ਕਿਸੇ ਨੇ ਆਰਾਮ ਤੇ ਕਿਸੇ ਨੇ ਗਿਣਤੀ-ਮਿਣਤੀ ’ਚ ਬਿਤਾਇਆ ਦਿਨ
ਚੋਣਾਂ ਮਗਰੋਂ ਫੁਰਸਤ ਦੇ ਪਲ
ਆਤਿਸ਼ ਗੁਪਤਾ
ਚੰਡੀਗੜ੍ਹ, 6 ਅਕਤੂਬਰ
ਹਰਿਆਣਾ ਵਿਧਾਨ ਸਭਾ ਚੋਣਾਂ ਦਾ ਅਮਲ ਮੁਕੰਮਲ ਹੋਣ ਤੋਂ ਬਾਅਦ ਅੱਜ ਸੂਬੇ ਦੇ ਵੱਡੀ ਗਿਣਤੀ ਸਿਆਸੀ ਆਗੂਆਂ ਨੇ ਆਪਣਾ ਥਕੇਵਾਂ ਲਾਹੁਣ ਲਈ ਆਰਾਮ ਕੀਤਾ ਜਦੋਂ ਕਿ ਕੁਝ ਸਿਆਸੀ ਆਗੂ ਗਿਣਤੀ-ਮਿਣਤੀ ’ਚ ਲੱਗੇ ਰਹੇੇ। ਚੋਣਾਂ ਵਿੱਚ ਭੱਜ-ਦੌੜ ਤੋਂ ਬਾਅਦ ਉਮੀਦਵਾਰਾਂ, ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਤੇ ਕਰੀਬੀਆਂ ਨੇ ਅੱਜ ਨੀਂਦ ਪੂਰੀ ਕੀਤੀ।
ਹਰਿਆਣਾ ਦੇ ਮੁੱਖ ਮੰਤਰੀ ਤੇ ਵਿਧਾਨ ਸਭਾ ਹਲਕਾ ਲਾਡਵਾ ਤੋਂ ਭਾਜਪਾ ਉਮੀਦਵਾਰ ਨਾਇਬ ਸਿੰਘ ਸੈਣੀ ਨੇ ਵੋਟਾਂ ਦਾ ਕੰਮ ਮੁਕੰਮਲ ਹੋਣ ਤੋਂ ਬਾਅਦ ਗਿਣਤੀ-ਮਿਣਤੀ ਲਾਉਣੀ ਸ਼ੁਰੂ ਕਰ ਦਿੱਤੀ ਹੈ। ਸ੍ਰੀ ਸੈਣੀ ਨੇ ਅੱਜ ਸਵੇਰੇ ਪਹਿਲਾਂ ਆਪਣੇ ਪਰਿਵਾਰ ਨਾਲ ਸਮਾਂ ਗੁਜ਼ਾਰਿਆ, ਉਸ ਤੋਂ ਬਾਅਦ ਦਿਨ ਚੜ੍ਹਨ ਦੇ ਨਾਲ ਹੀ ਪਾਰਟੀ ਵਰਕਰਾਂ ਨਾਲ ਮੀਟਿੰਗਾਂ ਦਾ ਦੌਰ ਸ਼ੁਰੂ ਕਰ ਦਿੱਤਾ। ਉਨ੍ਹਾਂ ਵੱਖ-ਵੱਖ ਵਿਧਾਨ ਸਭਾ ਹਲਕਿਆਂ ਦੀ ਰਿਪੋਰਟ ਲਈ। ਇਸ ਤੋਂ ਬਾਅਦ ਉਨ੍ਹਾਂ ਪੰਚਕੂਲਾ ਦੇ ਪਾਰਟੀ ਦਫ਼ਤਰ ਵਿੱਚ ਵਰਕਰਾਂ ਨਾਲ ਮੀਟਿੰਗ ਕੀਤੀ ਤੇ ਬਾਅਦ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਗਜ਼ਿਟ ਪੋਲ ਨੂੰ ਨਕਾਰਦਿਆਂ ਹਰਿਆਣਾ ਵਿੱਚ ਤੀਜੀ ਵਾਰ ਭਾਜਪਾ ਦੀ ਸਰਕਾਰ ਬਣਨ ਦਾ ਦਾਅਵਾ ਕੀਤਾ।
ਸਾਬਕਾ ਮੁੱਖ ਮੰਤਰੀ ਤੇ ਵਿਧਾਨ ਸਭਾ ਹਲਕਾ ਗੜ੍ਹੀ ਸਾਂਪਲਾ ਤੋਂ ਕਾਂਗਰਸ ਦੇ ਉਮੀਦਵਾਰ ਭੁਪਿੰਦਰ ਸਿੰਘ ਹੁੱਡਾ ਨੇ ਵੀ ਐਤਵਾਰ ਦੁਪਹਿਰ ਤੱਕ ਦਾ ਸਮਾਂ ਆਪਣੇ ਪਰਿਵਾਰ ਨਾਲ ਬਿਤਾਇਆ। ਉਸ ਤੋਂ ਬਾਅਦ ਪਾਰਟੀ ਵਰਕਰਾਂ ਨਾਲ ਮੁਲਾਕਾਤ ਕੀਤੀ। ਦੂਜੇ ਪਾਸੇ ਕਾਂਗਰਸ ਦੀ ਉਮੀਦਵਾਰ ਪਹਿਲਵਾਨ ਵਿਨੇਸ਼ ਫੋਗਾਟ ਨੇ ਵੀ ਐਤਵਾਰ ਦਾ ਦਿਨ ਆਪਣੇ ਪਰਿਵਾਰ ਨਾਲ ਬਿਤਾਇਆ। ਵਿਧਾਨ ਸਭਾ ਸਪੀਕਰ ਤੇ ਪੰਚਕੂਲਾ ਤੋਂ ਭਾਜਪਾ ਉਮੀਦਵਾਰ ਗਿਆਨ ਚੰਦ ਗੁਪਤਾ ਨੇ ਪਹਿਲਾਂ ਪਾਰਟੀ ਵਰਕਰਾਂ ਨਾਲ ਮੁਲਾਕਾਤ ਕੀਤੀ। ਇਸ ਤੋਂ ਬਾਅਦ ਮੁੱਖ ਮੰਤਰੀ ਨੂੰ ਚੋਣਾਂ ਦੀ ਮੁਕੰਮਲ ਰਿਪੋਰਟ ਦਿੱਤੀ। ਉੱਧਰ ਪੰਚਕੂਲਾ ਤੋਂ ‘ਆਪ’ ਉਮੀਦਵਾਰ ਪ੍ਰੇਮ ਗਰਗ ਵੱਲੋਂ ਵੀ ਅੱਜ ਆਪਣੇ ਪਰਿਵਾਰ ਨਾਲ ਸਮਾਂ ਗੁਜ਼ਾਰਿਆ ਗਿਆ।