ਸੋਨੀਆ ਗਾਂਧੀ ਵੱਲੋਂ ‘ਇੰਦਰਾ ਗਾਂਧੀ ਭਵਨ’ ਦਾ ਉਦਘਾਟਨ
ਨਵੀਂ ਦਿੱਲੀ, 15 ਜਨਵਰੀ
ਕਾਂਗਰਸ ਦੀ ਸੰਸਦੀ ਪਾਰਟੀ ਦੀ ਮੁਖੀ ਸੋਨੀਆ ਗਾਂਧੀ ਨੇ ਅੱਜ 9ਏ, ਕੋਟਲਾ ਰੋਡ ਸਥਿਤ ਪਾਰਟੀ ਦੇ ਨਵੇਂ ਹੈੱਡਕੁਆਰਟਰ ਦਾ ਉਦਘਾਟਨ ਕੀਤਾ। ਦੇਸ਼ ਦੀ ਸਭ ਤੋਂ ਪੁਰਾਣੀ ਸਿਆਸੀ ਪਾਰਟੀ ਲਈ ਇਹ ਇਤਿਹਾਸਕ ਪਲ ਸੀ ਜਿਸ ਦਾ ਕੰਮਕਾਰ 47 ਸਾਲਾਂ ਤੋਂ 24 ਅਕਬਰ ਰੋਡ ਵਿਚਲੇ ਪਾਰਟੀ ਹੈੱਡਕੁਆਰਟਰ ਤੋਂ ਚੱਲ ਰਿਹਾ ਸੀ। ਇਸ ਸਮਾਗਮ ਮੌਕੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ, ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ, ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ, ਕੇਸੀ ਵੇਣੂਗੋਪਾਲ ਤੇ ਪਾਰਟੀ ਦੇ ਹੋਰ ਸੀਨੀਅਰ ਆਗੂ ਹਾਜ਼ਰ ਸਨ।
ਸਮਾਗਮ ਦੀ ਸ਼ੁਰੂਆਤ ਵਿੱਚ ਪਾਰਟੀ ਆਗੂਆਂ ਨੇ ਨਵੇਂ ਹੈੱਡਕੁਆਰਟਰ ’ਚ ਪਾਰਟੀ ਦਾ ਝੰਡਾ ਲਹਿਰਾਇਆ ਅਤੇ ਫਿਰ ਵੰਦੇ ਮਾਤਰਮ ਤੇ ਕੌਮੀ ਤਰਾਨਾ ਗਾਇਆ। ਇਸ ਮਗਰੋਂ ਸੋਨੀਆ ਗਾਂਧੀ ਨੇ ਨਵੀਂ ਇਮਾਰਤ ਦਾ ਉਦਘਾਟਨ ਕੀਤਾ। ਸੋਨੀਆ ਗਾਂਧੀ ਨੇ ਰਿਬਨ ਕੱਟਣ ਸਮੇਂ ਖੜਗੇ ਨੂੰ ਵੀ ਬੁਲਾਇਆ। ਇਸ ਤੋਂ ਪਹਿਲਾਂ ਪਾਰਟੀ ਨੇ ਕਿਹਾ ਸੀ ਕਿ ਕਾਂਗਰਸ ਦਾ ਹੈੱਡਕੁਆਰਟਰ ‘ਇੰਦਰਾ ਗਾਂਧੀ ਭਵਨ’ ਕਾਂਗਰਸ ਪਾਰਟੀ ਦੀ ਵਿਚਾਰਧਾਰਾ ਨੂੰ ਅੱਗੇ ਲਿਜਾਣ ਦੇ ਮਿਸ਼ਨ ਦਾ ਪ੍ਰਤੀਕ ਹੈ।
ਪਾਰਟੀ ਦੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਨੇ ਕਿਹਾ, ‘ਇਹ ਸਾਡੇ ਲਈ ਸਮੇਂ ਅਨੁਸਾਰ ਅੱਗੇ ਵਧਣ ਦਾ ਸਮਾਂ ਹੈ।’ ਸੋਨੀਆ ਗਾਂਧੀ ਦੇ ਪਾਰਟੀ ਮੁਖੀ ਵਜੋਂ ਕਾਰਜਕਾਲ ਦੌਰਾਨ ਇੰਦਰਾ ਗਾਂਧੀ ਭਵਨ ਦੀ ਉਸਾਰੀ ਸ਼ੁਰੂ ਹੋਈ ਸੀ। 9ਏ, ਕੋਟਲਾ ਰੋਡ, ਨਵੀਂ ਦਿੱਲੀ ਸਥਿਤ ਇੰਦਰਾ ਗਾਂਧੀ ਭਵਨ ਨੂੰ ਪਾਰਟੀ ਤੇ ਉਸ ਦੇ ਆਗੂਆਂ ਦੀਆਂ ਵਧਦੀਆਂ ਲੋੜਾਂ ਪੂਰੀਆਂ ਕਰਨ ਲਈ ਡਿਜ਼ਾਈਨ ਕੀਤਾ ਗਿਆ ਹੈ ਜਿਸ ਵਿੱਚ ਪ੍ਰਸ਼ਾਸਨਿਕ, ਜਥੇਬੰਦਕ ਤੇ ਰਣਨੀਤਕ ਗਤੀਵਿਧੀਆਂ ਲਈ ਸਹੂਲਤਾਂ ਸ਼ਾਮਲ ਹਨ। ਸੂਤਰਾਂ ਨੇ ਦੱਸਿਆ ਕਿ ਪਾਰਟੀ 24, ਅਕਬਰ ਰੋਡ ਸਥਿਤ ਦਫ਼ਤਰ ਖਾਲੀ ਨਹੀਂ ਕਰੇਗੀ। ਉੱਥੇ ਪਾਰਟੀ ਦੀਆਂ ਕੁਝ ਇਕਾਈਆਂ ਕੰਮ ਕਰਦੀਆਂ ਰਹਿਣਗੀਆਂ। -ਪੀਟੀਆਈ