For the best experience, open
https://m.punjabitribuneonline.com
on your mobile browser.
Advertisement

ਹੱਲ

07:47 AM Dec 05, 2024 IST
ਹੱਲ
Advertisement

ਰਾਜ ਕੌਰ ਕਮਾਲਪੁਰ

Advertisement

‘‘ਅੱਜ ਮੈਂ ਆਪਣੀ ਧੀ ਨੂੰ ਸਕੂਲ ਨਹੀਂ ਭੇਜਣਾ... ਕਿਧਰੇ ਨ੍ਹੀਂ ਇਹਦੀ ਪੜ੍ਹਾਈ ਖਰਾਬ ਹੁੰਦੀ ਇੱਕ-ਦੋ ਦਿਨਾਂ ਨਾਲ।” ਸੁੱਖੀ ਨੇ ਆਪਣੀ ਪਤਨੀ ਨੂੰ ਡਰ ਜਤਾਉਂਦਿਆਂ ਕਿਹਾ। ‘‘ਕਿਉਂ ਨ੍ਹੀਂ ਭੇਜਣਾ ਤੁਸੀਂ ਸਕੂਲ...? ਇਹਦੇ ਪੇਪਰ ਤਾਂ ਸਿਰ ’ਤੇ ਆ ਗਏ।’’ ਪਤਨੀ ਨੇ ਪੁੱਛਿਆ।
“ਅਸਲ ’ਚ ਮੈਂ ਸੁਣਿਆ ਏ ... ਸ਼ਹਿਰ ’ਚ ਇੱਕ ਭੇੜੀਆ ਸ਼ਰ੍ਹੇਆਮ ਘੁੰਮ ਰਿਹਾ ਏ। ਕਿਸੇ ਜੰਗਲ ’ਚੋਂ ਭੱਜ ਕੇ ਇੱਧਰ ਸ਼ਹਿਰ ’ਚ ਆ ਗਿਆ।” ਪਤੀ ਨੇ ਪਤਨੀ ਨੂੰ ਦੱਸਿਆ। “ਅੱਛਾ! ਇਹ ਤਾਂ ਸੱਚਮੁੱਚ ਡਰ ਵਾਲੀ ਗੱਲ ਏ।’’ ਪਤਨੀ ਨੇ ਕੁਝ ਸੋਚ ਕੇ ਕਿਹਾ, ‘‘ਹੋਰ ਜਾਨਵਰ ਦਾ ਪਤਾ ਵੀ ਕੀ ਏ, ਕੀਹਦਾ ਨੁਕਸਾਨ ਕਰ ਦੇਵੇ।’’ “ਨਾਲੇ ਮੈਂ ਸੋਸ਼ਲ ਮੀਡੀਆ ’ਤੇ ਦੇਖਿਆ ਸੀ ਇਨ੍ਹਾਂ ਦੇ ਸਕੂਲ ਵਾਲੇ ਪਾਸੇ ਹੀ ਦਿਸਿਆ ਸੀ।’’ ਪਤੀ ਨੇ ਡਰ ਜਤਾਉਂਦਿਆਂ ਫੇਰ ਕਿਹਾ। “ਪਰ ਹੁਣ ਤੱਕ ਤਾਂ ਪਤਾ ਨਹੀਂ ਉਹ ਕਿੱਥੇ ਦਾ ਕਿੱਥੇ ਪਹੁੰਚ ਗਿਆ ਹੋਣਾ ਏ। ਨਾਲੇ ਇਹ ਜਾਨਵਰ ਤਾਂ ਮਨੁੱਖ ਤੋਂ ਡਰਦੇ ਨੇ। ਛੇਤੀ ਕੀਤੇ ਬਿਨਾਂ ਭੁੱਖ ਤੋਂ ਕਿਸੇ ’ਤੇ ਹਮਲਾ ਨਹੀਂ ਕਰਦੇ।’’ ਪਤਨੀ ਨੇ ਪਤੀ ਨੂੰ ਸਮਝਾਉਂਦਿਆਂ ਕਿਹਾ। ਇਹ ਸੁਣ ਕੇ ਪਤੀ ਚੁੱਪ ਰਿਹਾ, ਪਰ ਪਤਨੀ ਨੇ ਗੱਲ ਜਾਰੀ ਰੱਖਦਿਆਂ ਕਿਹਾ, ‘‘ਸਾਨੂੰ ਉਸ ਜੰਗਲੀ ਭੇੜੀਏ ਤੋਂ ਡਰਨ ਦੀ ਲੋੜ ਨਹੀਂ। ਉਸ ਨੂੰ ਫੜਨ ਦਾ ਤਾਂ ਕੋਈ ਨਾ ਕੋਈ ਹੀਲਾ ਹੋ ਜਾਵੇਗਾ। ਮੈਨੂੰ ਤਾਂ ਇਨਸਾਨੀ ਰੂਪ ਵਿੱਚ ਨਿੱਤ ਚਾਰੇ ਪਾਸੇ ਦਨਦਨਾਉਂਦੇ ਫਿਰਦੇ ਭੇੜੀਆਂ ਤੋਂ ਡਰ ਲੱਗਦਾ ਹੈ ਜਿਹੜੇ ਉੱਪਰੋਂ ਤਾਂ ਸ਼ਰਾਫ਼ਤ ਦੀ ਲੋਈ ਲਈ ਫਿਰਦੇ ਹਨ, ਪਰ ਕੋਈ ਪਤਾ ਨਹੀਂ ਲੱਗਦਾ ਕਿ ਕਦੋਂ ਕਿਸੇ ਧੀ-ਭੈਣ ਨੂੰ ਆਪਣਾ ਸ਼ਿਕਾਰ ਬਣਾ ਕੇ... ਉਸ ਦੀ ਬੋਟੀ-ਬੋਟੀ ਨੋਚ ਲੈਣ। ਇਨ੍ਹਾਂ ਦੀ ਤਾਂ ਪਛਾਣ ਵੀ ਨਹੀਂ ਆਉਂਦੀ। ਹੱਲ ਤਾਂ ਇਨ੍ਹਾਂ ਦਾ ਸੋਚਣ ਦੀ ਲੋੜ ਹੈ।’’
ਸੰਪਰਕ: 94642-24314
* * *

Advertisement

ਪੈਨਸ਼ਨ ਦਾ ਚੱਕਰ

ਧਰਮ ਸਿੰਘ ਰਾਈਏਵਾਲ

ਸਮਾਜਿਕ ਸੁਰੱਖਿਆ ਅਧੀਨ ਵਿਭਾਗ ਵੱਲੋਂ ਅੰਗਹੀਣਾਂ, ਬਜ਼ੁਰਗਾਂ ਅਤੇ ਵਿਧਵਾਵਾਂ ਨੂੰ ਪੈਨਸ਼ਨ ਦਿੱਤੀ ਜਾਂਦੀ ਹੈ। ਇਸ ਲਈ ਕਈ ਕਾਗਜ਼ਾਤ ਪੂਰੇ ਕਰਨੇ ਪੈਂਦੇ ਹਨ। ਇਨ੍ਹਾਂ ਵਿੱਚ ਖ਼ਾਸਕਰ ਉਮਰ ਦੇ ਖਾਨੇ ਨੂੰ ਗਹੁ ਨਾਲ ਵਾਚਿਆ ਜਾਂਦਾ ਹੈ। ਅਜਿਹੀ ਹੀ ਇੱਕ ਘਟਨਾ ਮੇਰੇ ਨਾਲ ਵਾਪਰੀ। ਸਕੂਲ ਸਮੇਂ ਦੌਰਾਨ ਇੱਕ ਪੜ੍ਹਿਆ-ਲਿਖਿਆ ਬਾਬਾ ਮੇਰੇ ਕੋਲ ਸਿਫ਼ਾਰਿਸ਼ ਲੈ ਕੇ ਆਇਆ ਤੇ ਕਹਿੰਦਾ, ‘‘ਮਾਸਟਰ ਜੀ, ਇਹਦੇ ’ਤੇ ਤੁਸੀਂ ਆਪਣੇ ਹਸਤਾਖਰ ਕਰ ਦਿਓ।’’ ਮੈਂ ਕਿਹਾ, ‘‘ਠੀਕ ਹੈ ਜੀ, ਲਿਆਓ ਮੈਂ ਤੁਹਾਡੇ ਇਨ੍ਹਾਂ ਫਾਰਮਾਂ ’ਤੇ ਪ੍ਰਿੰਸੀਪਲ ਸਾਹਿਬ ਵੱਲੋਂ ਹਸਤਾਖ਼ਰ ਕਰਵਾ ਦਿੰਦਾ ਹਾਂ।’’ ਪ੍ਰਿੰਸੀਪਲ ਕੋਲ ਜਾਣ ਤੋਂ ਪਹਿਲਾਂ ਮੈਂ ਆਪਣੀ ਤਸੱਲੀ ਕਰਨ ਲਈ ਉਸ ਤੋਂ ਉਮਰ ਦਾ ਕੋਈ ਵੀ ਸਰਟੀਫਿਕੇਟ ਮੰਗਿਆ ਤਾਂ ਉਸ ਨੇ ਮੈਨੂੰ ਤਿੰਨ ਤਰ੍ਹਾਂ ਦੇ ਕਾਰਡ ਦਿਖਾਉਣੇ ਸ਼ੁਰੂ ਕੀਤੇ ਤੇ ਕਿਹਾ, ‘‘ਇਹ ਮੇਰਾ ਆਧਾਰ ਕਾਰਡ ਹੈ, ਇਹ ਮੇਰਾ ਪੈਨ ਕਾਰਡ ਹੈ ਤੇ ਇਹ ਮੇਰਾ ਸਿਹਤ ਕਾਰਡ ਹੈ। ਇਨ੍ਹਾਂ ਤਿੰਨਾਂ ਕਾਰਡਾਂ ਵਿੱਚ ਉਮਰ ਵੱਧ ਘੱਟ ਲਿਖੀ ਹੋਈ ਸੀ। ਬਾਬਾ ਆਪਣੀ ਉਮਰ ਹੁਣ ਇੱਕ ਹੋਰ ਵਾਰ ‘ਠੀਕ’ ਕਰਵਾਉਣ ਲਈ ਮੇਰੇ ਕੋਲ ਆਇਆ ਸੀ। ਮੈਂ ਪੁੱਛਿਆ, ‘‘ਬਜ਼ੁਰਗੋ, ਇਨ੍ਹਾਂ ਵਿੱਚੋਂ ਤੁਹਾਡੀ ਸਹੀ ਉਮਰ ਕਿਹੜੀ ਹੈ?’’ ਉਹ ਕਹਿੰਦਾ, ‘‘ਜਿਹੜੀ ਠੀਕ ਲੱਗਦੀ ਹੈ ਉਹ ਕਰ ਦੇ।’’ ਮੈਂ ਸਮਝਾਇਆ, ‘‘ਬਜ਼ੁਰਗੋ, ਤੁਹਾਡੇ ਤਿੰਨੇ ਕਾਰਡ ਕਿਸੇ ਨਾ ਕਿਸੇ ਸਰਕਾਰੀ ਮਹਿਕਮੇ ਪਾਸ ਗਏ ਹੋਏ ਹਨ। ਪੈਨਸ਼ਨ ਦੇ ਚੱਕਰ ਵਿੱਚ ਤੁਸੀਂ ਕਿਸੇ ਚੱਕਰ ਵਿੱਚ ਨਾ ਪੈ ਜਾਇਓ। ਇਉਂ ਕਰੋ ਕਿ ਜਿੱਥੇ ਤੁਸੀਂ ਪ੍ਰਾਇਮਰੀ ਸਕੂਲ ’ਚ ਪੜ੍ਹਦੇ ਸੀ ਉਸ ਅਧਿਆਪਕ ਤੋਂ ਲਿਖਵਾ ਲਿਆਓ ਕਿ ਇਹ ਇਸ ਸਕੂਲ ਵਿੱਚ ਫਲਾਣੀ ਕਲਾਸ ਵਿੱਚ ਦਾਖਲ ਹੋਏ ਸੀ ਤੇ ਤੁਹਾਡੀ ਉਮਰ ਇੰਨੀ ਹੈ।’’ ਬਸ ਇੰਨੀ ਗੱਲ ਕਹਿਣ ਦੀ ਲੋੜ ਸੀ ਕਿ ਬਜ਼ੁਰਗ ਨੇ ਤਿੰਨੇ ਕਾਰਡ ਆਪਣੇ ਲਿਫ਼ਾਫ਼ੇ ’ਚ ਪਾਏ ਤੇ ਸਿਫ਼ਾਰਿਸ਼ ਕਰਨ ਵਾਲੇ ਨੂੰ ਕਹਿ ਦਿੱਤਾ ਕਿ ਮਾਸਟਰ ਨੇ ਤਾਂ ਕੰਮ ਨਹੀਂ ਕੀਤਾ। ਸਿਫ਼ਾਰਿਸ਼ ਕਰਨ ਵਾਲੇ ਨੇ ਦੁਬਾਰਾ ਫੋਨ ਕਰ ਕੇ ਆਖਿਆ, ‘‘ਮਾਸਟਰ ਜੀ, ਤੁਸੀਂ ਮੇਰਾ ਕੰਮ ਨਹੀਂ ਕੀਤਾ।’’ ਮੈਂ ਉਸ ਨੂੰ ਕਿਹਾ, ‘‘ਭਰਾਵਾ, ਬਜ਼ੁਰਗ ਦੀਆਂ ਤਿੰਨ ਜਨਮ ਮਿਤੀਆਂ ਹਨ, ਦੱਸ ਕਿਹੜੀ ਉਮਰ ਠੀਕ ਕਰਦਾ। ਹੁਣ ਉਹ ਚੌਥੀ ਵਾਰ ਉਮਰ ਠੀਕ ਕਰਵਾਉਣ ਲਈ ਮੇਰੇ ਕੋਲ ਪਹੁੰਚਿਆ ਸੀ। ਮੈਂ ਵੀ ਨੌਕਰੀ ਕਰਨੀ ਹੈ। ਉਹ ਤਾਂ 420 ਕਰਦਾ ਹੀ ਸੀ, ਮੈਨੂੰ ਵੀ 420 ਵਿੱਚ ਫਸਾਉਣ ਲੱਗਿਆ ਸੀ।
ਸੰਪਰਕ: 9501033428
* * *

ਖਿੜਕੀ

ਜੈਸਮੀਨ ਕੌਰ ਸੰਧੂ

ਪਰਮ ਨੇ ਰੋਜ਼ ਸਵੇਰੇ ਉਸੇ ਟਾਈਮ ਉੱਠਣਾ। ਮਨ ’ਚ ਬਾਹਰ ਵਿਹੜੇ ਵਿੱਚ ਜਾਣ ਦੀ ਕਾਹਲ ਹੋਣੀ। ਬਾਹਰ ਖੁੱਲ੍ਹੀ ਹਵਾ ਵਿੱਚ ਚਾਹ ਦੀਆਂ ਚੁਸਕੀਆਂ ਲੈਣਾ ਉਸ ਨੂੰ ਕਾਲਜ ਵੇਲੇ ਤੋਂ ਹੀ ਪਸੰਦ ਸੀ। ਆਪਣੇ ਰੋਜ਼ਮਰ੍ਹਾ ਦੇ ਕੰਮ ਉਸ ਨੇ ਬੜੇ ਹੀ ਸਹਿਜ ਨਾਲ ਕਰਨੇ ਤੇ ਪਰਮ ਨੂੰ ਰਸੋਈ ਨਾਲ ਖਾਸਾ ਲਗਾਓ ਸੀ। ਉਸ ਨੇ ਰਸੋਈ ਦੇ ਨਿੱਕੇ-ਵੱਡੇ ਸਾਰੇ ਕੰਮ ਬੜੇ ਹੀ ਚਾਅ ਨਾਲ ਕਰਨੇ। ਉਸ ਨੂੰ ਨਿੱਕੇ ਹੁੰਦਿਆਂ ਤੋਂ ਖਾਣਾ ਬਣਾਉਣਾ ਬਹੁਤ ਚੰਗਾ ਲੱਗਦਾ ਸੀ ਤੇ ਇਸ ਦੇ ਨਾਲ-ਨਾਲ ਉਸ ਦੇ ਮਨ ਵਿੱਚ ਕੁਝ ਨਵਾਂ ਸਿੱਖਣ ਦੀ ਚਾਹ ਰਹਿੰਦੀ। ਸ਼ਾਮ ਨੂੰ ਪੰਛੀਆਂ ਦੀਆਂ ਆਵਾਜ਼ਾਂ ਉਸ ਨੂੰ ਬਹੁਤ ਸਕੂਨ ਦਿੰਦੀਆਂ ਤੇ ਉਹ ਸ਼ਾਮ ਵੇਲੇ ਸ਼ਾਂਤ ਮਨ ਨਾਲ ਘਰ ਦੇ ਆਪਣੇ ਪਸੰਦੀਦਾ ਥਾਂ ਜਾ ਬੈਠਦੀ। ਉਹ ਥਾਂ ਉਸ ਦੇ ਕਮਰੇ ਦੀ ਖਿੜਕੀ ਸੀ। ਪਰਮ ਉਸ ਖਿੜਕੀ ਵਿੱਚੋਂ ਨਿੱਕੀਆਂ-ਨਿੱਕੀਆਂ ਕੁੜੀਆਂ ਨੂੰ ਹਰ ਰੋਜ਼ ਲੰਘਦੀਆਂ ਵੇਖਦੀ। ਉਹ ਬਾਲੜੀਆਂ ਉੱਚੀ-ਉੱਚੀ ਹੱਸਦੀਆਂ, ਸ਼ਰਾਰਤਾਂ ਕਰਦੀਆਂ ਪਰਮ ਨੂੰ ਬੜੀਆਂ ਪਿਆਰੀਆਂ ਡੱਗਦੀਆਂ। ਉਹ ਉਨ੍ਹਾਂ ਨੂੰ ਵੇਖਦੇ-ਵੇਖਦੇ ਆਪਣੇ ਬਚਪਨ ’ਚ ਗੁਆਚ ਜਾਂਦੀ। ਉਸ ਦਾ ਮਨ ਕਰਦਾ ਕਿ ਉਹ ਖਿੜਕੀ ਦੇ ਉਸ ਪਾਰ ਚਲੀ ਜਾਵੇ ਤੇ ਉਨ੍ਹਾਂ ਵਾਂਗ ਜ਼ਿੰਦਗੀ ਜੀਵੇ, ਪਰ ਫਿਰ ਜਦ ਉਸ ਦੇ ਮਨ ਦੀ ਖਿੜਕੀ ਖੁੱਲ੍ਹਦੀ ਤਾਂ ਉਹ ਪਰਦੇ ਨਾਲ ਖਿੜਕੀ ਢਕ ਦਿੰਦੀ ਤੇ ਫਿਰ ਆਪਣੇ ਕੰਮਕਾਰ ਵਿੱਚ ਲੱਗ ਜਾਂਦੀ।
ਸੰਪਰਕ: 95012-00147
* * *

ਬੇਪਰਵਾਹੀਆਂ

ਅਰਸ਼ਦੀਪ ਸਿੰਘ

ਘਰ ’ਚ ਵਿਆਹ ਰੱਖਿਆ ਹੋਣ ਕਰਕੇ ਕੰਮ ਕਰਨ ਲਈ ਇੱਕ ਆਂਟੀ ਨੂੰ ਰੱਖਿਆ ਸੀ ਜੋ ਸਾਡੀ ਰੋਟੀ ਬਣਾਉਣ ਦੇ ਨਾਲ ਘਰ ਦੇ ਹੋਰ ਵੀ ਕੰਮ ਕਰਦੀ ਸੀ। ਅੱਜ ਕੁਝ ਕੰਮ ਕਰਕੇ ਘਰ ਆਉਣ ਵਿੱਚ ਦੇਰ ਹੋ ਗਈ ਸੀ। ਮੈਂ ਆਉਂਦਿਆਂ ਹੀ ਮਾਂ ਨੂੰ ਕਿਹਾ, “ਰੋਟੀ ਬਣਵਾ ਦਿਓ, ਲੇਟ ਹੋਣ ਕਰਕੇ ਭੁੱਖ ਬਹੁਤ ਲੱਗ ਰਹੀ ਏ।” ਰੋਟੀ ਬਣਾਉਣ ਦਾ ਕਹਿਣ ਲਈ ਮਾਂ ਰਸੋਈ ਵਿੱਚ ਗਈ ਤੇ ਵਾਪਸ ਆਉਂਦੇ ਹੀ ਕਿਹਾ, “ਜਾ ਕਾਰ ਲੈ ਕੇ ਆ।” “ਹੁਣ ਕੀ ਹੋਇਆ? ਰੋਟੀ ਤਾਂ ਖਾ ਲੈਣ ਦਿੰਦੇ।” ਮੈਂ ਖਿਝ ਕੇ ਕਿਹਾ। “ਤੇਰੀ ਆਂਟੀ ਦੇ ਘਰਵਾਲੇ ਦਾ ਐਕਸੀਡੈਂਟ ਹੋ ਗਿਆ ਏ, ਉਸ ਨੂੰ ਲੈ ਕੇ ਆਉਣਾ ਏ।” ਮਾਂ ਨੇ ਘਬਰਾਈ ਹੋਈ ਆਵਾਜ਼ ਵਿੱਚ ਕਿਹਾ। ਮੈਂ ਕਾਹਲੀ ਨਾਲ ਕਾਰ ਲੈ ਆਇਆ ਤੇ ਆਂਟੀ ਨੂੰ ਬਿਠਾ ਕੇ ਤੁਰ ਪਿਆ। ਪਹੁੰਚ ਕੇ ਵੇਖਿਆ ਕਿ ਮੋਟਰਸਾਈਕਲ ਵਿੱਚ ਕੁੱਤਾ ਵੱਜਣ ਕਾਰਨ ਲੱਤ ਲੁੱਟ ਗਈ ਸੀ। ਛੇਤੀ-ਛੇਤੀ ਕਾਰ ਵਿੱਚ ਬਿਠਾਇਆ ਤੇ ਹਸਪਤਾਲ ਲੈ ਗਿਆ। ਡਾਕਟਰ ਨੇ ਐਕਸ-ਰੇਅ ਕਰਕੇ ਦੱਸਿਆ ਕਿ ਕਾਫ਼ੀ ਗੁੰਝਲਦਾਰ ਸੱਟ ਹੈ, ਇੱਕ ਤੋਂ ਜ਼ਿਆਦਾ ਆਪਰੇਸ਼ਨਾਂ ਦੀ ਲੋੜ ਸੀ। ਡਾਕਟਰ ਨੇ ਜਦੋਂ ਖਰਚਾ ਦੱਸਿਆ ਤਾਂ ਆਂਟੀ ਦੇ ਹੱਥ ਮੱਲੋ-ਮੱਲੀ ਡਾਕਟਰ ਦੇ ਅੱਗੇ ਜੁੜ ਗਏ।
ਆਂਟੀ ਬਾਰੇ ਅਸੀਂ ਬਚਪਨ ਤੋਂ ਵੇਖ ਸੁਣ ਰਹੇ ਸਾਂ। ਹਮੇਸ਼ਾਂ ਕੰਮ ਵਿੱਚ ਰੁੱਝੀ ਰਹਿੰਦੀ, ਸਭ ਨੂੰ ਬਹੁਤ ਪਿਆਰ ਨਾਲ ਬੋਲਦੀ। ਆਂਟੀ ਦੇ ਘਰ ਪੰਜ ਕੁੜੀਆਂ ਤੇ ਇੱਕ ਮੁੰਡਾ ਸੀ। ਆਂਟੀ ਨੇ ਪੈਸਾ-ਪੈਸਾ ਜੋੜ ਕੇ ਪੰਜਾਂ ਧੀਆਂ ਦਾ ਵਿਆਹ ਕੀਤਾ ਸੀ। ਦੋ ਧੀਆਂ ਆਪਣੇ ਘਰ ਵਿੱਚ ਖ਼ੁਸ਼ ਨਹੀਂ ਸਨ।
ਹਸਪਤਾਲ ਵਿੱਚ ਜਦੋਂ ਡਾਕਟਰ ਇਲਾਜ ਕਰ ਰਿਹਾ ਸੀ ਤਾਂ ਆਂਟੀ ਨਾਲ ਗੱਲਾਂ ਕਰਦਿਆਂ ਪਤਾ ਲੱਗਿਆ ਕਿ ਆਂਟੀ ਨੇ ਆਪਣਾ ਮੁੰਡਾ ਵੀ ਤਿੰਨ ਸਾਲ ਪਹਿਲਾਂ ਵਿਆਹ ਲਿਆ ਸੀ, ਪਰ ਕਿਸੇ ਕਾਰਨ ਉਸ ਦਾ ਵੀ ਤਲਾਕ ਹੋ ਗਿਆ ਸੀ।
ਇੰਨੀ ਮਿਹਨਤ ਤੇ ਹੱਕ ਦੀ ਕਮਾਈ ਕਰਨ ਵਾਲੀ ਔਰਤ ਪੈਸਿਆਂ ਲਈ ਹੱਥ ਜੋੜਦੀ ਵੇਖੀ ਨਹੀਂ ਗਈ। ਮੇਰਾ ਮਨ ਭਰ ਆਇਆ। ਇੰਨੇ ਪੈਸਿਆਂ ਦਾ ਪ੍ਰਬੰਧ ਕਰਨ ਦੇ ਫ਼ਿਕਰ ਵਿੱਚ ਡੁੱਬੀ ਆਂਟੀ ਦੀ ਸ਼ਕਲ ਹੁਣ ਵੀ ਜਦੋਂ ਮੇਰੀਆਂ ਅੱਖਾਂ ਅੱਗੇ ਆਉਂਦੀ ਹੈ ਤਾਂ ਕਿਸੇ ਮਸ਼ਹੂਰ ਗਾਇਕ ਦੇ ਗੀਤ ਦੇ ਬੋਲ ਯਾਦ ਆ ਜਾਂਦੇ ਹਨ, “ਰੱਬ ਦੀਆਂ ਬੇਪਰਵਾਹੀਆਂ, ਸਾਨੂੰ ਹਾਲੇ ਸਮਝ ਨਹੀਂ ਆਈਆਂ।”
ਸੰਪਰਕ: 95929-01164
* * *

ਕੜਾਹੀ ਪਨੀਰ ਬਨਾਮ ਕੱਦੂ

ਮਨਸ਼ਾ ਰਾਮ ਮੱਕੜ

ਗਰਮੀਆਂ ਦੇ ਦਿਨ ਸਨ। ਮੈਂ ਕੰਮ ਤੋਂ ਛੁੱਟੀ ਕਰਕੇ ਸ਼ਾਮ ਵੇਲੇ ਘਰ ਪਹੁੰਚਿਆ ਤਾਂ ਵੇਖਿਆ ਕਿ ਨੂੰਹ-ਸੱਸ ਬੜੀਆਂ ਖ਼ੁਸ਼ ਤੇ ਗੱਲਾਂ ਵਿੱਚ ਮਸਤ ਸਨ। ਮੁੜ੍ਹਕੇ ਨਾਲ ਭਿੱਜੀਆਂ ਪਈਆਂ ਸਨ। ਉੱਪਰ ਪੱਖਾ ਬੰਦ ਸੀ, ਸੋਚਿਆ ਬਿਜਲੀ ਨਹੀਂ ਹੋਣੀ, ਪਰ ਬਿਜਲੀ ਤਾਂ ਸੀ, ਫਰਿੱਜ ਚਲੀ ਜਾਂਦੀ ਸੀ। ਖ਼ੁਸ਼ੀ ਵਿੱਚ ਇਨ੍ਹਾਂ ਨੂੰ ਗਰਮੀ ਲੱਗ ਹੀ ਨਹੀਂ ਰਹੀ ਸੀ। ਮੈਨੂੰ ਵੇਖਦਿਆਂ ਮੇਰੀ ਪਤਨੀ ਕਹਿਣ ਲੱਗੀ ਕਿ ਅੱਜ ਤਾਂ ਸੂਰਜ ਪੂਰਬ ਦੀ ਥਾਂ, ਪੱਛਮ ਵਾਲੇ ਪਾਸਿਓਂ ਚੜ੍ਹਿਆ ਹੈ। ‘‘ਕੀ ਹੋਇਆ?’’ ਮੈਂ ਪੁੱਛਿਆ। ਕਹਿਣ ਲੱਗੀ ਕਿ ‘ਕੋਠੀ ਵਾਲੀ ਸੇਠਾਣੀ ਦੇ ਮੁੰਡੇ ਦਾ ਵਿਆਹ ਹੈ, ਲੇਡੀਜ਼ ਸੰਗੀਤ ਵਿੱਚ ਆਉਣ ਦਾ ਸੱਦਾ ਦੇ ਗਈ ਹੈ। ਡੱਬਾ ਦੇ ਗਈ ਹੈ ਤੇ ਜ਼ੁਬਾਨੀ ਵੀ ਕਹਿ ਗਈ ਹੈ ਕਿ ਇਸੇ ਸ਼ਨਿੱਚਰਵਾਰ ਪੰਜਾਂ ਦਿਨਾਂ ਨੂੰ ਪੰਜਾਹ ਫੁੱਟੀ ਰੋਡ ਵਾਲੇ ਰੈਸਤਰਾਂ ਵਿੱਚ ਲੇਡੀਜ਼ ਸੰਗੀਤ ਦਾ ਫੰਕਸ਼ਨ ਹੋਵੇਗਾ, ਮੁੰਡੇ ਦਾ ਵਿਆਹ ਰੱਖਿਆ ਹੈ। ਦੋਵਾਂ ਨੇ ਜ਼ਰੂਰ ਆਉਣਾ ਹੈ। ਪਹਿਲਾਂ ਇਸ ਨੇ ਦੋ ਵਿਆਹ ਕੀਤੇ ਤਾਂ ਕਿਸੇ ਫੰਕਸ਼ਨ ’ਤੇ ਨਹੀਂ ਸੱਦਿਆ ਸੀ। ਜਦੋਂ ਕਦੇ ਕਥਾ ਕਰਾਉਣੀ ਹੋਵੇ ਤਾਂ ਉਦੋਂ ਜ਼ਰੂਰ ਸੱਦਾ ਦੇ ਜਾਂਦੀ ਸੀ।’ ਇੰਨਾ ਕਹਿ ਕੇ ਉਹ ਫਿਰ ਗੱਲੀਂ ਲੱਗ ਗਈਆਂ। ਇਨ੍ਹਾਂ ਨੂੰ ਚਾਠ ਜਿਹਾ ਚੜ੍ਹਿਆ ਹੋਇਆ ਸੀ। ਰੋਟੀ ਪਾਣੀ ਪੁੱਛਣਾ ਭੁੱਲ ਹੀ ਗਈਆਂ। ਖਿਆਲੀਂ ਪੁਲਾਅ ਪਕਾਈ ਜਾ ਰਹੀਆਂ ਸਨ। ਮੈਂ ਥੋੜ੍ਹੀ ਉਡੀਕ ਕੀਤੀ, ਪਰ ਉਨ੍ਹਾਂ ਦੀਆਂ ਗੱਲਾਂ ਨਾ ਮੁੱਕੀਆਂ ਤਾਂ ਮੈਂ ਕਿਹਾ ਕਿ ਭਾਗਵਾਨੇ, ਰੋਟੀ ਤਾਂ ਪਾ ਲਿਆ, ਭੁੱਖ ਲੱਗੀ ਹੈ। ਕਹਿਣ ਲੱਗੀ, ‘‘ਥੋੜ੍ਹਾ ਸਬਰ ਨਹੀਂ ਕਰ ਸਕਦੇ? ਜੇ ਜ਼ਿਆਦਾ ਕਾਹਲੀ ਹੈ ਤਾਂ ਆਪੇ ਪਾ ਲਓ ਰਸੋਈ ’ਚ ਜਾ ਕੇ।’’
ਅੱਜ ਸੁੱਖ ਨਾਲ ਪੰਜਵਾਂ ਦਿਨ ਆ ਗਿਆ ਸੀ। ਪੰਜੇ ਦਿਨ ਇਨ੍ਹਾਂ ਦੀਆਂ ਸੇਠਾਣੀ ਦੇ ਮੁੰਡੇ ਦੇ ਵਿਆਹ ਦੇ ਲੇਡੀਜ਼ ਸੰਗੀਤ ਫੰਕਸ਼ਨ ਦੀਆਂ ਗੱਲਾਂ ਸੁਣ-ਸੁਣ ਕੇ ਕੰਨ ਪੱਕ ਗਏ ਸਨ। ਇਨ੍ਹਾਂ ਨੂੰ ਉਮੀਦ ਹੀ ਨਹੀਂ ਸੀ ਕਿ ਸੇਠਾਣੀ ਇਨ੍ਹਾਂ ਨੂੰ ਮਠਿਆਈ ਦਾ ਡੱਬਾ ਦੇਵੇਗੀ ਤੇ ਰੈਸਤਰਾਂ ਵਿੱਚ ਲੇਡੀਜ਼ ਸੰਗੀਤ ’ਤੇ ਵੀ ਸੱਦੇਗੀ। ਹੁਣ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਇਨ੍ਹਾਂ ਨੂੰ ਲੇਡੀਜ਼ ਸੰਗੀਤ ’ਤੇ ਜਾਣ ਦੀ ਤਿਆਰੀ ਕਰਨ ਤੋਂ ਬਿਨਾਂ ਹੋਰ ਕੋਈ ਕੰਮ ਹੀ ਨਾ ਰਹਿ ਗਿਆ ਹੋਵੇ। ਛੇਵੇਂ ਦਿਨ ਵੀ ਸ਼ਾਮ ਨੂੰ ਕੰਮ ਤੋਂ ਘਰ ਆਇਆ ਤਾਂ ਹੋਣ ਵਾਲੇ ਫੰਕਸ਼ਨ ਵਿੱਚ ਸ਼ਾਮਲ ਹੋਣ ਬਾਰੇ ਜਾਣਕਾਰੀ ਦੇਣ ਲੱਗੀਆਂ ਕਿ ਹੱਟੀ ਵਾਲਿਆਂ ਦੀ ਨੂੰਹ ਨੇ ਬੁਟੀਕ ਤੋਂ ਨਵਾਂ ਸੂਟ ਬਣਵਾਇਆ ਹੈ, ਮਾਸਟਰਨੀ ਬਿਊਟੀ ਪਾਰਲਰ ਤੋਂ ਤਿਆਰ ਹੋਣ ਗਈ ਹੈ; ਵਕੀਲਾਂ ਦੀ ਛੋਟੇ ਕੱਦ ਵਾਲੀ ਨੂੰਹ ਨੇ ਖ਼ਾਸ ਉੱਚੀ ਅੱਡੀ ਵਾਲੇ ਸੈਂਡਲ ਖਰੀਦੇ ਹਨ ਤਾਂ ਕਿ ਕੱਦ ਛੋਟਾ ਨਾ ਲੱਗੇ। ਸ਼ੀਟੂ ਦੀ ਮੰਮੀ ਤਾਂ ਬੱਸ ਉਚਾਵਾਂ ਚੁੱਲ੍ਹਾ ਹੈ, ਘਰ ਘਰ ਤੁਰੀ ਫਿਰਦੀ ਹੈ, ਸੀਆਈਡੀ ਕਰਦੀ ਹੈ ਬਈ ਕਿਵੇਂ ਤਿਆਰੀ ਕਰ ਰਹੀਆਂ ਹਨ। ਉੱਚੇ ਘਰ ਵਾਲਿਆਂ ਦੀ ਨੂੰਹ ਕਹਿੰਦੀ ਕਿ ਮੈਂ ਤਾਂ ਦੁਪਹਿਰ ਦੀ ਰੋਟੀ ਵੀ ਨਹੀਂ ਖਾਧੀ, ਮੈਂ ਤਾਂ ਰੈਸਤਰਾਂ ਜਾਂਦਿਆਂ ਹੀ ਭੱਲੇ ਟਿੱਕੀਆਂ ਵਾਲੇ ਸਟਾਲ ’ਤੇ ਜਾ ਕੇ ਆਪਣਾ ਸ਼ੌਕ ਪੂਰਾ ਕਰਨਾ ਹੈ। ਸੱਸ ਭਾਵ ਮੇਰੀ ਮਾਂ ਕਹਿੰਦੀ, ‘‘ਮੈਨੂੰ ਤਾਂ ਕਾਸੇ ਦਾ ਸ਼ੌਕ ਨਹੀਂ। ਮੈਂ ਤਾਂ ਕੜਾਹੀ-ਪਨੀਰ ਨਾਲ ਬੱਸ ਤੰਦੂਰੀ ਰੋਟੀ ਖਾਣੀ ਹੈ।’’ ਰੈਸਤਰਾਂ ਵਿੱਚ ਜਾਣ ਲਈ ਦੋਵੇਂ ਤਿਆਰ ਹੋ ਰਹੀਆਂ ਸਨ। ਮੈਂ ਕਿਹਾ ਕਿ ਸਾਨੂੰ ਵੀ ਕੋਈ ਰੋਟੀ ਪਾਣੀ ਦੇ ਦਿਓ, ਗੁਰਦੁਆਰਾ ਸਾਹਿਬ ਜਾਣਾ ਹੈ। ਕਹਿਣ ਲੱਗੀਆਂ, ‘‘ਕੁੱਕਰ ਵਿੱਚ ਕੱਦੂ ਦੀ ਸਬਜ਼ੀ ਬਣੀ ਪਈ ਹੈ ਤੇ ਰੋਟੀਆਂ ਬਣਾ ਕੇ ਡੱਬੇ ਵਿੱਚ ਰੱੱਖ ਦਿੱਤੀਆਂ ਹਨ। ਆਪੇ ਕੱਢੋ ਤੇ ਖਾ ਲਉ, ਅਸੀਂ ਤਿਆਰ ਹੋਣਾ ਹੈ।’’ ਮੈਂ ਮੁੰਡੇ ਨੂੰ ਕਿਹਾ ਕਿ ਚੱਲ ਆਪਾਂ ਬਾਜ਼ਾਰ ਦਾ ਗੇੜਾ ਕੱਢ ਆਈਏ, ਰੋਟੀ ਆ ਕੇ ਖਾ ਲਵਾਂਗੇ।
ਅਸੀਂ ਬਾਜ਼ਾਰ ਪਹਿਲਾਂ ਗੁਰਦੁਆਰਾ ਸਾਹਿਬ ਗਏ, ਪਰਕਰਮਾ ਕੀਤੀ ਅਤੇ ਮੱਥਾ ਟੇਕਿਆ। ਫਿਰ ਬਾਜ਼ਾਰ ’ਚੋਂ ਸਬਜ਼ੀ ਵਗੈਰਾ ਲਈ ਤੇ ਰਾਤ ਦਸ ਕੁ ਵਜੇ ਘਰ ਵਾਪਸ ਆ ਗਏ। ਬਾਹਰਲੇ ਬੂਹੇ ਦੀ ਇੱਕ ਕੁੰਜੀ ਅਸੀਂ ਨਾਲ ਲੈ ਗਏ ਸੀ ਕਿ ਇਨ੍ਹਾਂ ਨੂੰ ਲੇਡੀਜ਼ ਸੰਗੀਤ ਤੋਂ ਘਰ ਆਉਣ ਵਿੱਚ ਦੇਰ ਹੋ ਸਕਦੀ ਹੈ। ਇਉਂ ਅਸੀਂ ਆ ਕੇ ਬੂਹਾ ਖੋਲ੍ਹ ਕੇ ਘਰ ਅੰਦਰ ਆ ਜਾਵਾਂਗੇ। ਪਰ ਜਦੋਂ ਘਰ ਬੂਹੇ ਅੱਗੇ ਪਹੁੰਚੇ ਤਾਂ ਬੂਹਾ ਖੁੱਲ੍ਹਾ ਪਿਆ ਸੀ। ਅੰਦਰ ਗਏ ਤਾਂ ਵੇਖਿਆ ਕਿ ਨੂੰਹ ਸੱਸ ਸਾਡੇ ਲਈ ਬਣਾਈ ਕੱਦੂ ਦੀ ਸਬਜ਼ੀ ਨਾਲ ਰੋਟੀਆਂ ਛਕ ਰਹੀਆਂ ਸਨ, ਨਾਲ ਨਾਲ ਕੋਠੀ ਵਾਲੀ ਸੇਠਾਣੀ ਦੀ ਗੱਲਾਂ ਕਰ ਕਰਕੇ ਭੁਗਤ ਸਵਾਰ ਰਹੀਆਂ ਸਨ। ਅਖੇ, ‘‘ਭੁੱਖੀ ਨੰਗੀ ਨੇ ਸ਼ਗਨ ਪਹਿਲਾਂ ਲੈ ਲਿਆ ਤੇ ਅੱਧੀ ਅੱਧੀ ਗਲਾਸੀ ਕੋਕ ਦੀ ਪਿਆ ਕੇ ਮੁੜ ਵੇਟਰਾਂ ਨੂੰ ਸਾਡੇ ਵੱਲ ਆਉਣ ਤੋਂ ਰੋਕ ਦਿੱਤਾ। ਉੱਥੇ ਪਕਵਾਨਾਂ ਦੀ ਖੁਸ਼ਬੂ ਨੇ ਸਾਡੀ ਭੁੱਖ ਹੋਰ ਵੀ ਤੇਜ਼ ਕਰ ਦਿੱਤੀ, ਪਰ ਭੁੱਖੜ ਸੇਠਾਣੀ ਨੇ ਸਾਡੇ ਵੱਲ ਤੱਕਿਆ ਵੀ ਨਹੀਂ। ਸਾਡੇ ਵਿੱਚੋ ਦੋ ਤਿੰਨਾਂ ਨੇ ਬਹੁਤ ਅੱਕੀਂ-ਪਲਾਹੀਂ ਹੱਥ ਮਾਰੇ, ਪਰ ਪੱਲੇ ਕੁਝ ਨਹੀਂ ਪਿਆ। ਭੁੱਖਣ ਭਾਣੀਆਂ ਅਸੀਂ ਸਾਰੀਆਂ ਏਕਾ ਕਰਕੇ ਉੱਠ ਆਈਆਂ ਕਿ ਮੁੜ ਸੇਠਾਣੀ ਦੇ ਕਿਸੇ ਸੁੱਖ ਦੁੱਖ ’ਤੇ ਨਹੀਂ ਜਾਣਾ। ਸਾਨੂੰ ਤਾਂ ਆਹ ਕੱਦੂ ਦੀ ਸਬਜ਼ੀ ਕੜਾਹੀ-ਪਨੀਰ ਤੋਂ ਜ਼ਿਆਦਾ ਸੁਆਦ ਲੱਗ ਰਹੀ ਹੈ। ਇਉਂ ਉਹ ਸਾਡੀ ਪਰਵਾਹ ਕੀਤੇ ਬਗੈਰ ਸਾਡੇ ਹਿੱਸੇ ਦੀ ਕੱਦੂ ਦੀ ਸਬਜ਼ੀ ਵੀ ਖਾ ਗਈਆਂ।
ਸੰਪਰਕ: 98144-39224

Advertisement
Author Image

joginder kumar

View all posts

Advertisement