ਐਤਕੀਂ ਬਿੱਗ ਬੌਸ ਦੇ ਘਰ ਵਿੱਚ ਭੂਚਾਲ ਆਏਗਾ: ਸਲਮਾਨ ਖਾਨ
ਮੁੰਬਈ:
ਇਸ ਵਾਰ ਬਿੱਗ ਬੌਸ ਦੀ ਮੇਜ਼ਬਾਨੀ ਕਰਨ ਲਈ ਸਲਮਾਨ ਖਾਨ ਪੂਰੀ ਤਰ੍ਹਾਂ ਤਿਆਰ ਹਨ। ਬਿੱਗ ਬੌਸ ਦਾ 18ਵਾਂ ਸੀਜ਼ਨ 6 ਅਕਤੂਬਰ ਨੂੰ ਰਾਤ 9 ਵਜੇ ਦਿਖਾਇਆ ਜਾਵੇਗਾ। ਬਿੱਗ ਬੌਸ ਦਾ ਪ੍ਰੋਮੋ ਪਿਛਲੇ ਹਫਤੇ ਰਿਲੀਜ਼ ਹੋਇਆ ਸੀ, ਜਿਸ ਵਿਚ ਸਲਮਾਨ ਖਾਨ ਦੀ ਆਵਾਜ਼ ਸੀ, ਜੋ ਇਸ ਸੀਜ਼ਨ ਦੇ ਥੀਮ ‘ਟਾਈਮ ਕਾ ਤਾਂਡਵ’ ਬਾਰੇ ਦੱਸ ਰਹੇ ਸਨ। ਇਸ ਸ਼ੋਅ ਦੀ ਬੀਤੀ ਰਾਤ ਨਵੀਂ ਪ੍ਰਚਾਰ ਕਲਿੱਪ ਜਾਰੀ ਕੀਤੀ ਗਈ, ਜਿਸ ਵਿੱਚ ਸਲਮਾਨ ਨੇ ਗੂੜ੍ਹੇ ਨੀਲੇ ਰੰਗ ਦੀ ਕਮੀਜ਼ ਅਤੇ ਕਾਲਾ ਸੂਟ ਪਾਇਆ ਹੋਇਆ ਹੈ, ਉਹ ਵੱਡੀ ਘੜੀ ਦੇ ਉੱਪਰ ਖੜ੍ਹਾ ਦਿਖਾਈ ਦੇ ਰਿਹਾ ਹੈ। ਇਸ ਵੀਡੀਓ ਵਿੱਚ ਸਲਮਾਨ ਥੀਮ ਬਾਰੇ ਵਿਸਥਾਰ ਨਾਲ ਦੱਸਦਾ ਹੈ ਕਿ ਬਿੱਗ ਬੌਸ ਦੀ ਨਜ਼ਰ ਰਵਾਇਤੀ ਤੌਰ ’ਤੇ ਵਰਤਮਾਨ ’ਤੇ ਕੇਂਦਰਿਤ ਰਹਿੰਦੀ ਹੈ ਪਰ ਹੁਣ ਇਹ ਅਤੀਤ ਅਤੇ ਭਵਿੱਖ ਬਾਰੇ ਵੀ ਖੋਜ ਕਰੇਗਾ। ਸਲਮਾਨ ਨੇ ਕਲਰਜ਼ ਦੀ ਇੰਸਟਾਗ੍ਰਾਮ ’ਤੇ ਪਾਈ ਪੋਸਟ ਬਾਰੇ ਦੱਸਦਿਆਂ ਕਿਹਾ, ‘ਇਸ ਬਾਰ ਘਰ ਮੇਂ ਭੂਚਾਲ ਆਏਗਾ, ਕਿਉਂਕਿ ਬਿੱਗ ਬੌਸ ਮੇਂ ਟਾਈਮ ਕਾ ਟਾਂਡਵ ਛਾਏਗਾ!’ ਦੱਸਣਾ ਬਣਦਾ ਹੈ ਕਿ ਸਲਮਾਨ ਖਾਨ ਸਾਲ 2010 ਦੇ ਬਿੱਗ ਬੌਸ ਦੇ ਚੌਥੇ ਸੀਜ਼ਨ ਤੋਂ ਸ਼ੋਅ ਨਾਲ ਜੁੜਿਆ ਰਿਹਾ ਹੈ, ਉਸ ਨੇ ਜੀਓ ਸਿਨੇਮਾ ’ਤੇ ‘ਬਿੱਗ ਬੌਸ ਓਟੀਟੀ 2’ ਦੀ ਮੇਜ਼ਬਾਨੀ ਵੀ ਕੀਤੀ ਸੀ। ‘ਬਿੱਗ ਬੌਸ ਓਟੀਟੀ’ ਦੇ ਉਦਘਾਟਨੀ ਸੀਜ਼ਨ ਦੀ ਮੇਜ਼ਬਾਨੀ ਫਿਲਮ ਨਿਰਮਾਤਾ ਕਰਨ ਜੌਹਰ ਨੇ ਕੀਤੀ ਸੀ। ਪਿਛਲੇ ਸੀਜ਼ਨ ‘ਬਿੱਗ ਬੌਸ 17’ ਵਿੱਚ ਸਟੈਂਡ-ਅੱਪ ਕਾਮੇਡੀਅਨ ਮੁਨੱਵਰ ਫਾਰੂਕੀ ਜੇਤੂ ਰਿਹਾ ਸੀ। ਇਸ ਸ਼ੋਅ ਵਿਚ ਸਲਮਾਨ ਦੀ ਵਾਪਸੀ ਨਾਲ ਉਸ ਦੇ ਪ੍ਰਸ਼ੰਸਕ ਬਹੁਤ ਖੁਸ਼ ਹਨ ਜੋ ਉਸ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ। -ਏਐੱਨਆਈ