ਜਦੋਂ ਆਡਿਟਰ ਅਸਤੀਫਾ ਦੇਣ ਤਾਂ ਕੁਝ ਲੁਕਾਇਆ ਜਾ ਰਿਹੈ: ਜੈਰਾਮ ਰਮੇਸ਼
ਪ੍ਰਧਾਨ ਮੰਤਰੀ ਨੂੰ ਅਡਾਨੀ ਮੁੱਦੇ ’ਤੇ ਚੁੱਪ ਤੋੜਨ ਨੂੰ ਕਿਹਾ
ਨਵੀਂ ਦਿੱਲੀ, 12 ਅਗਸਤ
ਅਡਾਨੀ ਬੰਦਰਗਾਹ ਤੇ ਐੱਸਈਜ਼ੈਡ ਦੇ ਆਡੀਟਰਾਂ ਡੈਲੌਇਟ ਹੈਸਕਿਨਜ਼ ਐਂਡ ਸੈੱਲਜ਼ ਵੱਲੋਂ ਕੰਪਨੀ ਦੇ ਕੰਮ ਛੱਡਣ ਦੇ ਫ਼ੈਸਲੇ ’ਤੇ ਸਵਾਲ ਚੁੱਕਦਿਆਂ ਅੱਜ ਕਾਂਗਰਸ ਨੇ ਪ੍ਰਧਾਨ ਮੰਤਰੀ ਨੂੰ ਅਡਾਨੀ ਮਾਮਲੇ ’ਚ ਆਪਣੀ ਚੁੱਪ ਤੋੜਨ ਦੀ ਅਪੀਲ ਕੀਤੀ ਹੈ।
ਕਾਂਗਰਸ ਨੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ਡੈਲੌਇਟ ਹੈਸਕਿਨਜ਼ ਐਂਡ ਸੈੱਲਜ਼ ਨੇ ਅਡਾਨੀ ਬੰਦਰਗਾਹ ਤੇ ਵਿਸ਼ੇਸ਼ ਵਿੱਤੀ ਜ਼ੋਨ (ਐੱਸਈਜ਼ੈੱਡ) ਦੇ ਆਡਿਟਰਾਂ ਵਜੋਂ ਕੰਮਕਾਰ ਛੱਡਣ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਕਿਹਾ, ‘ਜਦੋਂ ਸਥਾਈ ਆਡਿਟਰ ਵਾਰ-ਵਾਰ ਅਸਤੀਫਾ ਦੇਣ ਤਾਂ ਚੀਜ਼ਾਂ ਉਹ ਨਹੀਂ ਹੁੰਦੀਆਂ ਜਿਸ ਤਰ੍ਹਾਂ ਪੇਸ਼ ਕੀਤੀਆਂ ਜਾ ਰਹੀਆਂ ਹੁੰਦੀਆਂ ਹੋਣ।’ ਉਨ੍ਹਾਂ ਅਡਾਨੀ ਮੁੱਦੇ ’ਤੇ ਟਵੀਟ ਕੀਤਾ, ‘ਪ੍ਰਧਾਨ ਮੰਤਰੀ ਜੀ ਆਪਣੀ ਚੁੱਪ ਤੋੜੋ।’ ਰਮੇਸ਼ ਨੇ ਕਿਹਾ, ‘ਪ੍ਰਧਾਨ ਮੰਤਰੀ ਦੇ ਪਸੰਦੀਦਾ ਕਾਰੋਬਾਰੀ ਸਮੂਹ ਦੇ ਸ਼ੱਕੀ ਲੈਣ-ਦੇਣ ਕਾਰਨ ਡੈਲੌਇਟ ਹੈਸਕਿਨਜ਼ ਐਂਡ ਸੈੱਲਜ਼ ਨੇ ਕਥਿਤ ਤੌਰ ’ਤੇ ਅਡਾਨੀ ਪੋਰਟ ਐਂਡ ਐੱਸਈਜ਼ੈੱਡ ਦੇ ਆਡਿਟਰ ਦੀ ਜ਼ਿੰਮੇਵਾਰੀ ਛੱਡਣ ਦਾ ਕਦਮ ਚੁੱਕਿਆ ਹੈ।’ ਉਨ੍ਹਾਂ ਦਾਅਵਾ ਕੀਤਾ, ‘ਇਸ ਤੋਂ ਪਹਿਲਾਂ ਆਡਿਟਰ ਨੇ ਕੰਪਨੀ ਦੇ ਖਾਤਿਆਂ ਬਾਰੇ ਇੱਕ ‘ਕੁਆਲੀਫਾਈਡ ਓਪੀਨੀਅਨ’ ਜਾਰੀ ਕੀਤੀ ਸੀ ਜਿਸ ’ਚ ਕਿਹਾ ਗਿਆ ਸੀ ਕਿ ਤਿੰਨ ਸੰਸਥਾਵਾਂ ਨਾਲ ਅਡਾਨੀ ਪੋਰਟਸ ਦੇ ਲੈਣ-ਦੇਣ ਨੂੰ ਗ਼ੈਰ-ਸਬੰਧਤ ਧਿਰਾਂ ਨਾਲ ਲੈਣ-ਦੇਣ ਵਜੋਂ ਨਹੀਂ ਦਿਖਾਇਆ ਜਾ ਸਕਦਾ। ਸਭ ਤੋਂ ਅਹਿਮ ਗੱਲ ਇਹ ਹੈ ਕਿ ਆਡਿਟਰ ਨੇ ਇਹ ਵੀ ਕਿਹਾ ਸੀ ਕਿ ਆਜ਼ਾਦਾਨਾ ਬਾਹਰੀ ਜਾਂਚ ਕਰਵਾਉਣ ਨਾਲ ਇਸ ਦੀ ਪੁਸ਼ਟੀ ਕਰਨ ’ਚ ਮਦਦ ਮਿਲ ਸਕਦੀ ਹੈ ਪਰ ਅਡਾਨੀ ਪੋਰਟ ਨੇ ਇਸ ਲਈ ਮਨ੍ਹਾਂ ਕਰ ਦਿੱਤਾ।’
ਰਮੇਸ਼ ਨੇ ਸਵਾਲ ਕੀਤਾ, ‘ਉਹ ਈਪੀਸੀ ਕੰਟਰੈਕਟਰ ਕੌਣ ਹਨ ਜਿਨ੍ਹਾਂ ਲਈ ਸੁਰੱਖਿਆ ਤੇ ਪੈਸੇ ਦਾ ਪ੍ਰਬੰਧ ਅਡਾਨੀ ਪੋਰਟਸ ਕਰ ਰਿਹਾ ਹੈ? ਮਈ 2023 ’ਚ ਉਸ ਨੇ ਆਪਣਾ ਮਿਆਂਮਾਰ ਕੰਟੇਨਰ ਟਰਮੀਨਲ ਅਸਲ ਵਿੱਚ ਕਿਸੇ ਨੂੰ ਵੇਚਿਆ?’
ਉਨ੍ਹਾਂ ਦੋਸ਼ ਲਾਇਆ, ‘ਅਜਿਹਾ ਲਗਦਾ ਹੈ ਕਿ ਅਡਾਨੀ ਪੋਰਟਸ ਇਹ ਸਪੱਸ਼ਟ ਲੈਣ-ਦੇਣ ਲੁਕਾਉਣ ਲਈ ਕੁਝ ਵੀ ਕਰਨ ਨੂੰ ਤਿਆਰ ਹੈ ਤਾਂ ਹੀ ਡੈਲੌਇਟ ਨੂੰ ਫਰਮ ਦੇ ਸਥਾਈ ਆਡਿਟਰ ਵਜੋਂ ਪੰਜ ਸਾਲਾਂ ’ਚੋਂ ਸਿਰਫ਼ ਇੱਕ ਸਾਲ ਪੂਰਾ ਕਰਨ ਤੋਂ ਬਾਅਦ ਹੀ ਅਸਤੀਫਾ ਦੇਣ ਲਈ ਮਜਬੂਰ ਕੀਤਾ ਜਾ ਰਿਹਾ ਹੈ।’ -ਪੀਟੀਆਈ
ਕਾਂਗਰਸ ਨੂੰ ਸੇਬੀ ਦੀ ਰਿਪੋਰਟ ਤੋਂ ਉਮੀਦ
ਕਾਂਗਰਸ ਨੇ ਅੱਜ ਉਮੀਦ ਜ਼ਾਹਿਰ ਕੀਤੀ ਕਿ ਅਡਾਨੀ ਬਾਰੇ ਸੇਬੀ ਦੀ ਰਿਪੋਰਟ ਉਨ੍ਹਾਂ ਸਵਾਲਾਂ ਦਾ ਜਵਾਬ ਦੇਵੇਗੀ ਜੋ ਸੁਪਰੀਮ ਕੋਰਟ ਦੇ ਮਾਹਿਰਾਂ ਦੀ ਕਮੇਟੀ ਨੇ ਚੁੱਕੇ ਸਨ। ਕਾਂਗਰਸ ਨੇ ਇਸ ਗੱਲ ’ਤੇ ਹੈਰਾਨੀ ਜ਼ਾਹਿਰ ਕੀਤੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮੁੱਦੇ ’ਤੇ ਆਪਣੀ ਚੁੱਪ ਕਦੋਂ ਤੋੜਨਗੇ। ਜੈਰਾਮ ਰਮੇਸ਼ ਨੇ ਕਿਹਾ, ‘ਅਸੀਂ 14 ਅਗਸਤ 2023 ਨੂੰ ਅਡਾਨੀ ਮਹਾਘੁਟਾਲੇ ਬਾਰੇ ਆਉਣ ਵਾਲੀ ਸੇਬੀ ਦੀ ਰਿਪੋਰਟ ਦੀ ਉਡੀਕ ਕਰ ਰਹੇ ਹਾਂ। ਸਾਨੂੰ ਉਮੀਦ ਹੈ ਕਿ ਸੁਪਰੀਮ ਕੋਰਟ ਦੇ ਮਾਹਿਰਾਂ ਦੀ ਕਮੇਟੀ ਵੱਲੋਂ ਚੁੱਕੇ ਗਏ ਤਿੱਖੇ ਸਵਾਲਾਂ ਅਨੁਸਾਰ ਅਡਾਨੀ ਗਰੁੱਪ ਦੀ ਸ਼ੱਕੀ ਵਿੱਤੀ ਸਥਿਤੀ ਦੀ ਵਿਸਥਾਰਤ ਜਾਂਚ ਹੋਵੇਗੀ। ‘ਮੋਡਾਨੀ’ ਦੇ ਭ੍ਰਿਸ਼ਟਾਚਾਰ ਦਾ ਸੱਚ ਸਾਹਮਣੇ ਆਉਣਾ ਜਾਰੀ ਹੈ।’ ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਨੇ ਮਈ ਵਿੱਚ ਅਡਾਨੀ ਸਮੂਹ ਵੱਲੋਂ ਸਟਾਕ ਮੁੱਲ ’ਚ ਹੇਰਾਫੇਰੀ ਦੇ ਕਥਿਤ ਦੋਸ਼ਾਂ ਦੀ ਜਾਂਚ ਪੂਰੀ ਕਰਨ ਲਈ ਸੇਬੀ ਨੂੰ 14 ਅਗਸਤ ਤੱਕ ਦਾ ਸਮਾਂ ਦਿੱਤਾ ਸੀ।