ਲੱਦਾਖ ਭਵਨ ’ਚ ਭੁੱਖ ਹੜਤਾਲ ’ਤੇ ਬੈਠੇ ਸੋਨਮ ਵਾਂਗਚੁਕ
ਨਵੀਂ ਦਿੱਲੀ, 6 ਅਕਤੂਬਰ
ਲੱਦਾਖ ਨੂੰ ਛੇਵੀਂ ਅਨੁਸੂਚੀ ’ਚ ਸ਼ਾਮਲ ਕਰਨ ਸਮੇਤ ਹੋਰ ਮੰਗਾਂ ਨੂੰ ਲੈ ਕੇ ਦਿੱਲੀ ਤੋਂ ਆਏ ਵਾਤਾਵਰਣ ਕਾਰਕੁਨ ਸੋਨਮ ਵਾਂਗਚੁਕ ਜੰਤਰ ਮੰਤਰ ’ਤੇ ਅੰਦੋਲਨ ਦੀ ਇਜਾਜ਼ਤ ਨਾ ਮਿਲਣ ਕਾਰਨ ਅੱਜ ਸਾਥੀਆਂ ਸਮੇਤ ਲੱਦਾਖ ਭਵਨ ’ਚ ਹੀ ਭੁੱਖ ਹੜਤਾਲ ’ਤੇ ਬੈਠ ਗਏ। ਉਹ ਦਿੱਲੀ ਦੇ ਲੱਦਾਖ ਭਵਨ ’ਚ ਹੀ ਠਹਿਰੇ ਹੋਏ ਹਨ।
ਵਾਂਗਚੁਕ ਨੇ ਭੁੱਖ ਹੜਤਾਲ ਸ਼ੁਰੂ ਕਰਨ ਤੋਂ ਪਹਿਲਾਂ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਅੰਦੋਲਨ ਲਈ ਕੋਈ ਥਾਂ ਨਾ ਮਿਲਣ ਕਾਰਨ ਉਨ੍ਹਾਂ ਨੂੰ ਲੱਦਾਖ ਭਵਨ ’ਚ ਹੀ ਰੋਸ ਮੁਜ਼ਾਹਰਾ ਕਰਨ ਲਈ ਮਜਬੂਰ ਹੋਣਾ ਪਿਆ ਹੈ। ਵਾਂਗਚੁਕ ਸਮੇਤ ਤਕਰੀਬਨ 18 ਜਣੇ ਲੱਦਾਖ ਭਵਨ ਦੇ ਗੇਟ ਨੇੜੇ ਬੈਠੇ ਹੋਏ ਹਨ। ਵਾਂਗਚੁਕ ਨੇ ‘ਐਕਸ’ ’ਤੇ ਅੱਜ ਪਾਈ ਪੋਸਟ ’ਚ ਕਿਹਾ ਕਿ ਉਨ੍ਹਾਂ ਨੂੰ ਜੰਤਰ ਮੰਤਰ ’ਤੇ ਭੁੱਖ ਹੜਤਾਲ ਦੀ ਇਜਾਜ਼ਤ ਨਹੀਂ ਦਿੱਤੀ ਗਈ। ਉਨ੍ਹਾਂ ਕਿਹਾ, ‘ਇੱਕ ਹੋਰ ਨਾਮਨਜ਼ੂਰੀ, ਇੱਕ ਹੋਰ ਨਿਰਾਸ਼ਾ। ਅਖੀਰ ਅੱਜ ਸਵੇਰੇ ਸਾਨੂੰ ਰੋਸ ਮੁਜ਼ਾਹਰੇ ਲਈ ਅਧਿਕਾਰਤ ਤੌਰ ’ਤੇ ਤੈਅ ਸਥਾਨ ਲਈ ਇਹ ਨਾਮਨਜ਼ੂਰੀ ਪੱਤਰ ਮਿਲਿਆ।’ ਵਾਂਗਚੁਕ ‘ਦਿੱਲੀ ਚਲੋ ਪੈਦਲ ਯਾਤਰਾ’ ਦੀ ਅਗਵਾਈ ਕਰ ਰਹੇ ਹਨ ਜੋ ਇੱਕ ਮਹੀਨਾ ਪਹਿਲਾਂ ਲੇਹ ਤੋਂ ਸ਼ੁਰੂ ਹੋਈ ਸੀ। -ਪੀਟੀਆਈ