ਪੁੱਤ ਦਾ ਸਾਕ
ਰਣਜੀਤ ਲਹਿਰਾ
ਕੁਝ ਦਿਨ ਪਹਿਲਾਂ ਸਾਡੇ ਘਰ ਇੱਕ ਮਿੱਤਰ ਤੇ ਉਹਦੀ ਪਤਨੀ ਮਿਲਣ ਲਈ ਆਏ। ਪਰਿਵਾਰਕ ਦੁੱਖਾਂ-ਸੁੱਖਾਂ ਦੀਆਂ ਗੱਲਾਂ ਕਰਦਿਆਂ ਉਨ੍ਹਾਂ ਇਕਲੌਤੇ ਪੁੱਤਰ ਦੀ ਗੱਲ ਕਰਦਿਆਂ ਉਹਨੂੰ ਸਾਕ ਕਰਵਾਉਣ ਦੀ ਗੱਲ ਤੋਰੀ। ਉਨ੍ਹਾਂ ਦਾ ਪੁੱਤਰ ਚੰਗਾ ਪੜ੍ਹਿਆ-ਲਿਖਿਆ ਤੇ ਚੰਗੇ ਰੁਜ਼ਗਾਰ ’ਤੇ ਹੈ। ਉਹ ਖ਼ੁਦ ਵੀ ਚੰਗਾ ਕੰਮਕਾਰ ਕਰਦੇ ਅਤੇ ਮੱਧ ਵਰਗੀ ਪਰਿਵਾਰਕ ਪਿਛੋਕੜ ਵਾਲੇ ਹਨ। ਉਨ੍ਹਾਂ ਦੀ ਪੁੱਤਰ ਨੂੰ ਰਿਸ਼ਤਾ ਨਾ ਹੋਣ ਦੀ ਗੱਲ ਅਜੀਬ ਜਿਹੀ ਤਾਂ ਲੱਗੀ ਹੀ, ਉਸ ਤੋਂ ਵੀ ਵਧੇਰੇ ਅਜੀਬ ਉਨ੍ਹਾਂ ਦਾ ਇਹ ਕਹਿਣਾ ਲੱਗਿਆ ਕਿ ਤੁਸੀਂ ਭਾਈਚਾਰੇ ਦੀ ਕੁੜੀ ਦਾ ਹੀ ਰਿਸ਼ਤਾ ਕਰਵਾ ਦਿਓ, ਸਾਡੀ ਕੋਈ ਮੰਗ ਨਹੀਂ। ਉਹ ਤਾਂ ਕਿਸੇ ਵੀ ਜਾਤ ਦੀ ਕੁੜੀ ਦਾ ਰਿਸ਼ਤਾ ਲੈਣ ਦੀ ਗੱਲ ਵੀ ਕਹਿ ਗਏ। ਉਨ੍ਹਾਂ ਦੀ ਇਹ ਗੱਲ ਜ਼ਾਹਿਰ ਕਰਦੀ ਸੀ ਕਿ ਪੁੱਤਰ ਨੂੰ ਸਾਕ ਨਾ ਹੋਣ ਤੋਂ ਉਹ ਡਾਢੇ ਚਿੰਤਤ ਸਨ।
ਉਨ੍ਹਾਂ ਦੀਆਂ ਗੱਲਾਂ ਸੁਣ ਕੇ ਮੇਰੀ ਸੋਚ ਉਡਾਰੀ ਚਾਰ-ਪੰਜ ਦਹਾਕੇ ਪਿਛਾਂਹ ਚਲੀ ਗਈ ਅਤੇ ਕੰਨਾਂ ਵਿੱਚ ਸੁਰਿੰਦਰ ਕੌਰ ਅਤੇ ਸਾਬਰ ਹੁਸੈਨ ਦੇ ਗਾਏ ਉਸ ਲੋਕਗੀਤ ਦਾ ਮੁੱਖੜਾ ਗੂੰਜਣ ਲੱਗਿਆ ਜਿਹੜਾ ਦੋ ਮੰਜਿਆਂ ਨੂੰ ਜੋੜ ਕੇ ਟੰਗੇ ਸਪੀਕਰਾਂ ਵਿੱਚ ਵੱਜਦਾ ਹੁੰਦਾ ਸੀ- ‘ਮੇਰੇ ਪੁੱਤ ਨੂੰ ਬਹੂ ਨੀ ਥਿਉਣੀ, ਛੜੇ ਦੀ ਮਾਂ ਰੋਵੇ...’। ਸੁੱਖਾਂ ਸੁੱਖ ਕੇ ਜੰਮੇ ਪੁੱਤਾਂ ਦਾ ਸਿਹਰੇ ਬੰਨ੍ਹ ਕੇ ਘੋੜੀ ਚੜ੍ਹਨਾ ਮਾਵਾਂ ਦਾ ਸਭ ਤੋਂ ਸੁਨਹਿਰੀ ਤੇ ਪਿਆਰਾ ਸੁਫ਼ਨਾ ਰਿਹਾ ਹੈ। ਇਹ ਲੋਕਗੀਤ ਮਾਂ ਦੇ ਉਸ ਟੁੱਟੇ ਸੁਫ਼ਨੇ ਦੀ ਪੀੜ ਦੀ ਤਰਜਮਾਨੀ ਕਰਦਾ ਸੀ। ਜ਼ਾਹਿਰ ਹੈ, ਅਜਿਹੇ ਲੋਕਗੀਤ ਹੋਰ ਬੋਲੀਆਂ ਭਾਸ਼ਾਵਾਂ ਤੇ ਦੇਸ਼ਾਂ ਪਰਦੇਸਾਂ ਵਿੱਚ ਵੀ ਰਚੇ ਤੇ ਗਾਏ ਜਾਂਦੇ ਹੋਣਗੇ; ਖਾਸ ਕਰ ਉਨ੍ਹਾਂ ਸਮਾਜਾਂ ਵਿੱਚ ਜਿੱਥੇ ਕੁੜੀਆਂ ਦੇ ਮੁਕਾਬਲੇ ਮੁੰਡਿਆਂ ਦਾ ਜੰਮਣਾ ਵਧੇਰੇ ਮੁਬਾਰਕ ਸਮਝਿਆ ਜਾਂਦਾ ਰਿਹਾ ਹੈ।
ਸਾਡੇ ਪੰਜਾਬੀ ਸਮਾਜ ਸਮੇਤ ਭਾਰਤੀ ਉਪ ਮਹਾਂਦੀਪ ਦੇ ਹੋਰ ਦੇਸ਼ਾਂ ਵਿੱਚ ਸਦੀਆਂ ਤੋਂ ਕੁੜੀਆਂ ਦੇ ਮੁਕਾਬਲੇ ਮੁੰਡਿਆਂ ਦਾ ਜੰਮਣਾ ਵਡੇਰੀ ਖੁਸ਼ੀ ਦਾ ਸਬਬ ਰਿਹਾ ਹੈ। ਕੁੜੀਆਂ ਦੇ ਜੰਮਣ ਨੂੰ ਤਾਂ ਘਰ ਵਿੱਚ ਪੱਥਰ ਡਿੱਗਣਾ ਵੀ ਸਮਝਿਆ ਜਾਂਦਾ ਸੀ। ਇਤਿਹਾਸ ਗਵਾਹ ਹੈ ਕਿ ‘ਕੁੜੀ ਰੂਪੀ ਪੱਥਰ’ ਤੋਂ ਛੁਟਕਾਰਾ ਪਾਉਣ ਲਈ ਕਿੰਨੀਆਂ ਗੈਰ-ਮਨੁੱਖੀ ਰਵਾਇਤਾਂ ਸਾਡੇ ਸਮਾਜ ਵਿੱਚ ਪ੍ਰਚੱਲਤ ਰਹੀਆਂ ਹਨ।
ਉਂਝ ਤਾਂ ਸਾਡੇ ਸਮਾਜ ਵਿੱਚ ਮਾਵਾਂ ਦੇ ਪੁੱਤਾਂ ਦੇ ਛੜੇ ਰਹਿ ਜਾਣ ਦੇ ਹੋਰ ਵੀ ਕਈ ਆਰਥਕ ਸਮਾਜਿਕ ਕਾਰਨ ਹੋਣਗੇ ਪਰ ਇਸ ਦਾ ਸਭ ਤੋਂ ਵੱਡਾ ਕਾਰਨ ਮੁੰਡਿਆਂ ਦੇ ਮੁਕਾਬਲੇ ਕੁੜੀਆਂ ਦਾ ਘੱਟ ਰਹਿ ਜਾਣਾ ਹੀ ਹੋਵੇਗਾ।
ਸਾਡੇ ਸਮਾਜ ਵਿੱਚ ਜਿਵੇਂ ਕੁੜੀਆਂ ਦੀ ਸਮਾਜੀ ਹੈਸੀਅਤ ਮੁੰਡਿਆਂ ਦੇ ਮੁਕਾਬਲੇ ਹੀਣ ਸਮਝੀ ਜਾਂਦੀ ਸੀ, ਉਵੇਂ ਹੀ ‘ਸਿਹਰੇ ਬੰਨ੍ਹ ਕੇ ਘੋੜੀ ਚੜ੍ਹਨ’ ਵਾਲਿਆਂ ਦੇ ਮੁਕਾਬਲੇ ਵਿਆਹ ਦੀ ਉਮਰੋਂ ਟੱਪ ਕੇ ਛੜੇ ਰਹਿ ਜਾਣ ਵਾਲਿਆਂ ਨੂੰ ਵੀ ਸਰਾਪੇ ਹੋਏ ਅਤੇ ਕੰਧਾਂ-ਕੌਲ਼ੇ ਟੱਪਣ ਵਾਲੇ ਵੈਲੀ ਸਮਝ ਕੇ ਦੁਰਕਾਰਿਆ ਜਾਂਦਾ ਰਿਹਾ ਹੈ ਹਾਲਾਂਕਿ ਉਨ੍ਹਾਂ ਵਿਚਾਰਿਆਂ ਨੇ ‘ਰੱਬ ਦੇ ਕੋਈ ਮਾਂਹ ਨਹੀਂ ਸੀ ਮਾਰੇ’ ਹੁੰਦੇ। ਫਿਰ ਵੀ ਉਹ ਸਾਰੀ ਉਮਰ ਛੜੇ ਰਹਿ ਜਾਣ ਦਾ ਸੰਤਾਪ ਵੀ ਭੋਗਦੇ ਅਤੇ ਲੋਕਾਂ ਦੇ ਤਾਅਨੇ-ਮਿਹਣੇ ਵੀ ਸੁਣਦੇ। ਪੰਜਾਬੀ ਦੇ ਅਨੇਕ ਲੋਕ ਗੀਤਾਂ, ਬੋਲੀਆਂ ਤੇ ਟੱਪਿਆਂ ਤੋਂ ਛੜਿਆਂ ਦੀ ਭੈੜੀ ਤੇ ਮਖੌਲ ਦੇ ਪਾਤਰ ਸਮਝੇ ਜਾਣ ਵਾਲੀ ਹਾਲਤ ਸਮਝੀ ਜਾ ਸਕਦੀ ਹੈ। ‘ਰੰਨਾਂ ਵਾਲਿਆਂ ਦੇ ਪੱਕਣ ਪਰੌਂਠੇ, ਛੜਿਆਂ ਦੀ ਅੱਗ ਨਾ ਬਲੇ’ ਵਰਗੇ ਮਿਹਣਿਆਂ ਭਰੇ ਗੀਤਾਂ ਨਾਲ ਸਾਡਾ ਸਾਹਿਤ ਭਰਿਆ ਪਿਆ ਹੈ। ਰਵਾਇਤੀ ਪੰਜਾਬੀ ਪੇਂਡੂ ਸਮਾਜ ਦੀ ਛੜੇ ਪਾਤਰ ਬਿਨਾਂ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਪਰ ਹੁਣ ਕਿਉਂਕਿ ਰਵਾਇਤੀ ਪੇਂਡੂ ਸਮਾਜ ਕਾਫੀ ਬਦਲ ਗਿਆ ਹੈ, ਇਸ ਲਈ ਉਹਦਾ ਛੜਾ ਪਾਤਰ ਵੀ ਅੱਖੋਂ ਓਹਲੇ ਹੋ ਗਿਆ ਹੈ। ਇਹਦਾ ਮਤਲਬ ਇਹ ਨਹੀਂ ਕਿ ਪੰਜਾਬੀ ਸਮਾਜ ਵਿੱਚ ਛੜੇ ਨਹੀਂ ਰਹੇ; ਛੜੇ ਨਾ ਸਿਰਫ਼ ਹੈਨ ਸਗੋਂ ਪਹਿਲਾਂ ਨਾਲੋਂ ਵੱਡੀ ਤਦਾਦ ਵਿੱਚ ਹਨ। ਭਲੇ ਹੀ ਕੁੜੀਆਂ ਨੂੰ ਗਲ਼ ’ਗੂਠਾ ਜਾਂ ਅਫੀਮ ਦੇ ਕੇ ਮਾਰਨ ਵਰਗੀਆਂ ਮੱਧਯੁਗੀ ਰਵਾਇਤਾਂ ਨਹੀਂ ਰਹੀਆਂ।
ਦਰਅਸਲ ਸੱਭਿਅਕ ਹੁੰਦੀ ਦੁਨੀਆ ਨੇ ਕੁੜੀਆਂ ਤੋਂ ਖਹਿੜਾ ਛੁਡਾਉਣ ਦੇ ਢੰਗ ਤਰੀਕੇ ਵੀ ‘ਸੱਭਿਅਕ’ ਅਪਣਾ ਲਏ। ਤਿੰਨ-ਚਾਰ ਦਹਾਕੇ ਪਹਿਲਾਂ ਜਦੋਂ ‘ਮਾਂ ਦੇ ਪੇਟ ਵਿੱਚ ਕੁੜੀ ਹੈ ਜਾਂ ਮੁੰਡਾ ਹੈ’, ਦਾ ‘ਸੱਚ’ ਦੱਸਣ ਵਾਲੀ ਅਲਟਰਾਸਾਊਂਡ ਮਸ਼ੀਨ ਆਈ ਤਾਂ ‘ਕੁੜੀ-ਮਾਰਾਂ’ ਦੇ ਭਾਅ ਦੇ ਤਾਂ ਰੰਗ-ਭਾਗ ਲੱਗ ਗਏ। ਅਲਟਰਾਸਾਊਂਡ ਸਕੈਨ ਸੈਂਟਰਾਂ ਵਾਲਿਆਂ ਨੇ ਆਪਣੇ ਪੇਸ਼ੇ ਦੀ ਪਵਿੱਤਰਤਾ ਨੂੰ ਪੈਰਾਂ ਹੇਠ ਮਧੋਲ ਕੇ ਜਿਹੜੀਆਂ ਬਾਲੜੀਆਂ ਨੂੰ ਕੁੱਖਾਂ ਵਿੱਚ ਮਾਰਨਾ ਸ਼ੁਰੂ ਕੀਤਾ ਸੀ, ਉਹਦੇ ਸਿੱਟੇ ਹੁਣ ਸਾਹਮਣੇ ਆ ਰਹੇ ਹਨ। ‘ਜਦੋਂ ਧੀਆਂ ਮਾਰ ਮੁਕਾਓਗੇ, ਫਿਰ ਨੂੰਹਾਂ ਕਿੱਥੋਂ ਲਿਆਓਗੇ’ ਵਾਲੀ ਗੱਲ ਤਾਂ ਕਿਸੇ ਨੇ ਸੋਚੀ ਹੀ ਨਾ। ਹੁਣ ਜਦੋਂ ਨੂੰਹਾਂ ਨਹੀਂ ਲੱਭ ਰਹੀਆਂ ਤਾਂ ਫਿਰ ਪੁੱਤਾਂ ਨੂੰ ਸਾਕ ਨੂੰ ਮਾਵਾਂ ਹੀ ਰੋਣਗੀਆਂ... ਤੇ ਮਾਵਾਂ ਸਿਰਫ਼ ਪੰਜਾਬ ਜਾਂ ਹਰਿਆਣੇ ਵਿੱਚ ਹੀ ਨਹੀਂ ਰੋਂਦੀਆਂ, ਹਿਮਾਲਾ ਪਰਬਤ ਦੇ ਪਾਰ ਵੀ ਰੋਂਦੀਆਂ ਹਨ।
ਕੁਝ ਸਮਾਂ ਪਹਿਲਾਂ ਚੀਨ ਦੇ ਛੜਿਆਂ ਬਾਰੇ ਰਿਪੋਰਟ ਛਪੀ ਕਿ ਚੀਨ ਵਿੱਚ ਆਉਂਦੇ 10 ਸਾਲਾਂ ਵਿੱਚ ਦੋ ਕਰੋੜ ਚਾਲੀ ਲੱਖ ਨੌਜਵਾਨ ਛੜੇ ਰਹਿ ਜਾਣਗੇ। ਇਹ ਖ਼ਬਰ ਕੱਢ ਕੇ ਲਿਆਉਣ ਵਾਲੀ ‘ਚਾਈਨੀਜ਼ ਅਕੈਡਮੀ ਆਫ ਸ਼ੋਸ਼ਲ ਸਾਇੰਸਿਜ਼’ ਨੇ ਕਿਹਾ ਸੀ ਕਿ ਮੁਲਕ ਵਿੱਚ ਮਾਦਾ ਭਰੂਣ ਹੱਤਿਆਵਾਂ ਕਾਰਨ ਲਿੰਗ ਅਨੁਪਾਤ ਗੜਬੜਾ ਗਿਆ ਹੈ। ਇਹ ਨਹੀਂ ਕਿ ਚੀਨ ਜਾਂ ਭਾਰਤ ਵਿੱਚ ਮਾਦਾ ਭਰੂਣ ਹੱਤਿਆ ਜਾਂ ਲਿੰਗ ਟੈਸਟ ਰੋਕਣ ਲਈ ਕੋਈ ਕਾਨੂੰਨ ਨਹੀਂ; ਹੈਗੇ ਨੇ, ਚੀਨ ਵਿੱਚ ਤਾਂ ਭਾਰਤ ਤੋਂ ਵੀ ਸਖ਼ਤ ਕਾਨੂੰਨ ਨੇ ਪਰ ਸਮਾਜਿਕ ਅਲਾਮਤਾਂ ਕੜੇ-ਕਾਨੂੰਨਾਂ, ਸੰਤਾਂ ਜਾਂ ਲੀਡਰਾਂ ਦੇ ਉਪਦੇਸ਼ਾਂ ਤੇ ਸਕੂਲਾਂ ਦੇ ਬੱਚਿਆਂ ਤੋਂ ਸੜਕਾਂ ’ਤੇ ਨਾਅਰੇ ਲਗਾਉਣ ਨਾਲ ਹੱਲ ਨਹੀਂ ਨਾ ਹੁੰਦੀਆਂ। ਸਮਾਜਿਕ ਅਲਾਮਤਾਂ ਦੇ ਕਾਰਨ ਨਿਜ਼ਾਮ ਨਾਲ ਜੁੜੇ ਹੁੰਦੇ ਹਨ ਜਿਹੜਾ ਉਨ੍ਹਾਂ ਨੂੰ ਖਾਧ-ਪਾਣੀ ਮੁਹੱਈਆ ਕਰਦਾ ਹੈ। ਇਸ ਲਈ ਇਨ੍ਹਾਂ ਦਾ ਖ਼ਾਤਮਾ ਨਾਅਰਿਆਂ ਜਾਂ ਉਪਦੇਸ਼ਾਂ ਨਾਲ ਨਹੀਂ, ਮਰਦ ਪ੍ਰਧਾਨ ਤੇ ਪਿਛਾਖੜੀ ਸੱਤਾ ਦਾ ਫਸਤਾ ਵੱਢਣ ਲਈ ਵੱਡੀਆਂ ਸਮਾਜਿਕ ਜਦੋਜਹਿਦਾਂ ਤੇ ਸਮਾਜੀ ਤਬਦੀਲੀਆਂ ਦੀ ਲੋੜ ਹੁੰਦੀ ਹੈ। ਜਿੰਨੀ ਦੇਰ ਤੱਕ ਅਜਿਹਾ ਨਹੀਂ ਵਾਪਰਦਾ, ਓਨੀ ਦੇਰ ਤੱਕ ਔਰਤ/ਲੜਕੀ ਨੂੰ ‘ਪੱਥਰ ਡਿੱਗ ਪਿਆ’ ਹੀ ਸਮਝਿਆ ਜਾਂਦਾ ਰਹੇਗਾ ਅਤੇ ਜਿੰਨੀ ਦੇਰ ਪੱਥਰ ਸਮਝ ਕੇ ਕੁੜੀਆਂ ਨੂੰ ਜੰਮਣ ਤੋਂ ਰੋਕਣ ਦੇ ਓਹੜ ਪੁਹੜ ਕੀਤੇ ਜਾਂਦੇ ਰਹਿਣਗੇ, ਓਨੀ ਦੇਰ ਮਾਵਾਂ ਪੁੱਤਾਂ ਦੇ ਸਾਕ ਲਈ ਰੋਂਦੀਆਂ ਰਹਿਣਗੀਆਂ।
ਸੰਪਰਕ: 94175-88616