ਕਿਤੇ ਹਿੰਸਾ ਤੇ ਕਿਤੇ ਅਮਨ-ਅਮਾਨ ਨਾਲ ਪਈਆਂ ਵੋਟਾਂ
ਸਰਬਜੀਤ ਸਿੰਘ ਭੰਗੂ
ਪਟਿਆਲਾ, 15 ਅਕਤੂਬਰ
ਪਟਿਆਲਾ ਜ਼ਿਲ੍ਹੇ ’ਚ ਦਰਜਨ ਭਰ ਪਿੰਡਾਂ ’ਚ ਵਾਪਰੀਆਂ ਮਾਰਧਾੜ ਦੀਆਂ ਘਟਨਾਵਾਂ ਦੇ ਚੱਲਦਿਆਂ ਅੱਜ ਪੰਚਾਇਤਾਂ ਲਈ ਵੋਟਿੰਗ ਦਾ ਕੰਮ ਨੇਪਰੇ ਚੜ੍ਹ ਗਿਆ। ਭਾਵੇਂ ਇਨ੍ਹਾਂ ਵੋਟਾਂ ਦੌਰਾਨ ਤਕਰਾਰਬਾਜ਼ੀ ਤਾਂ ਅਨੇਕਾਂ ਥਾਵਾਂ ’ਤੇ ਹੋਈ ਪਰ ਸਨੌਰ ਦੇ ਪਿੰਡ ਖੁੱਡਾ ’ਚ ਗੋਲੀਆਂ ਵੀ ਚੱਲੀਆਂ। ਇਸ ਦੌਰਾਨ ਇੱਕ ਪਿੰਡ ਵਾਸੀ ਸਰਬਜੀਤ ਸੋਨੀ ਪੇਟ ’ਚ ਗੋਲੀ ਲੱਗਣ ਕਾਰਨ ਜ਼ਖ਼ਮੀ ਹੋ ਗਿਆ, ਜਦਕਿ ਸ਼ੁਤਰਾਣਾ ’ਚ ਪੈਂਦੇ ਵਿਧਾਇਕ ਕੁਲਵੰਤ ਬਾਜੀਗਰ ਦੇ ਜੱਦੀ ਪਿੰਡ ਕਰੀਮਪੁਰ ਚਿੱੱਚੜਵਾਲ ਵਿੱਚ ਹੋਏ ਪਥਰਾਅ ਦੌਰਾਨ ਸਬ-ਇੰਸਪੈਕਟਰ ਯਸ਼ਪਾਲ ਸਮੇਤ ਕੁਝ ਹੋਰ ਪੁਲੀਸ ਮੁਲਾਜ਼ਮ ਅਤੇ ਸਿਵਲੀਅਨ ਵੀ ਜ਼ਖ਼ਮੀ ਹੋ ਗਏ। 324 ਸਰਪੰਚ ਅਤੇ 3722 ਪੰਚ ਬਿਨਾਂ ਮੁਕਾਬਲਾ ਚੁਣੇ ਜਾਣ ਮਗਰੋਂ ਅੱਜ ਬਾਕੀ 698 ਸਰਪੰਚਾਂ ਲਈ 1843 ਅਤੇ 2539 ਪੰਚਾਂ ਲਈ 4971 ਉਮੀਦਵਾਰ ਮੈਦਾਨ ਵਿੱਚ ਸਨ। ਜ਼ਿਲ੍ਹੇ ਦੇ 920426 ਵੋਟਰਾਂ ਵਿੱਚੋਂ 484608 ਪੁਰਸ਼ ਅਤੇ 435804 ਮਹਿਲਾਵਾਂ ਹਨ। ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਅਤੇ ਏਡੀਸੀ ਅਨੁਪ੍ਰਿਯਾ ਜੌਹਲ ਸਮੇਤ ਹੋਰਨਾ ਦੀ ਅਗਵਾਈ ਹੇਠਾਂ ਮੁਕੰਮਲ ਹੋਈ ਇਸ ਪ੍ਰਕਿਰਿਆ ਲਈ ਬਣਾਏ ਗਏ 1402 ਪੋਲਿੰਗ ਬੂਥਾਂ ’ਤੇ 10 ਹਜ਼ਾਰ 500 ਮੁਲਾਜ਼ਮਾਂ ਦੀ ਤਾਇਨਾਤੀ ਕੀਤੀ ਗਈ ਸੀ। ਕੁਝ ਥਾਈ ਪੈਦਾ ਹੋਏ ਤਣਾਅ ਕਾਰਨ ਜ਼ਿਲ੍ਹੇ ਦੇ ਪੁਲੀਸ ਕਮਾਂਡਰ ਵਜੋਂ ਐੱਸਐੱਸਪੀ ਡਾ. ਨਾਨਕ ਸਿੰਘ ਵੀ ਮੁਸਤੈਦ ਰਹੇ। ਚੋਣ ਅਮਲ ਮੁਕੰਮਲ ਹੋਣ ਮਗਰੋਂ ਮੀਡੀਆ ਨਾਲ ਗੱਲਬਾਤ ਦੌਰਾਨ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਤੇ ਐੱਸਐੱਸਪੀ ਡਾ. ਨਾਨਕ ਸਿੰਘ ਦਾ ਕਹਿਣਾ ਸੀ ਕਿ ਲੋਕਾਂ ਨੇ ਭਾਰੀ ਉਤਸ਼ਾਹ ਨਾਲ ਵੋਟਾਂ ਪਾਈਆਂ ਹਨ ਤੇ ਕਈ ਥਾਈਂ ਤਾਂ ਲੋਕ ਆਖਰੀ ਸਮੇਂ ਤੱਕ ਕਤਾਰਾਂ ’ਚ ਖੜ੍ਹੇ ਰਹੇ।
ਡਕਾਲਾ(ਮਾਨਵਜੋਤ ਭਿੰਡਰ): ਸਥਾਨਕ ਖੇਤਰ ਦੇ ਵਿੱਚ ਅੱਜ ਪੰਚਾਇਤੀ ਚੋਣਾਂ ਦਾ ਅਮਲ ਅਮਨ ਪੂਰਵਕ ਨੇਪਰੇ ਚੜ੍ਹ ਗਿਆਂ। ਸਵੇਰੇ 8 ਵਜੇ ਤੋਂ ਵੋਟਾਂ ਪੈਣੀਆਂ ਸ਼ੁਰੂ ਹੋਈਆਂ ਜਿਹੜੀਆਂ ਕਈ ਵੱਡੇ ਪਿੰਡਾਂ ਦੇ ਵਿੱਚ ਨਿਰਧਾਰਤ ਸਮੇਂ ਪੰਜ ਵਜੇ ਤੋਂ ਬਾਅਦ ਵੀ ਪੈਂਦੀਆਂ ਰਹੀਆਂ ਤੇ ਸ਼ਾਮ ਤੋਂ ਬਾਅਦ ਤੇ ਕੁਝ ਥਾਵਾਂ ’ਤੇ ਦੇਰ ਰਾਤ ਤੱਕ ਵੱਖ-ਵੱਖ ਪੰਚਾਇਤੀ ਚੋਣਾਂ ਦੇ ਨਤੀਜੇ ਆਉਣੇ ਸ਼ੁਰੂ ਹੋ ਗਏ। ਪੰਚੀ ਸਰਪੰਚੀ ਦੇ ਜੇਤੂ ਉਮੀਦਵਾਰਾਂ ਤੇ ਸਮਰਥਕਾਂ ਦੇ ਵਿੱਚ ਵੱਡੀ ਖੁਸ਼ੀ ਪਾਈ ਗਈ। ਪਿੰਡਾਂ ਦੇ ਵਿੱਚ ਜਿੱਤ ਦੀ ਖੁਸ਼ੀ ਦੇ ਵਿੱਚ ਦੇਰ ਰਾਤ ਪਾਰਟੀ ਤੇ ਜਸ਼ਨ ਚਲਦੇ ਰਹੇ।
ਰਾਜਪੁਰਾ(ਦਰਸ਼ਨ ਸਿੰਘ ਮਿੱਠਾ): ਹਲਕਾ ਰਾਜਪੁਰਾ ਵਿੱਚ ਪੰਚਾਇਤੀ ਚੋਣਾਂ ਦਾ ਅਮਲ ਅਮਨ ਅਮਾਨ ਨਾਲ ਸਿਰੇ ਚੜ੍ਹ ਗਿਆ ਹੈ। 105 ਪਿੰਡਾ ਦੀ ਚੋਣ ਵਿੱਚ 20 ਪਿੰਡਾ ਵਿੱਚ ਸਰਬਸੰਮਤੀ ਹੋ ਗਈ ਜਦੋਂ ਕਿ 85 ਪਿੰਡਾ ਵਿੱਚ ਬੈਲੇਟ ਪੇਪਰ ਨਾਲ ਵੋਟਾਂ ਪਈਆਂ। ਵੋਟਾਂ ਪਾਉਣ ਦੀ ਪ੍ਰਕਿਰਿਆ ਸਵੇਰੇ 8 ਵਜੇ ਸ਼ੁਰੂ ਹੋ ਕੇ 4 ਵਜੇ ਤੱਕ ਚੱਲੀ। ਵੋਟਾਂ ਦੌਰਾਨ ਹਲਕਾ ਰਾਜਪੁਰਾ, ਘਨੌਰ ਅਤੇ ਬਲਾਕ ਸ਼ੰਭੂ ਵਿਖੇ ਕਿਧਰੋਂ ਵੀ ਕੋਈ ਅਣਸੁਖਾਵੀਂ ਘਟਨਾ ਨਹੀਂ ਵਾਪਰੀ। ਰਿਟਰਨਿੰਗ ਅਫ਼ਸਰ ਕਮ ਐੱਸਡੀਐੱਮ ਰਾਜਪੁਰਾ ਅਵਿਕੇਸ਼ ਗੁਪਤਾ ਨੇ ਦੱਸਿਆ ਕਿ ਭਾਵੇਂ ਕਿ ਵੋਟਾਂ ਭੁਗਤਾਉਣ ਦਾ ਸਮਾਂ 4 ਵਜੇ ਤੱਕ ਸੀ ਪਰ ਜੋ ਵੋਟਰ ਚਾਰ ਵਜੇ ਤੱਕ ਗੇਟ ਅੰਦਰ ਦਾਖਲ ਹੋ ਗਏ ਉਨ੍ਹਾਂ ਨੂੰ ਵੋਟਾਂ ਭੁਗਤਾਉਣ ਦਿੱਤੀਆਂ ਗਈਆਂ। ਉਨ੍ਹਾਂ ਦੱਸਿਆ ਕਿ ਗੇਟ ਅੰਦਰ ਦਾਖਲ ਹੋਈ ਆਖ਼ਰੀ ਵੋਟ ਭੁਗਤਾਉਣ ਤੱਕ ਵੋਟਾਂ ਦਾ ਅਮਲ 4 ਵਜੇ ਤੋਂ ਬਾਅਦ ਵੀ ਚਲਦਾ ਰਿਹਾ ਹੈ।
ਲਹਿਰਾਗਾਗਾ(ਰਮੇਸ਼ ਭਾਰਦਵਾਜ): ਅੱਜ ਪੰਚਾਇਤੀ ਚੋਣਾਂ ਲਈ ਪਿੰਡ ਸੰਗਤਪੁਰਾ ਵਿੱਚ ਵੋਟਰਾ ਵਿੱਚ ਭਾਰੀ ਉਤਸ਼ਾਹ ਦੇਖਿਆ ਗਿਆ। ਸਵੇਰੇ ਤੋਂ ਹੀ ਵੋਟ ਪਾਉਣ ਲਈ ਔਰਤਾਂ ਦੀਆਂ ਲੰਮੀਆਂ ਕਤਾਰਾਂ ਲੱਗੀਆਂ ਹੋਈਆਂ ਸਨ। ਲਹਿਰਾਗਾਗਾ ਵਿੱਚ ਅੱਜ ਪੰਚਾਇਤੀ ਚੋਣਾਂ ਵਿੱਚ ਦੁਪਹਿਰ ਤੱਕ 30 ਪ੍ਰਤੀਸ਼ਤ ਅਤੇ ਦੋ ਵਜੇ ਤੱਕ 51 ਪ੍ਰਤੀਸ਼ਤ ਮਤਦਾਨ ਅਮਨ-ਅਮਾਨ ਨਾਲ ਪੈ ਗਈਆਂ ਹਨ।
ਦਿੜ੍ਹਬਾ ਮੰਡੀ(ਰਣਜੀਤ ਸਿੰਘ ਸ਼ੀਤਲ): ਵਿਧਾਨ ਸਭਾ ਹਲਕਾ ਦਿੜ੍ਹਬਾ ਅਤੇ ਬਲਾਕ ਦਿੜ੍ਹਬਾ ਵਿੱਚ ਵੋਟਾਂ ਸਾਂਤੀ ਮਹੌਲ ਵਿੱਚ ਪਈਆਂ। ਇਨ੍ਹਾਂ ਵੋਟਾਂ ਵਿੱਚ ਲੋਕਾਂ ਵਿੱਚ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ। ਚੋਣ ਪ੍ਰਕਿਰਿਆ ਨੂੰ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜ੍ਹਨ ਲਈ ਪੁਲੀਸ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਵਿਆਪਕ ਪ੍ਰਬੰਧ ਕੀਤੇ ਹੋਏ ਸਨ। ਦਿੜ੍ਹਬਾ ਹਲਕੇ ਦੇ ਪਿੰਡ ਰੋਗਲਾ, ਕੌਹਰੀਆਂ, ਕਮਾਲਪੁਰ, ਦਿਆਲਗੜ੍ਹ, ਖਨਾਲਕਲਾਂ, ਖਨਾਲਖੁਰਦ, ਗੁੱਜਰਾਂ, ਖਾਨਪੁਰ ਫਕੀਰਾਂ ਆਦਿ ਪਿੰਡਾਂ ਵਿੱਚ ਕੀਤੇ ਗਏ ਦੌਰੇ ਦੌਰਾਨ ਪੋਲਿੰਗ ਬੂਥਾਂ ’ਤੇ ਵੋਟਰਾਂ ਵਿੱਚ ਕਾਫੀ ਉਤਸ਼ਾਹ ਨਜ਼ਰ ਆ ਰਿਹਾ ਸੀ। ਦੁਪਹਿਰ ਬਾਅਦ ਪਿੰਡ ਕਮਾਲਪੁਰ, ਦਿਆਲਗੜ੍ਹ ਅਤੇ ਖਨਾਲਕਲਾਂ ਦੇ ਪੋਲਿੰਗ ਬੂਥਾਂ ਤੇ ਲੰਮੀਆਂ ਲਾਈਨਾਂ ਦੇਖਣ ਨੂੰ ਮਿਲੀਆਂ। ਇਲਾਕੇ ਦੇ ਸੰਵੇਦਨਸ਼ੀਲ ਲੱਗਦੇ ਪਿੰਡ ਖਨਾਲਕਲਾਂ ਜਿੱਥੇ ਦੋ ਮਹਾਰਥੀਆਂ ਦੀ ਫਸਵੀਂ ਟੱਕਰ ਹੈ, ਉੱਥੇ ਵੀ ਸ਼ਾਮ ਚਾਰ ਵਜੇ ਤੱਕ ਭਾਵੇਂ ਪੋਲਿੰਗ ਬੂਥਾਂ ’ਤੇ ਲੰਮੀਆਂ ਲਾਈਨਾਂ ਅਤੇ ਬਾਹਰ ਲੋਕਾਂ ਦਾ ਕਾਫੀ ਇਕੱਠ ਦੇਖਣ ਨੂੰ ਮਿਲਿਆ ਪਰੰਤੂ ਲੋਕ ਸਾਂਤੀ ਪੂਰਵਕ ਨਜ਼ਰ ਆ ਰਹੇ ਸਨ।
ਸੰਗਰੂਰ ਜ਼ਿਲ੍ਹੇ ਵਿਚ ਸਾਢੇ 67 ਫੀਸਦੀ ਵੋਟਰਾਂ ਨੇ ਪਾਈ ਵੋਟ
ਸੰਗਰੂਰ (ਬੀਰ ਇੰਦਰ ਸਿੰਘ ਬਨਭੌਰੀ): ਸੰਗਰੂਰ ਜ਼ਿਲ੍ਹੇ ਵਿੱਚ ਪੰਚਾਇਤੀ ਚੋਣਾਂ ਦਾ ਕੰਮ ਅਮਨ ਅਮਾਨ ਨਾਲ ਨੇਪਰੇ ਚੜ੍ਹ ਗਿਆ। ਪ੍ਰਸਾਸ਼ਨਕਿ ਤੌਰ ’ਤੇ ਕਿਸੇ ਵੀ ਪਾਸਿਓਂ ਕਿਸੇ ਅਣਸੁਖਾਵੀਂ ਘਟਨਾ ਦੀ ਖਬਰ ਨਹੀਂ ਹੈ। ਵੋਟਾਂ ਪੈਣ ਦਾ ਕੰਮ ਸਹੀ ਸਮੇਂ ਤੇ ਸ਼ੁਰੂ ਹੋ ਗਿਆ ਸੀ ਜੋ ਕਿ ਸ਼ਾਮ ਨੂੰ ਚਾਰ ਵਜੇ ਤੱਕ ਚਲਦਾ ਰਿਹਾ। ਕਈ ਪੋਲਿੰਗ ਬੂਥਾਂ ਤੇ ਮਾਹੌਲ ਤਣਾਅ ਵਾਲਾ ਵੀ ਬਣਿਆ ਰਿਹਾ ਪਰ ਖਬਰ ਲਿਖੇ ਜਾਣ ਤੱਕ ਸਭ ਅਮਨ ਕਾਇਮ ਸੀ। ਇਨ੍ਹਾਂ ਪੰਚਾਇਤੀ ਚੋਣਾਂ ਨੂੰ ਲੈ ਕੇ ਜਿਵੇਂ ਪਹਿਲਾਂ ਆਮ ਲੋਕਾਂ ਵਿਚ ਉਤਸ਼ਾਹ ਪਾਇਆ ਜਾ ਰਿਹਾ ਸੀ ਉਹ ਵੋਟਾਂ ਦੇ ਭੁਗਤਾਨ ਮੌਕੇ ਵੇਖਣ ਨੂੰ ਨਹੀਂ ਮਿਲਿਆ। ਕੁਝ ਕੁ ਲੋਕਾਂ ਦਾ ਇਹ ਵੀ ਮੰਨਣਾ ਹੈ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਪੰਚਾਇਤੀ ਚੋਣਾਂ ਨੂੰ ਚੁਣੌਤੀ ਦੇਣ ਵਾਲੀਆਂ ਕਰੀਬ 700 ਪਟੀਸ਼ਨਾਂ ਨੂੰ ਰੱਦ ਕਰਨਾ ਵੀ ਕਿਤੇ ਨਾ ਕਿਤੇ ਲੋਕਾਂ ਦੇ ਉਤਸ਼ਾਹ ਨੂੰ ਮੱਠਾ ਕਰ ਗਿਆ। ਕੁਝ ਕੁ ਬੂਥਾਂ ਵਿਚ ਵੋਟਰਾਂ ਵੱਲੋਂ ਵੋਟਿੰਗ ਪਾਰਟੀਆਂ ਵੱਲੋਂ ਹੀ ਕੰਮ ਨੂੰ ਸੁਸਤੀ ਨਾਲ ਚਲਾਉਣ ਦੀ ਗੱਲ ਵੀ ਆਖੀ ਗਈ।
ਸ਼ਾਮ 4 ਜਵੇ ਤੱਕ ਕਰੀਬ ਸਾਢੇ 67 ਫੀਸਦੀ ਵੋਟਰਾਂ ਨੇ ਆਪਣੀ ਵੋਟ ਦਾ ਇਸਤੇਮਾਲ ਕਰ ਲਿਆ ਸੀ। ਜ਼ਿਲ੍ਹੇ ਦੇ 8 ਬਲਾਕਾਂ ਵਿਚੋਂ ਅਨਦਾਨਾ ਬਲਾਕ ਵਿਚ 66.26 ਫੀਸਦੀ, ਭਵਾਨੀਗੜ੍ਹ ਬਲਾਕ ਵਿਚ 67.46 ਫੀਸਦੀ, ਧੂਰੀ ਵਿਚ 71,29 ਫੀਸਦੀ ਦਿੜ੍ਹਬਾ ਵਿਚ 67.21 ਫੀਸਦੀ, ਲਹਿਰਾਗਾਗਾ ਵਿਚ 74.87 ਫੀਸਦੀ, ਸੰਗਰੂਰ ਬਲਾਕ ਵਿਚ 66.52 ਫੀਸਦੀ, ਸ਼ੇਰਪੁਰ ਬਲਾਕ ਵਿਚ 66.14 ਫੀਸਦੀ ਅਤੇ ਸੁਨਾਮ ਬਲਾਕ ਵਿਚ 60.47 ਫੀਸਦੀ ਵੋਟਾਂ ਦਾ ਭੁਗਤਾਨ ਹੋਇਆ। ਜ਼ਿਲ੍ਹੇ ਵਿਚ ਕੁੱਲ 224164 ਮਰਦਾਂ 221886 ਔਰਤਾਂ ਅਤੇ ਇਕ ਤੀਜੇ ਲਿੰਗ ਸਮੇਤ ਕੁੱਲ 446051 ਵੋਟਰਾਂ ਨੇ ਆਪਣੇ ਮੱਤ ਦਾ ਇਸਤੇਮਾਲ ਕੀਤਾ।