ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕਈਆਂ ਦੇ ਭੁਲੇਖੇ ਕੱਢੇ, ਕਈਆਂ ਦੇ ਕੱਢਣੇ ਬਾਕੀ: ਵੜਿੰਗ

07:12 AM Jul 19, 2024 IST
ਪੰਜਾਬ ਹਾਕੀ ਅਕੈਡਮੀ ਚਚਰਾੜੀ ਵਿੱਚ ਖਿਡਾਰੀਆਂ ਨਾਲ ਅਮਰਿੰਦਰ ਸਿੰਘ ਰਾਜਾ ਵੜਿੰਗ।

ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 18 ਜੁਲਾਈ
ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਲੁਧਿਆਣਾ ਤੋਂ ਲੋਕ ਸਭਾ ਦੀ ਚੋਣ ਜਿੱਤਣ ਮਗਰੋਂ ਅੱਜ ਪਹਿਲੀ ਵਾਰ ਹਲਕੇ ਦੇ ਪਿੰਡਾਂ ਦਾ ਦੌਰਾ ਕੀਤਾ। ਧੰਨਵਾਦੀ ਦੌਰਾ ਕਰਨ ਮੌਕੇ ਉਨ੍ਹਾਂ ਕਿਹਾ, ‘‘ਜਿਹੜੇ ਲੋਕ ਚੋਣਾਂ ਮਗਰੋਂ ਦਿਖਾਈ ਨਾ ਦੇਣ ਦੀ ਗੱਲ ਕਰਦੇ ਸਨ ਅੱਜ ਉਨ੍ਹਾਂ ਦੇ ਮੂੰਹ ਬੰਦ ਹੋ ਗਏ ਹਨ। ਅਗਲੇ ਪੰਜ ਸਾਲ ਇਸੇ ਤਰ੍ਹਾਂ ਲੋਕਾਂ ’ਚ ਸਰਗਰਮ ਰਹਿ ਕੇ ਵਿਰੋਧੀਆਂ ਨੂੰ ਮੂੰਹ ਖੋਲ੍ਹਣ ਜੋਗੇ ਨਹੀਂ ਛੱਡਾਂਗੇ।
ਪਹਿਲਾਂ ਵੀ ਕਈਆਂ ਦੇ ਭੁਲੇਖੇ ਦੂਰ ਕੀਤੇ ਨੇ ਅਤੇ ਅੱਗੇ ਵੀ ਕਈਆਂ ਦੇ ਭੁਲੇਖੇ ਦੂਰ ਕਰਨੇ ਹਨ।’’ ਨੇੜਲੇ ਪਿੰਡ ਚਚਰਾੜੀ ਵਿਚਲੀ ਪੰਜਾਬ ਹਾਕੀ ਅਕੈਡਮੀ ’ਚ ਪਹੁੰਚੇ ਰਾਜਾ ਵੜਿੰਗ ਨੇ ਕਿਹਾ ਕਿ ਸੰਸਦ ’ਚ ਦਿੱਤੇ ਪਹਿਲੇ ਭਾਸ਼ਣ ਵਿੱਚ ਉਨ੍ਹਾਂ ਨੇ ਕਿਸਾਨਾਂ ਦੇ ਕਰਜ਼ੇ, ਮੰਗਾਂ ਤੇ ਸਮੱਸਿਆ ਦਾ ਮੁੱਦਾ ਚੁੱਕਿਆ। ਅਗਾਂਹ ਵੀ ਲੋਕ ਮਸਲਿਆਂ ਨੂੰ ਇਸੇ ਤਰ੍ਹਾਂ ਸ਼ਿੱਦਤ ਨਾਲ ਉਭਾਰਨ ਦਾ ਉਨ੍ਹਾਂ ਵਾਅਦਾ ਕੀਤਾ ਹੈ। ਉਨ੍ਹਾਂ ਕਿਹਾ ਕਿ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦਾ ਮੁੱਦਾ ਵੀ ਲੋਕ ਸਭਾ ’ਚ ਚੁੱਕਿਆ ਅਤੇ ਇਸ ਚਹੇਤੇ ਕਲਾਕਾਰ ਲਈ ਇਨਸਾਫ਼ ਮੰਗਿਆ ਹੈ। ਉਨ੍ਹਾਂ ਕਿਹਾ ਕਿ ਦਾਖਾ ਤੇ ਜਗਰਾਉਂ ਹਲਕਿਆਂ ਦੇ ਵੋਟਰਾਂ ਦਾ ਉਹ ਦੇਣਾ ਨਹੀਂ ਦੇ ਸਕਦੇ ਜਿਨ੍ਹਾਂ ਨੇ ਜਿਤਾਉਣ ਲਈ ਵੋਟਾਂ ਪਾਉਣ ’ਚ ਕੋਈ ਕਸਰ ਬਾਕੀ ਨਹੀਂ ਛੱਡੀ। ਹਲਕਾ ਦਾਖਾ ਦੇ ਇੰਚਾਰਜ ਕੈਪਟਨ ਸੰਦੀਪ ਸੰਧੂ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਜੇ ਇਹ ਦੋਵੇਂ ਹਲਕੇ ਥੋੜ੍ਹੇ ਜਿਹੇ ਢਿੱਲੇ ਪੈ ਜਾਂਦੇ ਤਾਂ ਪਾਸਾ ਪਲਟ ਜਾਣਾ ਸੀ।
ਉਨ੍ਹਾਂ ਕਿਹਾ ਕਿ ਭਾਜਪਾ ਮੰਦਰ ਮਸਜਿਦ ਦੇ ਰੌਲੇ ’ਚ ਚੋਣ ਲੜਦੀ ਹੈ, ਜਿਸ ਨੂੰ ਪੰਜਾਬੀਆਂ ਨੇ ਭਾਈਚਾਰਕ ਸਾਂਝ ਦਾ ਸਬੂਤ ਦੇ ਕੇ ਨਕਾਰਿਆ ਅਤੇ ਅਗਾਂਹ ਵੀ ਪੰਜਾਬ ਇਹ ਫਿਰਕੂ ਪੱਤਾ ਸਫ਼ਲ ਨਹੀਂ ਹੋਣ ਦੇਵੇਗਾ। ਭਾਜਪਾ ਨੂੰ ਪੰਜਾਬ ’ਚੋਂ ਪਿਛਲੇ 26 ਸਾਲਾਂ ’ਚ ਪਹਿਲੀ ਵਾਰ ਇਕ ਵੀ ਸੀਟ ਨਹੀਂ ਆਈ, ਜਦਕਿ ਪਹਿਲਾਂ ਪਠਾਨਕੋਟ ਜਾਂ ਹੁਸ਼ਿਆਰਪੁਰ ’ਚੋਂ ਇਕ ਨਾ ਇਕ ਸੀਟ ਇਹ ਪਾਰਟੀ ਜਿੱਤਦੀ ਆਈ ਹੈ। ਕੈਨੇਡਾ ’ਚ ਕੰਮ ਨਾ ਮਿਲਣ ਅਤੇ ਬੇਰੁਜ਼ਗਾਰੀ ਵਧਣ ਦਾ ਜ਼ਿਕਰ ਕਰਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਇਹ ਇਕੱਲੇ ਕੈਨੇਡਾ ਲਈ ਨਹੀਂ ਸਗੋਂ ਪੰਜਾਬ ਲਈ ਸੋਚਣ ਵਾਲਾ ਗੰਭੀਰ ਮੁੱਦਾ ਹੈ। ਹੁਣ ਤੱਕ ਹਰੇਕ ਸਾਲ ਲੱਖਾਂ ਪੰਜਾਬੀ ਵਿਦਿਆਰਥੀ ਕੈਨੇਡਾ ਜਾਂਦੇ ਰਹੇ ਹਨ ਪਰ ਇਸ ਸਾਲ ਦਰ ਤੇਜ਼ੀ ਨਾਲ ਘੱਟ ਹੋਈ ਹੈ। ਪੰਜਾਬੀ ਨੌਜਵਾਨਾਂ ਨੂੰ ਪੰਜਾਬ ਅੰਦਰ ਹੀ ਰੁਜ਼ਗਾਰ ਦੇ ਵਧੇਰੇ ਮੌਕੇ ਪ੍ਰਧਾਨ ਕਰਨੇ ਪੈਣਗੇ। ਇਸ ਮੌਕੇ ਕੈਪਟਨ ਸੰਦੀਪ ਸੰਧੂ, ਸਾਬਕਾ ਚੇਅਰਮੈਨ ਸਤਿੰਦਰਪਾਲ ਸਿੰਘ ਗਰੇਵਾਲ, ਗੁਰਮੀਤ ਸਿੰਘ ਮਿੰਟੂ ਰੂਮੀ, ਨਰੇਸ਼ ਚੌਧਰੀ, ਮਨਪ੍ਰੀਤ ਸਿੰਘ ਈਸੇਵਾਲ ਆਦਿ ਹਾਜ਼ਰ ਸਨ।

Advertisement

Advertisement
Advertisement