ਸੋਨੀਆ ਗਾਂਧੀ ਦੀ ਨਵੀਂ ਪਾਰੀ
ਸੋਨੀਆ ਗਾਂਧੀ ਪਹਿਲੀ ਵਾਰ 1999 ਵਿਚ ਅਮੇਠੀ ਤੋਂ ਲੋਕ ਸਭਾ ਲਈ ਚੁਣੇ ਗਏ ਸਨ। 2019 ਵਿਚ ਜਦੋਂ ਉਹ ਪੰਜਵੀਂ ਵਾਰ ਰਾਇ ਬਰੇਲੀ ਤੋਂ ਲੋਕ ਸਭਾ ਦੀ ਚੋਣ ਜਿੱਤੇ ਸਨ ਤਾਂ ਉੱਤਰ ਪ੍ਰਦੇਸ਼ ਦੀ ਇਹ ਇਕਮਾਤਰ ਸੀਟ ਸੀ ਜਿਸ ਤੋਂ ਕਾਂਗਰਸ ਨੂੰ ਜਿੱਤ ਨਸੀਬ ਹੋਈ ਸੀ। ਇਸ ਤੋਂ ਬਾਅਦ ਉਨ੍ਹਾਂ ਐਲਾਨ ਕੀਤਾ ਸੀ ਕਿ ਇਹ ਉਨ੍ਹਾਂ ਦੀ ਆਖਿ਼ਰੀ ਚੋਣ ਹੋਵੇਗੀ। ਉਨ੍ਹਾਂ ਦੀ ਸਿਹਤ ਨੂੰ ਲੈ ਕੇ ਅਜੇ ਵੀ ਤੌਖ਼ਲੇ ਹਨ। 77 ਸਾਲਾ ਕਾਂਗਰਸ ਆਗੂ ਨੇ ਹੁਣ ਰਾਜਸਥਾਨ ਤੋਂ ਰਾਜ ਸਭਾ ਦੀ ਮੈਂਬਰੀ ਲਈ ਨਾਮਜ਼ਦਗੀ ਕਾਗਜ਼ ਦਾਖ਼ਲ ਕਰਵਾ ਦਿੱਤੇ ਹਨ ਜਿਸ ਤੋਂ ਸਾਫ਼ ਹੋ ਗਿਆ ਹੈ ਕਿ ਉਹ ਹੁਣ ਚੁਣਾਵੀ ਰਾਜਨੀਤੀ ਵਿਚ ਦੁਬਾਰਾ ਨਹੀਂ ਆ ਰਹੇ। ਕਾਂਗਰਸ ਨੂੰ ਇਸ ਸੂਬੇ ਤੋਂ ਰਾਜ ਸਭਾ ਦੀ ਇਕ ਸੀਟ ਜਿੱਤਣ ਵਿਚ ਕੋਈ ਪ੍ਰੇਸ਼ਾਨੀ ਨਹੀਂ ਆਵੇਗੀ ਜਿਸ ਕਰ ਕੇ ਸੋਨੀਆ ਗਾਂਧੀ ਪਹਿਲੀ ਵਾਰ ਪਾਰਲੀਮੈਂਟ ਦੇ ਉੱਪਰਲੇ ਸਦਨ ਵਿਚ ਹਾਜ਼ਰੀ ਲਾਉਣ ਲਈ ਤਿਆਰ ਹੋ ਗਏ ਹਨ। ਭਾਰਤੀ ਜਨਤਾ ਪਾਰਟੀ ਦੇ ਜ਼ਬਰਦਸਤ ਪ੍ਰਚਾਰ ਦੇ ਸਨਮੁੱਖ ਕਾਂਗਰਸ ਪਾਰਟੀ ਨੂੰ ਆਸ ਹੈ ਕਿ ਮਹਿਲਾ ਆਗੂ ਦੇ ਪਾਰਲੀਮੈਂਟ ਵਿਚ ਆਪਣੀ ਮੌਜੂਦਗੀ ਬਰਕਰਾਰ ਰੱਖਣ ਦੇ ਫ਼ੈਸਲੇ ਨਾਲ ਉਸ ਨੂੰ ਅਗਲੀਆਂ ਚੋਣਾਂ ਵਿਚ ਫਾਇਦਾ ਮਿਲੇਗਾ।
ਜੇ ਵਡੇਰੀ ਤਸਵੀਰ ਦੇਖੀ ਜਾਵੇ ਤਾਂ ਆਮ ਚੋਣਾਂ ਤੋਂ ਦੋ ਮਹੀਨੇ ਪਹਿਲਾਂ ‘ਇੰਡੀਆ’ ਗੱਠਜੋੜ ਵਿਚ ਬਿਖਰਾਓ ਸ਼ੁਰੂ ਹੋਣ ਨਾਲ ਕਾਂਗਰਸ ਪਾਰਟੀ ਲਈ ਸਭ ਤੋਂ ਵੱਡੀ ਚੁਣੌਤੀ ਪੈਦਾ ਹੋ ਗਈ ਹੈ। ਵਿਰੋਧੀ ਧਿਰ ਦੀਆਂ ਪਾਰਟੀਆਂ ਦੇ ਇਕਜੁੱਟ ਨਾ ਹੋ ਸਕਣ ਕਰ ਕੇ ਇਨ੍ਹਾਂ ਲਈ ਭਾਜਪਾ ਨੂੰ ਟੱਕਰ ਦੇਣ ਦੇ ਆਸਾਰ ਦਿਨ-ਬਦਿਨ ਮੱਧਮ ਪੈ ਰਹੇ ਹਨ। ਸੋਨੀਆ ਗਾਂਧੀ ਦੀ ਥਾਂ ਰਾਇ ਬਰੇਲੀ ਤੋਂ ਕੌਣ ਉਮੀਦਵਾਰ ਹੋਵੇਗਾ, ਇਸ ਨੂੰ ਲੈ ਕੇ ਕੋਈ ਖ਼ਾਸ ਦਿਲਚਸਪੀ ਨਹੀਂ ਬਣੀ ਹਾਲਾਂਕਿ ਇਹ ਦੇਖਣ ਵਾਲੀ ਗੱਲ ਹੋਵੇਗੀ ਕਿ ਉਨ੍ਹਾਂ ਦੇ ਪਰਿਵਾਰ ਦਾ ਕੋਈ ਜੀਅ ਉਨ੍ਹਾਂ ਦੀ ਥਾਂ ਭਰਨ ਲਈ ਅੱਗੇ ਆਉਂਦਾ ਹੈ ਜਾਂ ਨਹੀਂ। ਰਾਹੁਲ ਗਾਂਧੀ 2019 ਵਿਚ ਅਮੇਠੀ ਤੋਂ ਚੋਣ ਹਾਰ ਗਏ ਸਨ। ਪ੍ਰਿਯੰਕਾ ਗਾਂਧੀ ਨੇ 2022 ਦੀਆਂ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਦੀ ਮੁਹਿੰਮ ਦੀ ਅਗਵਾਈ ਕੀਤੀ ਸੀ। ਇਹ ਦੋਵੇਂ ਹਲਕੇ ਗਾਂਧੀ ਪਰਿਵਾਰ ਦੇ ਰਵਾਇਤੀ ਗੜ੍ਹ ਮੰਨੇ ਜਾਂਦੇ ਰਹੇ ਹਨ ਅਤੇ ਇਨ੍ਹਾਂ ਉੱਪਰ ਚੋਣ ਲੜ ਕੇ ਪਾਰਟੀ ਦੀ ਚੋਣ ਮੁਹਿੰਮ ਨੂੰ ਹੁਲਾਰਾ ਮਿਲਦਾ ਹੈ ਪਰ ਵਡੇਰੇ ਗੱਠਜੋੜ ਤੋਂ ਬਗ਼ੈਰ ਇਨ੍ਹਾਂ ਸੀਟਾਂ ’ਤੇ ਵੀ ਜਿੱਤ ਦਰਜ ਕਰਨੀ ਹੁਣ ਸੌਖੀ ਨਹੀਂ ਰਹਿ ਗਈ। ਉਂਝ ਵੀ ਹੁਣ ਚੋਣ ਸਿਆਸਤ ਦੇ ਮਾਇਨੇ ਅਤੇ ਜਿੱਤਾਂ ਹਾਰਾਂ ਦੇ ਪੈਮਾਨੇ ਬਹੁਤ ਬਦਲ ਗਏ ਹਨ। ਪਿਛਲੇ ਕੁਝ ਸਾਲਾਂ ਦੌਰਾਨ ਤਾਂ ਇਸ ਵਿਚ ਵੱਡੀਆਂ ਤਬਦੀਲੀਆਂ ਦੇਖਣ ਨੂੰ ਮਿਲੀਆਂ ਹਨ।
ਕਿਸੇ ਸਮੇਂ ਸੋਨੀਆ ਗਾਂਧੀ ਨੂੰ ਘਰੇਲੂ ਸੁਆਣੀ ਕਹਿ ਕੇ ਦਰਕਿਨਾਰ ਕਰ ਦਿੱਤਾ ਗਿਆ ਸੀ, ਫਿਰ 1998 ਵਿਚ ਉਨ੍ਹਾਂ ਨੂੰ ਪਾਰਟੀ ਪ੍ਰਧਾਨ ਥਾਪਿਆ ਗਿਆ। ਉਨ੍ਹਾਂ ਆਪਣੇ ਕਾਰਜਕਾਲ ਵਿਚ ਪਾਰਟੀ ਨੂੰ ਸਫਲਤਾ ਵੀ ਦਿਵਾਈ ਅਤੇ ਨਾਲ ਹੀ ਨਾਕਾਮੀਆਂ ਦਾ ਮੂੰਹ ਵੀ ਦੇਖਣਾ ਪਿਆ। ਸਰਗਰਮ ਰਾਜਨੀਤੀ ਵਿਚ ਆਇਆਂ ਉਨ੍ਹਾਂ ਨੂੰ ਛੱਬੀ ਸਾਲ ਹੋ ਗਏ ਹਨ ਪਰ ਇਸ ਸਮੇਂ ਦੌਰਾਨ ਕਾਂਗਰਸ ਲੀਡਰਸ਼ਿਪ ਅਤੇ ਵਿਚਾਰਾਂ ਦੇ ਸੰਕਟ ਨਾਲ ਜੂਝਦੀ ਰਹੀ ਹੈ। ਜਦੋਂ ਸੋਨੀਆ ਗਾਂਧੀ ਦੀ ਦੇਣ ਦਾ ਲੇਖਾ ਜੋਖਾ ਕੀਤਾ ਜਾਵੇਗਾ ਤਾਂ ਉਹ ਇਸ ਨੁਕਤਾਚੀਨੀ ਤੋਂ ਬਚ ਨਹੀਂ ਸਕਣਗੇ।