For the best experience, open
https://m.punjabitribuneonline.com
on your mobile browser.
Advertisement

ਕਿਣਮਿਣ ਨੇ ਬਦਲਿਆ ਮੌਸਮ ਦਾ ਮਿਜ਼ਾਜ

07:21 AM Apr 15, 2024 IST
ਕਿਣਮਿਣ ਨੇ ਬਦਲਿਆ ਮੌਸਮ ਦਾ ਮਿਜ਼ਾਜ
ਐਤਵਾਰ ਨੂੰ ਦੁਪਹਿਰ ਬਾਅਦ ਪਏ ਮੀਂਹ ਦੌਰਾਨ ਆਪਣੀ ਮੰਜ਼ਿਲ ਵੱਲ ਜਾਂਦੇ ਹੋਏ ਰਾਹਗੀਰ। -ਫੋਟੋ: ਹਿਮਾਂਸ਼ੂ ਮਹਾਜਨ
Advertisement

ਸਤਵਿੰਦਰ ਬਸਰਾ
ਲੁਧਿਆਣਾ, 14 ਅਪਰੈਲ
ਸਨਅਤੀ ਸ਼ਹਿਰ ਵਿੱਚ ਲੰਘੀ ਕੱਲ੍ਹ ਤੋਂ ਬਾਅਦ ਅੱਜ ਦਿਨ ਭਰ ਬੱਦਲਵਾਈ ਦੇ ਨਾਲ ਕਈ ਥਾਵਾਂ ’ਤੇ ਕਿਣਮਿਣ ਨਾਲ ਲੋਕਾਂ ਨੂੰ ਜਿੱਥੇ ਗਰਮੀ ਤੋਂ ਰਾਹਤ ਮਿਲੀ, ਉਥੇ ਹੀ ਬਦਲੇ ਮੌਸਮ ਨੇ ਕਿਸਾਨਾਂ ਦੇ ਸਾਹ ਸੂਤ ਕੇ ਰੱਖ ਦਿੱਤੇ ਹਨ। ਖੇਤਾਂ ਵਿੱਚ ਕਣਕ ਦੀ ਫ਼ਸਲ ਵਾਢੀ ਲਈ ਤਿਆਰ ਹੈ ਪਰ ਮੌਸਮ ’ਚ ਤਬਦੀਲ ਕਾਰਨ ਇਸ ’ਚ ਦੇਰੀ ਦੀ ਸੰਭਾਵਨਾ ਹੈ। ਮੌਸਮ ਵਿਭਾਗ ਅਨੁਸਾਰ ਹੁਣ ਤੱਕ ਅਪਰੈਲ ਮਹੀਨਾ ਪਿਛਲੇ ਸਾਲਾਂ ਦੇ ਮੁਕਾਬਲੇ ਠੰਢਾ ਰਿਹਾ ਹੈ। ਜਾਣਕਾਰੀ ਅਨੁਸਾਰ ਅੱਜ ਸਾਰਾ ਦਿਨ ਬੱਦਲਵਾਈ ਰਹੀ ਅਤੇ ਸ਼ਹਿਰ ਤੇ ਆਸ-ਪਾਸ ਦੇ ਇਲਾਕਿਆਂ ਵਿੱਚ ਕਿਣਮਿਣ ਨਾਲ ਕਾਰਨ ਪਾਰੇ ਵਿੱਚ ਮਾਮੂਲੀ ਗਿਰਾਵਟ ਦਰਜ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਮੌਸਮ ਵਿਭਾਗ ਨੇ 13 ਅਤੇ 14 ਅਪਰੈਲ ਨੂੰ ਬੱਦਲਵਾਈ ਅਤੇ ਮੀਂਹ ਦੀ ਪੇਸ਼ੀਨਗੋਈ ਕੀਤੀ ਸੀ, ਜਿਸ ਅਨੁਸਾਰ ਸ਼ਨਿਚਰਵਾਰ ਰਾਤ ਠੰਢੀ ਹਵਾ ਚੱਲਦੀ ਰਹੀ ਜਦਕਿ ਐਤਵਾਰ ਸਵੇਰੇ ਤੋਂ ਸ਼ਾਮ ਤੱਕ ਸੰਘਣੀ ਬੱਦਲਵਾਈ ਰਹੀ। ਇਸ ਦੌਰਾਨ ਕਈ ਇਲਾਕਿਆਂ ਵਿੱਚ ਹਲਕਾ ਮੀਂਹ ਵੀ ਪਿਆ ਹੈ। ਇਸ ਬਦਲੇ ਮੌਸਮ ਕਾਰਨ ਜਿਹੜਾ ਵੱਧ ਤੋਂ ਵੱਧ ਤਾਪਮਾਨ ਸ਼ਨਿਚਰਵਾਰ ਦੁਪਹਿਰ ਤੱਕ 32 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਸੀ ਅੱਜ ਘੱਟ ਕੇ 28 ਡਿਗਰੀ ਸੈਲਸੀਅਸ ਤੱਕ ਆ ਗਿਆ ਹੈ। ਇਸੇ ਤਰ੍ਹਾਂ ਰਾਤ ਦਾ ਤਾਪਮਾਨ ਵੀ 19 ਡਿਗਰੀ ਸੈਲਸੀਅਸ ਤੱਕ ਹੇਠਾਂ ਪਹੁੰਚ ਗਿਆ।
ਮੌਸਮ ਮਾਹਿਰਾਂ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਦੇ ਮੁਕਾਬਲੇ ਇਸ ਵਾਰ ਅਪਰੈਲ ਮਹੀਨਾ ਠੰਢਾ ਰਿਹਾ। ਦੂਜੇ ਪਾਸੇ ਬਹੁਤੇ ਖੇਤਾਂ ਵਿੱਚ ਕਣਕ ਦੀ ਫਸਲ ਵਾਢੀ ਲਈ ਤਿਆਰ ਖੜ੍ਹੀ ਹੈ ਪਰ ਇਸ ਬਦਲੇ ਮੌਸਮ ਨੇ ਕਿਸਾਨਾਂ ਦੇ ਸਾਹ ਸੂਤ ਕੇ ਰੱਖ ਦਿੱਤੇ ਹਨ। ਜੇਕਰ ਪ੍ਰਸ਼ਾਸਨ ਦੀ ਮੰਨੀਏ ਤਾਂ ਉਨ੍ਹਾਂ ਵੱਲੋਂ ਕਿਸਾਨਾਂ ਨੂੰ ਸੁੱਕੀ ਫਸਲ ਹੀ ਮੰਡੀਆਂ ਵਿੱਚ ਲਿਆਉਣ ਦੀ ਹਦਾਇਤ ਕੀਤੀ ਗਈ ਹੈ। ਕਈ ਮੰਡੀਆਂ ਵਿੱਚ ਭਾਵੇਂ ਕਣਕ ਆਉਣੀ ਸ਼ੁਰੂ ਹੋ ਗਈ ਹੈ ਪਰ ਬਹੁਤੇ ਕਿਸਾਨ ਬੱਦਲਵਾਈ ਕਾਰਨ ਫਸਲ ਮੰਡੀਆਂ ਵਿੱਚ ਭਿੱਜਣ ਦੇ ਡਰੋਂ ਲਿਆਉਣ ਤੋਂ ਕਤਰਾ ਰਹੇ ਹਨ। ਜੇਕਰ ਆਉਂਦੇ ਦਿਨਾਂ ਵਿੱਚ ਵੀ ਇਸੇ ਤਰ੍ਹਾਂ ਬੱਦਲਵਾਈ ਰਹੀ ਜਾਂ ਕਿਣਮਿਣ ਹੁੰਦੀ ਰਹੀ ਤਾਂ ਵਾਢੀ ਦਾ ਕੰਮ ਹੋਰ ਪੱਛੜ ਜਾਣ ਦੀ ਸੰਭਾਵਨਾ ਪੈਦਾ ਹੋ ਸਕਦੀ ਹੈ।
ਇਸ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਨੇ ਦਾਣਾ ਮੰਡੀਆਂ ਵਿੱਚ ਮਾਰਕੀਟ ਕਮੇਟੀਆਂ ਅਤੇ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨੂੰ ਮੰਡੀਆਂ ਵਿੱਚ ਆਈ ਫ਼ਸਲ ਨੂੰ ਢਕਣ ਲਈ ਲੋੜੀਂਦੀ ਮਾਤਰਾ ਵਿੱਚ ਤਰਪਾਲਾਂ ਮੁਹੱਈਆ ਕਰਵਾਉਣ ਦੀਆਂ ਹਦਾਇਤਾਂ ਦਿੱਤੀਆਂ ਹਨ। ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਬਰਸਾਤ ਦੀ ਭਵਿੱਖਬਾਣੀ ਕਾਰਨ ਲੋੜੀਂਦੇ ਪ੍ਰਬੰਧ ਪਹਿਲਾਂ ਹੀ ਕਰ ਲਏ ਗਏ ਸਨ। ਉਨ੍ਹਾਂ ਕਿਹਾ ਕਿ ਬੇਮੌਸਮੀ ਮੀੱਹ ਕਾਰਨ ਕਿਸਾਨਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਇਸ ਲਈ ਸਮੁੱਚੇ ਸਟਾਫ਼ ਦੀਆਂ ਡਿਊਟੀਆਂ ਪਹਿਲਾਂ ਹੀ ਤੈਅ ਕਰ ਦਿੱਤੀਆਂ ਗਈਆਂ ਹਨ।

Advertisement

ਖੰਨਾ ਦੀ ਮੰਡੀ ਵਿੱਚ ਕਣਕ ਤਰਪਾਲਾਂ ਨਾਲ ਢਕੀ

ਖੰਨਾ (ਜੋਗਿੰਦਰ ਸਿੰਘ ਓਬਰਾਏ): ਪੰਜਾਬ ਵਿੱਚ ਮੌਸਮ ਵਿੱਚ ਠੰਢਕ ਕਾਰਨ ਏਸ਼ੀਆ ਦੀ ਵੱਡੀ ਮੰਡੀ ਖੰਨਾ ਵਿੱਚ ਇਸ ਵਾਰ 13 ਅਪਰੈਲ ਤੱਕ ਸਿਰਫ਼ 5 ਹਜ਼ਾਰ ਕੁਇੰਟਲ ਕਣਕ ਹੀ ਪੁੱਜੀ ਹੈ। ਇਸ ਸਬੰਧੀ ਐੱਸਡੀਐੱਮ ਡਾ. ਬਲਜਿੰਦਰ ਸਿੰਘ ਢਿੱਲੋਂ ਅਤੇ ਮਾਰਕੀਟ ਕਮੇਟੀ ਦੇ ਸਕੱਤਰ ਮਨਜਿੰਦਰ ਸਿੰਘ ਮਾਨ ਨੇ ਦੱਸਿਆ ਕਿ ਪਿਛਲੇ ਵਰ੍ਹੇ ਇਸ ਮੰਡੀ ਵਿਚ ਕੁੱਲ 8.25.451 ਕੁਇੰਟਲ ਦੀ ਖਰੀਦ ਕੀਤੀ ਗਈ ਸੀ। ਇਸ ਵਾਰ ਇਸ ਆਸ ਕੀਤੀ ਜਾ ਰਹੀ ਹੈ ਕਿ ਕਣਕ ਦੇ ਵਧੀਆ ਝਾੜ ਨੂੰ ਦੇਖਦਿਆਂ 9 ਲੱਖ ਕੁਇੰਟਲ ਦੇ ਕਰੀਬ ਫਸਲ ਪੁੱਜੇਗੀ। ਉਨ੍ਹਾਂ ਕਿਹਾ ਕਿ ਦੋ ਦਿਨਾਂ ਤੋਂ ਮੌਸਮ ਵਿੱਚ ਤਬਦੀਲੀ ਕਾਰਨ ਵਾਢੀ ਵਿੱਚ ਹੋਰ ਦੇਰੀ ਦੀ ਸੰਭਾਵਨਾ ਹੈ, ਕਿਉਂ ਸਥਾਨਕ ਮੰਡੀ ਵਿੱਚ ਵੀ ਹਲਕੀ ਕਿਣਮਿਣ ਕਾਰਨ ਫਸਲ ਨੂੰ ਤਰਪਾਲਾਂ ਨਾਲ ਢਕਿਆ ਹੋਇਆ ਹੈ।

Advertisement
Author Image

Advertisement
Advertisement
×