ਜਗੇਗਾ ਕੋਈ ਤਾਂ ਦੀਵਾ
ਮਨਮੋਹਨ ਸਿੰਘ ਦਾਊਂ
ਝੜ ਗਏ ਪੱਤਰ ਮੁੜ ਪੁੰਗਰਨਗੇ ਆਸ ਕਰ,
ਕੱਟ ਜਾਵੇਗਾ ਦੁੱਖ ਦਾ ਪਹਾੜ ਆਸ ਕਰ।
ਆਥਣ ਹੋ ਰਹੀ, ਸੂਰਜ ਡੁਬਕੀ ਲੈ ਰਿਹਾ,
ਮੁੜ ਚੜ੍ਹ ਆਏਗੀ ਸਵੇਰ ਆਸ ਕਰ।
ਉੱਡ ਗਏ ਪੰਛੀ, ਟਹਿਣੀ ਉਦਾਸ ਜਾਪਦੀ ਹੈ,
ਕਦੇ ਤਾਂ ਪਰਤ ਆਉਣਗੇ ਮਹਿਮਾਨ ਆਸ ਕਰ।
ਦਰ ਖੜਕਿਆ ਹੈ, ਉੱਠ ਕੇ ਵੇਖ ਤਾਂ ਸਹੀ,
ਆਇਆ ਹੋਵੇਗਾ ਲੋੜਵੰਦ ਕੋਈ ਆਸ ਕਰ।
ਤਪ ਰਿਹਾ ਬਿਰਖ਼ ਫਿਰ ਵੀ ਛਾਂ ਦੇ ਰਿਹਾ ਗੂੜ੍ਹੀ,
ਥੱਕਿਆ ਰਾਹੀ ਆ ਬੈਠਿਆ ਹੈ ਆਸ ਕਰ।
ਸਮਾਂ ਬੜਾ ਕੁਝ ਖੋਹ ਲੈਂਦਾ ਹੈ ਹੱਥੋਂ,
ਜੀਵਨ ਵਿੱਚ ਕੁਝ ਮਿਲਣ ਦੀ ਆਸ ਕਰ।
ਕੂੜ ਪਸਰਿਆ ਚੁਫ਼ੇਰੇ, ਹਨੇਰਾ ਹੀ ਹਨੇਰਾ ਹੈ,
ਜਗੇਗਾ ਕੋਈ ਤਾਂ ਦੀਵਾ, ਤੂੰ ਆਸ ਕਰ।
ਸੰਪਰਕ: 98151-23900
ਕਬਿੱਤ
ਹਿੱਕ ‘ਚ ਬਾਰੂਦ ਬੰਨ੍ਹ, ਤੁਰਦੇ ਜੋ ਮੰਜ਼ਿਲਾਂ ਨੂੰ
ਡਰਦੇ ਨਾ ਸਮਿਆਂ ਤੋਂ, ਨਾਮ ਚਮਕਾਉਂਦੇ ਨੇ
ਵੈਰੀ ਸਿਰ ਚੜ੍ਹ ਆ ਜੇ, ਕਰਦੇ ਨਾ ਗੱਲ ਫਿਰ
ਹਿੱਕ ਪਾੜ ਸੂਰੇ ਵਾਰ ਚੰਡੀ ਦੀ ਹੀ ਗਾਉਂਦੇ ਨੇ
ਭੈਣ ਦੀ ਇੱਜ਼ਤ ‘ਤੇ ਜੋ, ਰੱਖਦੇ ਨੇ ਅੱਖ ਮਾੜੀ
ਇਹੋ ਜਿਹੇ ਯਾਰ ਸਦਾ, ਦਗਾ ਹੀ ਕਮਾਉਂਦੇ ਨੇ
ਰੱਬ ਨੂੰ ਜੋ ਟੱਬ ਦੱਸ, ਕਰਦੇ ਮਜ਼ਾਕਾਂ ਸਦਾ
ਔਖੇ ਸਮਿਆਂ ‘ਚ ਉਹੋ ਰੱਬ ਨੂੰ ਧਿਆਉਂਦੇ ਨੇ
ਸੱਥ ਵਿੱਚ ਖੜ੍ਹ ਗੱਲ, ਚੱਕਮੀ ਹੀ ਕਰੇ ਸਦਾ
ਇਹੋ ਜਿਹੇ ਬੰਦੇ ਰੋਅਬ, ਮਾੜੇ ‘ਤੇ ਹੀ ਪਾਉਂਦੇ ਨੇ
ਲਾਰਿਆਂ ‘ਚ ਲਾਈ ਰੱਖੇ, ਹਰ ਕੁੜੀ ਵੱਲ ਤੱਕੇ
ਇਹੋ ਜਿਹੇ ਆਸ਼ਕ ਵੀ, ਟੈਮ ਹੀ ਟਪਾਉਂਦੇ ਨੇ
ਅਕਲ ਤੂੰ ਦੇਈਂ ਰੱਬਾ, ਇਹੋ ਜਿਹੇ ਬਾਣਿਆਂ ਨੂੰ
ਜੋ ਚਿੱਟੇ ਪਾ ਕੇ ਧੰਦਾ, ਕਾਲੇ ਦਾ ਚਲਾਉਂਦੇ ਨੇ
ਕਰਾਂ ਅਰਦਾਸ ਖ਼ੁਸ਼, ਰੱਖੀਂ ਉਨ੍ਹਾਂ ਸਾਰਿਆਂ ਨੂੰ
ਔਖੇ ਸਮਿਆਂ ‘ਚ ਨਾਲ, ਕੰਗ ਦੇ ਖਲੋਂਦੇ ਨੇ।
ਸੰਪਰਕ: 90730-00004