ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸੋਨੂੰ ਦਾ ਪ੍ਰਣ

08:46 AM Sep 07, 2024 IST

ਸਰੋਜ

Advertisement

ਮਿੰਨੀ ਤੇ ਸੋਨੂੰ ਦੋਵੇਂ ਭੈਣ-ਭਰਾ ਹਨ। ਪਿੰਡ ਦੇ ਸਕੂਲ ਵਿੱਚ ਦੋਵੇਂ ਅੱਠਵੀਂ ਜਮਾਤ ਵਿੱਚ ਪੜ੍ਹਦੇ ਹਨ। ਸਕੂਲ ਪਿੰਡ ਤੋਂ ਥੋੜ੍ਹਾ ਦੂਰ ਖੇਤਾਂ ਵਿੱਚ ਬਣਿਆ ਹੋਇਆ ਹੈ। ਸਕੂਲ ਜਾਂਦੇ ਸਮੇਂ ਸਾਰੇ ਬੱਚੇ ਟੋਲੀਆਂ ਬਣਾ ਕੇ ਜਾਂਦੇ ਹਨ। ਮਿੰਨੀ ਦੀ ਦਾਦੀ ਉਨ੍ਹਾਂ ਨੂੰ ਸਕੂਲ ਤੋਰਦਿਆਂ ਹਰ ਵਾਰ ਇਹੀ ਕਹਿੰਦੀ, ‘‘ਤੁਸੀਂ ਸਭ ਨੇ ਸਿੱਧੇ ਸਕੂਲ ਜਾਣਾ ਹੈ ਅਤੇ ਸਿੱਧੇ ਘਰਾਂ ਨੂੰ ਆਉਣਾ ਹੈ... ਨਾ ਕੋਈ ਸ਼ਰਾਰਤ ਕਰਨੀ ਹੈ ਨਾ ਹੀ ਕਿਸੇ ਨਾਲ ਲੜਾਈ ਝਗੜਾ ਕਰਨਾ ਹੈ।’’
ਮਿੰਨੀ ਅਤੇ ਸੋਨੂੰ ਦੇ ਕੰਨਾਂ ਵਿੱਚ ਦਾਦੀ ਦੀ ਆਵਾਜ਼ ਹਰ ਵੇਲੇ ਗੂੰਜਦੀ ਰਹਿੰਦੀ ਹੈ ਪਰ ਸੋਨੂੰ ਘਰੋਂ ਨਿਕਲਦਾ ਹੀ ਸ਼ਰਾਰਤਾਂ ਕਰਨ ਲੱਗ ਪੈਂਦਾ ਹੈ। ਕਿਸੇ ਨਾਲ ਲੜ ਵੀ ਪੈਂਦਾ ਹੈ। ਕਦੇ ਕਦੇ ਕੋਈ ਰੋੜਾ ਚੁੱਕ ਕੇ ਅੰਬਰ ਵਿੱਚ ਉੱਡਦੇ ਪੰਛੀਆਂ ਦੇ ਵੀ ਮਾਰਨ ਲੱਗ ਜਾਂਦਾ ਹੈ। ਜਦੋਂ ਕਿਸੇ ਬੱਚੇ ਦੇ ਰੋੜਾ ਲੱਗ ਜਾਂਦੈ ਤਾਂ ਲੜਾਈ ਸ਼ੁਰੂ ਹੋ ਜਾਂਦੀ ਹੈ। ਦੋਵੇਂ ਗੁੱਥਮ-ਗੁੱਥਾ ਹੋ ਕੇ ਮਿੱਟੀ ਨਾਲ ਲਿੱਬੜ ਜਾਂਦੇ ਹਨ। ਉਨ੍ਹਾਂ ਦੀ ਸਕੂਲ ਦੀ ਵਰਦੀ ਵੀ ਮਿੱਟੀ ਨਾਲ ਲਿੱਬੜ ਜਾਂਦੀ ਹੈ। ਸਕੂਲ ਦੇ ਬਾਹਰ ਲੱਗੇ ਗੁਲਾਬ ਅਤੇ ਸਤਵਰਗ ਦੇ ਫੁੱਲਾਂ ਉਨ੍ਹਾਂ ਵੱਲ ਵੇਖਦੇ ਹੱਸਦੇ ਲੱਗਦੇ ਹਨ। ਸੋਨੂੰ ਉਨ੍ਹਾਂ ਫੁੱਲ੍ਹਾਂ ਨੂੰ ਤੋੜ ਕੇ ਅੰਬਰ ਵੱਲ ਵਗਾਹ ਕੇ ਮਾਰਦਾ ਹੈ। ਫੁੱਲਾਂ ਦੁਆਲੇ ਫਿਰਦੀਆਂ ਤਿਤਲੀਆਂ ਡਰ ਕੇ ਉੱਡਣ ਲੱਗ ਪੈਂਦੀਆਂ ਹਨ।
ਇੱਕ ਦਿਨ ਮਿੰਨੀ ਤੇ ਸੋਨੂੰ ਸਕੂਲ ਤੋਂ ਘਰ ਨੂੰ ਆ ਰਹੇ ਸਨ। ਉਨ੍ਹਾਂ ਦੇ ਨਾਲ ਹੋਰ ਬੱਚੇ ਵੀ ਸਨ। ਖੇਤਾਂ ਵਿੱਚ ਸਰੋਂ ਦੇ ਫੁੱਲ ਟਹਿਕ ਰਹੇ ਸਨ। ਉਨ੍ਹਾਂ ਦੇ ਦੁਆਲੇ ਤਿਤਲੀਆਂ ਮੰਡਰਾ ਰਹੀਆਂ ਸਨ। ਸੋਨੂੰ ਤਿਤਲੀਆਂ ਨੂੰ ਫੜਨ ਲਈ ਖੇਤਾਂ ਵਿੱਚ ਜਾ ਵੜਿਆ। ਉਹ ਤਿਤਲੀਆਂ ਫੜਦਾ ਹੋਇਆ ਖ਼ੁਸ਼ੀ ਵਿੱਚ ਚੀਕਾਂ ਮਾਰ ਰਿਹਾ ਸੀ ਤਾਂ ਮਿੰਨੀ ਨੇ ਉਸ ਨੂੰ ਇਸ ਕੰਮ ਤੋਂ ਵਰਜਦਿਆਂ ਕਿਹਾ;
‘‘ਓਏ ਸੋਨੂੰ... ਤਿਤਲੀਆਂ ਵਿੱਚ ਵੀ ਜਾਨ ਹੁੰਦੀ ਆ... ਵੇਖ ਜੇ ਤੂੰ ਫੜ ਲਈਆਂ ਤਾਂ ਉਨ੍ਹਾਂ ਦੇ ਪਰਾਂ ’ਤੇ ਲੱਗਾ ਰੰਗ ਲੱਥ ਜਾਵੇਗਾ ਤੇ ਉਹ ਮਰ ਜਾਣਗੀਆਂ। ਦਾਦੀ ਕਹਿੰਦੀ ਸੀ ਕਿ ਤਿਤਲੀਆਂ ਦੇ ਪਰਾਂ ਉੱਤੇ ਜਿਹੜਾ ਰੰਗ ਲੱਗਾ ਹੁੰਦਾ ਹੈ ਉਸ ਵਿੱਚ ਉਨ੍ਹਾਂ ਦੀ ਜਾਨ ਹੁੰਦੀ ਹੈ। ਜੇ ਰੰਗ ਲੱਥ ਜਾਵੇ ਤਾਂ ਉਹ ਮਰ ਜਾਂਦੀਆਂ ਹਨ।’’
ਪਰ ਸੋਨੂੰ ਉਹਦੀ ਕੋਈ ਵੀ ਗੱਲ ਨਹੀਂ ਸੁਣਦਾ ਤੇ ਉਹ ਤਿਤਲੀਆਂ ਫੜ ਫੜ ਕੇ ਆਪਣੀ ਕਿਤਾਬ ਵਿੱਚ ਰੱਖੀ ਜਾ ਰਿਹਾ ਹੈ। ਇਸ ਤਰ੍ਹਾਂ ਉਸ ਨੇ ਕਿੰਨੀਆਂ ਸਾਰੀਆਂ ਤਿਤਲੀਆਂ ਫੜ ਕੇ ਕਿਤਾਬਾਂ ਦੇ ਵਰਕਿਆਂ ਵਿੱਚ ਰੱਖ ਕੇ ਕਿਤਾਬ ਬੰਦ ਕਰ ਦਿੱਤੀ। ਫਿਰ ਉਹ ਮਿੰਨੀ ਨੂੰ ਕਹਿਣ ਲੱਗਿਆ, ‘‘ਤੈਨੂੰ ਪਤਾ ਨਹੀਂ... ਤਿਤਲੀਆਂ ਨੂੰ ਕਿਤਾਬਾਂ ਵਿੱਚ ਰੱਖਣ ਨਾਲ ਪੜ੍ਹਾਈ ਆਉਂਦੀ ਆ? ਹੁਣ ਮੈਨੂੰ ਪੜ੍ਹਨ ਦੀ ਲੋੜ ਨਹੀਂ...।’’
‘‘ਲੈ ਵੇਖ ਲਵੀਂ ਤੈਨੂੰ ਹੁਣ ਊੜਾ... ਐੜਾ ਵੀ ਭੁੱਲ ਜਾਣੈ।’’ ਮਿੰਨੀ ਉਦਾਸ ਜਿਹਾ ਹੋ ਕੇ ਉਹਨੂੰ ਕਹਿੰਦੀ ਹੈ।
ਦੂਜੇ ਦਿਨ ਸੋਨੂੰ ਸਕੂਲ ਜਾਂਦਾ ਹੋਇਆ ਆਪਣੀ ਬਹਾਦਰੀ ਦੇ ਕਿੱਸੇ ਸੁਣਾਉਂਦਾ ਹੋਇਆ ਉੱਚੀ ਉੱਚੀ ਹੱਸਦਾ ਜਾਂਦਾ ਹੈ। ਆਪਣੀ ਜਮਾਤ ਵਿੱਚ ਜਾ ਕੇ ਉਹ ਕਿਤਾਬ ਵਿੱਚ ਰੱਖੀਆਂ ਤਿਤਲੀਆਂ ਸਾਥੀ ਵਿਦਿਆਰਥੀਆਂ ਨੂੰ ਦਿਖਾਉਣ ਲੱਗਾ, ਪਰ ਉਹ ਤਿਤਲੀਆਂ ਮਰ ਚੁੱਕੀਆਂ ਸਨ। ਉਨ੍ਹਾਂ ਦੇ ਖੰਭਾਂ ਨੂੰ ਲੱਗਾ ਰੰਗ ਕਿਤਾਬਾਂ ਦੇ ਪੰਨਿਆਂ ਨੂੰ ਲੱਗ ਗਿਆ। ਮਿੰਨੀ ਵੀ ਦੂਰ ਬੈਠੀ ਉਨ੍ਹਾਂ ਮਰੀਆਂ ਹੋਈਆਂ ਤਿਤਲੀਆਂ ਨੂੰ ਵੇਖਦੀ ਹੋਈ ਉਦਾਸ ਹੋ ਗਈ। ਇੰਨੇ ਨੂੰ ਅਧਿਆਪਕਾ ਜਮਾਤ ਵਿੱਚ ਆ ਕੇ ਉਨ੍ਹਾਂ ਨੂੰ ਪੜ੍ਹਾਉਣ ਲੱਗੀ, ‘‘ਬੱਚਿਓ! ਸਾਰੇ ਬੱਚੇ ਆਪਣੀਆਂ ਆਪਣੀਆਂ ਕਿਤਾਬਾਂ ਕੱਢੋ।’’
ਮਿੰਨੀ ਉੱਠ ਕੇ ਮੈਡਮ ਨੂੰ ਕਹਿਣ ਲੱਗੀ, ‘‘ਮੈਡਮ ਜੀ ਕੀ ਤਿਤਲੀਆਂ ਨੂੰ ਕਿਤਾਬਾਂ ਵਿੱਚ ਰੱਖਣ ਨਾਲ ਪੜ੍ਹਾਈ ਆ ਜਾਂਦੀ ਹੈ?’’
‘‘ਮਿੰਨੀ ਤੂੰ ਕੀ ਕਹਿ ਰਹੀ ਏਂ?... ਤੁਹਾਨੂੰ ਇਹ ਗੱਲਾਂ ਕੌਣ ਦੱਸਦਾ ਹੈ?’’
‘‘ਮੈਡਮ ਜੀ! ਸੋਨੂੰ ਕਹਿੰਦਾ... ਕੱਲ੍ਹ ਉਸ ਨੇ ਖੇਤਾਂ ਵਿੱਚ ਵੜ ਕੇ ਤਿਤਲੀਆਂ ਫੜੀਆਂ ਸਨ। ਇਸ ਤਰ੍ਹਾਂ ਕਰਨ ਨਾਲ ਪੜ੍ਹਾਈ ਆਉਣ ਲੱਗਦੀ ਹੈ।’’
‘‘ਸੋਨੂੰ ਤੂੰ ਦਿਨੋਂ ਦਿਨ ਸ਼ਰਾਰਤੀ ਬਣਦਾ ਜਾ ਰਿਹੈ। ਲਿਆ ਆਪਣੀ ਕਿਤਾਬ।’’ ਮੈਡਮ ਨੇ ਸੋਨੂੰ ਨੂੰ ਕਿਹਾ।
ਮੈਡਮ ਨੇ ਜਦੋਂ ਕਿਤਾਬ ਖੋਲ੍ਹੀ ਤਾਂ ਕਿਤਾਬ ਵਿੱਚ ਮਰੀਆਂ ਹੋਈਆਂ ਤਿਤਲੀਆਂ ਵੇਖ ਕੇ ਉਹਨੂੰ ਗੁੱਸਾ ਚੜ੍ਹ ਗਿਆ। ‘‘ਸੋਨੂੰ! ਤੂੰ ਕਿਤਾਬ ਦਾ ਸੱਤਿਆਨਾਸ ਕਰ ਦਿੱਤਾ... ਹੁਣ ਤੈਨੂੰ ਤਿਤਲੀਆਂ ਕਿਤਾਬ ਵਿੱਚ ਰੱਖਣ ਨਾਲ ਸਾਰੀ ਕਿਤਾਬ ਤਾਂ ਯਾਦ ਹੋ ਗਈ ਹੋਣੀ ਹੈ, ਹੁਣ ਮੈਨੂੰ ਸਵਾਲਾਂ ਦੇ ਜਵਾਬ ਦੇ।’’ ਸੋਨੂੰ ਚੁੱਪਚਾਪ ਮੈਡਮ ਵੱਲ ਦੇਖਦਾ ਰਿਹਾ। ਇਸ ’ਤੇ ਮੈਡਮ ਨੇ ਸੋਨੂੰ ਨੂੰ ਦਬਕੇ ਮਾਰਦੇ ਹੋਏ ਉਸ ਨੂੰ ਬਾਹਾਂ ਉੱਪਰ ਵੱਲ ਖੜ੍ਹੀਆਂ ਕਰਨ ਦੀ ਸਜ਼ਾ ਦੇ ਦਿੱਤੀ।
ਸਕੂਲੋਂ ਛੁੱਟੀ ਹੋਣ ਉਪਰੰਤ ਸੋਨੂੰ ਚੁੱਪਚਾਪ ਘਰ ਨੂੰ ਤੁਰ ਪਿਆ। ਅੱਗੇ ਜਾ ਕੇ ਉਸ ਨੇ ਮਿੰਨੀ ਨੂੰ ਕਿਹਾ, ‘‘ਏ ਮਿੰਨੀ ਦੀਏ ਬੱਚੀਏ!... ਭਾਵੇਂ ਤੂੰ ਮੈਡਮ ਨੂੰ ਮੇਰੀ ਸ਼ਿਕਾਇਤ ਲਾ ਕੇ ਮੈਨੂੰ ਸਜ਼ਾ ਦਵਾਈ ਐ... ਪਰ ਮੈਂ ਬਹਾਦਰ ਬੱਚਾ ਹਾਂ... ਵੇਖ ਮੈਂ ਤਿਤਲੀਆਂ ਫੜ ਲੈਂਦਾ ਹਾਂ... ਕੁੱਤੇ ਦੇ ਵੱਟਾ ਮਾਰ ਕੇ ਉਹਨੂੰ ਭਜਾ ਦਿੰਦਾ ਹਾਂ... ਜਿਹੜਾ ਮੇਰੇ ਵੱਲ ਗੁੱਸੇ ਨਾਲ ਵੇਖੇ ਮੈਂ ਉਹਨੂੰ ਢਾਹ ਲੈਂਦਾ ਹਾਂ... ਕੀ ਤੂੰ ਇਹ ਸਾਰਾ ਕੁਝ ਕਰ ਲਵੇਂਗੀ। ਡਰਪੋਕ ਨਾ ਹੋਵੇ ਕਿਸੇ ਥਾਂ ਦੀ।’’
ਘਰ ਆ ਕੇ ਮਿੰਨੀ ਨੇ ਆਪਣੀ ਦਾਦੀ ਨੂੰ ਕਿਹਾ, ‘‘ਦਾਦੀ ਅੰਮਾ... ਸੋਨੂੰ ਨੇ ਕੱਲ੍ਹ ਤਿਤਲੀਆਂ ਦੀ ਜਾਨ ਲੈ ਲਈ... ਕੀ ਉਹ ਬਹਾਦਰ ਬਣ ਗਿਆ ਹੈ। ਕੀ ਮੈਂ ਡਰਪੋਕ ਹਾਂ?’’
‘‘ਨਹੀਂ ਬੱਚੇ... ਕਿਸੇ ਜੀਵ ਨੂੰ ਮਾਰਨਾ ਬਹਾਦਰੀ ਨਹੀਂ... ਇਹ ਪਾਪ ਹੈ... ਬਹਾਦਰੀ ਉਹ ਹੁੰਦੀ ਹੈ ਜਿਹੜਾ ਕਿਸੇ ਦੇ ਦੁੱਖ ਵਿੱਚ ਸਹਾਇਤਾ ਕਰਦਾ ਹੈ।’’ ਦਾਦੀ ਮਾਂ ਨੇ ਹੌਲੀ ਹੌਲੀ ਮਿੰਨੀ ਦਾ ਸਿਰ ਪਲੋਸਦਿਆਂ ਕਿਹਾ।
‘‘ਹਾਂ! ਬੱਚਿਓ! ਤਿਤਲੀਆਂ ਵਿੱਚ ਜਾਨ ਹੁੰਦੀ ਹੈ ਅਤੇ ਪੌਦਿਆ ’ਚ ਵੀ। ਫੁੱਲਾਂ ਵਿੱਚ ਵੀ ਜਾਨ ਹੁੰਦੀ ਹੈ। ਸਾਨੂੰ ਆਪਣੇ ਤੋਂ ਮਾੜੇ ’ਤੇ ਹਮਲਾ ਨਹੀਂ ਕਰਨਾ ਚਾਹੀਦਾ।’’
ਦਾਦੀ ਨੇ ਇਹ ਕਹਿੰਦਿਆਂ ਸੋਨੂੰ ਅਤੇ ਮਿੰਨੀ ਨੂੰ ਕੋਲ ਬੁਲਾ ਕੇ ਬਹੁਤ ਹੌਲੀ ਤੇ ਮਿੱਠੀ ਜਿਹੀ ਆਵਾਜ਼ ਵਿੱਚ ਕਿਹਾ, ‘‘ਸੋਨੂੰ ਪੁੱਤਰ ਤੂੰ ਹੁਣ ਹਰ ਗੱਲ ਮਿੰਨੀ ਨੂੰ ਪੁੱਛ ਕੇ ਕਰੀਂ, ਕਿਉਂਕਿ ਉਹ ਤੇਰੇ ਨਾਲੋਂ ਜ਼ਿਆਦਾ ਸਿਆਣੀ ਤੇ ਸੋਹਣੇ ਦਿਲ ਵਾਲੀ ਹੈ।’’
ਸੋਨੂੰ ਨੇ ਦਾਦੀ ਦੀ ਗੱਲ ਨੂੰ ਧਿਆਨ ਨਾਲ ਸੁਣਿਆ। ਫਿਰ ਉਸ ਨੂੰ ਤਿਤਲੀਆਂ ਨੂੰ ਮਾਰਨ ’ਤੇ ਬਹੁਤ ਪਛਤਾਵਾ ਹੋਇਆ। ਉਸ ਦੇ ਪਛਤਾਉਣ ਨਾਲ ਹੁਣ ਤਿਤਲੀਆਂ ਤਾਂ ਜਿਊਂਦੀਆਂ ਨਹੀਂ ਹੋ ਸਕਦੀਆਂ ਸਨ, ਇਸ ਲਈ ਉਸ ਨੇ ਅੱਗੇ ਤੋਂ ਅਜਿਹੀ ਹਰਕਤ ਕਰਨ ਤੋਂ ਤੌਬਾ ਕੀਤੀ ਅਤੇ ਹਰ ਤਰ੍ਹਾਂ ਦੇ ਜੀਵ ਨੂੰ ਪਿਆਰ ਕਰਨ ਦਾ ਪ੍ਰਣ ਲਿਆ।
ਇਸ ਤੋਂ ਬਾਅਦ ਉਹ ਤਿਤਲੀਆਂ ਨਾਲ ਜਾ ਕੇ ਖੇਡਣ ਲੱਗਾ। ਉਹ ਆਪਣੇ ਨਾਲ ਖੇਡ ਰਹੇ ਦੂਜੇ ਬੱਚਿਆਂ ਨੂੰ ਵੀ ਜੀਵ-ਜੰਤੂਆਂ ਨਾਲ ਪਿਆਰ ਨਾਲ ਪੇਸ਼ ਆਉਣ ਬਾਰੇ ਕਹਿਣ ਲੱਗਾ। ਉਸ ਵਿੱਚ ਆਈ ਇਹ ਤਬਦੀਲੀ ਦੇਖ ਕੇ ਮਿੰਨੀ ਤੇ ਦਾਦੀ ਮਾਂ ਬਹੁਤ ਖ਼ੁਸ਼ ਹੋਈਆਂ।
ਸੰਪਰਕ: 94642-36953

Advertisement
Advertisement