ਜੈਵਿਕ ਖੇਤੀ ਲਈ ਕੁਝ ਸੁਝਾਅ
ਡਾ. ਅਮਨਪ੍ਰੀਤ ਸਿੰਘ ਬਰਾੜ
ਇਸ ਵੇਲੇ ਦੁਨੀਆ ਭਰ ਵਿਚ ਅਮੀਰ ਲੋਕਾਂ ਅਤੇ ਹੁਕਮਰਾਨਾਂ ਵੱਲੋਂ ਜੈਵਿਕ (ਆਰਗੈਨਿਕ) ਖੇਤੀ ਦਾ ਰਾਗ ਅਲਾਪਿਆ ਜਾਂਦਾ ਹੈ। ਦੁਹਾਈ ਦਿੱਤੀ ਜਾਂਦੀ ਹੈ ਕਿ ਖੇਤੀ ਲਈ ਵਰਤੇ ਜਾਣ ਵਾਲੇ ਰਸਾਇਣ ਵਾਤਾਵਰਨ, ਜ਼ਮੀਨ ਦੀ ਸਿਹਤ ਦੇ ਨਾਲ-ਨਾਲ ਲੋਕਾਂ ਦੀ ਸਿਹਤ ’ਤੇ ਵੀ ਅਸਰ ਪਾ ਰਹੇ ਹਨ। ਵਿਕਸਤ ਦੇਸ਼ਾਂ ਵੱਲੋਂ ਵੀ ਜੈਵਿਕ ਖੇਤੀ ਦੇ ਹੱਕ ਵਿਚ ਪ੍ਰਚਾਰ ਕੀਤਾ ਜਾ ਰਿਹਾ ਹੈ। ਅਸਲ ਵਿਚ ਇਨ੍ਹਾਂ ਦੇਸ਼ਾਂ ਦਾ ਇਸ ਵਿਚ ਫ਼ਾਇਦਾ ਹੈ ਕਿਉਂਕਿ ਕਈ ਵਿਕਸਿਤ ਦੇਸ਼ਾਂ ਕੋਲ ਆਪਣੀ ਪੈਦਾਵਾਰ ਜ਼ਿਆਦਾ ਹੈ ਅਤੇ ਆਬਾਦੀ ਘੱਟ ਹੈ। ਉਨ੍ਹਾਂ ਨੂੰ ਆਪਣੀ ਪੈਦਾਵਾਰ ਵੇਚਣ ਲਈ ਭਾਰਤ ਵਰਗੇ ਦੇਸ਼ਾਂ ਦੀ ਮਾਰਕੀਟ ਚਾਹੀਦੀ ਹੈ। ਭਾਰਤ ਵਰਗੇ ਵੱਡੇ ਦੇਸ਼ਾਂ ਨੇ ਆਪਣੀ ਪੈਦਾਵਾਰ ਐਨੀ ਵਧਾ ਲਈ ਕਿ ਉਹ ਆਤਮ-ਨਿਰਭਰ ਨਹੀਂ ਸਗੋਂ ਨਿਰਯਾਤ ਵੀ ਕਰਨ ਲੱਗੇ ਹਨ। ਇਸ ਕਰ ਕੇ ਇਨ੍ਹਾਂ ਦੇਸ਼ਾਂ ਨੂੰ ਫ਼ਿਕਰ ਪੈ ਗਿਆ ਕਿ ਉਨ੍ਹਾਂ ਦੀ ਪੈਦਾਵਾਰ ਦੀ ਲਾਗਤ ਕਿੱਥੇ ਹੋਵੇਗੀ। ਇਸ ਵਿਚ ਕਰਪੋਰੇਟ, ਐਨਜੀਓ ਅਤੇ ਸਰਕਾਰਾਂ ਵੀ ਇਨ੍ਹਾਂ ਦਾ ਸਾਥ ਦਿੰਦੀਆਂ ਨਜ਼ਰ ਆਉਂਦੀਆਂ ਹਨ। ਹਾਲ ਹੀ ਵਿਚ ਨੀਤੀ ਆਯੋਗ ਨੇ ਵੀ ਇਸ ਨੂੰ ਵਧਾਉਣ ਲਈ ਨੀਤੀ ਬਣਾਈ ਹੈ।
ਜੈਵਿਕ ਖੇਤੀ: ਖੇਤੀ ਕਰਨ ਦਾ ਇੱਕ ਢੰਗ ਇਹ ਵੀ ਹੈ ਜਿਸ ਵਿਚ ਰਸਾਇਣਾਂ ਦੀ ਵਰਤੋਂ ਨਹੀਂ ਕੀਤੀ ਜਾਂਦੀ। ਮਿਸਾਲ ਦੇ ਤੌਰ ’ਤੇ ਹਰੀ ਕ੍ਰਾਂਤੀ ਤੋਂ ਪਹਿਲਾਂ ਪੰਜਾਬ ਵਿਚ ਜੈਵਿਕ ਖੇਤੀ ਹੀ ਕੀਤੀ ਜਾਂਦੀ ਸੀ। ਪਹਿਲਾਂ ਜ਼ਮੀਨ ਨੂੰ ਚੰਗੀ ਤਰ੍ਹਾਂ ਵਾਹਿਆ ਜਾਂਦਾ ਸੀ ਤਾਂ ਕਿ ਜ਼ਮੀਨ ਵਿਚ ਫ਼ਸਲ ਬੀਜਣ ਤੋਂ ਪਹਿਲਾਂ ਉੱਗੇ ਨਦੀਨ ਸੁੱਕ ਜਾਣ। ਘਰ ਦੇ ਪਸ਼ੂਆਂ ਦੀ ਰੂੜੀ ਦੀ ਵਰਤੋਂ ਖਾਦ ਦੇ ਤੌਰ ’ਤੇ ਕੀਤੀ ਜਾਂਦੀ ਸੀ। ਫ਼ਸਲ ਵਿਚ ਉੱਗਣ ਵਾਲੇ ਨਦੀਨਾਂ ਲਈ ਗੋਡੀ ਕੀਤੀ ਜਾਂਦੀ ਸੀ। ਇਸੇ ਤਰ੍ਹਾਂ ਜੇ ਕੋਈ ਕੀੜਾ ਜਾਂ ਬਿਮਾਰੀ ਲੱਗਦੀ ਸੀ ਉਸ ਦੀ ਰੋਕਥਾਮ ਲਈ ਵੀ ਕੋਈ ਰਸਾਇਣ ਨਹੀਂ ਸੀ ਵਰਤਿਆ ਜਾਂਦਾ। ਹਰੀ ਕ੍ਰਾਂਤੀ ਮਗਰੋਂ ਅਸੀਂ ਤਕਨੀਕੀ ਖੇਤੀ ਵੱਲ ਵਧੇ ਅਤੇ ਦੇਸ਼ ਵਿਚ ਰਿਕਾਰਡ ਅੰਨ ਪੈਦਾ ਕੀਤਾ। ਇਸ ਨਾਲ ਅਸੀਂ ਖ਼ੁਰਾਕ ਵਿਚ ਆਤਮ-ਨਿਰਭਰ ਹੋ ਗਏ ਪਰ ਹੁਣ ਦੁਬਾਰਾ ਫਿਰ ਤਕਨੀਕੀ ਖੇਤੀ ਤੋਂ ਮੁੜ ਕੇ ਕੁਝ ਕਿਸਾਨ ਲੋਕਾਂ ਦੀ ਮੰਗ ਅਨੁਸਾਰ ਜੈਵਿਕ ਖੇਤੀ ਵੱਲ ਮੁੜ ਰਹੇ ਹਨ। ਇਸ ਸਾਰੇ ਸੰਦਰਭ ਵਿਚ ਇਕ ਗੱਲ ਹਾਸੋ-ਹੀਣੀ ਲੱਗਦੀ ਹੈ ਕਿ ਜਦੋਂ ਅਸੀਂ ਇਨਸਾਨ ਜਾਂ ਪਸ਼ੂ ਦੇ ਅੰਦਰ ਕਿਸੇ ਬਿਮਾਰੀ ਦੇ ਕੀਟਾਣੂ ਮਾਰਨ ਲਈ ਕਿਸੇ ਰਸਾਇਣ (ਗੋਲੀ, ਕੈਪਸੂਲ ਜਾਂ ਟੀਕੇ) ਦੀ ਵਰਤੋਂ ਕਰਦੇ ਹਾਂ ਤਾਂ ਉਸ ਨੂੰ ਦਵਾਈ ਕਿਹਾ ਜਾਂਦਾ ਹੈ ਪਰ ਜਦੋਂ ਬੂਟੇ ਨੂੰ ਲੱਗੇ ਕੀੜੇ ਜਾਂ ਬਿਮਾਰੀ ਰੋਕਣ ਲਈ ਕੋਈ ਰਸਾਇਣ ਵਰਤਦੇ ਹਾਂ ਤਾਂ ਉਸ ਨੂੰ ਜ਼ਹਿਰ ਕਿਹਾ ਜਾਂਦਾ ਹੈ। ਦੋਵਾਂ ਦਾ ਅਸਰ ਇਕੋ ਜਿਹਾ ਹੈ, ਇੱਕ ਨਾਲ ਬੰਦਾ ਬਚ ਜਾਂਦਾ ਹੈ ਦੂਜੇ ਦੀ ਵਰਤੋਂ ਬੂਟੇ ਬਚਾਉਂਦੀ ਹੈ।
ਜੈਵਿਕ ਖੇਤੀ ਦੀਆਂ ਸ਼ਰਤਾਂ: ਜ਼ਮੀਨ ਜਾਂ ਖੇਤ ਜਿਸ ਵਿਚ ਸਰਟੀਫਾਈਡ ਜੈਵਿਕ ਫ਼ਸਲ ਉੱਗਾਉਣੀ ਹੈ ਤਾਂ ਉਸ ਖੇਤ ਵਿਚ ਪਿਛਲੇ ਤਿੰਨ ਸਾਲ ਤੋਂ ਕਿਸੇ ਕਿਸਮ ਦਾ ਇਨਜੈਵਿਕ ਕੈਮੀਕਲ (ਫਰਟੀਲਾਈਜ਼ਰ, ਨਦੀਨਨਾਸ਼ਕ, ਕੀਟਨਾਸ਼ਕ ਜਾਂ ਬਿਮਾਰੀ ਕੰਟਰੋਲ) ਲਈ ਨਾ ਵਰਤਿਆ ਗਿਆ ਹੋਵੇ। ਉਸ ਖੇਤ ਦੁਆਲੇ ਵੀ ਜਗ੍ਹਾ ਛੱਡੀ ਗਈ ਹੋਵੇ ਤਾਂ ਕਿ ਸਪਰੇਅ ਦਾ ਬੀਜੀ ਫ਼ਸਲ ਉੱਪਰ ਅਸਰ ਨਾ ਆਵੇ। ਜੋ ਬੀਜ ਖੇਤ ਵਿਚ ਬੀਜਣਾ ਹੈ, ਉਹ ਪਿੱਛੋਂ ਜੈਵਿਕ ਢੰਗ ਤਰੀਕਿਆਂ ਨਾਲ ਪੈਦਾ ਕੀਤਾ ਹੋਣਾ ਚਾਹੀਦਾ ਹੈ।
ਖਾਦਾਂ: ਫ਼ਸਲ ਦੇ ਖ਼ੁਰਾਕੀ ਤੱਤਾਂ ਦੀ ਪੂਰਤੀ ਲਈ ਹਰੀ ਖਾਦ, ਰੂੜੀ ਕੰਪੋਸਟ, ਫਲੀਦਾਰ ਫ਼ਸਲਾਂ ਜਾਂ ਅਜੋਟੋਬੈਕਟਰ ਵਰਗੇ ਬੈਕਟੀਰੀਆ ਦੀ ਮਦਦ ਲਈ ਜਾਵੇ। ਰਸਾਇਣਕ ਖਾਦਾਂ ਦੀ ਪੱਕੇ ਤੌਰ ’ਤੇ ਮਨਾਹੀ ਹੈ ਹਾਲਾਂਕਿ ਬੂਟਾ ਇਹ ਨਹੀਂ ਪਛਾਣਦਾ ਕਿ ਖ਼ੁਰਾਕੀ ਤੱਤ ਕੰਪੋਸਟ ’ਚੋਂ ਆਇਆ ਹੈ ਜਾਂ ਰਸਾਇਣਕ ਖਾਦ ’ਚੋਂ।
ਨਦੀਨਾਂ ਦੀ ਰੋਕਥਾਮ: ਨਦੀਨਾਂ ਦੀ ਰੋਕਥਾਮ ਲਈ ਫ਼ਸਲੀ ਚੱਕਰ, ਫ਼ਸਲਾਂ ਉਗਾਉਣ ਦੀਆਂ ਤਕਨੀਕਾਂ ਜਿਵੇਂ ਕਤਾਰਾਂ ਵਿਚ ਬੀਜ ਕੇ ਕਤਾਰ ਵਿਚ ਹੈਰੋ ਜਾਂ ਹਲ ਫੇਰਨਾ, ਝੋਨੇ ਵਿਚ ਪਾਣੀ ਖੜ੍ਹਾ ਕਰਨਾ ਅਤੇ ਰਹਿੰਦੇ ਨਦੀਨ ਨੂੰ ਗੋਡੀ ਕਰ ਕੇ ਕੱਢਣਾ ਕੋਈ ਵੀ ਨਦੀਨਨਾਸ਼ਕ ਖਾਲੀ ਖੇਤ ਵਿਚ ਜਾਂ ਖੜ੍ਹੀ ਫ਼ਸਲ ਵਿਚ ਨਹੀਂ ਵਰਤਿਆ ਜਾਂਦਾ।
ਕੀਟਨਾਸ਼ਕ: ਕੀੜਿਆਂ ਦੇ ਖ਼ਾਤਮੇ ਲਈ ਇਨਸੈਕਟੀਸਾਈਡ ਨਹੀਂ ਵਰਤਣੀ। ਇਸ ਲਈ ਫੀਰੋਮੋਨ ਟਰੈਪ, ਟਰਾਈਕੋ ਕਾਰਡ ਵਗੈਰਾ ਵਰਤੇ ਜਾ ਸਕਦੇ ਹਨ।
ਜੈਵਿਕ ਖੇਤੀ ਦੀ ਹਮਾਇਤ ਵਾਲੇ ਦੇਸ਼ਾਂ ਦੇ ਹਾਲਾਤ
ਜਾਪਾਨ: ਜਾਪਾਨ ਦੀ ਕੁਦਰਤੀ ਖੇਤੀ ਦੇ ਤਰਕ ਦੁਨੀਆਂ ਭਰ ਵਿਚ ਸਲਾਹੇ ਜਾ ਰਹੇ ਹਨ। ਜਾਪਾਨ ’ਚ ਕੁੱਲ ਜ਼ਮੀਨ ਦਾ 20 ਫ਼ੀਸਦੀ ਵਾਹੀ ਯੋਗ ਹੈ। ਇਸ ’ਚ ਜੈਵਿਕ ਖੇਤੀ ਸਿਰਫ਼ 0.5 ਫੀਸਦੀ ਹੈ, ਇਹ ਅੰਕੜੇ 2021 ਤਕ ਦੇ ਹਨ। ਇਸ ’ਚ ਗ਼ੌਰਤਲਬ ਗੱਲ ਹੈ ਕਿ ਜਾਪਾਨ ਆਪਣੀ 20 ਫ਼ੀਸਦੀ ਜ਼ਮੀਨ ’ਚੋਂ 40 ਫ਼ੀਸਦੀ ਖ਼ੁਰਾਕੀ ਜ਼ਰੂਰਤ ਪੂਰੀ ਕਰਦਾ ਹੈ, ਬਾਕੀ ਬਾਹਰੋਂ ਮੰਗਵਾਉਂਦਾ ਹੈ। ਦੱਸਣਾ ਜ਼ਰੂਰੀ ਹੈ ਕਿ ਜਾਪਾਨ ਰਸਾਇਣਕ ਖਾਦਾਂ ਤੇ ਕੀਟਨਾਸ਼ਕ ਦੀ ਵਰਤੋਂ ’ਚ ਦੁਨੀਆ ਦਾ ਨੰਬਰ ਇੱਕ ਦੇਸ਼ ਹੈ।
ਆਸਟਰੇਲੀਆ: ਆਸਟਰੇਲੀਆ ਦੁਨੀਆ ਦਾ ਸਭ ਤੋਂ ਪਹਿਲਾ ਦੇਸ਼ ਹੈ ਜੋ ਦੁਨੀਆ ਦੇ ਮੁਕਾਬਲੇ ਜ਼ਿਆਦਾ ਰਕਬੇ ’ਤੇ ਜੈਵਿਕ ਖੇਤੀ ਕਰਦਾ ਹੈ (2-8 ਫ਼ੀਸਦੀ)। ਹਾਲਾਂਕਿ ਇਸ ਦੀ ਜੈਵਿਕ ਪੈਦਾਵਾਰ ਦੁਨੀਆਂ ਦੀ ਕੁੱਲ ਜੈਵਿਕ ਪੈਦਾਵਾਰ ਦਾ 32 ਫ਼ੀਸਦੀ ਹੈ।
ਯੂਰੋਪੀਅਨ ਯੂਨੀਅਨ: ਯੂਰੋਪੀਅਨ ਯੂਨੀਅਨ ਦੇ ਨਿਯਮ ਲੇਬਲ ਪੱਖੋਂ ਕਾਫ਼ੀ ਸਖ਼ਤ ਹਨ। ਇੱਥੇ ਵੀ ਜ਼ਮੀਨ ਦੇ ਸਿਰਫ਼ 9.1 ਫ਼ੀਸਦੀ ਹਿੱਸੇ ਵਿਚ ਜੈਵਿਕ ਖੇਤੀ ਹੁੰਦੀ ਹੈ। ਇਸ ਵਿਚ ਚਾਰ ਦੇਸ਼ ਜੋ ਸਭ ਤੋਂ ਜ਼ਿਆਦਾ ਜੈਵਿਕ ਖੇਤੀ ਕਰਦੇ ਹਨ, ਉਹ ਹਨ ਫਰਾਂਸ, ਸਪੇਨ, ਇਟਲੀ ਅਤੇ ਜਰਮਨੀ ਪਰ ਫਰਾਂਸ ਹੁਣ ਜੈਵਿਕ ਖੇਤੀ ਤੋਂ ਮੁੜ ਤਕਨੀਕੀ ਖੇਤੀ ਵਲ ਵਧ ਰਿਹਾ ਹੈ ਕਿਉਂਕਿ ਜੈਵਿਕ ਵਿਚ ਉਪਜ ਘੱਟ ਹੋਣ ਕਰ ਕੇ ਮਹਿੰਗੀ ਪੈਂਦੀ ਹੈ ਤੇ ਵਾਜਬ ਮੁੱਲ ਨਹੀਂ ਮਿਲਦਾ।
ਅਮਰੀਕਾ: ਅਮਰੀਕਾ ਵਿਚ ਵੀ ਇਸ ਤਰ੍ਹਾਂ ਦੇ ਹਾਲਾਤ ਹਨ। 2016 ਤੱਕ 24 ਲੱਖ ਫਾਰਮਾਂ ਵਿਚੋਂ ਸਿਰਫ਼ 14,000 ਸਰਟੀਫਾਈਡ ਜੈਵਿਕ ਫਾਰਮ ਸਨ। ਜਦੋਂਕਿ ਅਮਰੀਕਾ ਵਿੱਚ ਭਾਰੀ ਮਾਤਰਾ ਵਿਚ ਜੀਐਮ ਬੀਜ ਵਰਤ ਕੇ ਫ਼ਸਲਾਂ ਤਿਆਰ ਕੀਤੀਆਂ ਜਾਂਦੀਆਂ ਹਨ।
ਅੱਜ ਭਾਰਤ ਨੂੰ ਇਸ ਰਾਹ ਤੇ ਤੁਰਨ ਲਈ ਜਿੱਥੇ ਕੌਮਾਂਤਰੀ ਏਜੰਸੀਆਂ ਜ਼ੋਰ ਪਾ ਰਹੀਆਂ ਹਨ, ਉੱਥੇ ਪੂੰਜੀਪਤੀਆਂ ਦੀ ਚਲਾਈ ਮੁਹਿੰਮ ਦਾ ਸ਼ਿਕਾਰ ਆਮ ਲੋਕ ਵੀ ਹੋ ਰਹੇ ਹਨ। ਉਨ੍ਹਾਂ ਦੇ ਮਨ ਵਿਚ ਬੈਠ ਗਿਆ ਹੈ ਕਿ ਪੰਜਾਬ ਵਿਚ ਜ਼ਹਿਰਾਂ ਦੀ ਖੇਤੀ ਹੋ ਰਹੀ ਹੈ। ਹਾਲਾਂਕਿ ਜਿੰਨੇ ਵੀ ਰਸਾਇਣ ਵਰਤੇ ਜਾਂਦੇ ਹਨ, ਉਹ ਸਾਰੇ ਬਾਇਓਡੀਗ੍ਰੇਡੇਬਲ ਹਨ। ਸਮੇਂ ਨਾਲ ਇਨ੍ਹਾਂ ਦਾ ਅਸਰ ਘਟਦਾ ਜਾਂਦਾ ਹੈ। ਬਾਕੀ ਖਾਣਾ ਪਕਾਉਣ ਵੇਲੇ ਇਨ੍ਹਾਂ ਦੇ ਮਾਲੀਕਿਊਲ ਟੁੱਟ ਕੇ ਅਸਰ ਖ਼ਤਮ ਹੋ ਜਾਂਦਾ ਹੈ।
ਇਸ ਵੇਲੇ ਸਾਡੇ ਦੇਸ਼ ਵਿਚ ਵੀ ਅਨਾਜ ਪੂਰਾ ਨਹੀਂ ਹੋ ਰਿਹਾ। ਇਸ ਦਾ ਸਬੂਤ ਹੈ ਕਿ 2022 ਤੋਂ ਪਹਿਲਾਂ ਕਣਕ ਅਤੇ ਫਿਰ ਚੌਲਾਂ ਦੀ ਬਰਾਮਦ ’ਤੇ ਰੋਕ ਲਗਾਈ ਗਈ। ਹਾਲਾਂਕਿ 2023 ਦੇ ਦੂਜੇ ਕੁਆਰਟਰ ਵਿਚ ਚੌਲਾਂ ’ਤੇ ਰੋਕ ਹਟਾਈ ਗਈ ਜੋ ਜੁਲਾਈ ਵਿਚ ਦੁਬਾਰਾ ਫਿਰ ਲਗਾ ਦਿੱਤੀ ਗਈ। ਉਧਰ, ਲੋਕ ਭੁੱਖਮਰੀ ਨਾਲ ਘੁਲ ਰਹੇ ਹਨ। ਸਾਲ 2020 ਤੋਂ ਭਾਰਤ ਸਰਕਾਰ 80 ਕਰੋੜ ਲੋਕਾਂ ਨੂੰ ਸਸਤਾ ਅਨਾਜ ਮੁਹੱਈਆ ਕਰਵਾ ਰਹੀ ਹੈ। ਅਜਿਹੇ ਹਾਲਾਤ ਵਿਚ ਜੈਵਿਕ ਖੇਤੀ ਲੋਕਾਂ ਦੀ ਲੋੜ ਪੂਰੀ ਨਹੀਂ ਕਰ ਸਕੇਗੀ।
ਨਿਚੋੜ: ਜੈਵਿਕ ਖੇਤੀ ਅਮੀਰ ਬੰਦਿਆਂ ਦੀ ਮੰਗ ਅਨੁਸਾਰ ਤੇ ਆਮਦਨ ਦੇ ਲਿਹਾਜ਼ ਨਾਲ ਅਪਣਾ ਲੈਣੀ ਚਾਹੀਦੀ ਹੈ। ਬਹੁਤਾ ਜ਼ੋਰ ਤਕਨੀਕੀ ਖੇਤੀ ’ਤੇ ਹੀ ਦੇਣਾ ਚਾਹੀਦਾ ਹੈ। ਰਸਾਇਣਾਂ ਦੀ ਵਰਤੋਂ ਲੋੜ ਅਨੁਸਾਰ ਮਾਹਿਰਾਂ ਦੀ ਸਿਫ਼ਾਰਸ਼ ਦੇ ਆਧਾਰ ’ਤੇ ਕਰਨੀ ਚਾਹੀਦੀ ਹੈ। ਕੈਂਸਰ ਜਾਂ ਹੋਰ ਬਿਮਾਰੀਆਂ ਦੀ ਜੜ੍ਹ ਸਨਅਤੀ ਪ੍ਰਦੂਸ਼ਣ ਹੈ, ਖੇਤੀ ਨਹੀਂ।
ਸੰਪਰਕ: 96537-90000