ਨੌਜਵਾਨਾਂ ਦੀ ਹੱਤਿਆ ਮਾਮਲੇ ’ਚ ਕਈ ਦੋਸ਼ੀ ਫੜੇ: ਬੀਰੇਨ ਸਿੰਘ
ਇੰਫਾਲ: ਮੁੱਖ ਮੰਤਰੀ ਐੱਨ ਬੀਰੇਨ ਸਿੰਘ ਨੇ ਕਿਹਾ ਹੈ ਕਿ ਦੋ ਮਨੀਪੁਰੀ ਨੌਜਵਾਨਾਂ (ਲੜਕਾ ਅਤੇ ਲੜਕੀ) ਦੀ ਹੱਤਿਆ ਦੇ ਸਬੰਧ ’ਚ ਕਈ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਿਸ ਕਾਰਨ ਪਿਛਲੇ ਹਫ਼ਤੇ ਉੱਤਰ-ਪੂਰਬੀ ਸੂਬੇ ’ਚ ਹਿੰਸਕ ਪ੍ਰਦਰਸ਼ਨ ਹੋਏ ਸਨ। ਸੀਬੀਆਈ ਮੁਤਾਬਕ ਇਸ ਮਾਮਲੇ ’ਚ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਦੋਸ਼ੀਆਂ ਨੂੰ ਵੱਧ ਤੋਂ ਵੱਧ ਮੌਤ ਦੀ ਸਜ਼ਾ ਯਕੀਨੀ ਬਣਾਏਗੀ। ਬੀਰੇਨ ਸਿੰਘ ਨੇ ‘ਐਕਸ’ ’ਤੇ ਪੋਸਟ ਕਰਕੇ ਕਿਹਾ ਕਿ ਫਿਜਾਮ ਹੇਮਨਜੀਤ ਅਤੇ ਹਿਜਾਮ ਲਿੰਥੋਇੰਗਾਮਬੀ ਨੂੰ ਅਗਵਾ ਕਰਕੇ ਉਸ ਦੀ ਹੱਤਿਆ ਕਰਨ ਲਈ ਜ਼ਿੰਮੇਵਾਰ ਮੁੱਖ ਦੋਸ਼ੀਆਂ ’ਚੋਂ ਕੁਝ ਨੂੰ ਅੱਜ ਚੂਰਾਚਾਂਦਪੁਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ‘ਜੁਰਮ ਕਰਨ ਤੋਂ ਬਾਅਦ ਕੋਈ ਭੱਜ ਸਕਦਾ ਹੈ ਪਰ ਉਹ ਕਾਨੂੰਨ ਦੇ ਲੰਮੇ ਹੱਥਾਂ ਤੋਂ ਬਚ ਨਹੀਂ ਸਕਦਾ ਹੈ। ਅਸੀਂ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਸਮੇਤ ਵੱਧ ਤੋਂ ਵੱਧ ਸਜ਼ਾ ਦੇਣ ਲਈ ਵਚਨਬੱਧ ਹਾਂ।’ ਦੋਵੇਂ ਨੌਜਵਾਨ 6 ਜੁਲਾਈ ਨੂੰ ਲਾਪਤਾ ਹੋ ਗਏ ਸਨ ਅਤੇ ਉਨ੍ਹਾਂ ਦੀਆਂ ਲਾਸ਼ਾਂ 25 ਸਤੰਬਰ ਨੂੰ ਮਿਲੀਆਂ ਸਨ। ਇਸ ਮਗਰੋਂ ਸੂਬੇ ਦੀ ਰਾਜਧਾਨੀ ’ਚ 26 ਅਤੇ 27 ਸਤੰਬਰ ਨੂੰ ਹਿੰਸਕ ਪ੍ਰਦਰਸ਼ਨ ਹੋਏ ਸਨ ਤੇ ਭੀੜ ਨੇ ਮੁੱਖ ਮੰਤਰੀ ਦੇ ਜੱਦੀ ਘਰ ’ਤੇ ਹਮਲੇ ਦੀ ਕੋਸ਼ਿਸ਼ ਕੀਤੀ ਸੀ। -ਪੀਟੀਆਈ
ਅਦਾਲਤ ਨੇ ਗੰਗਟੇ ਨੂੰ ਐੱਨਆਈਏ ਦੀ ਹਿਰਾਸਤ ਵਿੱਚ ਭੇਜਿਆ
ਨਵੀਂ ਦਿੱਲੀ: ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਐਤਵਾਰ ਨੂੰ ਮਨੀਪੁਰ ਹਿੰਸਾ ਮਾਮਲੇ ਦੇ ਇਕ ਮੁਲਜ਼ਮ ਸੀਮਨਿਲੁਨ ਗੰਗਟੇ ਨੂੰ 3 ਅਕਤੂਬਰ ਤੱਕ ਕੌਮੀ ਜਾਂਚ ਏਜੰਸੀ (ਐੱਨਆਈਏ) ਦੀ ਹਿਰਾਸਤ ’ਚ ਭੇਜ ਦਿੱਤਾ ਹੈ। ਉਸ ਨੂੰ ਮਨੀਪੁਰ ਤੋਂ ਗ੍ਰਿਫਤਾਰ ਕਰਕੇ ਟਰਾਂਜ਼ਿਟ ਰਿਮਾਂਡ ’ਤੇ ਦਿੱਲੀ ਲਿਆਂਦਾ ਗਿਆ ਹੈ। ਇਹ ਮੰਨਿਆ ਜਾ ਰਿਹਾ ਹੈ ਕਿ ਮਿਆਂਮਾਰ ਅਤੇ ਬੰਗਲਾਦੇਸ਼ ਸਥਿਤ ਅਤਵਿਾਦੀ ਸੰਗਠਨਾਂ ਨੇ ਭਾਰਤ ਵਿਰੁੱਧ ਜੰਗ ਛੇੜਨ ਦੀ ਅੰਤਰਰਾਸ਼ਟਰੀ ਸਾਜ਼ਿਸ਼ ਰਚੀ ਹੈ। ਐੱਨਆਈਏ ਨੇ ਯੂਏਪੀਏ ਅਤੇ ਹੋਰ ਕਾਨੂੰਨਾਂ ਤਹਿਤ ਗੰਗਟੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। -ਪੀਟੀਆਈ