ਕੁਝ ਮੀਡੀਆ ਅਦਾਰੇ ਮੈਨੂੰ ਰੋਜ਼ ਗਾਲ੍ਹਾਂ ਕੱਢਦੇ ਨੇ: ਰਾਹੁਲ
ਕੰਨੂਰ(ਕੇਰਲਾ), 18 ਅਪਰੈਲ
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਕੇਂਦਰ ਸਰਕਾਰ ਅਤੇ ਭਾਜਪਾ ਦੀਆਂ ਨੀਤੀਆਂ ਤੇ ਵਿਚਾਰਧਾਰਾ ਦੀ ਨੁਕਤਾਚੀਨੀ ਕੀਤੇ ਜਾਣ ਕਰਕੇ ਕੁਝ ਮੀਡੀਆ ਅਦਾਰੇ ਉਨ੍ਹਾਂ ਨੂੰ ਨਿਯਮਤ ਗਾਲ੍ਹਾਂ ਕੱਢਦੇ ਹਨ ਤੇ ‘ਦੇਸ਼ ਭਰ ਵਿਚ ਉਨ੍ਹਾਂ ਦੀ ਦਿੱਖ ਨੂੰ ਢਾਹ ਲਾ ਰਹੇ ਹਨ।’ ਇਥੇ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਗਾਂਧੀ ਨੇ ਕਿਹਾ ਕਿ ਭਾਜਪਾ ਵੱਲੋਂ ਦੇਸ਼ ਵਿਚ ਮਾਹੌਲ ਖ਼ਰਾਬ ਕੀਤਾ ਜਾ ਰਿਹੈ, ਜਿਸ ਦਾ ਦੇਸ਼ ਦੇ ਲੱਖਾਂ ਲੋਕਾਂ ਨੂੰ ਨੁਕਸਾਨ ਹੋ ਰਿਹੈ। ਗਾਂਧੀ ਕੰਨੂਰ ਸੀਟ ਤੋਂ ਉਮੀਦਵਾਰ ਤੇ ਕੇਪੀਸੀਸੀ ਪ੍ਰਧਾਨ ਕੇ. ਸੁਧਾਕਰਨ ਅਤੇ ਕਸਾਰਗੌੜ ਹਲਕੇ ਤੋਂ ਉਮੀਦਵਾਰ ਰਾਜਮੋਹਨ ਉੱਨੀਥਨ ਦੇ ਹੱਕ ਵਿਚ ਚੋਣ ਪ੍ਰਚਾਰ ਕਰ ਰਹੇ ਸਨ। ਕੇਰਲਾ ਵਿਚ ਦੂਜੇ ਗੇੜ ਦੀਆਂ ਚੋਣਾਂ ਤਹਿਤ 26 ਅਪਰੈਲ ਨੂੰ ਵੋਟਾਂ ਪੈਣੀਆਂ ਹਨ।
ਗਾਂਧੀ ਨੇ ਕਿਹਾ, ‘‘ਮੈਂ ਭਾਜਪਾ ਤੇ ਆਰਐੱਸਐੱਸ ਖ਼ਿਲਾਫ਼ ਲੜਾਂਗਾ। ਉਹ ਜੋ ਮਰਜ਼ੀ ਕਰ ਲੈਣ, ਮੈਂ ਹਰ ਰੋਜ਼ ਉਨ੍ਹਾਂ ਨਾਲ ਲੜਾਂਗਾ। ਮੇਰੇ ਉਨ੍ਹਾਂ ਨਾਲ ਵਿਚਾਰਧਾਰਕ ਵਖਰੇਵੇਂ ਹਨ ਤੇ ਮੈਂ ਹੋਰ ਰੋਜ਼ ਉੱਠ ਕੇ ਇਹ ਸੋਚਦਾ ਹਾਂ ਕਿ ਅੱਜ ਮੈਂ ਉਨ੍ਹਾਂ ਨੂੰ ਕਿਵੇਂ ਪ੍ਰੇਸ਼ਾਨ ਕਰਾਂਗਾ? ਪਰ ਇਸ ਦੀ ਵੀ ਇਕ ਕੀਮਤ ਹੈ।’’ ਕਾਂਗਰਸ ਆਗੂ ਨੇ ਕਿਹਾ, ‘‘ਉਨ੍ਹਾਂ ਦੇ ਮੀਡੀਆ ਚੈਨਲ ਮੈਨੂੰ ਦਿਨ ਵਿਚ 24 ਘੰਟੇ ਗਾਲ੍ਹਾਂ ਕੱਢਦੇ ਹਨ। ਪੂਰੇ ਦੇਸ਼ ਵਿਚ ਮੇਰਾ ਅਕਸ ਵਿਗਾੜਿਆ ਜਾ ਰਿਹਾ ਹੈ।’’ ਹਿੰਸਾ ਦੇ ਝੰਬੇ ਮਨੀਪੁਰ ਦਾ ਦੌਰਾ ਨਾ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨੁਕਤਾਚੀਨੀ ਕਰਦੇ ਹੋਏ ਗਾਂਧੀ ਨੇ ਕਿਹਾ ਕਿ ਜਿੱਥੇ ਕਿਤੇ ਵੀ ਭਾਜਪਾ ਜਾਂਦੀ ਹੈ, ‘ਉਥੇ ਉਹ ਲੋਕਾਂ ਵਿਚ ਵੰਡੀਆਂ ਪਾਉਂਦੀ ਹੈ, ਉਨ੍ਹਾਂ ਨੂੰ ਇਕ ਦੂਜੇ ਨਾਲ ਲੜਨ ਲਾ ਦਿੰਦੀ ਹੈ ਤੇ ਮੁਸ਼ਕਲਾਂ ਖੜ੍ਹੀਆਂ ਕਰਦੀ ਹੈ।’’ ਉਨ੍ਹਾਂ ਕਿਹਾ, ‘‘ਇਥੇ ਇਹ ਸਮਝਣ ਦੀ ਲੋੜ ਹੈ ਕਿ ਭਾਰਤ ਕਦੇ ਵੀ ਇੰਨਾ ਪੱਖਪਾਤੀ ਨਹੀਂ ਸੀ, ਜਿੰਨਾ ਅੱਜ ਹੈ। ਕਦੇ ਦੀ ਧਨ ਦੌਲਤ ਦੀ ਅੱਜ ਜਿੰਨੀ ਕਾਣੀ ਵੰਡ ਨਹੀਂ ਹੋਈ ਸੀ। ਇਸ ਲਈ (ਕਾਂਗਰਸ ਦੀ ਅਗਵਾਈ ਵਾਲੀ) ਅਗਲੀ ਸਰਕਾਰ ਨੂੰ ਪੂਰੇ ਜ਼ੋਰ-ਸ਼ੋਰ ਨਾਲ ਗਰੀਬ ਲੋਕਾਂ ਦੀ ਹਮਾਇਤ ਕਰਨੀ ਹੋਵੇਗੀ।’’ ਉਨ੍ਹਾਂ ਕੋਵਿਡ-19 ਮਹਾਮਾਰੀ ਲਈ ਕਥਿਤ ਕੋਈ ਕਾਰਵਾਈ ਨਾ ਕਰਨ ਲਈ ਮੋਦੀ ’ਤੇ ਹਮਲਾ ਕਰਦਿਆਂ ਕਿਹਾ ਕਿ ਜਦੋਂ ਲੱਖਾਂ ਲੋਕ ਮਰ ਰਹੇ ਸਨ ਤਾਂ ਪ੍ਰਧਾਨ ਮੰਤਰੀ ਲੋਕਾਂ ਨੂੰ ਤਾੜੀਆਂ ਮਾਰਨ ਲਈ ਆਖ ਰਹੇ ਸਨ।
ਸਾਬਕਾ ਕਾਂਗਰਸ ਪ੍ਰਧਾਨ ਨੇ ਕੇਰਲਾ ਦੇ ਮੁੱਖ ਮੰਤਰੀ ਪਿਨਾਰਈ ਵਿਜਯਨ ਨੂੰ ਵੀ ਨਿਸ਼ਾਨਾ ਬਣਾਇਆ। ਉਨ੍ਹਾਂ ਹੈਰਾਨੀ ਜਤਾਈ ਕਿ ਖੱਬੇ ਪੱਖੀ ਆਗੂ ਉਨ੍ਹਾਂ ਨੂੰ ਨਿਸ਼ਾਨਾ ਕਿਉਂ ਬਣਾ ਰਿਹਾ ਹੈ ਜਦੋਂਕਿ ਉਹ ਤਾਂ ਭਾਜਪਾ ਖਿਲਾਫ਼ ਲੜ ਰਹੇ ਹਨ। ਕਾਂਗਰਸ ਆਗੂ ਨੇ ਕਿਹਾ ਕਿ ਈਡੀ ਨੇ ਉਨ੍ਹਾਂ ਕੋਲੋਂ 55 ਘੰਟੇ ਪੁੱਛ-ਪੜਤਾਲ ਕੀਤੀ, ਉਨ੍ਹਾਂ ਦੀ ਲੋਕ ਸਭਾ ਮੈਂਬਰੀ ਗਈ ਤੇ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ਖੋਹ ਲਈ ਗਈ। ਉਨ੍ਹਾਂ ਕਿਹਾ ਕਿ ਦੋ ਮੁੱਖ ਮੰਤਰੀ ਜੇਲ੍ਹ ਵਿਚ ਹਨ, ਪਰ ਕੇਰਲਾ ਦੇ ਮੁੱਖ ਮੰਤਰੀ ਨਾਲ ਅਜਿਹਾ ਕੁਝ ਨਹੀਂ ਹੋ ਰਿਹਾ। ਗਾਂਧੀ ਨੇ ਕਿਹਾ, ‘‘ਈਡੀ, ਸੀਬੀਆਈ ਤੇ ਸਾਰਿਆਂ ਨੇ ਉਨ੍ਹਾਂ (ਵਿਜਯਨ) ਕੋਲੋਂ ਪੁੱਛ-ਪੜਤਾਲ ਕਿਉਂ ਨਹੀਂ ਕੀਤੀ?’’ -ਪੀਟੀਆਈ
‘ਇਹ ਕੋਈ ਆਮ ਚੋਣਾਂ ਨਹੀਂ ਸੰਵਿਧਾਨ ਬਚਾਉਣ ਦੀ ਲੜਾਈ’
ਨਵੀਂ ਦਿੱਲੀ: ਲੋਕ ਸਭਾ ਚੋਣਾਂ ਦੇ ਪਹਿਲੇ ਗੇੜ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਅੱਜ ਪਾਰਟੀ ਵਰਕਰਾਂ ਨੂੰ ਇਕ ਵੀਡੀਓ ਸੁਨੇਹੇ ਵਿਚ ਕਿਹਾ ਕਿ ਇਹ ਕੋਈ ਆਮ ਚੋਣਾਂ ਨਹੀਂ ਬਲਕਿ ਸੰਵਿਧਾਨ ਨੂੰ ਬਚਾਉਣ ਲਈ ਹਨ। ਉਨ੍ਹਾਂ ਹਿੰਦੀ ਤੇ ਅੰਗਰੇਜ਼ੀ ਵਿਚ ਜਾਰੀ ਸੁਨੇਹੇ ਵਿਚ ਪਾਰਟੀ ਵਰਕਰਾਂ ਨੂੰ ਨਸੀਹਤ ਦਿੱਤੀ ਕਿ ਉਹ ਲੋਕਾਂ ਨੂੰ ਦੱਸਣ ਕਿ ਭਾਜਪਾ ‘ਭਾਰਤ ਦੇ ਵਿਚਾਰ ਨੂੰ ਤਬਾਹ ਕਰ ਰਹੀ ਹੈ।’ ਗਾਂਧੀ ਨੇ ਕਿਹਾ ਕਿ ‘ਬੱਬਰ ਸ਼ੇਰ’ ਜਿਹੇ ਕਾਂਗਰਸੀ ਵਰਕਰਾਂ ਸਿਰ ਵੱਡੀ ਜ਼ਿੰਮੇਵਾਰੀ ਹੈ ਕਿਉਂਕਿ ਉਹ ਪਾਰਟੀ ਦੀ ਰੀੜ੍ਹ ਦੀ ਹੱਡੀ ਹਨ। ਊਨ੍ਹਾਂ ਪਾਰਟੀ ਵਰਕਰਾਂ ਨੂੰ ਕਿਹਾ, ‘‘ਤੁਸੀਂ ਆਰਐੱਸਐੱਸ ਦੀ ਵਿਚਾਰਧਾਰਾ ਖਿਲਾਫ਼ ਸੜਕਾਂ, ਪਿੰਡਾਂ ਤੇ ਹਰ ਥਾਂ ਲੜਾਈ ਲੜਨੀ ਹੈ। ਤੁਸੀਂ ਰਾਖੇ ਹੋ।’’ -ਪੀਟੀਆਈ