For the best experience, open
https://m.punjabitribuneonline.com
on your mobile browser.
Advertisement

ਐਤਕੀਂ ਪੰਜਾਬ ਦੇ ਕਿਸਾਨਾਂ ਦਾ ‘ਸੋਨਾ’ ਚਮਕੇਗਾ

08:01 AM Apr 08, 2024 IST
ਐਤਕੀਂ ਪੰਜਾਬ ਦੇ ਕਿਸਾਨਾਂ ਦਾ ‘ਸੋਨਾ’ ਚਮਕੇਗਾ
Advertisement

ਚਰਨਜੀਤ ਭੁੱਲਰ
ਚੰਡੀਗੜ੍ਹ, 7 ਅਪਰੈਲ
ਐਤਕੀਂ ਪੰਜਾਬ ਦਾ ਸੋਨਾ ਚਮਕਣ ਦੀ ਉਮੀਦ ਜਾਪਦੀ ਹੈ ਕਿਉਂਕਿ ਪ੍ਰਾਈਵੇਟ ਵਪਾਰੀ ਸੂਬੇ ’ਚੋਂ ਕਣਕ ਖ਼ਰੀਦਣ ਲਈ ਕਾਹਲੇ ਪੈ ਗਏ ਹਨ। ਬੇਸ਼ੱਕ ਪੰਜਾਬ ਵਿਚ ਕਣਕ ਦੀ ਸਰਕਾਰੀ ਖ਼ਰੀਦ ਪਹਿਲੀ ਅਪਰੈਲ ਤੋਂ ਸ਼ੁਰੂ ਹੋ ਚੁੱਕੀ ਹੈ ਪ੍ਰੰਤੂ ਵਾਢੀ ਦਾ ਕੰਮ ਵਿਸਾਖੀ ਮਗਰੋਂ ਹੀ ਸ਼ੁਰੂ ਹੋਣ ਦੀ ਸੰਭਾਵਨਾ ਹੈ। ਪਿਛਲੇ ਵਰ੍ਹਿਆਂ ਵਿਚ ਕਣਕ ਦੀ ਪ੍ਰਾਈਵੇਟ ਖ਼ਰੀਦ ਬਹੁਤੀ ਨਹੀਂ ਰਹੀ ਹੈ ਪਰ ਐਤਕੀਂ ਪ੍ਰਾਈਵੇਟ ਖ਼ਰੀਦ ਵਧਣ ਦੇ ਅਨੁਮਾਨ ਹਨ। ਕੇਂਦਰ ਦਾ ਅਨਾਜ ਸਟਾਕ ਵੀ ਊਣਾ ਹੋ ਗਿਆ ਹੈ।

Advertisement


ਪੰਜਾਬ ਵਿਚ ਕਣਕ ਦੀ 161.31 ਲੱਖ ਮੀਟਰਿਕ ਟਨ ਪੈਦਾਵਾਰ ਹੋਣ ਦੀ ਉਮੀਦ ਹੈ ਜਦੋਂ ਕਿ 132 ਲੱਖ ਮੀਟਰਿਕ ਟਨ ਕਣਕ ਮੰਡੀਆਂ ਵਿਚ ਆਉਣ ਦੀ ਸੰਭਾਵਨਾ ਹੈ। ਪਿਛਲੇ ਸੀਜ਼ਨ ਵਿਚ ਪ੍ਰਾਈਵੇਟ ਵਪਾਰੀਆਂ ਨੇ 4.50 ਲੱਖ ਮੀਟਰਿਕ ਟਨ ਕਣਕ ਦੀ ਖ਼ਰੀਦ ਕੀਤੀ ਸੀ ਜਦੋਂ ਕਿ ਇਸ ਵਾਰ 10 ਲੱਖ ਮੀਟਰਿਕ ਟਨ ਕਣਕ ਖ਼ਰੀਦੇ ਜਾਣ ਦੀ ਸੰਭਾਵਨਾ ਹੈ। ਇਸ ਵਾਰ ਬੰਪਰ ਫ਼ਸਲ ਹੋਣ ਦੇ ਕਿਆਸ ਹਨ। ਸਰਦੀ ਲੰਮੀ ਚਲੀ ਜਾਣ ਕਰਕੇ ਅਤੇ ਮਾਰਚ ਦੇ ਅੰਤ ਵਿਚ ਬੇਮੌਸਮੀ ਬਰਸਾਤ ਕਾਰਨ ਵਾਢੀ ਦੋ ਹਫ਼ਤੇ ਪਛੜ ਸਕਦੀ ਹੈ। ਕੇਂਦਰੀ ਪੂਲ ਵਿਚ ਕਣਕ ਦਾ ਭੰਡਾਰ ਘੱਟ ਕੇ 9.7 ਮਿਲੀਅਨ ਟਨ ਹੋ ਗਿਆ ਹੈ।
ਲੋਕ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਹੀ ਕਣਕ ਦਾ ਖ਼ਰੀਦ ਸੀਜ਼ਨ ਵੀ ਚੱਲੇਗਾ। ਕਣਕ ਦਾ ਸਰਕਾਰੀ ਭਾਅ 2275 ਰੁਪਏ ਪ੍ਰਤੀ ਕੁਇੰਟਲ ਐਲਾਨਿਆ ਗਿਆ ਹੈ ਪ੍ਰੰਤੂ ਹਾਲਾਤ ਤੋਂ ਜਾਪਦਾ ਹੈ ਕਿ ਕਣਕ ਦਾ ਭਾਅ ਇਸ ਵਾਰ ਸਰਕਾਰੀ ਭਾਅ ਤੋਂ ਉਪਰ ਜਾਵੇਗਾ ਜਿਸ ਦਾ ਕਿਸਾਨਾਂ ਨੂੰ ਲਾਹਾ ਮਿਲੇਗਾ। ਹਕੂਮਤਾਂ ਇਸ ਰੁਝਾਨ ਨੂੰ ਚੋਣਾਂ ਵਿਚ ਵਰਤਣਗੀਆਂ। ਰਾਜਪੁਰਾ ਦੇ ਕਮਿਸ਼ਨ ਏਜੰਟ ਮਹਿੰਦਰ ਕ੍ਰਿਸ਼ਨ ਚੰਦ ਅਰੋੜਾ ਨੇ ਦੱਸਿਆ ਕਿ ਕੁੱਝ ਵੱਡੀਆਂ ਫੂਡ ਪ੍ਰੋਸੈਸਿੰਗ ਕੰਪਨੀਆਂ ਨੇ ਕਪੂਰਥਲਾ, ਅੰਮ੍ਰਿਤਸਰ ਲਤੇ ਬਠਿੰਡਾ ਜ਼ਿਲ੍ਹੇ ਦੇ ਏਜੰਟਾਂ ਨਾਲ ਸੰਪਰਕ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕੰਪਨੀਆਂ ਨੇ ਏਜੰਟਾਂ ਨੂੰ ਥੋਕ ਵਿਚ ਕਣਕ ਖ਼ਰੀਦਣ ਲਈ ਕਿਹਾ ਹੈ। ਉਨ੍ਹਾਂ ਮੁਤਾਬਕ ਕਿਸਾਨਾਂ ਨੂੰ ਕਣਕ ਦਾ 25 ਤੋਂ 30 ਰੁਪਏ ਪ੍ਰਤੀ ਕੁਇੰਟਲ ਵੱਧ ਭਾਅ ਮਿਲ ਸਕਦਾ ਹੈ। ਪੰਜਾਬ ਰੋਲਰ ਮਿੱਲਜ਼ ਐਸੋਸੀਏਸ਼ਨ ਦੇ ਪ੍ਰਧਾਨ ਨਰੇਸ਼ ਘਈ ਨੇ ਕਿਹਾ ਕਿ ਉਹ ਇਸ ਸਾਲ ਮੰਡੀਆਂ ’ਚੋਂ ਵਧੇਰੇ ਕਣਕ ਦੀ ਖ਼ਰੀਦ ਕਰਨਗੇ। ਉਨ੍ਹਾਂ ਮੰਗ ਕੀਤੀ ਕਿ ਜੇਕਰ ਸੂਬਾ ਸਰਕਾਰ ਪੇਂਡੂ ਵਿਕਾਸ ਫ਼ੰਡ ਅਤੇ ਮਾਰਕੀਟ ਫ਼ੀਸ ਨੂੰ ਦੂਸਰੇ ਸੂਬਿਆਂ ਦੇ ਬਰਾਬਰ ਵੀ ਕਰ ਦੇਵੇ ਤਾਂ ਪ੍ਰਾਈਵੇਟ ਕੰਪਨੀਆਂ ਖ਼ਰੀਦ ਵਿਚ ਹੋਰ ਉਤਸ਼ਾਹ ਦਿਖਾਉਣਗੀਆਂ। ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਦੀ ਓਪਨ ਮਾਰਕੀਟ ਸੇਲ ਸਕੀਮ ਤਹਿਤ ਕਣਕ ਦੀ ਰਾਖਵੀਂ ਕੀਮਤ 2300 ਰੁਪਏ ਪ੍ਰਤੀ ਕੁਇੰਟਲ ਰੱਖੀ ਗਈ ਹੈ। ਪਤਾ ਲੱਗਾ ਹੈ ਕਿ ਕੇਂਦਰ ਸਰਕਾਰ ਨੇ ਇਸ ਵਾਰ ਦੂਸਰੇ ਕਈ ਸੂਬਿਆਂ ’ਚੋਂ ਕਣਕ ਦੀ ਖ਼ਰੀਦ ਦਾ ਟੀਚਾ ਵੀ ਵਧਾ ਦਿੱਤਾ ਹੈ। ਵਿਸ਼ਵ ਪੱਧਰ ’ਤੇ ਕਣਕ ਦੀ ਮੰਗ ਵਧ ਰਹੀ ਹੈ ਜਦੋਂ ਕਿ ਪੈਦਾਵਾਰ ਸਥਿਰ ਹੈ। ਪੰਜਾਬ ਵਿਚ ਕਣਕ ਹੇਠ ਕਰੀਬ 35 ਲੱਖ ਹੈਕਟੇਅਰ ਰਕਬਾ ਹੈ। ਪੰਜਾਬ ਦੇ ਖ਼ੁਰਾਕ ਤੇ ਸਪਲਾਈ ਵਿਭਾਗ ਦੇ ਸਕੱਤਰ ਵਿਕਾਸ ਗਰਗ ਨੇ ਦੱਸਿਆ ਕਿ ਐਤਕੀਂ ਪ੍ਰਾਈਵੇਟ ਖ਼ਰੀਦ ਦਾ ਅੰਕੜਾ 10 ਲੱਖ ਮੀਟਰਿਕ ਟਨ ਤੱਕ ਪਹੁੰਚ ਸਕਦਾ ਹੈ ਕਿਉਂਕਿ ਫ਼ੀਲਡ ਰਿਪੋਰਟਾਂ ਤੋਂ ਪਤਾ ਚੱਲਦਾ ਹੈ ਕਿ ਵੱਡੀਆਂ ਫੂਡ ਕੰਪਨੀਆਂ ਮੰਡੀਆਂ ਵਿਚ ਕਮਿਸ਼ਨ ਏਜੰਟਾਂ ਤੱਕ ਪਹੁੰਚ ਕਰ ਰਹੀਆਂ ਹਨ।

Advertisement
Author Image

Advertisement
Advertisement
×