ਪਰਾਲੀ ਦੀ ਸਮੱਸਿਆ ਦਾ ਹੱਲ ਸਮੇਂ ਦੀ ਲੋੜ
ਗੁਰਚਰਨ ਸਿੰਘ ਨੂਰਪੁਰ
ਮਿੱਟੀ, ਪਾਣੀ ਅਤੇ ਹਵਾ ਦੀ ਬਰਬਾਦੀ ਕਾਰਨ ਪੰਜਾਬ ਦੀ ਜ਼ਰਖ਼ੇਜ਼ ਮਿੱਟੀ ਵਿੱਚ ਹੁਣ ਜ਼ਹਿਰ ਦੀ ਫ਼ਸਲ ਉੱਗਣ ਲੱਗ ਪਈ ਹੈ। ਇੱਥੋਂ ਦੀਆਂ ਹਵਾਵਾਂ ਪਲੀਤ ਹੋ ਗਈਆਂ ਹਨ ਅਤੇ ਧਰਤੀ ਹੇਠਲਾ ਪਾਣੀ ਪੀਣ ਯੋਗ ਨਹੀਂ ਰਿਹਾ। ਖੇਤੀ ਸਬੰਧੀ ਕੋਈ ਠੋਸ ਅਤੇ ਉਸਾਰੂ ਨੀਤੀ ਨਾ ਹੋਣ ਕਰਕੇ ਕਣਕ-ਝੋਨੇ ਦੇ ਫਸਲੀ ਚੱਕਰ ਵਿੱਚ ਪਏ ਕਿਸਾਨਾਂ ਨੇ ਆਪਣੇ 50 ਤੋਂ 150 ਫੁੱਟ ਤੱਕ ਦੇ ਜ਼ਮੀਨੀ ਪਾਣੀ ਦੇ ਭੰਡਾਰਾਂ ਦਾ ਖਾਤਮਾ ਕਰ ਲਿਆ ਹੈ।
ਸਾਡੀ ਆਬੋ ਹਵਾ ਦੇ ਪਲੀਤ ਹੋ ਜਾਣ ਦੇ ਹੋਰ ਵੀ ਕਾਰਨ ਹਨ, ਪਰ ਇਨ੍ਹਾਂ ’ਚੋਂ ਇੱਕ ਵੱਡਾ ਕਾਰਨ ਇਹ ਵੀ ਹੈ ਕਿ ਅਸੀਂ ਹਰ ਛੇ ਮਹੀਨੇ ਬਾਅਦ ਨਾੜ ਜਾਂ ਪਰਾਲੀ ਨੂੰ ਅੱਗ ਲਾ ਕੇ ਬਹੁਤ ਸਾਰਾ ਪ੍ਰਦੂਸ਼ਣ ਫੈਲਾਅ ਦਿੰਦੇ ਹਾਂ। ਧਰਤੀ ਦੀ ਕੁੱਖ ’ਚੋਂ ਪੈਦਾ ਹੋਏ ਆਨਾਜ ਨੂੰ ਸੰਭਾਲਣ ਤੋਂ ਬਾਅਦ ਅੱਗ ਦੇ ਭਾਂਬੜ ਬਾਲ ਕੇ ਇਸ ਨੂੰ ਲੂਹ ਸੁੱਟਣਾ ਕੁਦਰਤੀ ਅਤੇ ਨੈਤਿਕ ਪੱਖ ਤੋਂ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਹੈ। ਕਈ ਵਾਰ ਤਾਂ ਗਿੱਲੀ ਪਰਾਲੀ ਨੂੰ ਹੀ ਅੱਗ ਲਾ ਦਿੱਤੀ ਜਾਂਦੀ ਹੈ ਜੋ ਅਕਸਰ ਦੋ-ਦੋ ਦਿਨ ਧੁਖਦੀ ਰਹਿੰਦੀ ਹੈ। ਸੰਘਣੇ ਧੂੰਏਂ ਨਾਲ ਕਈ ਵਾਰ ਹਾਦਸੇ ਵੀ ਹੁੰਦੇ ਹਨ। ਪਰਾਲੀ ਨੂੰ ਅੱਗ ਲਾਉਣ ਨਾਲ ਅਤਿ ਘਾਤਕ ਗੈਸਾਂ ਜਿਵੇਂ ਕਾਰਬਨ ਡਾਇਆਕਸਾਈਡ, ਕਾਰਬਨਮੋਨੋਆਕਸਾਈਡ ਆਦਿ ਦੀ ਮਾਤਰਾ ਹਵਾ ਵਿੱਚ ਇਕਦਮ ਵਧ ਜਾਂਦੀ ਹੈ। ਇਹ ਜ਼ਹਿਰੀਲੀ ਹੋਈ ਹਵਾ ਜਿੱਥੇ ਹਰ ਤਰ੍ਹਾਂ ਦੇ ਜੀਵਨ ਲਈ ਹਾਨੀਕਾਰਕ ਸਿੱਧ ਹੁੰਦੀ ਹੈ, ਉੱਥੇ ਸਾਹ ਤੇ ਦਮੇ ਦੇ ਰੋਗੀਆਂ ਲਈ ਮਾਰੂ ਸਾਬਤ ਹੁੰਦੀ ਹੈ। ਖੇਤੀ ਦੀ ਰਹਿੰਦ ਖੂੰਹਦ ਨੂੰ ਲਾਈ ਅੱਗ ਨਾਲ ਬਹੁਤ ਵੱਡੇ ਨੁਕਸਾਨ ਜੁੜੇ ਹੋਏ ਹਨ। ਆਮ ਤੌਰ ’ਤੇ ਅਜਿਹਾ ਕਿਸਾਨ ਭਰਾਵਾਂ ਵੱਲੋਂ ਵਾਧੂ ਖਰਚੇ ਤੋਂ ਬਚਣ ਲਈ ਕੀਤਾ ਜਾਂਦਾ ਹੈ, ਪਰ ਇਸ ਨਾਲ ਹੁੰਦੇ ਨੁਕਸਾਨ ਬਾਰੇ ਕਿਸਾਨਾਂ ਨੂੰ ਬਹੁਤਾ ਸੁਚੇਤ ਨਹੀਂ ਕੀਤਾ ਗਿਆ। ਇਸ ਨਾਲ ਖੇਤੀ ਲਈ ਲੋੜੀਂਦੇ ਬਹੁਤ ਸਾਰੇ ਮਿੱਤਰ ਕੀੜੇ ਮਰ ਜਾਂਦੇ ਹਨ। ਬਹੁਤ ਸਾਰੇ ਅਜਿਹੇ ਪੰਛੀ ਜੋ ਖਤਰਨਾਕ ਕੀੜਿਆਂ ਨੂੰ ਖਾਂਦੇ ਹਨ ਉਹ ਜਾਂ ਤਾਂ ਦਮ ਘੁੱਟਣ ਨਾਲ ਮਰਦੇ ਹਨ ਜਾਂ ਦੂਰ ਹੋਰ ਖੇਤਰਾਂ ਵੱਲ ਉੱਡ ਜਾਂਦੇ ਹਨ। ਪਿਛਲੇ ਕੁਝ ਸਾਲਾਂ ਤੋਂ ਜਦੋਂ ਤੋਂ ਪੰਜਾਬ ਵਿੱਚ ਖੇਤੀ ਵਿਭਿੰਨਤਾ ਘਟੀ ਹੈ, ਕੁਝ ਪੰਛੀਆਂ ਦੀਆਂ ਨਸਲਾਂ ਵੀ ਅਲੋਪ ਹੋ ਗਈਆਂ ਹਨ। ਖੇਤੀ ਲਈ ਸਹਾਇਕ ਜੈਵਿਕ ਕਿਰਿਆਵਾਂ ਵਾਲੇ ਕੀੜੇ ਮਰਨ ਨਾਲ ਅਤੇ ਪੰਛੀਆਂ ਦੀ ਘਾਟ ਕਾਰਨ ਖੇਤੀ ਦੀਆਂ ਬਿਮਾਰੀਆਂ ਇਕਦਮ ਤੇਜ਼ੀ ਨਾਲ ਵਧੀਆਂ ਹਨ ਜਿਸ ਸਦਕਾ ਕੀਟਨਾਸ਼ਕਾਂ ਦੀ ਅੰਨ੍ਹੇਵਾਹ ਵਰਤੋਂ ਹੋਣ ਲੱਗ ਪਈ ਹੈ। ਇਸ ਤਰ੍ਹਾਂ ਨਾੜ ਜਾਂ ਪਰਾਲੀ ਨੂੰ ਲਾਈ ਅੱਗ ਜਿੱਥੇ ਵਾਤਾਵਰਨ ਲਈ ਘਾਤਕ ਹੈ, ਉੱਥੇ ਕਿਸਾਨਾਂ ਲਈ ਹੋਰ ਵੱਡੇ ਖਰਚਿਆਂ ਦਾ ਕਾਰਨ ਵੀ ਬਣਦੀ ਹੈ। ਤੀਜਾ ਇਸ ਨਾਲ ਮਿੱਟੀ ਦੀ ਪੈਦਾਵਾਰ ਸ਼ਕਤੀ ਵੀ ਘਟਦੀ ਹੈ। ਹਰ ਛੇ ਮਹੀਨੇ ਬਾਅਦ ਅੱਗ ਦੇ ਸੇਕ ਨਾਲ ਮਿੱਟੀ ਦਾ ਕੀ ਨੁਕਸਾਨ ਹੁੰਦਾ ਹੈ, ਇਸ ਨੂੰ ਸਮਝਣ ਲਈ ਅਸੀਂ ਚੁੱਲ੍ਹੇ ਜਾਂ ਭੱਠੀ ਵਿੱਚ ਲੱਗੀ ਲਾਲ ਕਾਲੀ ਹੋ ਗਈ ਮਿੱਟੀ ਤੋਂ ਸਮਝ ਸਕਦੇ ਹਾਂ ਕਿ ਕਿਵੇਂ ਭੱਠੀ ਵਿੱਚ ਲੱਗੀ ਮਿੱਟੀ ਲਾਲ ਕਾਲੀ ਹੋ ਕੇ ਉਸ ’ਚੋਂ ਪੈਦਾਵਾਰੀ ਅੰਸ਼ ਮਰ ਜਾਂਦੇ ਹਨ। ਇਸੇ ਤਰ੍ਹਾਂ ਵਾਰ ਵਾਰ ਖੇਤਾਂ ਨੂੰ ਅੱਗ ਲਾਉਣ ਨਾਲ ਇਸ ਦੀ ਉਪਜਾਊ ਸ਼ਕਤੀ ਤੇਜ਼ੀ ਨਾਲ ਘਟਦੀ ਹੈ। ਜੇਕਰ ਕਿਸਾਨ ਪਰਾਲੀ ਨੂੰ ਸਾੜਨ ਤੋਂ ਗੁਰੇਜ਼ ਕਰਦੇ ਹਨ ਤਾਂ ਇਸ ਨਾਲ ਜਿੱਥੇ ਉਹ ਬਹੁਤ ਵੱਡੇ ਖਰਚਿਆਂ ਤੋਂ ਬਚ ਸਕਦੇ ਹਨ, ਉੱਥੇ ਵਾਤਾਵਰਨ ਨੂੰ ਵੀ ਸਾਫ਼ ਰੱਖਿਆ ਜਾ ਸਕਦਾ ਹੈ।
ਪਿਛਲੇ ਕੁਝ ਅਰਸੇ ਤੋਂ ਸਾਡੀਆਂ ਸਰਕਾਰਾਂ ਇਸ ਪ੍ਰਤੀ ਕੁਝ ਹੱਦ ਤੱਕ ਫਿਕਰਮੰਦ ਹੋਣ ਲੱਗੀਆਂ ਹਨ। ਕੁਝ ਵਿਗਿਆਨਕ ਤਰਜੀਹਾਂ ’ਤੇ ਵੀ ਕੰਮ ਹੋਣ ਲੱਗਾ ਹੈ। ਪੰਜਾਬ ਸਰਕਾਰ ਵੱਲੋਂ ਸੰਗਰੂਰ ਜ਼ਿਲ੍ਹੇ ਦੇ ਪਿੰਡ ਭੁੱਟਾਂ ਕਲਾਂ ਵਿੱਚ ਪਰਾਲੀ ਤੋਂ ਸੀਐੱਨਜੀ (ਗੈਸ) ਬਣਾਉਣ ਵਾਲਾ ਪਲਾਂਟ ਲਾਇਆ ਗਿਆ। ਇਹ ਪਲਾਂਟ ਜਿਸ ਨੂੰ ਕੰਪਰੈਸਡ ਬਾਇਓ ਗੈਸ ਕਿਹਾ ਜਾਂਦਾ ਹੈ, ਵਿੱਚ ਬਿਨਾਂ ਆਕਸੀਜਨ ਦੇ ਸੰਪਰਕ ਵਿੱਚ ਆਇਆਂ ਅਤੇ ਬਿਨਾਂ ਪ੍ਰਦੂਸ਼ਣ ਕੀਤਿਆਂ ਪਰਾਲੀ ਨੂੰ ਗਾਲ ਕੇ ਇਸ ਤੋਂ ਸੀਐੱਨਜੀ ਪੈਦਾ ਹੋਵੇਗੀ। ਇਹ ਇੱਕ ਚੰਗੀ ਸ਼ੁਰੂਆਤ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਇਸ ਖੇਤਰ ਵਿੱਚ ਅਜਿਹੇ ਹੋਰ ਵਿਗਿਆਨਕ ਢੰਗਾਂ ’ਤੇ ਕੰਮ ਕਰੇ ਤਾਂ ਕਿ ਖੇਤੀ ਦੇ ਹਰ ਤਰ੍ਹਾਂ ਦੇ ਕਚਰੇ ਦਾ ਨਿਪਟਾਰਾ ਸੌਖੇ ਢੰਗ ਨਾਲ ਹੋ ਸਕੇ ਅਤੇ ਇਸ ਤੋਂ ਕੁਝ ਆਮਦਨ ਅਤੇ ਰੁਜ਼ਗਾਰ ਵੀ ਮਿਲੇ। ਹੁਣ ਤੱਕ ਇਸ ਸਬੰਧੀ ਕਈ ਤਰ੍ਹਾਂ ਦੀਆਂ ਵਿਧੀਆਂ ਅਪਣਾਈਆਂ ਗਈਆਂ, ਜਿਨ੍ਹਾਂ ’ਚੋਂ ਕੋਈ ਵੀ ਬਹੁਤੀ ਕਾਰਗਰ ਸਾਬਤ ਨਹੀਂ ਹੋਈ। ਹੈਪੀ ਸੀਡਰ, ਸੁਪਰ ਸੀਡਰ ਅਤੇ ਹੁਣੇ ਜਿਹੇ ਆਏ ਸਮਾਰਟ ਸੀਡਰ ਵੀ ਕੁਝ ਹੱਦ ਤੱਕ ਕੁਝ ਖੇਤਰਾਂ ਵਿੱਚ ਕਾਮਯਾਬ ਹਨ, ਪਰ ਪੰਜਾਬ ਦੇ ਵੱਡੀ ਗਿਣਤੀ ਵਿੱਚ ਛੋਟੇ ਕਿਸਾਨਾਂ ਕੋਲ ਵੱਡੇ ਟਰੈਕਟਰ ਨਹੀਂ ਹਨ, ਨਾ ਹੀ ਉਨ੍ਹਾਂ ਕੋਲ ਇੰਨਾ ਸਰਮਾਇਆ ਹੈ ਕਿ ਉਹ ਆਪ ਆਪਣੇ ਕੋਲੋਂ ਖਰਚ ਕਰਕੇ ਪਰਾਲੀ ਨੂੰ ਬਿਲੇ ਲਾਉਣ। ਇਹਦੇ ਲਈ ਸਰਕਾਰ ਨੂੰ ਕਿਸਾਨਾਂ ਦੀ ਬਾਂਹ ਫੜਨੀ ਚਾਹੀਦੀ ਹੈ। ਪੰਜਾਬ ਦਾ ਕਿਸਾਨ ਜੋ ਭਾਰਤ ਦੇ ਕਰੋੜਾਂ ਲੋਕਾਂ ਲਈ ਅਨਾਜ ਪੈਦਾ ਕਰਦਾ ਹੈ, ਉਸ ਨੂੰ ਹਰ ਗੱਲ ਲਈ ਦੋਸ਼ੀ ਨਹੀਂ ਠਹਿਰਾਉਣਾ ਚਾਹੀਦਾ। ਦੂਜੇ ਪਾਸੇ ਕਿਸਾਨਾਂ ਨੂੰ ਵੀ ਇਹ ਸਮਝਣਾ ਚਾਹੀਦਾ ਹੈ ਕਿ ਜੇਕਰ ਪਰਾਲੀ ਨੂੰ ਅੱਗ ਲਾਏ ਬਗੈਰ ਉਨ੍ਹਾਂ ਦਾ ਸਰ ਸਕਦਾ ਹੈ, ਉੱਥੇ ਉਹ ਅੱਗ ਲਾਉਣ ਤੋਂ ਗੁਰੇਜ਼ ਕਰਨ। ਪੰਜਾਬ ਵਿੱਚ ਹੀ ਅਜਿਹੇ ਕਈ ਕਿਸਾਨ ਹਨ ਜੋ ਹਰ ਸਾਲ ਕਣਕ-ਝੋਨੇ ਦੇ ਨਾੜ ਨੂੰ ਅੱਗ ਨਹੀਂ ਲਾਉਂਦੇ। ਸਰਕਾਰ ਨੂੰ ਚਾਹੀਦਾ ਹੈ ਕਿ ਵਾਤਾਵਰਨ ਲਈ ਮਿਸਾਲ ਬਣ ਰਹੇ ਕਿਸਾਨਾਂ ਦੀ ਮਿਸਾਲ ਨੂੰ ਹੋਰ ਕਿਸਾਨਾਂ ਅੱਗੇ ਰੱਖ ਕੇ ਬਾਕੀ ਕਿਸਾਨਾਂ ਨੂੰ ਵੀ ਉਤਸ਼ਾਹਤਿ ਕਰੇ।
ਅਸੀਂ ਧਰਤੀ ਨੂੰ ਜ਼ਹਿਰਾਂ ਦੀ ਪਰਤ ਚਾੜ੍ਹ ਰਹੇ ਹਾਂ, ਫਲਸਰੂਪ ਪੰਜਾਬ ਦੀ ਧਰਤੀ ਕੈਂਸਰ ਵਰਗੀਆਂ ਕਈ ਹੋੋਰ ਗੰਭੀਰ ਬਿਮਾਰੀਆਂ ਫੈਲਾਉਣ ਦਾ ਕਾਰਨ ਬਣ ਰਹੀ ਹੈ। ਮਾਸੂਮ ਵੀ ਕੈਂਸਰ ਤੋਂ ਪੀੜਤ ਹੋ ਰਹੇ ਹਨ। ਮਾਲਵੇ ਦੇ ਕੁਝ ਪਿੰਡਾਂ ਵਿੱਚ ਇੱਕੋ ਘਰ ਦੇ ਤਿੰਨ-ਤਿੰਨ, ਚਾਰ-ਚਾਰ ਜੀਅ ਵੀ ਇਸ ਬਿਮਾਰੀ ਦਾ ਸ਼ਿਕਾਰ ਹੋਏ ਵੇਖੇ ਜਾ ਸਕਦੇ ਹਨ। ਬਿਮਾਰੀਆਂ ਦੇ ਮਹਿੰਗੇ ਇਲਾਜ ਨੇ ਕੁਝ ਘਰਾਂ ਦੀਆਂ ਜ਼ਮੀਨਾਂ ਅਤੇ ਇੱਥੋਂ ਤੱਕ ਕਿ ਘਰ ਵੀ ਵਿਕਵਾ ਦਿੱਤੇ ਹਨ।
ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਕੁਝ ਹੱਦ ਤੱਕ ਤਕਨੀਕ ਵਿਕਸਤ ਹੋਈ ਹੈ, ਪਰ ਸਰਕਾਰਾਂ ਵੱਲੋਂ ਪਰਾਲੀ ਸਾੜਨ ਤੋਂ ਰੋਕਣ ਲਈ ਕੀਤੇ ਜਾ ਰਹੇ ਯਤਨ ਅਜੇ ਨਾਕਾਫੀ ਜਾਪਦੇ ਹਨ। ਇਹ ਕਿਹਾ ਜਾਂਦਾ ਹੈ ਕਿ ਕਿਸਾਨ ਆਪਣੀ ਪਰਾਲੀ ਨੂੰ ਇਕੱਠਾ ਕਰਕੇ ਹੋਰ ਸੂਬਿਆਂ ਜਿੱਥੇ ਪਸ਼ੂਆਂ ਦੇ ਚਾਰੇ ਦੀ ਘਾਟ ਹੈ, ਨੂੰ ਵੇਚ ਸਕਦੇ ਹਨ ਜਾਂ ਇਸ ਨੂੰ ਗੱਤਾ ਤਿਆਰ ਕਰਨ ਵਾਲੀਆਂ ਮਿੱਲਾਂ ਵਿੱਚ ਵੇਚਿਆ ਜਾ ਸਕਦਾ ਹੈ, ਪਰ ਸੂਬੇ ਵਿੱਚ ਗੱਤਾ ਮਿੱਲਾਂ ਕਿੰਨੀਆਂ ਕੁ ਹਨ ਜਿਨ੍ਹਾਂ ਵਿੱਚ ਕਿਸਾਨ ਆਪਣੀ ਪਰਾਲੀ ਨੂੰ ਇਕੱਠਾ ਕਰਕੇ ਵੇਚਣ? ਪਰਾਲੀ ਅਤੇ ਨਾੜ ਸਾੜਨ ਨੂੰ ਰੋਕਣ ਲਈ ਜਿੱਥੇ ਕਾਨੂੰਨ ਨੂੰ ਸਖ਼ਤੀ ਨਾਲ ਲਾਗੂ ਕਰਨ ਦੀ ਲੋੜ ਹੈ, ਉੱਥੇ ਇਸ ਸਬੰਧੀ ਸਰਕਾਰ ਨੂੰ ਹੋਰ ਸੁਹਿਰਦ ਹੋਣ ਅਤੇ ਯੋਗ ਉਪਰਾਲੇ ਕਰਨ ਦੀ ਲੋੜ ਹੈ।
ਧਰਤੀ ’ਤੇ ਜੀਵਨ ਲਈ ਸਾਜ਼ਗਾਰ ਹਾਲਾਤ ਬਣਾਉਣ ਲਈ ਹਰ ਤਰ੍ਹਾਂ ਦੇ ਪ੍ਰਦੂਸ਼ਣ ਨੂੰ ਘੱਟ ਕਰਨ ਦੀ ਲੋੜ ਹੈ। ਅੱਜ ਹਾਲਾਤ ਇਹ ਹਨ ਕਿ ਅਸੀਂ ਕੁਦਰਤ ਨਾਲੋਂ ਇੱਕ ਤਰ੍ਹਾਂ ਟੁੱਟ ਗਏ ਹਾਂ ਅਤੇ ਪਦਾਰਥਾਂ ਲਈ ਜਿਉਣ ਲੱਗੇ ਹਾਂ। ਕੁਦਰਤ ਪ੍ਰਤੀ ਸਾਡਾ ਇਹ ਦੁਰਵਿਵਹਾਰ ਸਾਡੇ ਅਤੇ ਸਾਡੀਆਂ ਆਉਣ ਵਾਲੀਆਂ ਨਸਲਾਂ ਲਈ ਬਹੁਤ ਘਾਤਕ ਸਿੱਧ ਹੋ ਸਕਦਾ ਹੈ। ਅਸੀਂ ਪੰਜਾਬ ਦੇ ਲੋਕ ਜਿੱਥੇ ਹਰ ਸਮੇਂ ਦੂਜਿਆਂ ਦੇ ਕੰਮ ਆਉਣ ਲਈ ਤਤਪਰ ਰਹਿੰਦੇ ਹਾਂ, ਲੋੜਵੰਦਾਂ ਲਈ ਥਾਂ ਥਾਂ ’ਤੇ ਲੰਗਰ ਲਾਉਂਦੇ ਹਾਂ। ਇਕੱਠੇ ਹੋ ਕੇ ਅਜਿਹੇ ਹੋਰ ਵੀ ਲੋਕ ਭਲਾਈ ਦੇ ਕੰਮ ਕਰਨ ਵਿੱਚ ਫਖ਼ਰ ਮਹਿਸੂਸ ਕਰਦੇ ਹਾਂ, ਪਰ ਅਸੀਂ ਆਪਣੇ ਵਾਤਾਵਰਨ ਪ੍ਰਤੀ ਓਨੇ ਗੰਭੀਰ ਨਹੀਂ ਜਿੰਨੇ ਸਾਨੂੰ ਹੋਣਾ ਚਾਹੀਦਾ ਹੈ। ਵਾਤਾਵਰਨ ਨੂੰ ਸਾਫ਼ ਰੱਖਣ ਲਈ ਸਾਨੂੰ ਅੱਗੇ ਆਉਣਾ ਚਾਹੀਦਾ ਹੈ। ਹਰ ਪਿੰਡ ਦੇ ਸਮਝਦਾਰ ਲੋਕ ਸੰਸਥਾ ਬਣਾ ਕੇ ਦੂਜਿਆਂ ਨੂੰ ਪ੍ਰੇਰਤਿ ਕਰਨ ਕਿ ਪਰਾਲੀ ਜਾਂ ਨਾੜ ਨੂੰ ਅੱਗ ਨਾ ਲਾਉਣ। ਇਸ ਲਈ ਹਰ ਪਿੰਡ ਨੂੰ ਆਪਣੇ ਪੱਧਰ ’ਤੇ ਮੁਹਿੰਮ ਵਿੱਢਣੀ ਚਾਹੀਦੀ ਹੈ। ਹਰ ਤਰ੍ਹਾਂ ਦੀਆਂ ਚੰਗੀਆਂ ਰਵਾਇਤਾਂ ਦੀ ਸ਼ੁਰੂਆਤ ਲੋਕ ਹੀ ਕਰਦੇ ਹਨ। ਪਰਾਲੀ ਸਾੜਨਾ ਵੀ ਇੱਕ ਗ਼ਲਤ ਰਵਾਇਤ ਹੈ ਅਤੇ ਇਸ ਦੇ ਨਤੀਜੇ ਹਰ ਤਰ੍ਹਾਂ ਦੇ ਜੀਵਨ ਲਈ ਖ਼ਤਰਨਾਕ ਹਨ। ਵਾਤਾਵਰਨ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਹਰ ਤਰ੍ਹਾਂ ਦੀਆਂ ਗਤੀਵਿਧੀਆਂ ਦੇ ਖਿਲਾਫ਼ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਮੀਡੀਆ ਨੂੰ ਵੀ ਚਾਹੀਦਾ ਹੈ ਕਿ ਉਹ ਵੀ ਵਾਤਾਵਰਨ ਨੂੰ ਪਲੀਤ ਕਰਨ ਵਾਲੀਆਂ ਹਰ ਤਰ੍ਹਾਂ ਦੀਆਂ ਗਤੀਵਿਧੀਆਂ ਦੀ ਨਿਸ਼ਾਨਦੇਹੀ ਕਰਨ ਅਤੇ ਮਿੱਟੀ, ਪਾਣੀ, ਹਵਾ ਦੇ ਬਚਾਅ ਦੇ ਪੱਖ ਵਿੱਚ ਕੰਮ ਕਰਨ ਵਾਲੇ ਕਿਸਾਨਾਂ, ਪੰਚਾਇਤਾਂ ਅਤੇ ਹੋਰ ਜਥੇਬੰਦੀਆਂ ਦੇ ਕੰਮਾਂ ਨੂੰ ਉਤਸ਼ਾਹਤਿ ਕਰਨ।
ਸੰਪਰਕ: 98550-51099