ਚੀਮਾ ਮੰਡੀ ਵਿੱਚ ਸਾਬਕਾ ਫੌਜੀ ਵੱਲੋਂ ਪੁੱਤਰ ਦੀ ਗੋਲੀ ਮਾਰ ਕੇ ਹੱਤਿਆ
ਗੁਰਦੀਪ ਸਿੰਘ ਲਾਲੀ
ਸੰਗਰੂਰ, 22 ਸਤੰਬਰ
ਕਸਬਾ ਚੀਮਾ ਮੰਡੀ ਵਿੱਚ ਇਕ ਵਿਅਕਤੀ ਵੱਲੋਂ ਆਪਣੇ ਨੌਜਵਾਨ ਪੁੱਤਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮੁਲਜ਼ਮ ਸਾਬਕਾ ਫੌਜੀ ਹੈ ਜਿਸ ਦੇ ਕਿਸੇ ਔਰਤ ਨਾਲ ਕਥਿਤ ਨਾਜਾਇਜ਼ ਸਬੰਧ ਸਨ ਜਿਸ ਕਾਰਨ ਘਰ ਵਿੱਚ ਅਕਸਰ ਕਲੇਸ਼ ਰਹਿੰਦਾ ਸੀ। ਇਸ ਸਾਬਕਾ ਫੌਜੀ ਦਾ ਪੁੱਤਰ ਉਸ ਨੂੰ ਗਲਤ ਕੰਮ ਕਰਨ ਤੋਂ ਰੋਕਦਾ ਸੀ। ਮ੍ਰਿਤਕ ਦੀ ਪਛਾਣ ਅਮਨਦੀਪ ਸਿੰਘ (19) ਵਜੋਂ ਹੋਈ ਹੈ।
ਮ੍ਰਿਤਕ ਨੌਜਵਾਨ ਦੀ ਮਾਤਾ ਪਰਮਜੀਤ ਕੌਰ ਉਰਫ਼ ਰਵੀਨਾ ਰਾਣੀ ਅਨੁਸਾਰ ਉਸ ਦਾ ਪਤੀ ਗੋਪਾਲ ਸਿੰਘ ਫੌਜ ਵਿਚੋਂ ਸੇਵਾਮੁਕਤ ਹੋਣ ਮਗਰੋਂ ਪਿੰਡ ਸਤੌਜ ਵਿਚ ਇੱਕ ਅਕੈਡਮੀ ਵਿਚ ਸੁਰੱਖਿਆ ਗਾਰਡ ਦੀ ਨੌਕਰੀ ਕਰਦਾ ਸੀ। ਉਸ ਦਾ ਪੁੱਤਰ ਅਮਨਦੀਪ ਸਿੰਘ (19) ਭੀਖੀ ਕਾਲਜ ਵਿਚ ਬੀਏ ਕਰ ਰਿਹਾ ਸੀ। ਉਸ ਦੇ ਪਤੀ ਗੋਪਾਲ ਸਿੰਘ ਦੇ ਕਿਸੇ ਮਹਿਲਾ ਨਾਲ ਸਬੰਧ ਸਨ ਜਿਸ ਕਾਰਨ ਘਰ ਵਿੱਚ ਕਲੇਸ਼ ਰਹਿੰਦਾ ਸੀ ਅਤੇ ਉਸ ਦੀ ਧੀ ਅਤੇ ਪੁੱਤਰ ਆਪਣੇ ਪਿਤਾ ਨੂੰ ਗਲਤ ਕੰਮ ਤੋਂ ਵਰਜਦੇ ਸਨ। ਉਨ੍ਹਾਂ ਦੱਸਿਆ ਕਿ ਬੀਤੀ ਰਾਤ ਕਰੀਬ 11 ਵਜੇ ਜਦੋਂ ਉਸ ਦਾ ਪਤੀ ਗੋਪਾਲ ਸਿੰਘ ਸ਼ਰਾਬ ਦੇ ਨਸ਼ੇ ਵਿਚ ਘਰ ਆਇਆ ਤਾਂ ਪੁੱਤਰ ਵੱਲੋਂ ਇਤਰਾਜ਼ ਕੀਤਾ ਗਿਆ। ਇਸ ਕਾਰਨ ਗੋਪਾਲ ਸਿੰਘ ਤੈਸ਼ ਵਿੱਚ ਆ ਗਿਆ ਤੇ ਝਗੜਾ ਕਰਨ ਲੱਗਿਆ। ਉਹ ਘਰ ਅੰਦਰੋਂ ਬੰਦੂਕ ਚੁੱਕ ਕੇ ਪੂਰੇ ਪਰਿਵਾਰ ਨੂੰ ਮਾਰਨ ਲਈ ਲਲਕਾਰਨ ਲੱਗਿਆ। ਉਸ ਦਾ ਪੁੱਤਰ ਜਦੋਂ ਬਚਾਅ ਲਈ ਗਲੀ ਵਿਚ ਭੱਜਿਆ ਤਾਂ ਉਸ ਦੇ ਪਤੀ ਨੇ ਉਸ ਦੇ ਪਿੱਛੋਂ ਗੋਲੀ ਮਾਰ ਦਿੱਤੀ। ਮੌਕੇ ’ਤੇ ਇਕੱਠੇ ਹੋਏ ਲੋਕਾਂ ਨੇ ਸਾਬਕਾ ਫੌਜੀ ਤੋਂ ਬੰਦੂਕ ਖੋਹ ਲਈ ਜਿਸ ਕਾਰਨ ਪਰਿਵਾਰ ਦੇ ਬਾਕੀ ਮੈਂਬਰਾਂ ਦਾ ਬਚਾਅ ਹੋ ਗਿਆ। ਅਮਨਦੀਪ ਸਿੰਘ ਨੂੰ ਸਿਵਲ ਹਸਪਤਾਲ ਸੁਨਾਮ ਲਿਜਾਇਆ ਗਿਆ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਥਾਣਾ ਚੀਮਾ ਦੇ ਐਸਐਚਓ ਮਨਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੀ ਮਾਂ ਪਰਮਜੀਤ ਕੌਰ ਦੇ ਬਿਆਨਾਂ ਦੇ ਆਧਾਰ ’ਤੇ ਗੋਪਾਲ ਸਿੰਘ ਖ਼ਿਲਾਫ਼ ਕਤਲ ਅਤੇ ਅਸਲਾ ਐਕਟ ਤਹਿਤ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਪਰਵਾਸੀ ਨੇ ਪੁਲੀਸ ਮੁਲਾਜ਼ਮ ਦੀ ਪਿਸਤੌਲ ਖੋਹ ਕੇ ਖ਼ੁਦ ਨੂੰ ਗੋਲੀ ਮਾਰੀ
ਅੰਮ੍ਰਿਤਸਰ (ਜਗਤਾਰ ਸਿੰਘ ਲਾਂਬਾ): ਸ੍ਰੀ ਹਰਿਮੰਦਰ ਸਾਹਿਬ ਨੇੜੇ ਡਿਊਟੀ ’ਤੇ ਹਾਜ਼ਰ ਪੁਲੀਸ ਮੁਲਾਜ਼ਮ ਤੋਂ ਪਿਸਤੌਲ ਖੋਹਣ ਤੋਂ ਬਾਅਦ ਇੱਕ ਪਰਵਾਸੀ ਨੇ ਕਥਿਤ ਤੌਰ ’ਤੇ ਖ਼ੁਦ ਨੂੰ ਗੋਲੀ ਮਾਰ ਲਈ ਹੈ। ਇਸ ਵਿਅਕਤੀ ਦੀ ਹੁਣ ਤਕ ਸ਼ਨਾਖਤ ਨਹੀਂ ਹੋ ਸਕੀ ਹੈ। ਪੁਲੀਸ ਦੇ ਵਧੀਕ ਡਿਪਟੀ ਕਮਿਸ਼ਨਰ ਵਿਸ਼ਾਲਜੀਤ ਸਿੰਘ ਨੇ ਦੱਸਿਆ ਕਿ ਇਸ ਪਰਵਾਸੀ ਨੂੰ ਗੁਰੂ ਨਾਨਕ ਦੇਵ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਨੇ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਦਮ ਤੋੜ ਦਿੱਤਾ। ਇਸ ਵਿਅਕਤੀ ਕੋਲ ਕੋਈ ਪਛਾਣ ਪੱਤਰ, ਬਟੂਆ ਜਾਂ ਮੋਬਾਈਲ ਫੋਨ ਨਹੀਂ ਸੀ। ਇਹ ਘਟਨਾ ਸਵੇਰੇ ਵੇਲੇ ਵਾਪਰੀ ਜਿਸ ਪੁਲੀਸ ਮੁਲਾਜ਼ਮ ਤੋਂ ਪਿਸਤੌਲ ਖੋਹੀ ਉਸ ਦੀ ਪਛਾਣ ਏਐੱਸਆਈ ਅਸ਼ਵਨੀ ਕੁਮਾਰ ਵਜੋਂ ਹੋਈ ਹੈ। ਇਹ ਪੁਲੀਸ ਕਰਮਚਾਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਆਏ ਇੱਕ ਵੀਆਈਪੀ ਨਾਲ ਆਇਆ ਸੀ ਅਤੇ ਉਸ ਦੇ ਪਾਇਲਟ ਵਾਹਨ ਵਿਚ ਤਾਇਨਾਤ ਪੁਲੀਸ ਅਮਲੇ ਵਿਚ ਸ਼ਾਮਲ ਸੀ। ਏਡੀਸੀਪੀ ਨੇ ਕਿਹਾ ਕਿ ਇਹ ਵਿਅਕਤੀ ਅਚਾਨਕ ਅਸ਼ਵਨੀ ਕੁਮਾਰ ਕੋਲ ਆਇਆ, ਉਸ ਦਾ ਪਿਸਤੌਲ ਖੋਹ ਲਿਆ ਅਤੇ ਆਪਣੇ ਸਿਰ ਵਿੱਚ ਗੋਲੀ ਮਾਰ ਲਈ, ਜਿਸ ਨਾਲ ਉਸ ਦੀ ਤਮੌਤ ਹੋ ਗਈ। ਏਡੀਸੀਪੀ ਨੇ ਕਿਹਾ ਕਿ ਇਹ ਸਭ ਕੁਝ ਕੁਝ ਸਕਿੰਟਾਂ ਵਿੱਚ ਹੋਇਆ। ਪੁਲੀਸ ਸੀਸੀਟੀਵੀ ਕੈਮਰਿਆਂ ਨੂੰ ਸਕੈਨ ਕਰ ਰਹੀ ਹੈ ਤਾਂ ਕਿ ਮ੍ਰਿਤਕ ਦੀ ਪਛਾਣ ਬਾਰੇ ਪਤਾ ਲਾਇਆ ਜਾ ਸਕੇ। ਕੁਝ ਚਸ਼ਮਦੀਦਾਂ ਅਨੁਸਾਰ ਇਸ ਪਰਵਾਸੀ ਨੇ ਪਿਸਤੌਲ ਖੋਹਣ ਤੋਂ ਬਾਅਦ ਤਾਲਾ ਖੋਲ੍ਹਿਆ ਅਤੇ ਆਪਣੇ ਸਿਰ ਵਿੱਚ ਗੋਲੀ ਮਾਰ ਲਈ।