ਫ਼ਰੀਦਕੋਟ ਦਾ ਪੁੱਤਰ ਇੰਦਰਜੀਤ ਸਿੰਘ ਖਾਲਸਾ
ਕੁਲਤਾਰ ਸਿੰਘ ਸੰਧਵਾਂ*
ਸਰਦਾਰ ਇੰਦਰਜੀਤ ਸਿੰਘ ਖਾਲਸਾ ਜੀ ਕਿਸੇ ਜਾਣ-ਪਛਾਣ ਦੇ ਮੁਥਾਜ ਨਹੀਂ ਹਨ। ਉਹ ਬਹੁਪੱਖੀ ਸ਼ਖ਼ਸੀਅਤ ਦੇ ਮਾਲਕ ਸਨ। ਇੱਕ ਸਫ਼ਲ ਵਕੀਲ, ਕੁਸ਼ਲ ਪ੍ਰਬੰਧਕ ਅਤੇ ਸਭ ਤੋਂ ਉਪਰ ਨਿਰਛਲ, ਇਮਾਨਦਾਰ, ਬੇਬਾਕ ਇਨਸਾਨ ਸਨ। ਉਨ੍ਹਾਂ ਦਾ ਫ਼ਰੀਦਕੋਟ ਨੂੰ ਅੰਤਰਰਾਸ਼ਟਰੀ ਪਛਾਣ ਦੇਣ ਵਿੱਚ ਵਡਮੁੱਲਾ ਯੋਗਦਾਨ ਹੈ।
ਸਤਿਕਾਰਯੋਗ ਸ. ਇੰਦਰਜੀਤ ਸਿੰਘ ਖਾਲਸਾ ਜਿਹੀ ਨਾਮੀ ਸ਼ਖ਼ਸੀਅਤ ਨੂੰ ਸ਼ਬਦਾਂ ’ਚ ਪਰੋਣਾ ਸੌਖਾ ਕਾਰਜ ਨਹੀਂ। ਇਹੋ ਜਿਹੇ ਨਾਮਵਰ ਦਾਨਿਸ਼ਵਰਾਂ ਅੱਗੇ ਸ਼ਬਦ ਵੀ ਹੌਲੇ ਪੈ ਜਾਂਦੇ ਨੇ। ਉਹ ਬੀਤੇ 10 ਦਸੰਬਰ 2023 ਨੂੰ ਪਰਮਾਤਮਾ ਦੇ ਭਾਣੇ ਅਨੁਸਾਰ ਸੰਸਾਰਿਕ ਯਾਤਰਾ ਪੂਰੀ ਕਰ ਅਕਾਲ ਪੁਰਖ ਦੇ ਚਰਨਾਂ ’ਚ ਜਾ ਬਿਰਾਜੇ ਤੇ ਸਦਾ ਲਈ ਆਪਣੀਆਂ ਪਿਆਰੀਆਂ ਯਾਦਾਂ ਪੰਜਾਬੀਆਂ ਦੇ ਦਿਲਾਂ ’ਚ ਛੱਡ ਗਏ ਹਨ। ਉਨ੍ਹਾਂ ਦੁਆਰਾ ਕੀਤੇ ਕਾਰਜਾਂ ਨੂੰ ਅੱਜ ਸਿਰਫ਼ ਫ਼ਰੀਦਕੋਟ ਇਲਾਕਾ ਹੀ ਨਹੀਂ ਸਗੋਂ ਸਾਰਾ ਸੰਸਾਰ ਯਾਦ ਕਰਦਾ ਹੈ ਤੇ ਹਮੇਸ਼ਾ ਕਰਦਾ ਰਹੇਗਾ। ਬਾਬਾ ਫ਼ਰੀਦ ਜੀ ਦੀ ਅਪਾਰ ਕਿਰਪਾ ਸਦਕਾ ਉਹ ਆਖ਼ਰੀ ਸਾਹ ਤੱਕ ਸੇਵਾ ਭਾਵਨਾ ਨਾਲ ਕਾਰਜਾਂ ਵਿੱਚ ਜੁਟੇ ਰਹੇ।
ਸ. ਇੰਦਰਜੀਤ ਸਿੰਘ ਖਾਲਸਾ ਦਾ ਜਨਮ 11 ਮਈ 1927 ਨੂੰ ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਮਚਾਕੀ ਕਲਾਂ ਵਿਖੇ ਸ. ਲਾਲ ਸਿੰਘ ਅਤੇ ਮਾਤਾ ਗੁਰਦੀਪ ਕੌਰ ਦੇ ਘਰ ਹੋਇਆ। ਉਹ ਤਿੰਨ ਸਾਲ ਮਾਤਾ-ਪਿਤਾ ਕੋਲ ਧਰਾਂਗ ਵਾਲੇ ਰਹੇ, ਮੁੱਢਲੀ ਵਿੱਦਿਆ ਕੁੰਡਲ ਦੇ ਪ੍ਰਾਇਮਰੀ ਸਕੂਲ ਵਿੱਚੋਂ ਤੇ ਦਸਵੀਂ ਦੀ ਪੜ੍ਹਾਈ ਤੋਂ ਬਾਅਦ ਲਾਇਲਪੁਰ ਖਾਲਸਾ ਕਾਲਜ ਵਿੱਚ ਦਾਖਲ ਹੋਏ। ਉਨ੍ਹਾਂ ਨੇ ਬ੍ਰਿਜਿੰਦਰਾ ਕਾਲਜ ਵਿੱਚ ਪੜ੍ਹਦਿਆਂ ‘ਸਟੂਡੈਂਟ ਫੈਡਰੇਸ਼ਨ ਆਫ ਇੰਡੀਆ’ ਦੀ ਸਥਾਪਨਾ ਕੀਤੀ। ਵਿਦਿਆਰਥੀਆਂ ਵਿੱਚ ਉਹ ਨੇਤਾ ਦੇ ਨਾਮ ਨਾਲ ਮਸ਼ਹੂਰ ਰਹੇ। ਪੜ੍ਹਾਈ ਕਰਨ ਦੇ ਨਾਲ ਫ਼ਰੀਦਕੋਟ ਤੇ ਕੋਟਕਪੂਰੇ ਦੇ ਵਿਚਾਲੇ ਉਨ੍ਹਾਂ ਟਾਂਗਾ ਵੀ ਚਲਾਇਆ। ਬਚਪਨ ਦੀਆਂ ਘਟਨਾਵਾਂ ਦਾ ਉਨ੍ਹਾਂ ਦੇ ਮਨ ’ਤੇ ਬਹੁਤ ਅਸਰ ਹੋਇਆ। ਉਨ੍ਹਾਂ ਦੀ ਜ਼ਿੰਦਗੀ ਨੂੰ ਸੰਵਾਰਨ ਦੇ ਵਿੱਚ ਉਨ੍ਹਾਂ ਦੇ ਤਾਇਆ ਸ. ਉਦੈ ਸਿੰਘ ਦੀ ਵੱਡੀ ਭੂਮਿਕਾ ਹੈ ਜੋ ਪੇਸ਼ੇ ਵਜੋਂ ਵਕੀਲ ਤੇ ਉਰਦੂ ਦੇ ਨਾਮਵਰ ਸ਼ਾਇਰ ਸਨ। ਉਹ ਆਪਣੇ ਤਾਇਆ ਜੀ ਦੇ ਮੁਤਬੰਨੇ ਪੁੱਤਰ ਸਨ। ਸ. ਉਦੈ ਸਿੰਘ ਨੇ ਉਨ੍ਹਾਂ ਨੂੰ ਪੜ੍ਹਾਇਆ, ਲਿਖਾਇਆ ਤੇ ਜ਼ਿੰਦਗੀ ਦੀਆਂ ਉਸਾਰੂ ਲੀਹਾਂ ’ਤੇ ਚੱਲਣ ਲਈ ਸੇਧ ਪ੍ਰਦਾਨ ਕੀਤੀ ਅਤੇ ਜਾਇਦਾਦ ਦੇ ਵਾਰਸ ਦੇ ਨਾਲ-ਨਾਲ ਉਨ੍ਹਾਂ ਨੂੰ ਸ਼ਾਇਰੀ ਦਾ ਵਾਰਸ ਵੀ ਬਣਾਇਆ।
ਇੰਦਰਜੀਤ ਸਿੰਘ ਖਾਲਸਾ ਘਟਨਾਵਾਂ ਭਰੀ ਇੱਕ ਪੂਰੀ ਸਦੀ ਦੇ ਚਸ਼ਮਦੀਦ ਸਨ। ਉਨ੍ਹਾਂ ਨੇ ਪੰਜਾਬ ਦੀ ਵੰਡ, ਪੰਜਾਬੀ ਸੂਬਾ ਮੋਰਚਾ, ਨਕਸਲਬਾੜੀ ਲਹਿਰ, ਧਰਮਯੁੱਧ ਮੋਰਚਾ ਆਦਿ ਅਨੇਕਾਂ ਅਹਿਮ ਇਤਿਹਾਸਕ ਵਰਤਾਰਿਆਂ ਨੂੰ ਨਾ ਸਿਰਫ਼ ਨੇੜਿਓਂ ਦੇਖਿਆ ਸਗੋਂ ਇਨ੍ਹਾਂ ਵਿੱਚ ਆਪਣੀ ਸੋਚ ਅਤੇ ਪਹੁੰਚ ਨਾਲ ਸਰਗਰਮ ਸ਼ਮੂਲੀਅਤ ਵੀ ਕੀਤੀ। ਆਪਣੇ ਜੀਵਨ ਕਾਲ ਵਿੱਚ ਉਨ੍ਹਾਂ ਦੇ ਭਗਤ ਪੂਰਨ ਸਿੰਘ, ਸੰਤ ਜਰਨੈਲ ਸਿੰਘ, ਬਾਬਾ ਜੋਗਿੰਦਰ ਸਿੰਘ ਸਮੇਤ ਗਿਆਨੀ ਜ਼ੈਲ ਸਿੰਘ, ਸ. ਸਿਮਰਨਜੀਤ ਸਿੰਘ ਮਾਨ ਆਦਿ ਹਸਤੀਆਂ ਨਾਲ ਬਹੁਤ ਨੇੜਲੇ ਨਿੱਜੀ ਅਤੇ ਸਿਆਸੀ ਸਬੰਧ ਰਹੇ।
ਉਹ ਪੇਸ਼ੇ ਦੇ ਤੌਰ ’ਤੇ ਇਲਾਕੇ ਦੇ ਉੱਘੇ ਵਕੀਲ ਵਜੋਂ ਪ੍ਰਸਿੱਧ ਹੋਏ ਤੇ ਸੀਨੀਅਰ ਐਡਵੋਕੇਟ ਬਣੇ। ਉਨ੍ਹਾਂ ਨੇ ਬਹੁਤ ਸਾਰੇ ਕੇਸ ਸੱਚਾ ਸਿੱਖ ਹੋਣ ਦੇ ਨਾਤੇ ਸਿੱਖਾਂ ਦੇ ਹਿੱਤ ’ਚ ਲੜੇ। ਉਨ੍ਹਾਂ ਦੀ ਹਰਮਨ ਪਿਆਰਤਾ ਦਾ ਸਬੂਤ ਇਹ ਹੈ ਕਿ ਉਹ ਸੱਤ ਵਾਰ ਫ਼ਰੀਦਕੋਟ ਦੀ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਰਹੇ। ਬਹੁਤ ਸਾਰੇ ਕੇਸਾਂ ਨੇ ਉਨ੍ਹਾਂ ਦੇ ਮਨ ’ਤੇ ਬਹੁਤ ਪ੍ਰਭਾਵ ਪਾਇਆ ਜਿਵੇਂ ਕਿ ਸੁੱਖਣ ਵਾਲਾ ਕੇਸ, ਅਰਾਈਆਂ ਵਾਲਾ ਕੇਸ ਆਦਿ। ਉਨ੍ਹਾਂ ਦੇ ਪੁੱਤਰ ਵੀ ਹੁਣ ਵਕਾਲਤ ਦੀਆਂ ਸੇਵਾਵਾਂ ਨਿਭਾ ਰਹੇ ਹਨ।
ਪੰਝੀ ਸਤੰਬਰ 1969 ਦਾ ਦਿਨ ਇਤਿਹਾਸਕ ਹੈ ਕਿਉਂਕਿ ਇਸ ਦਿਨ ਬਾਬਾ ਫ਼ਰੀਦ ਜੀ ਦੇ ਟਿੱਲੇ ਨੂੰ ਮਹੰਤ ਕਰਤਾਰ ਸਿੰਘ ਦੇ ਚੁੰਗਲ ਤੋਂ ਆਜ਼ਾਦ ਕਰਵਾ ਕੇ ਇਸ ਥਾਂ ਦੀ ਅਧਿਆਤਮਿਕ ਸ਼ਾਨ ਨੂੰ ਬਹਾਲ ਕੀਤਾ ਗਿਆ ਸੀ। ਅੱਜ ਇਸ ਅਸਥਾਨ ਉਪਰ ਦਿਨ ਰਾਤ ਗੁਰੂ ਜੱਸ ਦਾ ਕੀਰਤਨ ਗਾਇਨ ਹੁੰਦਾ ਹੈ। ਇਸ ਅਸਥਾਨ ਦੀ ਸ਼ਾਨ ਬਹਾਲੀ ਉਪਰੰਤ ਇਸ ਅਸਥਾਨ ਨੂੰ ਇੱਕ ਵੱਖਰੇ ਵਿਸ਼ੇਸ਼ ਪ੍ਰਬੰਧ ਹੇਠ ਲਿਆਉਣ ਦੀਆਂ ਵੀ ਕੋਸ਼ਿਸ਼ਾਂ ਕੀਤੀਆਂ ਗਈਆਂ ਜਿਨ੍ਹਾਂ ਨੂੰ ਖਾਲਸਾ ਜੀ ਨੇ ਆਪਣੀ ਸੂਝ-ਬੂਝ ਅਤੇ ਦਲੇਰੀ ਨਾਲ ਨਾਕਾਮ ਕਰ ਦਿੱਤਾ।
1980ਵਿਆਂ ਦੀ ਖਾੜਕੂ ਲਹਿਰ ਸਮੇਂ ਨੌਜਵਾਨਾਂ ਦੇ ਮਨੁੱਖੀ ਅਧਿਕਾਰਾਂ ਲਈ ਖਾਲਸਾ ਜੀ ਨੇ ਵੱਡੀ ਭੂਮਿਕਾ ਨਿਭਾਈ। ਨਾਜਾਇਜ਼ ਚੁੱਕੇ ਗਏਬਹੁਤ ਸਾਰੇ ਨੌਜਵਾਨਾਂ ਦੀ ਬੰਦ ਖਲਾਸੀ ਉਨ੍ਹਾਂ ਵੱਲੋਂ ਵਾਰੰਟ ਅਫ਼ਸਰ ਭੇਜ ਕੇ ਕਰਵਾਈ ਗਈ। ਵਕਾਲਤ ਦੇ ਨਾਲ-ਨਾਲ ਖਾਲਸਾ ਜੀ ਦੇ ਜੀਵਨ ਦੇ ਕਈ ਹੋਰ ਪੱਖ ਵੀ ਹਨ ਜਿਵੇਂ ਫ਼ਰੀਦਕੋਟ ਤੋਂ ਸਿਆਸੀ ਸਫ਼ਰ ਦਾ ਆਗਾਜ਼, ਸਿਆਸੀ ਸਫ਼ਰ ਵਿੱਚ ਸਾਬਕਾ ਰਾਸ਼ਟਰਪਤੀ ਤੇ ਸਾਬਕਾ ਮੁੱਖ ਮੰਤਰੀ ਪੰਜਾਬ ਗਿਆਨੀ ਜ਼ੈਲ ਸਿੰਘ ਨਾਲ ਉਨ੍ਹਾਂ ਦੇ ਸਬੰਧ ਨੇੜਤਾ ਵਾਲੇ ਰਹੇ। ਉਹ ਗਿਆਨੀ ਜੀ ਦੀ ਚੋਣ ਮੁਹਿੰਮ ਦੇ ਇੰਚਾਰਜ ਵੀ ਰਹੇ ਤੇ ਗਿਆਨੀ ਜੀ ਨੂੰ ਰਾਜਨੀਤਿਕ ਮਾਰਗਦਰਸ਼ਕ ਧਾਰਨ ਕੀਤਾ। ਉਨ੍ਹਾਂ ਦੇ ਜੀਵਨ ਵਿੱਚ ਕਾਫ਼ੀ ਉਤਰਾਅ ਚੜ੍ਹਾਅ ਆਏ ਜਿਵੇਂ ਕਾਂਗਰਸ ਨੂੰ ਛੱਡਣਾ, ਰਿਸ਼ਤੇ ਨਿਭਾਉਂਦਿਆਂ 25 ਸਾਲਾਂ ਦਾ ਸਿਆਸੀ ਜੀਵਨ ਦਾਅ ’ਤੇ ਲਾਉਣਾ ਆਦਿ। ਇਸ ਤੋਂ ਇਲਾਵਾ ਉਨ੍ਹਾਂ ਦੇ ਉਸ ਸਮੇਂ ਦੇ ਸਿਰਕੱਢ ਨੇਤਾਵਾਂ ਪ੍ਰਕਾਸ਼ ਸਿੰਘ ਬਾਦਲ, ਸੁਰਜੀਤ ਸਿੰਘ ਬਰਨਾਲਾ, ਗੁਰਚਰਨ ਸਿੰਘ ਟੌਹੜਾ, ਸੰਤ ਫ਼ਤਹਿ ਸਿੰਘ ਨਾਲ ਵੀ ਵਿਚਾਰ ਪ੍ਰਗਟਾਵੇ ਹੋਏ। ਉਨ੍ਹਾਂ ਨੇ ਜਥੇਦਾਰ ਜਗਦੇਵ ਸਿੰਘ ਤਲਵੰਡੀ ਦੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣਨ ਵਿੱਚ ਮੱਦਦ ਕੀਤੀ।
ਫ਼ਰੀਦਕੋਟ ਸ਼ਹਿਰ ਦੇ ਕੇਂਦਰ ਵਿੱਚ ਸਥਿਤ ਟਿੱਲਾ ਬਾਬਾ ਫ਼ਰੀਦ ਜੀ ਸਮੇਤ ਗੁਰਦੁਆਰਾ ਮਾਈ ਗੋਦੜੀ ਸਾਹਿਬ, ਬਾਬਾ ਫ਼ਰੀਦ ਪਬਲਿਕ ਸਕੂਲ, ਬਾਬਾ ਫ਼ਰੀਦ ਲਾਅ ਕਾਲਜ ਆਦਿ ਇਨ੍ਹਾਂ ਚਾਰ ਸੰਸਥਾਵਾਂ ਵਿੱਚੋਂ ਉਨ੍ਹਾਂ ਦੀ ਵਿਲੱਖਣ ਸ਼ਖ਼ਸੀਅਤ ਦਾ ਅਕਸ ਦੇਖਿਆ ਜਾ ਸਕਦਾ ਹੈ। ਸਕੂਲ ਅਤੇ ਕਾਲਜ ਵਿੱਚੋਂ ਵਿੱਦਿਆ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਆਪਣੇ ਆਪਣੇ ਖੇਤਰਾਂ ਅੰਦਰ ਵੱਡਾ ਨਾਮਣਾ ਖੱਟ ਰਹੇ ਹਨ। ਬਾਬਾ ਫ਼ਰੀਦ ਪਬਲਿਕ ਸਕੂਲ ਦਾ ਸਿੱਖਿਆ ਦੇ ਨਾਲ ਨਾਲ ਖੇਡਾਂ ਵਿੱਚ ਵੀ ਉੱਘਾ ਸਥਾਨ ਹੈ। ਹਰ ਸਾਲ ਸੀ.ਬੀ.ਐੱਸ.ਈ. ਦੇ ਨਤੀਜਿਆਂ ਵਿੱਚ ਇਸ ਸਕੂਲ ਦੇ ਵਿਦਿਆਰਥੀ ਮੂਹਰਲੀਆਂ ਪੁਜੀਸ਼ਨਾਂ ਵਿੱਚ ਆਉਂਦੇ ਹਨ।
ਬਦਲਦੇ ਸਮੇਂ ਦੀਆਂ ਸਥਿਤੀਆਂ ਮੁਤਾਬਿਕ ਜੂਨ 1984 ਵਿੱਚ ਦਰਬਾਰ ਸਾਹਿਬ ਉੱਪਰ ਹਮਲੇ ਤੋਂ ਬਾਅਦ ਸਰਕਾਰ ਵਿਰੋਧੀ ਹੋਣ ਕਾਰਨ ਖਾਲਸਾ ਜੀ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਇਸ ਉਪਰੰਤ ਜੇਲ੍ਹ ਵੀ ਕੱਟਣੀ ਪਈ। ਜੇਲ੍ਹ ਵਿੱਚ ਉਨ੍ਹਾਂ ਦੀ ਮੁਲਾਕਾਤ ਪ੍ਰੋ. ਹਰਪਾਲ ਸਿੰਘ ਪੰਨੂੰ ਤੇ ਕਈ ਹੋਰ ਨਾਮੀ ਸ਼ਖ਼ਸੀਅਤਾਂ ਨਾਲ ਹੋਈ। ਸ. ਸਿਮਰਨਜੀਤ ਸਿੰਘ ਮਾਨ ਨਾਲ ਉਨ੍ਹਾਂ ਦੇ ਸੰਬੰਧ ਉਸ ਸਮੇਂ ਗੂੜ੍ਹੇ ਰਹੇ ਤੇ ਉਨ੍ਹਾਂ ਨੇ ਯੂਨਾਈਟਡ ਅਕਾਲੀ ਦਲ ਦੀ ਸਿਰਜਨਾ ਵਿੱਚ ਮੱਦਦ ਕਰਦਿਆਂ ਸਿਮਰਨਜੀਤ ਸਿੰਘ ਮਾਨ ਨੂੰ ਇਸ ਦਾ ਪ੍ਰਧਾਨ ਥਾਪਿਆ। ਸ. ਮਾਨ ਤੇ ਪਾਰਟੀ ਨੇ ਜੇਲ੍ਹ ਵਿੱਚ ਬੈਠਿਆਂ ਵੱਡੀ ਜਿੱਤ ਵੀ ਪ੍ਰਾਪਤ ਕੀਤੀ। ਹੌਲੀ-ਹੌਲੀ ਉਨ੍ਹਾਂ ਨੇ ਸਿਆਸਤ ਤੋਂ ਮੋੜਾ ਲੈਂਦਿਆਂ ਲੋਕ ਭਲਾਈ ਕਾਰਜਾਂ ਨੂੰ ਪਹਿਲ ਦਿੱਤੀ। ਜੀਵਨ ਦੇ ਸ਼ੁਰੂਆਤੀ ਸਾਲਾਂ ਵਿੱਚ ਉਹ ਨਾਸਤਿਕਤਾ ਦੇ ਧਾਰਨੀ ਸਨ। ਜੀਵਨ ’ਚ ਫੇਰਬਦਲ ਹੁੰਦਿਆਂ ਉਹ ਸਤੰਬਰ 1969 ਵਿੱਚ ਆਸਤਿਕਤਾ ਦੇ ਧਾਰਨੀ ਬਣੇ। ਉਹ ਆਪਣੀ ਪਤਨੀ ਦੇ ਧਾਰਮਿਕ ਵਿਚਾਰਾਂ ਤੋਂ ਵੀ ਕਾਫ਼ੀ ਪ੍ਰਭਾਵਿਤ ਹੋਏ। ਟਿੱਲਾ ਬਾਬਾ ਫ਼ਰੀਦ ਵਾਲੀ ਜਗ੍ਹਾ ਨੂੰ ਮਹੰਤ ਕਰਤਾਰ ਸਿੰਘ ਤੋਂ ਆਜ਼ਾਦ ਕਰਾ ਕੇੇ 23 ਸਤੰਬਰ 1970 ਨੂੰ 200 ਸ਼ਰਧਾਲੂਆਂ ਨਾਲ ਇੱਥੇ ਬਾਬਾ ਫ਼ਰੀਦ ਜੀ ਦੀ ਯਾਦ ਵਿੱਚ ਮੇਲਾ ਸ਼ੁਰੂ ਕੀਤਾ। ਅੱਜ ਹਜ਼ਾਰਾਂ ਸ਼ਰਧਾਲੂ ਇਸ ਜਗ੍ਹਾ ’ਤੇ ਨਤਮਸਤਕ ਹੁੰਦੇ ਹਨ। 1980 ਵਿੱਚ ਸੰਗਤ ਦੀ ਬੇਨਤੀ ’ਤੇ ਉਨ੍ਹਾਂ ਗੁਰਦੁਆਰਾ ਗੋਦੜੀ ਸਾਹਿਬ ਦੇ ਨਿਰਮਾਣ ਵਿੱਚ ਵੀ ਆਪਣਾ ਯੋਗਦਾਨ ਪਾਇਆ। ਖਾਲਸਾ ਜੀ ਭਗਤ ਪੂਰਨ ਸਿੰਘ ਤੋਂ ਕਾਫ਼ੀ ਪ੍ਰਭਾਵਿਤ ਸਨ। ਉਨ੍ਹਾਂ ਨੇ ਭਗਤ ਹੋਰਾਂ ਨਾਲ ਮੁਲਾਕਾਤ ਕੀਤੀ ਤੇ ਲੋਕਾਈ ਦੇ ਦਾਨ ਲਈ ਪਿੰਗਲਵਾੜੇ ਦੀ ਗੋਲਕ ਫ਼ਰੀਦਕੋਟ ਬਾਬਾ ਫ਼ਰੀਦ ਜੀ ਦੇ ਸਥਾਨ ਅੰਦਰਗੇਟ ਵੜਦਿਆਂ ਹੀ ਲਗਾ ਦਿੱਤੀ।
ਸ. ਇੰਦਰਜੀਤ ਸਿੰਘ ਖਾਲਸਾ ਨੂੰ ਸਮਾਜਿਕ ਸੇਵਾਵਾਂ ਲਈ ਕਈ ਪੁਰਸਕਾਰਾਂ ਨਾਲ ਨਿਵਾਜਿਆ ਗਿਆ ਜਿਵੇਂ ਕਿ ਫ਼ਰੀਦਕੋਟ ਰਤਨ ਅਵਾਰਡ 2008, ਅਵਾਰਡ ਆਫ ਐਕਸੀਲੈਂਸ 2008, ਪੰਜਾਬੀ ਵਿਰਾਸਤ ਅਵਾਰਡ 2011, ਡਾ. ਅੰਬੇਡਕਰ ਅਵਾਰਡ 2011 ਅਤੇ ਹੋਰ ਬਹੁਤ ਸਨਮਾਨ ਇਸ ਸ਼ਖ਼ਸ ਦੇ ਹਿੱਸੇ ਆਏ।
ਮੇਰੇ ਸਤਿਕਾਰਤ ਦਾਦਾ ਜੀ ਸਾਬਕਾ ਰਾਸ਼ਟਰਪਤੀ ਮਰਹੂਮ ਗਿਆਨੀ ਜ਼ੈਲ ਸਿੰਘ ਜੀ ਨਾਲ ਉਨ੍ਹਾਂ ਦੀ ਗੂੜ੍ਹੀ ਦੋਸਤੀ ਸੀ। ਉਹ ਸਮੇਂ-ਸਮੇਂ ਉਨ੍ਹਾਂ ਪਾਸੋਂ ਪੰਜਾਬ ਦੇ ਭਲੇ ਲਈ ਯੋਗ ਸਲਾਹਾਂ ਵੀ ਲੈਂਦੇ ਰਹਿੰਦੇ ਸਨ।
ਸਰਦਾਰ ਇੰਦਰਜੀਤ ਸਿੰਘ ਖਾਲਸਾ ਜੀ ਦਾ 97 ਵਰ੍ਹੇ ਦੀ ਉਮਰ ਵਿੱਚ 10 ਦਸੰਬਰ 2023 ਨੂੰ ਅਕਾਲ ਚਲਾਣਾ ਕਰ ਜਾਣਾ ਪੰਜਾਬ ਲਈ ਵੱਡਾ ਘਾਟਾ ਹੈ। ਸ. ਇੰਦਰਜੀਤ ਸਿੰਘ ਖਾਲਸਾ ਦੁਆਰਾ ਕੀਤੇ ਨੇਕ ਕਾਰਜਾਂ ਨੂੰ ਇਤਿਹਾਸ ਵਿੱਚ ਹਮੇਸ਼ਾ ਲਈ ਯਾਦ ਰੱਖਿਆ ਜਾਵੇਗਾ ਤੇ ਉਨ੍ਹਾਂ ਦੀਆਂ ਪਿਆਰੀਆਂ ਯਾਦਾਂ ਲੋਕ-ਦਿਲਾਂ ਵਿੱਚ ਧੜਕਦੀਆਂ ਰਹਿਣਗੀਆਂ।
* ਸਪੀਕਰ, ਪੰਜਾਬ ਵਿਧਾਨ ਸਭਾ।