For the best experience, open
https://m.punjabitribuneonline.com
on your mobile browser.
Advertisement

ਧਰਮਾਂ ਦੇ ਆਧਾਰ ’ਤੇ ਲੜਾ ਕੇ ਸੱਤਾ ਹਾਸਲ ਕਰਨਾ ਚਾਹੁੰਦੀਆਂ ਨੇ ਕੁਝ ਪਾਰਟੀਆਂ: ਸੁਖਬੀਰ

07:47 AM Apr 02, 2024 IST
ਧਰਮਾਂ ਦੇ ਆਧਾਰ ’ਤੇ ਲੜਾ ਕੇ ਸੱਤਾ ਹਾਸਲ ਕਰਨਾ ਚਾਹੁੰਦੀਆਂ ਨੇ ਕੁਝ ਪਾਰਟੀਆਂ  ਸੁਖਬੀਰ
ਸੁਖਬੀਰ ਸਿੰਘ ਬਾਦਲ ਇਫ਼ਤਾਰ ਪਾਰਟੀ ਨੂੰ ਸੰਬੋਧਨ ਕਰਦੇ ਹੋਏ।
Advertisement

ਹੁਸ਼ਿਆਰ ਸਿੰਘ ਰਾਣੂ
ਮਾਲੇਰਕੋਟਲਾ, 1 ਅਪਰੈਲ
‘ਸ਼੍ਰੋਮਣੀ ਅਕਾਲੀ ਦਲ ਆਮ ਸਿਆਸੀ ਪਾਰਟੀਆਂ ਵਰਗੀ ਪਾਰਟੀ ਨਹੀਂ ਜੋ ਸਿਰਫ਼ ਸੱਤਾ ਹਾਸਲ ਕਰਨ ਲਈ ਹੀ ਹੋਂਦ ’ਚ ਆਈ ਸੀ। ਅਕਾਲੀ ਦਲ ਸਿੱਖ ਗੁਰੂ ਸਾਹਿਬ ਦੇ ਸਰਬੱਤ ਦੇ ਭਲੇ ਦੇ ਸਿਧਾਂਤ ਨੂੰ ਪ੍ਰਣਾਈ ਹੋਈ ਪਾਰਟੀ ਹੈ ਜੋ ਭਾਈਚਾਰਕ ਏਕਤਾ ਅਤੇ ਫ਼ਿਰਕੂ ਸਦਭਾਵਨਾ ਦੀ ਮੁੱਦਈ ਹੈ।’ ਇਹ ਗੱਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਹਲਕਾ ਇੰਚਾਰਜ ਬੀਬਾ ਜ਼ਾਹਿਦਾ ਸੁਲੇਮਾਨ ਵੱਲੋਂ ਕਰਵਾਈ ਗਈ ਇਫ਼ਤਾਰ ਪਾਰਟੀ ’ਚ ਸ਼ਾਮਲ ਮੁਸਲਿਮ ਭਾਈਚਾਰੇ ਨੂੰ ਸੰਬੋਧਨ ਕਰਦਿਆਂ ਕਹੀ।
ਉਨ੍ਹਾਂ ਕਿਹਾ ਕਿ ਭਾਰਤ ਸਭ ਧਰਮਾਂ ਦੇ ਲੋਕਾਂ ਦਾ ਸਾਂਝਾ ਦੇਸ਼ ਹੈ। ਦੇਸ਼ ਦਾ ਸੰਵਿਧਾਨ ਵੀ ਸਭ ਨੂੰ ਬਰਾਬਰ ਦੇ ਹੱਕ ਪ੍ਰਦਾਨ ਕਰਦਾ ਹੈ। ਦੇਸ਼ ’ਚ ਧਰਮ ਦੇ ਆਧਾਰ ‘ਤੇ ਕਿਸੇ ਨਾਲ ਵਿਤਕਰਾ ਨਹੀਂ ਹੋਣਾ ਚਾਹੀਦਾ। ਕੁਝ ਸਿਆਸੀ ਧਿਰਾਂ ਦੇਸ਼ ਦੇ ਦੋ ਧਰਮਾਂ ਦੇ ਲੋਕਾਂ ਨੂੰ ਇੱਕ-ਦੂਜੇ ਨਾਲ ਲੜਾ ਕੇ ਸੱਤਾ ਹਾਸਲ ਕਰਨਾ ਚਾਹੁੰਦੀਆਂ ਹਨ ਅਜਿਹਾ ਨਹੀਂ ਹੋਣਾ ਚਾਹੀਦਾ। ਉਨ੍ਹਾਂ ਕਿਹਾ ਕਿ ਪੰਜਾਬ ਤਾਂ ਹੀ ਤਰੱਕੀ ਕਰ ਸਕਦਾ ਹੈ ਜੇ ਸੂਬੇ ਅੰਦਰ ਭਾਈਚਾਰਕ ਸਾਂਝ ਮਜ਼ਬੂਤ ਹੋਵੇਗੀ। ਸਾਬਕਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਦਲ ਕਦੇ ਵੀ ਪੰਥਕ ਅਤੇ ਪੰਜਾਬ ਦੇ ਹਿੱਤਾਂ ਦੀ ਅਣਦੇਖੀ ਕਰਕੇ ਕਿਸੇ ਪਾਰਟੀ ਨਾਲ ਚੋਣ ਸਮਝੌਤਾ ਨਹੀਂ ਕਰੇਗਾ।
ਦਲ ਦੀ ਕੋਰ ਕਮੇਟੀ ਦੇ ਮੈਂਬਰ ਇਕਬਾਲ ਸਿੰਘ ਝੂੰਦਾਂ ਨੇ ਕਿਹਾ ਕਿ ਅਕਾਲੀ ਦਲ ਪੰਜਾਬ, ਪੰਥ ਅਤੇ ਘੱਟਗਿਣਤੀਆਂ ਦੇ ਹਿੱਤਾਂ ਦੀ ਪਹਿਰੇਦਾਰ ਪਾਰਟੀ ਹੈ। ਬੀਬਾ ਜ਼ਾਹਿਦਾ ਸੁਲੇਮਾਨ ਨੇ ਕਿਹਾ ਕਿ ਅਕਾਲੀ ਦਲ ਸੂਬੇ ਅਤੇ ਘੱਟਗਿਣਤੀਆਂ ਦੇ ਹੱਜ ਵਿੱਚ ਆਵਾਜ਼ ਹੀ ਨਹੀਂ ਉਠਾਉਂਦਾ ਸਗੋਂ ਡਟ ਕੇ ਪਹਿਰੇਦਾਰੀ ਵੀ ਕਰਦਾ ਹੈ। ਉਨ੍ਹਾਂ ਕਿਹਾ ਕਿ ਮੁਸਲਿਮ ਭਾਈਚਾਰੇ ਨੂੰ ਆਪਣੇ ਅੰਦਰ ਸਿਆਸੀ ਚੇਤਨਤਾ ਜਗਾਉਣੀ ਚਾਹੀਦੀ ਹੈ ਤੇ ਮਸਜਿਦਾਂ ਅੰਦਰ ਫ਼ਲਸਤੀਨ ਦੇ ਮੁੱਦੇ ’ਤੇ ਚਰਚਾ ਕਰਨੀ ਚਾਹੀਦੀ ਹੈ।
ਇਸ ਮੌਕੇ ਮੁਹੰਮਦ ਤੂਫੈਲ ਮਲਿਕ, ਸਾਬਕਾ ਚੇਅਰਮੈਨ ਮੇਘ ਸਿੰਘ ਗੁਆਰਾ, ਸਾਬਕਾ ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਜਸਵੀਰ ਸਿੰਘ ਦਿਉਲ, ਸਾਬਕਾ ਚੇਅਰਮੈਨ ਹਰਦੀਪ ਸਿੰਘ ਖਟੜਾ,ਸਾਬਕਾ ਵਿਧਾਇਕ ਗਗਨਜੀਤ ਸਿੰਘ ਬਰਨਾਲਾ, ਅਮਰਿੰਦਰ ਸਿੰਘ ਮੰਡੀਆਂ,ਸਤਿਗੁਰ ਸਿੰਘ ਨਮੋਲ,ਚੌਧਰੀ ਇਲਮ ਦੀਨ ਮੁਨੀਮ, ਸ਼ਫੀਕ ਚੌਹਾਨ, ਚੌਧਰੀ ਖ਼ੁਸ਼ੀ ਮੁਹੰਮਦ ਪੋਪਾ, ਐੱਸ.ਆਜ਼ਾਦ ਸਿਦੀਕੀ, ਹਰਦੇਵ ਸਿੰਘ ਸੇਹਕੇ ਆਦਿ ਹਾਜ਼ਰ ਸਨ।

Advertisement

Advertisement
Author Image

Advertisement
Advertisement
×