ਕਦੇ ਬੇਅੰਤ ਸਿੰਘ ਨੇ ਮਨਪ੍ਰੀਤ ਨੂੰ ਹਰਾਉਣ ਲਈ ਲਾਈ ਸੀ ਵਾਹ
ਚਰਨਜੀਤ ਭੁੱਲਰ
ਚੰਡੀਗੜ੍ਹ, 7 ਨਵੰਬਰ
ਗਿੱਦੜਬਾਹਾ ਦੀ ਜ਼ਿਮਨੀ ਚੋਣ ਇਸ ਰਾਜਸੀ ਤੁਕ ਦੀ ਪ੍ਰਤੱਖ ਗਵਾਹ ਬਣੀ ਹੈ ਕਿ ‘‘ਸਿਆਸਤ ’ਚ ਨਾ ਤਾਂ ਕੋਈ ਸਕਾ ਹੁੰਦਾ ਹੈ ਅਤੇ ਨਾ ਹੀ ਕੁੱਝ ਸਥਾਈ ਹੁੰਦਾ ਹੈ।’’ ਜਦੋਂ ਹੁਣ ਗਿੱਦੜਬਾਹਾ ਦਾ ਚੋਣ ਪਿੜ ਐਨ ਭਖਿਆ ਹੋਇਆ ਹੈ ਤਾਂ ਇਸ ਚੋਣ ’ਚ ਉੱਤਰੇ ਭਾਜਪਾ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਅਤੇ ਉਨ੍ਹਾਂ ਦੇ ਹੱਕ ’ਚ ਨਿੱਤਰੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਜ਼ਰੂਰ ਧਿਆਨ ਖਿੱਚ ਰਹੇ ਹਨ। ਜਦੋਂ 1995 ’ਚ ਗਿੱਦੜਬਾਹਾ ਦੀ ਜ਼ਿਮਨੀ ਚੋਣ ਹੋਈ ਸੀ ਤਾਂ ਉਦੋਂ ਮਨਪ੍ਰੀਤ ਸਿੰਘ ਬਾਦਲ ਪੜ੍ਹਾਈ ਕਰਕੇ ਵਿਦੇਸ਼ ਤੋਂ ਪਰਤੇ ਸਨ। ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਭਤੀਜੇ ਮਨਪ੍ਰੀਤ ਸਿੰਘ ਬਾਦਲ ਨੂੰ ਅਕਾਲੀ ਦਲ ਵੱਲੋਂ ਉਮੀਦਵਾਰ ਬਣਾਇਆ ਸੀ। ਉਨ੍ਹਾਂ ਦਾ ਮੁਕਾਬਲਾ ਕਾਂਗਰਸੀ ਉਮੀਦਵਾਰ ਦੀਪਕ ਕੁਮਾਰ ਜੋ ਕਾਂਗਰਸੀ ਨੇਤਾ ਰਘਬੀਰ ਪ੍ਰਧਾਨ ਦੇ ਲੜਕੇ ਸਨ, ਨਾਲ ਹੋਇਆ ਸੀ। ਚੋਣ ’ਚ ਮਨਪ੍ਰੀਤ ਬਾਦਲ 2115 ਵੋਟਾਂ ਨਾਲ ਜੇਤੂ ਰਹੇ ਸਨ। ਜ਼ਿਕਰਯੋਗ ਹੈ ਕਿ 1995 ’ਚ ਗਿੱਦੜਬਾਹਾ ਦੀ ਜ਼ਿਮਨੀ ਚੋਣ ਤਤਕਾਲੀ ਮੁੱਖ ਮੰਤਰੀ ਬੇਅੰਤ ਸਿੰਘ ਲਈ ਵੱਕਾਰ ਦਾ ਸੁਆਲ ਸੀ। ਪੂਰੀ ਸਰਕਾਰ ਨੇ ਗਿੱਦੜਬਾਹਾ ਵਿੱਚ ਡੇਰੇ ਲਾਏ ਹੋਏ ਸਨ। ਕੇਂਦਰੀ ਮੰਤਰੀ ਰਵਨੀਤ ਬਿੱਟੂ ਦੇ ਦਾਦਾ ਅਤੇ ਤਤਕਾਲੀ ਮੁੱਖ ਮੰਤਰੀ ਬੇਅੰਤ ਸਿੰਘ ਉਦੋਂ ਅਕਾਲੀ ਉਮੀਦਵਾਰ ਮਨਪ੍ਰੀਤ ਬਾਦਲ ਨੂੰ ਹਰਾਉਣ ਲਈ ਗਿੱਦੜਬਾਹਾ ਦੇ ਹਰ ਗਲੀ ਮੁਹੱਲੇ ਘੁੰਮੇ ਸਨ। ਉਨ੍ਹਾਂ ਦਿਨ੍ਹਾਂ ’ਚ ਬੇਅੰਤ ਸਿੰਘ ਦੀ ਇੱਕੋ ਸਿਆਸੀ ਇੱਛਾ ਮਨਪ੍ਰੀਤ ਬਾਦਲ ਨੂੰ ਗਿੱਦੜਬਾਹਾ ਤੋਂ ਹਰਾਉਣ ਦੀ ਸੀ ਪਰ ਅਜਿਹਾ ਨਹੀਂ ਹੋ ਸਕਿਆ।
ਹੁਣ ਫਿਰ ਜਦੋਂ ਜ਼ਿਮਨੀ ਚੋਣ ਵਿੱਚ ਮਨਪ੍ਰੀਤ ਸਿੰਘ ਬਾਦਲ ਬਤੌਰ ਭਾਜਪਾ ਉਮੀਦਵਾਰ ਗਿੱਦੜਬਾਹਾ ਦੀ ਜ਼ਿਮਨੀ ਚੋਣ ਦੇ ਮੈਦਾਨ ਵਿਚ ਹਨ ਤਾਂ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤਰੇ ਰਵਨੀਤ ਸਿੰਘ ਬਿੱਟੂ ਵੱਲੋਂ ਮਨਪ੍ਰੀਤ ਨੂੰ ਜਿਤਾਉਣ ਲਈ ਗਿੱਦੜਬਾਹਾ ਦਾ ਗੇੜੇ ਲਾਏ ਜਾ ਰਹੇ ਹਨ।
ਦੂਜੇ ਪਾਸੇ ਗਿੱਦੜਬਾਹਾ ਹਲਕੇ ਦੇ ਬਜ਼ੁਰਗ ਲੋਕ ਸੱਥਾਂ ਵਿੱਚ ਚਰਚੇ ਵੀ ਕਰ ਰਹੇ ਹਨ ਅਤੇ ਤਨਜ਼ ਵੀ ਕੱਸ ਰਹੇ ਹਨ ਕਿ ਦਾਦੇ ਨੇ ਤਾਂ ਮਨਪ੍ਰੀਤ ਬਾਦਲ ਨੂੰ ਹਰਾਉਣ ਲਈ ਪੂਰੀ ਵਾਹ ਲਾਈ ਸੀ ਪਰ ਪੋਤਰਾ ਮਨਪ੍ਰੀਤ ਨੂੰ ਜਿਤਾਉਣ ਲਈ ਪੱਬਾਂ ਭਾਰ ਹੈ। ਗਿੱਦੜਬਾਹਾ ਦੀ ਜ਼ਿਮਨੀ ਚੋਣ ’ਚ ਕਾਂਗਰਸ ਸਰਕਾਰ ਖ਼ਿਲਾਫ਼ ਹੋਏ ਮੁਲਾਜ਼ਮਾਂ ਦੇ ਪ੍ਰਦਰਸ਼ਨ ਹੀ ਅਕਾਲੀ ਉਮੀਦਵਾਰ ਮਨਪ੍ਰੀਤ ਬਾਦਲ ਦੀ ਜਿੱਤ ਦਾ ਕਾਰਨ ਬਣੇ ਸਨ।