ਛੇਹਰਟਾ ਇਲਾਕੇ ’ਚ ਸੀਵਰੇਜ ਸਮੱਸਿਆ ਹੱਲ ਕਰਵਾਈ
ਖੇਤਰੀ ਪ੍ਰਤੀਨਿਧ
ਅੰਮ੍ਰਿਤਸਰ, 26 ਮਾਰਚ
ਨਗਰ ਨਿਗਮ ਕਮਿਸ਼ਨਰ ਹਰਪ੍ਰੀਤ ਸਿੰਘ ਨੇ ਛੇਹਰਟਾ ਖੇਤਰ ’ਚ ਬੰਦ ਪਏ ਸੀਵਰੇਜ ਅਤੇ ਪੀਣ ਵਾਲੇ ਪਾਣੀ ਦੇ ਦੂਸ਼ਿਤ ਪਾਣੀ ਸਬੰਧੀ ਲੋਕਾਂ ਦੀਆਂ ਸ਼ਿਕਾਇਤਾਂ ’ਤੇ ਤੁਰੰਤ ਕਾਰਵਾਈ ਕਰਦਿਆਂ ਇਸ ਦਾ ਆਪਣੀ ਹਾਜ਼ਰੀ ਵਿੱਚ ਨਬਿੇੜਾ ਕਰਵਾਇਆ। ਸੰਚਾਲਨ ਅਤੇ ਰੱਖ-ਰਖਾਅ ਵਿਭਾਗ ਦੀ ਪੂਰੀ ਟੀਮ ਨੂੰ ਵੀ ਲਿਆ, ਇਸ ਵਿੱਚ ਐਸਈ ਸੰਦੀਪ ਸਿੰਘ, ਐਕਸੀਅਨ ਗੁਰਜਿੰਦਰ ਸਿੰਘ, ਐਕਸੀਅਨ ਮਨਜੀਤ ਸਿੰਘ ਅਤੇ ਹੋਰ ਸਹਿਯੋਗੀ ਸਟਾਫ ਸ਼ਾਮਲ ਸੀ। ਕਮਿਸ਼ਨਰ ਨੇ ਖ਼ੁਦ ਸੀਵਰੇਜ ਦੇ ਵਹਾਅ ਦੀ ਜਾਂਚ ਕੀਤੀ ਅਤੇ ਇਲਾਕੇ ’ਚ ਮੈਨਹੋਲ ਦੇ ਢੱਕਣ ਖੁੱਲ੍ਹਵਾਏ। ਮੀਡੀਆ ਨਾਲ ਗੱਲਬਾਤ ਕਰਦਿਆਂ ਕਮਿਸ਼ਨਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਛੇਹਰਟਾ ਖੇਤਰ ਦੀਆਂ ਗਲੀਆਂ ਵਿੱਚ ਸੀਵਰੇਜ ਅਤੇ ਗੰਦੇ ਪਾਣੀ ਸਬੰਧੀ ਕਈ ਸ਼ਿਕਾਇਤਾਂ ਉਨ੍ਹਾਂ ਦੇ ਧਿਆਨ ਵਿੱਚ ਆ ਰਹੀਆਂ ਹਨ। ਇਸ ਲਈ ਉਨ੍ਹਾਂ ਨੇ ਖ਼ੁਦ ਸ਼ਹਿਰ ਵਾਸੀਆਂ ਦੀ ਹਾਜ਼ਰੀ ਵਿੱਚ ਗਲੀਆਂ ਦੇ ਮੈਨਹੋਲਾਂ ਦੀ ਜਾਂਚ ਕੀਤੀ ਅਤੇ ਸੀਵਰੇਜ ਸਟਾਫ਼ ਨੂੰ ਸੁਪਰ-ਸੱਕਰ ਅਤੇ ਜੈਟ ਕਲੀਨਿੰਗ ਮਸ਼ੀਨਾਂ ਦੀ ਸਾਰੀ ਮਸ਼ੀਨਰੀ ਚਾਲੂ ਕਰਨ ਅਤੇ ਇਲਾਕੇ ਦੀਆਂ ਸੀਵਰੇਜ ਲਾਈਨਾਂ ਨੂੰ ਸਾਫ਼ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਉਹ ਖ਼ੁਦ ਸ਼ਹਿਰ ਦਾ ਦੌਰਾ ਕਰ ਕੇ ਵਿਕਾਸ ਕਾਰਜਾਂ ਦਾ ਜਾਇਜ਼ਾ ਲੈ ਰਹੇ ਹਨ। ਉਨ੍ਹਾਂ ਭਰੋਸਾ ਦਿਵਾਇਆ ਕਿ ਕੋਈ ਵੀ ਸ਼ਿਕਾਇਤ ਅਣਸੁਲਝੀ ਨਹੀਂ ਰਹਿਣ ਦਿੱਤੀ ਜਾਵੇਗੀ।