ਕਦੇ ਮੀਂਹ ਦੀਆਂ ਬੂੰਦਾਂ, ਕਦੇ ਸ਼ਿਵ ਮਹਿਮਾ - ਵਾਹ ਉਸਤਾਦ!
ਪ੍ਰੋ. ਡਾ. ਕ੍ਰਿਸ਼ਨ ਕੁਮਾਰ ਰੱਤੂ
ਭਾਰਤੀ ਸੰਗੀਤ ਦੀ ਲੈਅ ਤੇ ਤਾਲ ਦਾ ਇੱਕ ਯੁੱਗ ਅੱਜ ਖ਼ਤਮ ਹੋ ਗਿਆ ਹੈ। ਭਾਰਤੀ ਸ਼ਾਸਤਰੀ ਸੰਗੀਤ ਦੇ ਸਿਤਾਰੇ ਅਤੇ ਆਪਣੇ ਖ਼ੂਬਸੂਰਤ ਅੰਦਾਜ਼ ਨਾਲ ਸਰੋਤਿਆਂ ਨੂੰ ਮੰਤਰ-ਮੁਗਧ ਕਰਨ ਵਾਲੇ ਅਤੇ ਦੁਨੀਆ ਭਰ ਵਿੱਚ ਤਬਲਾਵਾਦਨ ਨੂੰ ਇੱਕ ਨਵੀਂ ਪਛਾਣ ਦੇਣ ਵਾਲੇ ਉਸਤਾਦ ਜ਼ਾਕਿਰ ਹੁਸੈਨ ਹੁਣ ਨਹੀਂ ਰਹੇ।
ਉਨ੍ਹਾਂ ਦੇ ਦੇਹਾਂਤ ਨਾਲ ਭਾਰਤੀ ਸੰਗੀਤ ਵਿੱਚ ਸੁਰ ਅਤੇ ਤਾਲ ਦਾ ਇੱਕ ਅਜਿਹਾ ਖ਼ਲਾਅ ਪੈਦਾ ਹੋ ਗਿਆ ਹੈ ਜੋ ਸਾਲਾਂ ਤੱਕ ਭਰਿਆ ਨਹੀਂ ਜਾ ਸਕਦਾ। ਉਨ੍ਹਾਂਂ ਨੇ ਤਬਲਾਵਾਦਕ ਤੋਂ ਲੈ ਕੇ ਫਿਲਮ ਸੰਗੀਤਕਾਰ ਤੇ ਅਦਾਕਾਰੀ ਤੱਕ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ। ਉਹ ਕਹਿੰਦੇ ਸਨ ਕਿ ਗਣੇਸ਼ ਵੰਦਨਾ, ਵਰਖਾ ਦੀਆਂ ਬੂੰਦਾਂ ਅਤੇ ਸ਼ਿਵ ਦਾ ਤਾਂਡਵ ਮਨ ਅੰਦਰਲੀ ਆਤਮਾ ਨਾਲ ਸੰਚਾਰ ਕਰਦੇ ਹਨ। ਉਸਤਾਦ ਜ਼ਾਕਿਰ ਹੁਸੈਨ ਹਰ ਸੰਗੀਤ ਪ੍ਰੇਮੀ ਦੇ ਚਹੇਤੇ ਸਨ। ਉਨ੍ਹਾਂ ਨੇ ਆਪਣੇ ਸੰਗੀਤਕ ਸੰਮੋਹਨ ਨਾਲ ਦਿਲਾਂ ਨੂੰ ਮੋਹ ਲਿਆ। ਉਨ੍ਹਾਂ ਤਬਲੇ ਦੀ ਧੁਨ ਨਾਲ ਮੀਂਹ ਦੀਆਂ ਬੂੰਦਾਂ ਨੂੰ ਸਜੀਵ ਕੀਤਾ।
ਪਿਛਲੇ ਕੁਝ ਦਿਨਾਂ ਤੋਂ ਉਹ ਅਮਰੀਕਾ ਵਿੱਚ ਸਾਂ ਫਰਾਂਸਿਸਕੋ ਦੇ ਹਸਪਤਾਲ ਵਿੱਚ ਦਾਖਲ ਸਨ। ਉਹ ਇਡੀਓਪੈਥਿਕ ਪਲਮੋਨਰੀ ਫਾਈਬਰੋਸਿਸ ਨਾਂ ਦੀ ਬਿਮਾਰੀ ਤੋਂ ਪੀੜਤ ਸਨ ਜਿਸ ਕਾਰਨ ਉਹ 73 ਸਾਲ ਦੀ ਉਮਰ ਵਿੱਚ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ। ਉਸਤਾਦ ਜ਼ਾਕਿਰ ਹੁਸੈਨ ਦਾ ਜਨਮ 9 ਮਾਰਚ 1951 ਨੂੰ ਹੋਇਆ। ਉਨ੍ਹਾਂ ਦੀ ਸ਼ੁਰੂਆਤੀ ਪੜ੍ਹਾਈ ਨਾਲ ਹੀ ਜੁੜੀ ਤਬਲੇ ਦੀ ਤਾਲ ਉਨ੍ਹਾਂ ਦੀ ਰੂਹ ਦੇ ਬਹੁਤ ਨੇੜੇ ਸੀ। ਉਨ੍ਹਾਂ ਨੇ ਆਪਣੇ ਪਿਤਾ, ਸੰਗੀਤਕਾਰ ਉਸਤਾਦ ਅੱਲ੍ਹਾ ਰੱਖਾ ਤੋਂ ਵੀ ਤਾਲੀਮ ਹਾਸਿਲ ਕੀਤੀ।
ਉਨ੍ਹਾਂ ਨੇ 11 ਸਾਲ ਦੀ ਛੋਟੀ ਉਮਰ ਵਿੱਚ ਹੀ ਅਮਰੀਕਾ ਵਿੱਚ ਆਪਣਾ ਪਹਿਲਾ ਸੰਗੀਤਕ ਕੰਸਰਟ ਕੀਤਾ ਸੀ ਤੇ ਫਿਰ ਤਾਉਮਰ ਤਬਲਾ ਉਨ੍ਹਾਂ ਦੀ ਜ਼ਿੰਦਗੀ ਦਾ ਜਨੂੰਨ ਬਣਿਆ ਰਿਹਾ। ਉਹ ਇੱਕ ਅਜਿਹੇ ਉਸਤਾਦ ਅਤੇ ਦੋਸਤ ਸਨ ਜੋ ਆਉਣ ਵਾਲੀਆਂ ਕਈ ਪੀੜ੍ਹੀਆਂ ਤੱਕ ਉਸਤਾਦ ਵਜੋਂ ਜ਼ਿੰਦਾ ਰਹਿਣਗੇ। ਉਨ੍ਹਾਂ ਫਿਲਮਾਂ ਵਿੱਚ ਵੀ ਆਪਣੇ ਜੌਹਰ ਦਿਖਾਏ ਅਤੇ ਵੱਡੇ-ਵੱਡੇ ਕੌਮਾਂਤਰੀ ਸੰਗੀਤ ਸਮਾਗਮਾਂ ਵਿੱਚ ਆਪਣਾ ਜਲਵਾ ਇਸ ਤਰ੍ਹਾਂ ਬਿਖੇਰਿਆ ਕਿ ਲੋਕ ਅਸ਼ ਅਸ਼ ਕਰ ਉੱਠੇ।
ਮੈਨੂੰ ਯਾਦ ਆਉਂਦਾ ਹੈ ਕਿ 1974 ਦੇ ਦਸੰਬਰ ਦੇ ਆਖ਼ਰੀ ਹਫ਼ਤੇ ਜਲੰਧਰ ਵਿੱਚ ਵਿਸ਼ਵ ਪ੍ਰਸਿੱਧ ਹਰਿਬੱਲਭ ਸੰਗੀਤ ਸੰਮੇਲਨ ਹੁੰਦਾ ਹੈ। ਮੈਂ ਉਸ ਸਮੇਂ ਇੱਕ ਨੌਜਵਾਨ ਵਿਦਿਆਰਥੀ ਦੇ ਰੂਪ ਵਿੱਚ ਉਸਤਾਦ ਨੂੰ ਮਿਲਿਆ ਸੀ, ਜਿਸ ਦੀ ਯਾਦ ਅੱਜ ਵੀ ਮੇਰੇ ਚੇਤਿਆਂ ’ਚ ਵਸੀ ਹੋਈ ਹੈ।
ਉਸਤਾਦ ਜ਼ਾਕਿਰ ਹੁਸੈਨ ਦਾ ਜਨਮ ਜੰਮੂ-ਕਸ਼ਮੀਰ ਦੇ ਝਗਵਾਲ ਸਾਂਬਾ ਵਿੱਚ ਹੋਇਆ ਸੀ, ਬਾਅਦ ਵਿੱਚ ਉਹ ਕੁਝ ਸਮਾਂ ਪੰਜਾਬ ਦੇ ਗੁਰਦਾਸਪੁਰ ਵਿੱਚ ਵੀ ਰਹੇ। ਇੱਕ ਵਾਰ ਸੰਗੀਤ ਦਾ ਸਫ਼ਰ ਸ਼ੁਰੂ ਕਰਨ ਤੋਂ ਬਾਅਦ ਉਨ੍ਹਾਂ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ। ਅਸਲ ਵਿੱਚ ਉਹ ਤਬਲੇ ਦਾ ਇਤਿਹਾਸ ਬਣ ਗਿਆ। ਇਹ ਵੀ ਕੋਈ ਘੱਟ ਦਿਲਚਸਪ ਨਹੀਂ ਹੈ ਕਿ ਉਸ ਦੇ ਪਿਤਾ ਉਸਤਾਦ ਅੱਲ੍ਹਾ ਰੱਖਾ ਨੇ ਜਨਮ ਹੁੰਦਿਆਂ ਹੀ ਜੋ ਰਾਗ ਉਸਦੇ ਕੰਨ ਵਿੱਚ ਗਾਇਆ ਉਹ ਹਮੇਸ਼ਾ ਉਸ ਨੂੰ ਅਹਿਸਾਸ ਨਾਲ ਭਰਦਾ ਰਿਹਾ ਸੀ।
ਉਸਤਾਦ ਨੇ 1983 ਵਿੱਚ ਫਿਲਮ ‘ਸੈਂਡ ਐਂਡ ਡਸਟ’ ਵਿੱਚ ਵੀ ਕੰਮ ਕੀਤਾ ਸੀ ਜਿਸ ਵਿੱਚ ਉਸ ਨੇ ਇੱਕ ਕਲਾਕਾਰ ਵਜੋਂ ਆਪਣੀ ਗਹਿਰੀ ਛਾਪ ਛੱਡੀ ਅਤੇ ‘ਦਿ ਪਰਫੈਕਟ ਮਰਡਰ’ ਵਰਗੀਆਂ ਹਾਲੀਵੁੱਡ ਫਿਲਮਾਂ ਵਿੱਚ ਕੰਮ ਕਰਨ ਤੋਂ ਬਾਅਦ, ਉਸਨੇ ‘ਮਿਸ ਬੈਟੀ’ਜ਼ ਚਿਲਡਰਨ’ ਵਿੱਚ ਵੀ ਆਪਣੀ ਦਮਦਾਰ ਅਦਾਕਾਰੀ ਦੇ ਜੌਹਰ ਦਿਖਾਏ, ਪਰ ਉਸਦਾ ਪਹਿਲਾ ਪਿਆਰ ਸਦਾ ਤਬਲਾ ਸੀ।
ਸਾਡੀ ਇੱਕ ਮੁਲਾਕਾਤ ਵਿੱਚ ਉਸਤਾਦ ਨੇ ਮੈਨੂੰ ਦੱਸਿਆ ‘ਪਿਆਰ ਦੀ ਤਾਲ ’ਚ ਮੈਨੂੰ ਆਪਣੀ ਮਾਂ ਦਾ ਚਿਹਰਾ ਨਜ਼ਰ ਆਉਂਦਾ ਹੈ ਅਤੇ ਇਹ ਮੈਨੂੰ ਰੂਹ ਦੇ ਸੰਗੀਤ ਨਾਲ ਜੋੜਦਾ ਹੈ ਅਤੇ ਮੈਂ ਇਸ ਨੂੰ ਲੋਕਾਂ ਨਾਲ ਜੋੜਦਾ ਹਾਂ।’ ਹਿੰਦੁਸਤਾਨੀ ਸੰਗੀਤ, ਫਿਊਜ਼ਨ ਅਤੇ ਜੈਜ਼ ਬੈਂਡ ਦੀ ਸ਼ਾਸਤਰੀ ਸਿੱਖਿਆ ਨੂੰ ਮੈਂ ਕਈ ਵਾਰ ਉਸ ਦੇ ਸਾਹਮਣੇ ਬੈਠਕੇ, ਸੁਣਿਆ, ਦੇਖਿਆ ਅਤੇ ਦੂਰਦਰਸ਼ਨ ਲਈ ਰਿਕਾਰਡ ਵੀ ਕੀਤਾ। ਉਸਨੇ ਸ਼ਿਵ ਦੇ ਤਾਂਡਵ ਅਤੇ ਸ਼ੰਖ ਤੱਕ ਬਹੁਤ ਹੀ ਸੁਚੱਜੇ ਅਤੇ ਨਾਜ਼ੁਕ ਸੰਗੀਤ ਨੂੰ ਤਬਲੇ ਨਾਲ ਵਜਾਇਆ। ਹਰੀ ਪ੍ਰਕਾਸ਼ ਚੌਰਸੀਆ ਅਤੇ ਸੰਤੂਰਵਾਦਕ ਪੰਡਿਤ ਸ਼ਿਵਕੁਮਾਰ ਸ਼ਰਮਾ ਨਾਲ ਉਸਦੀ ਜੁਗਲਬੰਦੀ ਨੇ ਸ਼ਾਨਦਾਰ ਸੰਗੀਤ ਸਿਰਜਣਾ ਕੀਤੀ, ਜਿਸ ਵਿੱਚ ਸੰਗੀਤ ਦੀ ਆਕਾਸ਼ਗੰਗਾ ਦਾ ਧਰੁਵ ਤਾਰਾ ਉਸਤਾਦ ਜ਼ਾਕਿਰ ਹੁਸੈਨ ਹੀ ਸੀ।
ਉਹ ਕਈ ਵਾਰ ਕਹਿੰਦਾ ਸੀ,‘‘ਅਸੀਂ ਜੋ ਵੀ ਕਰਦੇ ਹਾਂ ਉਸ ਦੀ ਸ਼ੁਰੂਆਤ ਸ਼ਿਵ ਦੀ ਮਹਿਮਾ ਅਤੇ ਗਣੇਸ਼ ਦੀ ਪੂਜਾ ਨਾਲ ਹੁੰਦੀ ਹੈ ਅਤੇ ਫਿਰ ਸਾਰਾ ਬ੍ਰਹਿਮੰਡ ਉਸ ਵਿੱਚ ਲੀਨ ਹੋ ਜਾਂਦਾ ਹੈ।’’ ਇਹ ਤਾਲ ਅਤੇ ਤਾਲ ਦਾ ਸੰਵਾਦ ਹੈ ਜਿਸ ਨੂੰ ਉਸਤਾਦ ਨੇ ਐਨੇ ਤਨ-ਮਨ ਨਾਲ ਜੀਵਿਆ ਕਿ ਉਹ ਲੋਕ-ਕਥਾ ਬਣ ਗਿਆ। ਪ੍ਰਸਿੱਧ ਸੰਗੀਤਕਾਰ ਪੰਡਿਤ ਰਵੀ ਸ਼ੰਕਰ ਨੇ ਉਸਨੂੰ ‘ਉਸਤਾਦ’ ਦਾ ਖ਼ਿਤਾਬ ਦਿੱਤਾ ਸੀ। ਜ਼ਾਕਿਰ ਹੁਸੈਨ ਨੇ ਅਮਰੀਕਾ ਵਿੱਚ ਇੱਕ ਡਾਂਸਰ ਐਂਟੀਓ ਮਿਰੀਕੋਲਾ ਨਾਲ ਵਿਆਹ ਕੀਤਾ ਸੀ ਤੇ ਉਨ੍ਹਾਂ ਦੀਆਂ ਦੋ ਧੀਆਂ ਅੱਜ ਸੰਗੀਤ ਅਤੇ ਫਿਲਮ ਨਿਰਦੇਸ਼ਨ ਵਿੱਚ ਕੰਮ ਕਰ ਰਹੀਆਂ ਹਨ। ਉਸਤਾਦ ਦੇ ਪਿਤਾ ਅੱਲ੍ਹਾ ਰੱਖਾ ਨੇ ਆਪਣੇ ਚਾਚਾ, ਜੋ ਕਿ ਗੁਰਦਾਸਪੁਰ ਰਹਿੰਦੇ ਸਨ, ਤੋਂ ਸੰਗੀਤ ਦੀ ਸਿੱਖਿਆ ਲਈ ਸੀ। ਫਿਰ ਉਹ ਲਾਹੌਰ ਤੋਂ ਉਸਤਾਦ ਖੱਦਰ ਬਖਸ਼ ਦੇ ਚੇਲੇ ਬਣ ਗਏ ਅਤੇ ਫਿਰ ਇਹ ਰੁਝਾਨ ਇਸੇ ਤਰ੍ਹਾਂ ਜਾਰੀ ਰਿਹਾ। ਉਸ ਤੋਂ ਬਾਅਦ ਜ਼ਾਕਿਰ ਹੁਸੈਨ ਨੂੰ ਦੁਨੀਆ ਭਰ ਵਿੱਚ ਅਨੇਕਾਂ ਪੁਰਸਕਾਰਾਂ ਨਾਲ ਵੀ ਨਿਵਾਜਿਆ ਗਿਆ। ਭਾਰਤ ਸਰਕਾਰ ਨੇ ਉਨ੍ਹਾਂ ਨੂੰ ਦੇਸ਼ ਦੇ ਸਰਵਉੱਚ ਪੁਰਸਕਾਰ ਪਦਮ ਸ੍ਰੀ, ਪਦਮ ਭੂਸ਼ਣ, ਪਦਮ ਵਿਭੂਸ਼ਣ ਨਾਲ ਵੀ ਸਨਮਾਨਿਤ ਕੀਤਾ। ਉਨ੍ਹਾਂ ਦੀ ਪਹਿਲੀ ਐਲਬਮ ‘ਲਿਵਿੰਗ ਇਨ ਦਿ ਮੈਟੀਰੀਅਲ ਵਰਲਡ’ 1973 ਵਿੱਚ ਆਈ ਸੀ, ਜਿਸ ਨਾਲ ਉਹ ਦੁਨੀਆ ਭਰ ਵਿੱਚ ਛਾ ਗਏ। ਉਨ੍ਹਾਂ ਨੂੰ 37 ਸਾਲ ਦੀ ਉਮਰ ਵਿੱਚ ਭਾਰਤ ਸਰਕਾਰ ਦੁਆਰਾ ਪਦਮ ਸ੍ਰੀ ਨਾਲ ਸਨਮਾਨਿਤ ਕੀਤਾ ਗਿਆ। ਉਸਤਾਦ ਜ਼ਾਕਿਰ ਹੁਸੈਨ ਨੂੰ ਸ਼ਾਸਤਰੀ ਸੰਗੀਤ ਦੇ ਨਾਲ-ਨਾਲ ਜੈਜ਼ ਫਿਊਜ਼ਨ ਵਿਸ਼ਵ ਸੰਗੀਤ ਦੇ ਮਾਹਿਰਾਂ ਵਿੱਚ ਗਿਣਿਆ ਜਾਂਦਾ ਸੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਕਈ ਵਾਰ ਗ੍ਰੈਮੀ ਅਵਾਰਡ ਨਾਲ ਸਨਮਾਨਿਤ ਕੀਤੇ ਗਏ ਸਨ। 1983 ’ਚ ਸ਼ਸ਼ੀ ਕਪੂਰ ਦੀ ਫਿਲਮ ‘ਸੈਂਡ ਐਂਡ ਡਸਟ’ ‘ਚ ਕੰਮ ਕਰਦੇ ਹੋਏ ਉਨ੍ਹਾਂ ਨੇ ਇੱਕ ਵਾਰ ਦੱਸਿਆ ਕਿ ਸ਼ਸ਼ੀ ਨੇ ਕਿਹਾ,‘ਤੁਸੀਂ ਮੇਰੇ ਤੋਂ ਜ਼ਿਆਦਾ ਵਧੀਆ ਐਕਟਰ ਹੋ,’ ਤਾਂ ਉਸਤਾਦ ਨੇ ਤੁਰੰਤ ਕਿਹਾ, ‘ਚਲੋ ਗੁਰੂ ਸ਼ਿਸ਼ ਬਣ ਜਾਈਏ’। ਇਹ ਉਨ੍ਹਾਂ ਦੀ ਪਹਿਲੀ ਫਿਲਮ ਸੀ। ਉਨ੍ਹਾਂ ਸ਼ਬਾਨਾ ਆਜ਼ਮੀ ਨਾਲ ਫਿਲਮ ‘ਸਾਜ਼’ ਵਿੱਚ ਵੀ ਕੰਮ ਕੀਤਾ। ਉਹ ਕਹਿੰਦੇ ਸਨ, ‘‘ਬਚਪਨ ਵਿੱਚ ਜੋ ਰਾਗ ਮੈਂ ਆਪਣੇ ਪਿਤਾ ਤੋਂ ਅਣਜਾਣੇ ਵਿੱਚ ਸੁਣਿਆ ਸੀ, ਸ਼ਾਇਦ ਉਹੀ ਅਤੇ ਮਾਤਾ ਸਰਸਵਤੀ ਦਾ ਆਸ਼ੀਰਵਾਦ ਮੇਰੀ ਸੰਗੀਤਕ ਯਾਤਰਾ ਨੂੰ ਇਸ ਮੁਕਾਮ ਤੱਕ ਲੈ ਕੇ ਆਇਆ ਹੈ।’’
ਦਰਜਨਾਂ ਐਲਬਮਾਂ ਅਤੇ ਅੰਤਰਰਾਸ਼ਟਰੀ ਮਿਊਜ਼ਿਕ ਕੰਸਰਟਸ ਨੇ ਉਸਤਾਦ ਦੀ ਪਛਾਣ ਨੂੰ ਪੁਖ਼ਤਾ ਬਣਾਇਆ। ਇਹ ਉਸਤਾਦ ਹੀ ਸੀ ਜਿਸ ਨੂੰ ਸਾਬਕਾ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ 2016 ਵਿੱਚ ਸਟਾਰ ਗਲੋਬਲ ਕੰਸਰਟ ਵਿੱਚ ਹਿੱਸਾ ਲੈਣ ਲਈ ਵਿਸ਼ੇਸ਼ ਤੌਰ ‘ਤੇ ਸੱਦਾ ਦਿੱਤਾ ਸੀ। ਉਸਤਾਦ ਜ਼ਾਕਿਰ ਹੁਸੈਨ ਇਸ ਵਿੱਚ ਹਿੱਸਾ ਲੈਣ ਵਾਲੇ ਭਾਰਤ ਦੇ ਪਹਿਲੇ ਸੰਗੀਤਕਾਰ ਸਨ। ਅੱਜ ਜਦੋਂ ਜ਼ਾਕਿਰ ਹੁਸੈਨ ਇਸ ਦੁਨੀਆ ਤੋਂ ਰੁਖ਼ਸਤ ਹੋ ਗਏ ਹਨ ਤਾਂ ਸਾਰਾ ਸੰਗੀਤ ਜਗਤ ਉਦਾਸ ਅੱਖਾਂ ਨਾਲ ਉਨ੍ਹਾਂ ਲਈ ਦੁਆਵਾਂ ਕਰ ਰਿਹਾ ਹੈ।
* ਲੇਖਕ ਮੀਡੀਆ ਮਾਹਿਰ, ਬ੍ਰਾਡਕਾਸਟਰ ਅਤੇ ਦੂਰਦਰਸ਼ਨ ਦੇ ਉਪ ਮਹਾਨਿਰਦੇਸ਼ਕ ਰਹੇ ਹਨ।
ਸੰਪਰਕ: 94787-30156