Sonia Gandhi remarks ਸੋਨੀਆ ਗਾਂਧੀ ਰਾਸ਼ਟਰਪਤੀ ਲਈ ਵੱਡਾ ਸਤਿਕਾਰ ਰੱਖਦੇ ਹਨ, ਮੀਡੀਆ ਨੇ ਟਿੱਪਣੀਆਂ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ: ਪ੍ਰਿਯੰਕਾ ਗਾਂਧੀ
ਨਵੀਂ ਦਿੱਲੀ, 31 ਜਨਵਰੀ
ਰਾਸ਼ਟਰਪਤੀ ਦਰੋਪਦੀ ਮੁਰਮੂ ਦੇ ਸੰਬੋਧਨ ਬਾਰੇ ਸਾਬਕਾ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੀ ਟਿੱਪਣੀ ਨੂੰ ਲੈ ਕੇ ਪਏ ਰੌਲੇ-ਰੱਪੇ ਦਰਮਿਆਨ ਪਾਰਟੀ ਦੀ ਜਨਰਲ ਸਕੱਤਰ ਤੇ ਵਾਇਨਾਡ ਤੋਂ ਸੰਸਦ ਮੈਂਬਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਮਾਂ ਸੋਨੀਆ ਗਾਂਧੀ ਰਾਸ਼ਟਰਪਤੀ ਮੁਰਮੂ ਲਈ ਵੱਡਾ ਸਤਿਕਾਰ ਰੱਖਦੇ ਹਨ ਤੇ ਮੀਡੀਆ ਵੱਲੋਂ ਉਨ੍ਹਾਂ ਦੀਆਂ ਟਿੱਪਣੀਆਂ ਨੂੰ ਤੋੜ-ਮਰੋੜ ਕੇ ਪੇਸ਼ ਕਰਨਾ ਬਹੁਤ ਮੰਦਭਾਗਾ ਹੈ। ਇਸ ਮੁੱਦੇ ’ਤੇ ਮੁਆਫ਼ੀ ਸਬੰਧੀ ਮੰਗ ਲਈ ਭਾਜਪਾ ਨੂੰ ਨਿਸ਼ਾਨਾ ਬਣਾਉਂਦਿਆਂ ਪ੍ਰਿਯੰਕਾ ਨੇ ਕਿਹਾ ਕਿ ਪਾਰਟੀ ਪਹਿਲਾਂ ‘ਦੇਸ਼ ਨੂੰ ਬਰਬਾਦ’ ਕਰਨ ਲਈ ਮੁਆਫ਼ੀ ਮੰਗੇ। ਪ੍ਰਿਯੰਕਾ ਗਾਂਧੀ ਨੇ ਪੱਤਰਕਾਰਾਂ ਨੂੰ ਕਿਹਾ, ‘‘ਮੇਰੀ ਮਾਂ 78 ਸਾਲਾਂ ਦੀ ਹੋ ਗਈ ਹੈ। ਉਨ੍ਹਾਂ ਸਿਰਫ਼ ਇੰਨਾ ਕਿਹਾ ਕਿ ‘ਰਾਸ਼ਟਰਪਤੀ ਇੰਨਾ ਲੰਮਾ ਭਾਸ਼ਣ ਪੜ੍ਹ ਕੇ ਥੱਕ ਗਏ ਹੋਣਗੇ।’ ਉਹ ਪੂਰਾ ਸਤਿਕਾਰ ਕਰਦੇ ਹਨ, ਅਸਲ ਵਿਚ ਉਹ ਰਾਸ਼ਟਰਪਤੀ ਲਈ ਵੱਡਾ ਸਤਿਕਾਰ ਰੱਖਦੇ ਹਨ। ਮੀਡੀਆ ਵੱਲੋਂ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਜਾਣਾ ਮੰਦਭਾਗਾ ਹੈ।’’ ਪ੍ਰਿਯੰਕਾ ਗਾਂਧੀ ਨੇ ਇਕ ਬੈਠਕ ਵਿਚ ਸ਼ਾਮਲ ਹੋਣ ਮਗਰੋਂ ਸੰਸਦੀ ਕੰਪਲੈਕਸ ਤੋਂ ਬਾਹਰ ਜਾਂਦਿਆਂ ਕਿਹਾ, ‘‘ਉਹ ਦੋਵੇਂ (ਮੁਰਮੂ ਤੇ ਸੋਨੀਆ) ਸਤਿਕਾਰਯੋਗ ਵਿਅਕਤੀ ਹਨ, ਉਹ ਸਾਡੇ ਨਾਲੋਂ ਉਮਰ ਵਿਚ ਵੱਡੇ ਹਨ, ਉਹ ਉਮਰ ਦੇ ਇਕ ਪੜਾਅ ਉੱਤੇ ਹਨ ਤੇ ਇਹ ਬਿਲਕੁਲ ਸਾਫ਼ ਹੈ ਕਿ ਉਨ੍ਹਾਂ (ਸੋਨੀਆ ਗਾਂਧੀ) ਦਾ ਮਤਲਬ ਕਿਸੇ ਦਾ ਨਿਰਾਦਰ ਕਰਨਾ ਨਹੀਂ ਸੀ।’’ ਇਸ ਤੋਂ ਪਹਿਲਾਂ ਲੋਕ ਸਭਾ ਵਿਚ ਕਾਂਗਰਸ ਦੇ ਡਿਪਟੀ ਆਗੂ ਗੌਰਵ ਗੋਗੋਈ ਨੇ ਇਸ ਨੁਕਤਾਚੀਨੀ ਲਈ ਭਾਜਪਾ ਨੂੰ ਭੰਡਿਆ। ਗੋਗੋਈ ਨੇ ਐਕਸ ’ਤੇ ਇਕ ਪੋਸਟ ਵਿਚ ਕਿਹਾ, ‘‘ਸਤਿਕਾਰਯੋਗ ਰਾਸ਼ਟਰਪਤੀ ਦਰੋਪਦੀ ਮੁਰਮੂ ਦੀ ਸਿਹਤ ਨੂੰ ਲੈ ਕੇ ਸ੍ਰੀਮਤੀ ਸੋਨੀਆ ਗਾਂਧੀ ਵੱਲੋਂ ਜਤਾਈ ਹਮਦਰਦੀ ਭਾਜਪਾ ਦੇ ਲੋਕਾਂ ਨੂੰ ਹਜ਼ਮ ਨਹੀਂ ਹੋ ਰਹੀ ਹੈ। ਭਾਰਤ ਦਾ ਹਰੇਕ ਵਿਅਕਤੀ ਰਾਸ਼ਟਰਪਤੀ ਮੁਰਮੂ ਪ੍ਰਤੀ ਸਤਿਕਾਰ ਤੇ ਹਮਦਰਦੀ ਰੱਖਦਾ ਹੈ।’’ ਗੋਗੋਈ ਨੇ ਕਿਹਾ, ‘‘ਕੀ ਭਾਜਪਾ ਰਾਸ਼ਟਰਪਤੀ ਮੁਰਮੂ ਨੂੰ ਨਵੀਂ ਸੰਸਦ ਜਾਂ ਅਯੁੱਧਿਆ ਵਿਚ ਰਾਮ ਮੰਦਿਰ ਦੇ ਉਦਘਾਟਨ ਲਈ ਨਾ ਸੱਦ ਕੇ ਦਿਖਾਏ ਨਿਰਾਦਰ ਦਾ ਜਵਾਬ ਦੇਵੇਗੀ? ਮੈਂ ਉਨ੍ਹਾਂ ਨੂੰ ਇਸ ਸਵਾਲ ਦਾ ਜਵਾਬ ਦੇਣ ਦੀ ਚੁਣੌਤੀ ਦਿੰਦਾ ਹਾਂ।’’ -ਪੀਟੀਆਈ