ਨਿਹੰਗ ਬਾਣੇ ਦੀ ਮਹੱਤਤਾ ਨੂੰ ਅਣਗੌਲਿਆਂ ਕਰ ਰਹੇ ਨੇ ਕੁਝ ਲੋਕ: ਜਥੇਦਾਰ
ਜਗਜੀਤ ਸਿੰਘ ਸਿੱਧੂ
ਤਲਵੰਡੀ ਸਾਬੋ, 30 ਜੁਲਾਈ
ਬੁੱਢਾ ਦਲ ਦੇ ਗਿਆਰਵੇਂ ਜਥੇਦਾਰ ਬਾਬਾ ਸਾਹਿਬ ਸਿੰਘ ਕਲਾਧਾਰੀ ਦੀ 82ਵੀਂ ਸਾਲਾਨਾ ਬਰਸੀ ਸ਼ਰਧਾ ਨਾਲ ਮਨਾਈ ਗਈ। ਬਰਸੀ ਸਮਾਗਮਾਂ ਵਿੱਚ ਤਖ਼ਤ ਸਾਹਬਾਨ ਦੇ ਜਥੇਦਾਰਾਂ ਅਤੇ ਵੱਖ-ਵੱਖ ਧਾਰਮਿਕ ਸੰਸਥਾਵਾਂ ਤੋਂ ਧਾਰਮਿਕ ਸ਼ਖ਼ੀਅਤਾਂ ਨੇ ਹਾਜ਼ਰੀ ਭਰੀ।
ਬੁੱਢਾ ਦਲ ਦੇ ਮੌਜੂਦਾ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਨੇ ਬਰਸੀ ਸਮਾਗਮਾਂ ਨੂੰ ਸਬੋਧਨ ਕਰਦਿਆਂ ਕਿਹਾ ਕਿ ਗੁਰੂ ਦੀਆਂ ਲਾਡਲੀਆਂ ਫੌਜਾਂ ਨੇ ਬਾਣੀ ਬਾਣੇ ਅਤੇ ਗੁਰੂ ਵੱਲੋਂ ਬਖਸ਼ਿਸ਼ ਸਿੱਖ ਮਰਿਆਦਾ ਨੂੰ ਪੂਰਨ ਰੂਪ ਵਿੱਚ ਸੰਭਾਲ ਰੱਖਿਆ ਹੈ। ਅੱਜ ਹਾਲਾਤ ਇੱਕਜੁਟਤਾ, ਆਪਸੀ ਸਦਭਾਵਨਾ ਦੀ ਮੰਗ ਕਰਦੇ ਹਨ। ਸਾਰੇ ਦਲਾਂ ਨੂੰ ਇਕ-ਦੂਜੇ ਨੂੰ ਸਹਿਯੋਗ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਭੇਖੀ ਲੋਕਾਂ ਦੀ ਨਿਹੰਗ ਸਿੰਘ ਦਲਾਂ ’ਚ ਕੋਈ ਥਾਂ ਨਹੀਂ ਹੈ। ਉਨ੍ਹਾਂ ਕਿਹਾ ਕਿ ਕੋਈ ਨਿਹੰਗ ਸਿੰਘ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਦਾ ਉਲੰਘਣ ਨਾ ਕਰੇ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਤੇ ਤਖ਼ਤ ਦਮਦਮਾ ਸਾਹਿਬ ਦੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਮੌਜੂਦਾ ਹਲਾਤਾਂ ’ਤੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਕੁੱਝ ਲੋਕ ਇਸ ਪਵਿੱਤਰ ਨਿਹੰਗ ਸਿੰਘ ਬਾਣੇ ਦੀ ਮਹੱਤਤਾ ਨੂੰ ਅਣਗੌਲਿਆ ਕਰ ਰਹੇ ਹਨ। ਨਿਹੰਗ ਸਿੰਘ ਸਾਡੀ ਆਣ, ਬਾਣ, ਸ਼ਾਨ ਹਨ। ਤਖ਼ਤ ਸ੍ਰੀ ਕੇਸਗੜ੍ਹ ਦੇ ਸਿੰਘ ਸਾਹਿਬ ਜਥੇਦਾਰ ਸੁਲਤਾਨ ਸਿੰਘ ਨੇ ਕਿਹਾ ਸ੍ਰੀ ਅਕਾਲ ਤਖ਼ਤ ਸਾਹਿਬ ਮਹਾਨ ਸਰਵਉਚ ਹੈ ਜੋ ਨਿਮਰਤਾ ਤੇ ਸਿਰ ਝੁਕਾ ਕੇ ਆਉਂਦਾ ਹੈ ਉਸ ਦੀਆਂ ਭੁੱਲਾਂ ਬਖ਼ਸ਼ ਹੋ ਜਾਂਦੀਆਂ ਹਨ। ਉਨ੍ਹਾਂ ਕਿਹਾ ਜੋ ਅੜਦਾ ਹੈ ਉਹ ਝੜਦਾ ਹੈ। ਇਸ ਤੋਂ ਪਹਿਲਾਂ ਬੁੱਢਾ ਦਲ ਦੇ ਮੁੱਖ ਗ੍ਰੰਥੀ ਬਾਬਾ ਮੱਘਰ ਸਿੰਘ, ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਕਰਨੈਲ ਸਿੰਘ, ਬਾਬਾ ਮਨਮੋਹਨ ਸਿੰਘ ਬਾਰਨਵਾਲੇ ਨੇ ਗੁਰਬਾਣੀ ਕੀਰਤਨ ਕੀਤਾ। ਪੰਥ ਪ੍ਰਸਿੱਧ ਕਥਾਵਾਚਕਾਂ ਨੇ ਗੁਰ ਇਤਿਹਾਸ ਦੀ ਸੰਗਤਾਂ ਨਾਲ ਸਾਂਝ ਪਾਈ। ਢਾਡੀ ਜਥਿਆਂ ਨੇ ਸਿੱਖ ਇਤਿਹਾਸ ਦੀਆਂ ਬੀਰ ਰਸ ਵਾਰਾਂ ਪੇਸ਼ ਕੀਤੀਆਂ। ਗੱਤਕਾ ਟੀਮਾਂ ਨੇ ਗੱਤਕੇ ਦੇ ਜੌਹਰ ਦਿਖਾਏ ਅੰਤ ਵਿੱਚ ਬੁੱਢਾ ਮੁਖੀ ਬਾਬਾ ਬਲਬੀਰ ਸਿੰਘ ਨੇ ਬਰਸੀ ਸਮਾਗਮ ਵਿੱਚ ਪੁੱਜੀਆਂ ਧਾਰਮਿਕ ਸ਼ਖ਼ਸੀਅਤਾਂ ਦਾ ਸਨਮਾਨ ਕਰਦਿਆਂ ਧੰਨਵਾਦ ਕੀਤਾ। ਇਸ ਮੌਕੇ ਦਿਲਜੀਤ ਸਿੰਘ ਬੇਦੀ ਸਕੱਤਰ ਬੁੱਢਾ ਦਲ, ਬਾਬਾ ਜੱਸਾ ਸਿੰਘ ਤਲਵੰਡੀ ਸਾਬੋ, ਬਾਬਾ ਵੱਸਣ ਸਿੰਘ ਮੜੀਆਂਵਾਲੇ, ਬਾਬਾ ਕਾਕਾ ਸਿੰਘ ਮਸਤੂਆਣਾ, ਬਾਬਾ ਇੰਦਰ ਸਿੰਘ, ਭਾਈ ਮੇਜਰ ਸਿੰਘ ਮੁਖਤਿਆਰੇਆਮ, ਭਾਈ ਸੁਖਵਿੰਦਰ ਸਿੰਘ ਮੌਰ ਆਦਿ ਹਾਜ਼ਰ ਸਨ।