂ ਵਧੀਆ ਰਿਸ਼ਤਾ ਸਾਡੀ ਕੁੜੀ ਨੂੰ ਮਿਲੇਗਾ ਜਿਹੜਾ ਉਹਦੀ ਕਦਰ ਵੀ ਕਰੇਗਾ।’’ ਇਹ ਸੁਣ ਕੇ ਮੁੰਡੇ ਦੀ ਮਾਂ ਨੇ ਮੂੰਹ ਫੁਲਾ ਲਿਆ।
ਉਧਰ ਸੁਰਮੀਤ ਸਿਮਰਨ ਨੂੰ ਲੈ ਕੇ ਛੱਤ ’ਤੇ ਪਹੁੰਚੀ। ਉਸ ਨੂੰ ਸਿਮਰਨ ਦੇ ਹਾਵ ਭਾਵ ਦੇਖ ਕੇ ਲੱਗਿਆ ਕਿ ਸ਼ਾਇਦ ਉਸ ਨੂੰ ਵੀ ਉਹ ਸਾਂਵਲੇ ਰੰਗ ਕਾਰਨ ਪਸੰਦ ਨਹੀਂ ਆਈ। ਉਸ ਨੇ ਆਪ ਹੀ ਗੱਲ ਸ਼ੁਰੂ ਕੀਤੀ ਅਤੇ ਸਿਮਰਨ ਵੱਲ ਝਾਕ ਕੇ ਕਿਹਾ, ‘‘ਤੁਹਾਡੇ ਸੁਪਨਿਆਂ ਵਿੱਚ ਮੇਰੇ ਵਰਗੀ ਕੁੜੀ ਤਾਂ ਨਹੀਂ ਹੋਣੀ। ਤੁਸੀਂ ਤਾਂ ਇੰਨੇ ਸਮਾਰਟ ਹੋ। ਤੁਹਾਡੇ ਨਾਲ ਤਾਂ ਕੋਈ ਗੋਰੀ ਚਿੱਟੀ ਪਰੀਆਂ ਵਰਗੀ ਮੁਟਿਆਰ ਹੀ ਸੋਹਣੀ ਲੱਗੂ।’’ ਸਿਮਰਨ ਹੈਰਾਨ ਹੋ ਕੇ ਉਸ ਦਾ ਮੂੰਹ ਤੱਕਣ ਲੱਗਾ ਕਿ ਇਹ ਮੇਰੇ ਦਿਲ ਦੀ ਗੱਲ ਕਿਵੇਂ ਬੁੱਝ ਗਈ। ਉਹ ਛੇਤੀ ਹੀ ਆਪਣੇ ਆਪ ਨੂੰ ਸੰਭਾਲ ਕੇ ਬੋਲਿਆ, ‘‘ਨਹੀਂ, ਇਹੋ ਜਿਹੀ ਕੋਈ ਗੱਲ ਨਹੀਂ।’’ ਸੁਰਮੀਤ ਇਕਦਮ ਬੋਲੀ, ‘‘ਮੇਰੇ ’ਤੇ ਤਰਸ ਖਾ ਕੇ ਰਿਸ਼ਤਾ ਜੋੜਨ ਦੀ ਤੁਹਾਨੂੰ ਕੋਈ ਲੋੜ ਨਹੀਂ। ਤੁਸੀਂ ਸਾਫ਼ ਸਪੱਸ਼ਟ ਨਾਂਹ ਕਹਿ ਸਕਦੇ ਹੋ ਕਿਉਂਕਿ ਮੈਂ ਵੀ ਅਜੇ ਵਿਆਹ ਨਹੀਂ ਕਰਵਾਉਣਾ ਚਾਹੁੰਦੀ। ਮੈਂ ਆਰਮੀ ਜੌਇਨ ਕਰਨਾ ਚਾਹੁੰਦੀ ਹਾਂ। ਹਾਲੇ ਤਾਂ ਮੈਂ ਆਪਣੇ ਸੁਪਨੇ ਪੂਰੇ ਕਰਨੇ ਨੇ। ਇਸ ਲਈ ਜ਼ਿਆਦਾ ਸੋਚਣ ਦੀ ਲੋੜ ਨਹੀਂ। ਮੈਂ ਕਿਸੇ ਅਜਿਹੇ ਨਾਲ ਵਿਆਹ ਨਹੀਂ ਕਰਾਂਗੀ ਜੋ ਮੇਰੇ ’ਤੇ ਤਰਸ ਖਾ ਕੇ ਜਾਂ ਘਰਦਿਆਂ ਦੇ ਦਬਾਅ ਹੇਠ ਆ ਕੇ ਰਿਸ਼ਤਾ ਜੋੜੇਗਾ।’’ ਸਿਮਰਨ ਬੁੱਤ ਬਣ ਕੇ ਖੜ੍ਹਾ ਉਸ ਦੀਆਂ ਗੱਲਾਂ ਸੁਣਦਾ ਅਤੇ ਹੈਰਾਨ ਹੁੰਦਾ ਰਿਹਾ।
ਕੁਝ ਦੇਰ ਵਿੱਚ ਹੀ ਦੋਵੇਂ ਜਣੇ ਵਾਪਸ ਥੱਲੇ ਆ ਗਏ। ਮੁੰਡੇ ਦੀ ਮਾਂ ਮੁੰਡੇ ਦਾ ਉੱਡਿਆ ਹੋਇਆ ਚਿਹਰਾ ਦੇਖ ਕੇ ਹੀ ਸਮਝ ਗਈ ਕਿ ਮੁੰਡੇ ਨੂੰ ਵੀ ਸੁਰਮੀਤ ਪਸੰਦ ਨਹੀਂ ਆਈ ਅਤੇ ਉਹ ‘ਘਰ ਜਾ ਕੇ ਵਿਚਾਰ ਕਰਕੇ ਦੱਸਦੇ ਹਾਂ’ ਦਾ ਬਹਾਨਾ ਲਾ ਕੇ ਉੱਥੋਂ ਖਿਸਕ ਗਏ। ਭੂਆ ਵੀ ਪ੍ਰੇਸ਼ਾਨ ਹੋ ਗਈ ਕਿ ਅੱਜ ਸਾਂਵਲੇ ਰੰਗ ਕਰਕੇ ਇੰਨਾ ਵਧੀਆ ਰਿਸ਼ਤਾ ਹੱਥੋਂ ਗਿਆ। ਸੁਰਮੀਤ ਵੀ ਭੂਆ ਨੂੰ ਨਕਲੀ ਗੁੱਸਾ ਦਿਖਾਉਂਦਿਆਂ ਬੋਲੀ, ‘‘ਭੂਆ ਜੀ, ਕੋਈ ਲੋੜ ਨਹੀਂ ਮੇਰੇ ਲਈ ਰਿਸ਼ਤਾ ਲੱਭਣ ਦੀ। ਮੈਥੋਂ ਵਾਰ ਵਾਰ ਆਪਣੀ ਬੇਇੱਜ਼ਤੀ ਨਹੀਂ ਕਰਵਾਈ ਜਾਣੀ।’’
ਘਰ ਪਹੁੰਚ ਕੇ ਸਿਮਰਨ ਆਪਣੀ ਮਾਂ ਨੂੰ ਸਾਰੀ ਗੱਲ ਦੱਸਣ ਲੱਗਾ ਕਿ ਸੁਰਮੀਤ ਉਸ ਦੇ ਮਨ ਦੀ ਗੱਲ ਝੱਟ ਹੀ ਬੁੱਝ ਗਈ ਸੀ ਅਤੇ ਉਸ ਨੇ ਆਪ ਹੀ ਰਿਸ਼ਤੇ ਲਈ ਮਨ੍ਹਾਂ ਕਰਨ ਲਈ ਕਹਿ ਦਿੱਤਾ ਸੀ। ਇਹ ਸੁਣ ਕੇ ਉਸ ਦੀ ਮੰਮੀ ਬੋਲੀ, ‘‘ਚਲੋ ਚੰਗਾ ਹੀ ਹੋਇਆ ਕਿ ਇਹ ਰਿਸ਼ਤਾ ਸਿਰੇ ਨਹੀਂ ਚੜ੍ਹਿਆ।’’
ਕੁਝ ਦਿਨਾਂ ਵਿੱਚ ਹੀ ਸੁਰਮੀਤ ਦਾ ਲੈਫਟੀਨੈਂਟ ਵਜੋਂ ਫ਼ੌਜ ਵਿੱਚ ਭਰਤੀ ਲਈ ਦਿੱਤੇ ਪੇਪਰ ਦਾ ਨਤੀਜਾ ਆ ਗਿਆ। ਉਸ ਨੇ ਇਹ ਵਧੀਆ ਰੈਂਕ ਨਾਲ ਪਾਸ ਕਰ ਲਿਆ। ਹੁਣ ਫਿਜ਼ੀਕਲ ਟੈਸਟ ਕਲੀਅਰ ਕਰਨਾ ਸੀ। ਇੱਥੇ ਉਸ ਨੂੰ ਐਨਸੀਸੀ ਦਾ ਵੀ ਬਹੁਤ ਫ਼ਾਇਦਾ ਹੋਇਆ ਅਤੇ ਉਹ ਚੁਣੀ ਗਈ। ਸਾਰੇ ਘਰ ਦੇ ਬਹੁਤ ਖ਼ੁਸ਼ ਸਨ। ਹੁਣ ਉਸ ਨੇ ਟ੍ਰੇਨਿੰਗ ਲਈ ਜਾਣਾ ਸੀ। ਉੱਥੇ ਵੀ ਉਸ ਨੇ ਪੂਰੀ ਮਿਹਨਤ ਕੀਤੀ ਅਤੇ ਆਪਣੀ ਡਿਊਟੀ ਜੌਇਨ ਕਰ ਲਈ। ਕੁਝ ਸਾਲਾਂ ਦੀ ਮਿਹਨਤ ਨਾਲ ਹੀ ਉਸ ਨੇ ਮੇਜਰ ਰੈਂਕ ਪ੍ਰਾਪਤ ਕਰ ਲਿਆ। ਪੂਰੇ ਇਲਾਕੇ ਵਿੱਚ ਉਹ ਮੇਜਰ ਬਣਨ ਵਾਲੀ ਪਹਿਲੀ ਕੁੜੀ ਸੀ। ਆਪਣੇ ਮਾਪਿਆਂ ਦਾ ਨਾਂ ਉਸ ਨੇ ਪੂਰੇ ਇਲਾਕੇ ਵਿੱਚ ਚਮਕਾ ਦਿੱਤਾ। ਹਰ ਕੋਈ ਤਾਰੀਫ਼ ਕਰਦਾ ਕਿ ਧੀ ਹੋਵੇ ਤਾਂ ਸੁਰਮੀਤ ਵਰਗੀ, ਆਮ ਕੁੜੀਆਂ ਤੋਂ ਉਲਟ ਬਿਲਕੁਲ ਸਾਦਗੀ ਦੀ ਮੂਰਤ, ਹਰੇਕ ਦਾ ਮਨ ਮੋਹਣ ਅਤੇ ਹਾਸੇ ਬਿਖੇਰਨ ਵਾਲੀ।
ਇੱਕ ਦਿਨ ਨਾਲ ਹੀ ਡਿਊਟੀ ਨਿਭਾਉਂਦੇ ਮੇਜਰ ਬਿਕਰਮ ਨੇ ਸਾਫ਼ ਸ਼ਬਦਾਂ ਵਿੱਚ ਹੀ ਉਸ ਨੂੰ ਵਿਆਹ ਦੀ ਪੇਸ਼ਕਸ਼ ਕਰ ਦਿੱਤੀ। ਉਸ ਨੇ ਵੀ ਨਾਲ ਹੀ ਟਕੋਰ ਕੀਤੀ, ‘‘ਮੇਜਰ ਸਾਹਿਬ, ਤੁਹਾਨੂੰ ਨਹੀਂ ਗੋਰੀ ਚਿੱਟੀ ਪਰੀਆਂ ਵਰਗੀ ਕੁੜੀ ਚਾਹੀਦੀ? ਜ਼ਿਆਦਾਤਰ ਮੁੰਡਿਆਂ ਦੀ ਇਹੀ ਖ਼ਾਹਿਸ਼ ਹੁੰਦੀ ਹੈ ਕਿ ਉਨ੍ਹਾਂ ਦੀ ਪਤਨੀ ਸੋਹਣੀ ਸੁਨੱਖੀ ਹੋਵੇ। ਤੁਸੀਂ ਮੇਜਰ ਰੈਂਕ ’ਤੇ ਹੋ। ਤੁਹਾਨੂੰ ਕੁੜੀਆਂ ਦਾ ਕੀ ਘਾਟਾ ਏ। ਇਹ ਫ਼ੈਸਲਾ ਸੋਚ ਸਮਝ ਕੇ ਲੈਣਾ। ਕਿਧਰੇ ਕੱਲ੍ਹ ਨੂੰ ਤੁਹਾਨੂੰ ਆਪਣੇ ਫ਼ੈਸਲੇ ’ਤੇ ਪਛਤਾਵਾ ਨਾ ਹੋਵੇ।’’ ਬਿਕਰਮ ਨੇ ਜਵਾਬ ਦਿੱਤਾ, ‘‘ਮੈਨੂੰ ਰੂਹ ਦਾ ਹਾਣੀ ਚਾਹੀਦਾ ਹੈ ਮੇਰੀ ਸੋਚ ਦੇ ਬਰਾਬਰ। ਜਿਸਮਾਂ ਨੂੰ ਚਾਹੁਣ ਵਾਲੇ ਹੀ ਰੰਗ ਰੂਪ ’ਤੇ ਡੁੱਲ੍ਹਦੇ ਨੇ।’’ ਨਾਲ ਹੀ ਸੁਰਮੀਤ ਨੇ ਜਵਾਬ ਦਿੱਤਾ, ‘‘ਮੈਨੂੰ ਵੀ ਅਜਿਹੇ ਹੀ ਜੀਵਨਸਾਥੀ ਦੀ ਭਾਲ ਸੀ ਜਿਸ ਲਈ ਮੇਰਾ ਸਾਂਵਲਾ ਰੰਗ ਮੇਰੇ ਵਜੂਦ ਨਾਲੋਂ ਉੱਪਰ ਨਾ ਹੋਵੇ। ਰੰਗ ਰੂਪ ਕਿਸੇ ਦੇ ਵੱਸ ਦੀ ਗੱਲ ਨਹੀਂ, ਪਰ ਸ਼ਖ਼ਸੀਅਤ ਦੀ ਉਸਾਰੀ ਜ਼ਰੂਰ ਤੁਹਾਡੇ ਵੱਸ ਵਿੱਚ ਹੁੰਦੀ ਹੈ। ਮੈਂ ਇੱਕ ਵਾਰ ਆਪਣੇ ਮਾਪਿਆਂ ਨਾਲ ਇਸ ਰਿਸ਼ਤੇ ਬਾਰੇ ਗੱਲ ਕਰਨਾ ਚਾਹੁੰਦੀ ਹਾਂ ਕਿਉਂਕਿ ਜੋ ਉਨ੍ਹਾਂ ਦਾ ਫ਼ੈਸਲਾ ਹੋਵੇਗਾ ਉਹੀ ਮੇਰਾ ਹੋਵੇਗਾ। ਤੁਸੀਂ ਵੀ ਆਪਣੇ ਘਰ ਗੱਲ ਕਰੋ ਅਤੇ ਹਾਂ ਆਪਣੇ ਮੰਮੀ ਨੂੰ ਮੇਰੀ ਫੋਟੋ ਜ਼ਰੂਰ ਦਿਖਾ ਦੇਣਾ। ਜੇ ਉਹ ਸਹਿਮਤ ਹੋਣਗੇ, ਮੈਂ ਤਾਂ ਹੀ ਰਿਸ਼ਤੇ ਲਈ ਹਾਮੀ ਭਰਾਂਗੀ।’’ ਦੋਵਾਂ ਦੇ ਮਾਪੇ ਝੱਟ ਤਿਆਰ ਹੋ ਗਏ। ਇਸ ਤਰ੍ਹਾਂ ਰੂਹ ਦੇ ਹਾਣੀਆਂ ਦਾ ਮੇਲ ਹੋ ਗਿਆ। ਦੋਵੇਂ ਪਰਿਵਾਰ ਇਸ ਰਿਸ਼ਤੇ ਤੋਂ ਬਹੁਤ ਖ਼ੁਸ਼ ਸਨ। ਸੁਰਮੀਤ ਨੇ ਸਹੁਰੇ ਘਰ ਜਾਂਦੇ ਹੀ ਸਾਰੇ ਪਰਿਵਾਰ ਦਾ ਮਨ ਮੋਹ ਲਿਆ।
ਸਾਲ ਕੁ ਬਾਅਦ ਹੀ ਸੁਰਮੀਤ ਦੀ ਭੂਆ ਦੀ ਧੀ ਦਾ ਵਿਆਹ ਆ ਗਿਆ। ਉਹ ਦੋਵੇਂ ਜਣੇ ਵਿਆਹ ’ਤੇ ਪਹੁੰਚੇ। ਸਾਰਿਆਂ ਨੂੰ ਉਨ੍ਹਾਂ ਦੇ ਆਉਣ ਦਾ ਚਾਅ ਚੜ੍ਹਿਆ ਪਿਆ ਸੀ। ਭੂਆ ਤਾਂ ਖ਼ੁਸ਼ੀ ਵਿੱਚ ਖੀਵੀ ਹੋਈ ਉਨ੍ਹਾਂ ਨੂੰ ਸਭ ਨਾਲ ਮਿਲਾਉਂਦੀ ਫਿਰੇ। ਉਸੇ ਵਕਤ ਭੂਆ ਨੇ ਸਿਮਰਨ ਅਤੇ ਉਸ ਦੀ ਵਹੁਟੀ ਨੂੰ ਖ਼ਾਸ ਤੌਰ ’ਤੇ ਬੁਲਾ ਕੇ ਸੁਰਮੀਤ ਤੇ ਉਸ ਦੇ ਪਤੀ ਦੇ ਸਾਹਮਣੇ ਖੜ੍ਹਾ ਕਰ ਦਿੱਤਾ ਅਤੇ ਮਾਣ ਨਾਲ ਕਹਿਣ ਲੱਗੀ, ‘‘ਮਿਲੋ ਸਾਡੀ ਮੇਜਰਾਂ ਦੀ ਜੋੜੀ ਨੂੰ।’’ ਸਿਮਰਨ ਅਤੇ ਉਸ ਦੀ ਮੰਮੀ ਉਨ੍ਹਾਂ ਦੀ ਜੋੜੀ ਨੂੰ ਦੇਖ ਕੇ ਬਸ ਹਾਉਕਾ ਲੈ ਕੇ ਰਹਿ ਗਏ ਅਤੇ ਭੂਆ ਦੇ ਕਲੇਜੇ ਠੰਢ ਪੈ ਗਈ। ਜਿਵੇਂ ਅੱਜ ਰੱਬ ਨੇ ਉਸ ਦੇ ਬੋਲ ਪੁਗਾ ਦਿੱਤੇ ਹੋਣ।
ਸੰਪਰਕ: 94643-89293

Advertisement
Advertisement