ਕਿਸੇ ਨੇ ਬੱਚਿਆਂ ਨੂੰ ਸੁਣਾਈਆਂ ਲੋਰੀਆਂ ਅਤੇ ਕਿਸੇ ਨੇ ਢਾਣੀਆਂ ਵਿੱਚ ਖੇਡੀ ਤਾਸ਼
ਸੁਰਜੀਤ ਮਜਾਰੀ
ਬੰਗਾ, 27 ਮਈ
ਚੋਣ ਪ੍ਰਚਾਰ ਦੇ ਦਿਨਾਂ ਵਿੱਚ ਉਮੀਦਵਾਰਾਂ ਵੱਲੋਂ ਹੱਥ ਜੋੜਨ ਅਤੇ ਪੈਰੀਂ ਹੱਥ ਲਾਉਣ ਦਾ ਵਰਤਾਰਾ ਤਾਂ ਅਕਸਰ ਦੇਖਣ ਨੂੰ ਮਿਲਦਾ ਹੈ ਪਰ ਇਸ ਵਾਰ ਉਹ ਬੱਚਿਆਂ ਨੂੰ ਗੋਦੀ ਚੁੱਕ ਕੇ ਖਿਡਾਉਂਦੇ ਅਤੇ ਢਾਣੀ ’ਚ ਬੈਠ ਕੇ ਤਾਸ਼ ਖੇਡਦੇ ਵੀ ਨਜ਼ਰ ਆਏ। ਉਹ ਚੋਣ ਪ੍ਰਚਾਰ ਕਰਦਿਆਂ ਲੋਕਾਂ ਦੇ ਆਪਣੇ ਬਣਨ ਲਈ ਤਰ੍ਹਾਂ ਤਰ੍ਹਾਂ ਦੇ ਢੰਗ ਤਰੀਕੇ ਵਰਤ ਰਹੇ ਹਨ। ਵੋਟਰਾਂ ਨੂੰ ਭਰਮਾਉਣ ਲਈ ਉਹ ਸਵੇਰੇ ਗਰਾਊਂਡ ’ਚ ਦੌੜਨ, ਯੋਗ ਪਾਠਸ਼ਾਲਾ ’ਚ ਆਸਣ ਕਰਨ, ਕਸਰਤ ਘਰ ’ਚ ਭੰਗੜਾ ਪਾਉਣ ਦੇ ਪਾਪੜ ਵੇਲਦੇ ਵੀ ਦੇਖੇ ਗਏ। ਚੋਣ ਪ੍ਰਚਾਰ ਨੂੰ ਜਾਂਦਿਆਂ ਕਈ ਉਮੀਦਵਾਰਾਂ ਨੇ ਰਾਹ ’ਚ ਹੀ ਕਾਫ਼ਲੇ ਰੋਕ ਕੇ ਰੇਹੜੀ ’ਤੇ ਗੋਲਗੱਪੇ ਖਾਧੇ ਅਤੇ ਵੇਲਣੇ ’ਤੇ ਰਸ ਪੀਤਾ। ਕੁਲਫ਼ੀਆਂ ਵਾਲੇ ਤੋਂ ਕੁਲਫ਼ੀਆਂ ਅਤੇ ਕੁਲਚਿਆਂ ਵਾਲੇ ਤੋਂ ਕੁਲਚੇ ਖਾਧੇ ਅਤੇ ਜਿਮ ਵਿੱਚ ਡੰਬਲ ਨਾਲ ਕਸਰਤ ਵੀ ਕੀਤੀ। ਇੱਥੇ ਹੀ ਬੱਸ ਨਹੀਂ, ਸਾਈਕਲ, ਸਕੂਟਰ ਚਲਾਉਣ ਦੀ ਕਲਾਕਾਰੀ ਵੀ ਦਿਖਾਈ। ਇੱਥੋਂ ਤੱਕ ਧਾਰਮਿਕ ਸਮਾਗਮਾਂ ’ਚ ਸ਼ਮੂਲੀਅਤ ਕਰਦਿਆਂ ਸਟੇਜ ’ਤੇ ਚੱਲਦੇ ਗਾਇਨ ਨਾਲ ਸੁਰ ਮਿਲਾਉਂਦਿਆਂ ਖੁਦ ਨੂੰ ਝੂਮਣ ਵੀ ਲਾਈ ਰੱਖਿਆ।
ਉਮੀਦਵਾਰਾਂ ਵੱਲੋਂ ਲੋਕਾਂ ਨੂੰ ਆਪਣੇ ਹੋਣ ਦਾ ਭੁਲੇਖਾ ਪਾਉਣ ਲਈ ਪਘੂੰੜੇ ਝੂਟਣ, ਗਰੀਬਾਂ ਦੇ ਘਰ ਰੋਟੀ ਖਾਣ, ਟਰੈਕਟਰ ’ਤੇ ਸਵਾਰ ਹੋਣ, ਕ੍ਰਿਕਟ ਦੇ ਚੌਕੇ ਛਿੱਕੇ ਲਾਉਣ, ਫੁਟਬਾਲ ਦੇ ਗੋੋਲ ਕਰਨ ਆਦਿ ਦ੍ਰਿਸ਼ਾਂ ਦੀਆਂ ਕਈ ਰੀਲਾਂ ਸੋਸ਼ਲ ਮੀਡੀਆ ’ਤੇ ਦੇਖਣ ਨੂੰ ਮਿਲੀਆਂ।