ਫ਼ਸਲਾਂ ਅਤੇ ਬਾਗ਼ਾਂ ’ਚ ਸਿਉਂਕ ਦਾ ਹੱਲ
ਸੁਮਨ ਕੁਮਾਰੀ* ਪ੍ਰਭਜੋਤ ਕੌਰ/ਹਰਿੰਦਰ ਸਿੰਘ**
ਸਿਉਂਕ ਇੱਕ ਸਮਾਜਿਕ ਅਤੇ ਬਹੁ-ਰੂਪੀ (ਰਾਣੀ, ਰਾਜਾ, ਸਿਪਾਹੀ ਅਤੇ ਕਾਮਾ) ਛੋਟੇ ਕੀੜੇ ਹਨ ਜੋ ਸਾਰੇ ਜਾਨਵਰਾਂ ਦੇ ਬਾਇਓਮਾਸ ਦਾ 10 ਫ਼ੀਸਦੀ ਹਿੱਸਾ ਹਨ ਅਤੇ ਪ੍ਰਮੁੱਖ ਤੌਰ ’ਤੇ ਸੰਸਾਰ ਦੇ ਗਰਮ ਖੰਡੀ ਅਤੇ ਉਪ-ਗਰਮ ਖੰਡੀ ਖੇਤਰਾਂ ਵਿੱਚ ਪਾਏ ਜਾਂਦੇ ਹਨ। ਸਿਉਂਕ ਕੀਮਤੀ ਲੱਕੜ ਅਤੇ ਹੋਰ ਦਰੱਖਤਾਂ ਨੂੰ ਖਾ ਕੇ ਖ਼ਰਾਬ ਕਰ ਦਿੰਦੀ ਹੈ ਅਤੇ ਕਾਫ਼ੀ ਵੱਡਾ ਨੁਕਸਾਨ ਕਰਦੀ ਹੈ। ਕੀੜੀਆਂ ਦੇ ਵਰਗ ਨਾਲ ਇਨ੍ਹਾਂ ਦਾ ਕੋਈ ਵੀ ਨਾਤਾ ਨਾ ਹੋਣ ਦੇ ਬਾਵਜੂਦ, ਇਨ੍ਹਾਂ ਨੂੰ ਕਈ ਵਾਰ ਚਿੱਟੀਆਂ ਕੀੜੀਆਂ ਵੀ ਕਿਹਾ ਜਾਂਦਾ ਹੈ। ਸਿਉਂਕ ਆਮ ਤੌਰ ’ਤੇ ਸਲੇਟੀ-ਚਿੱਟੇ ਕੀੜੇ ਹੁੰਦੇ ਹਨ ਜੋ ਆਪਣੀ ਵਿਰਮੀ (ਖੁੱਡ) ਵੱਲ ਜਾਂ ਉਸ ਤੋਂ ਦੂਰ ਮਿੱਟੀ ਦੀਆਂ ਸੁਰੰਗਾਂ ਰਾਹੀਂ ਜਾਂਦੇ ਹਨ। ਇਹ ਕੀੜੇ ਇੱਕ ਅਧੂਰੇ ਜੀਵਨ ਚੱਕਰ ਵਿੱਚੋਂ ਗੁਜ਼ਰਦੇ ਹਨ ਜਿਸ ਵਿੱਚ ਆਂਡੇ, ਬੱਚੇ ਅਤੇ ਬਾਲਗ ਪੜਾਅ ਹੁੰਦੇ ਹਨ। ਇਨ੍ਹਾਂ ਕੀੜਿਆਂ ਦੀ ਕਲੋਨੀ ਇੱਕ ਸਵੈ-ਸ਼ਾਸਨ ਵਾਲੀ ਕਲੋਨੀ ਹੈ। ਇਸ ਵਿੱਚ ਕੁਝ ਸੈਂਕੜੇ ਕੀੜਿਆਂ ਤੋਂ ਲੈ ਕੇ ਲੱਖਾਂ ਤੱਕ ਕੀੜੇ ਹੋ ਸਕਦੇ ਹਨ। ਇਸ ਵਿੱਚ ਕਈ ਵਿਅਕਤੀਗਤ ਕਿਰਿਆਵਾਂ ਤੋਂ ਬਾਅਦ ਇੱਕ ਸਮੂਹ ਬਣਦਾ ਹੈ। ਇਨ੍ਹਾਂ ਕੀੜਿਆਂ ਦੇ ਘਰ ਨੂੰ ਵਿਰਮੀ, ਸਿਉਂਕ ਘਰ ਜਾਂ ਫਿਰ ਟਰਮੀਟੇਰੀਆ ਵੀ ਕਿਹਾ ਜਾਂਦਾ ਹੈ। ਇਨ੍ਹਾਂ ਕੀੜਿਆਂ ਦੇ ਝੁੰਡ ਮੁੱਖ ਤੌਰ ’ਤੇ ਲੱਕੜ ਵਿੱਚ ਮਿਲਣ ਵਾਲੀ ਸੈਲੂਲੋਜ ਨੂੰ ਆਹਾਰ ਬਣਾਉਂਦੇ ਹਨ।
ਜੀਵਨ ਚੱਕਰ: ਸਿਉਂਕ ਦੀ ਕਲੋਨੀ ਵਿੱਚ ਇੱਕ ਰਾਣੀ, ਰਾਜਾ, ਅਪੂਰਨ ਸੰਭਾਵੀ ਨਰ ਅਤੇ ਮਾਦਾ ਦੇ ਪੂਰਕ ਜਾਂ ਉਤਪਾਦਕ ਰੂਪਾਂ ਦੀ ਇੱਕ ਵੱਡੀ ਗਿਣਤੀ, ਆਂਡਿਆਂ ਤੋਂ ਵਿਕਸਿਤ ਹੋਏ ਬਹੁਤ ਸਾਰੇ ਕਾਮੇ ਅਤੇ ਨਾਲ ਹੀ ਆਂਡਿਆਂ ਤੋਂ ਵਿਕਸਤ ਹੋਏ ਬਹੁਤ ਸਾਰੇ ਸਿਪਾਹੀ ਸ਼ਾਮਲ ਹੁੰਦੇ ਹਨ। ਬਰਸਾਤ ਦੇ ਮੌਸਮ ਵਿੱਚ ਮੀਂਹ ਤੋਂ ਬਾਅਦ ਜਦੋਂ ਨਮੀ ਅਤੇ ਤਾਪਮਾਨ ਸਹੀ ਪੱਧਰ ’ਤੇ ਹੋਣ ਤਾਂ ਪੂਰਕ ਰੂਪ ਜਿਨ੍ਹਾਂ ਵਿੱਚ ਖੰਭਾਂ ਦੀ ਘਾਟ ਹੁੰਦੀ ਹੈ, ਉਹ ਜਿਨਸੀ ਪਰਿਪੱਕਤਾ ਤੋਂ ਗੁਜ਼ਰਦੇ ਹਨ ਅਤੇ ਮਿਲਾਪ ਦੀ ਉਡਾਣ ਲਈ ਖੰਭ ਪ੍ਰਾਪਤ ਕਰਦੇ ਹਨ। ਮੀਂਹ ਤੋਂ ਬਾਅਦ, ਆਮ ਤੌਰ ’ਤੇ ਸ਼ਾਮ ਨੂੰ ਇਹ ਆਪਣੀ ਵਿਰਮੀ ਤੋਂ ਬਾਹਰ ਨਿਕਲਦੇ ਹਨ ਅਤੇ ਸਟਰੀਟ ਲਾਈਟ ਆਦਿ ਦੇ ਆਲੇ-ਦੁਆਲੇ ਘੁੰਮਦੇ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਤਾਂ ਸੱਪ, ਛਿਪਕਲੀ ਜਾਂ ਫਿਰ ਡੱਡੂਆਂ ਦੇ ਸ਼ਿਕਾਰ ਬਣ ਜਾਂਦੇ ਹਨ। ਬਚੇ ਹੋਏ ਨਰ ਅਤੇ ਮਾਦਾ ਖੰਭ ਝਾੜਨ ਤੋਂ ਪਹਿਲਾਂ ਜਾਂ ਬਾਅਦ ਵਿੱਚ ਮਿਲਾਪ ਕਰ ਕੇ ਨਵਾਂ ਸਮੂਹ ਬਣਾਉਂਦੇ ਹਨ। ਇਸ ਵਿੱਚ ਨਰ ਅਗਵਾਈ ਕਰਦਾ ਹੈ ਅਤੇ ਮਾਦਾ ਉਸ ਦਾ ਅਨੁਸਰਨ ਕਰਦੀ ਹੈ। ਇਸ ਤੋਂ ਬਾਅਦ ਇਹ ਜੋੜੀ ਆਪਣੀ ਬਾਕੀ ਜ਼ਿੰਦਗੀ ਰਾਜਾ ਅਤੇ ਰਾਣੀ ਦੀ ਤਰ੍ਹਾਂ ਗੁਜ਼ਾਰਦੇ ਹਨ। ਰਾਣੀ ਦੁਆਰਾ ਦਿੱਤੇ ਗਏ ਕੁਝ ਆਂਡੇ ਸੁੰਡੀਆਂ ਜਾਂ ਬੱਚਿਆਂ ਵਿੱਚ ਵਿਕਸਤ ਹੋ ਜਾਂਦੇ ਹਨ। ਸ਼ਾਹੀ ਜੋੜਾ ਖ਼ੁਦ ਸ਼ੁਰੂਆਤੀ ਬੱਚਿਆਂ ਨੂੰ ਪਾਲਦਾ ਅਤੇ ਖੁਆਉਂਦਾ ਹੈ ਜਿਹੜੇ ਕੀ ਬਾਅਦ ਵਿੱਚ ਕਾਮੇ ਬਣ ਜਾਂਦੇ ਹਨ। ਆਂਡੇ ਨਿਕਲਣ ਤੋਂ ਇੱਕ ਹਫ਼ਤੇ ਦੇ ਅੰਦਰ ਸੁੰਡੀਆਂ ਕਾਮੇ ਜਾਂ ਸਿਪਾਹੀਆਂ ਵਿੱਚ ਬਦਲ ਜਾਂਦੇ ਹਨ। ਰਾਣੀ ਆਕਾਰ ਵਿੱਚ ਹੌਲੀ-ਹੌਲੀ ਵਧਦੀ ਹੈ। ਆਪਣੇ ਆਂਡੇ ਦੇਣ ਦੀ ਗਤੀ ਕਰ ਕੇ ਇਸ ਨੂੰ ਆਂਡੇ ਦੇਣ ਵਾਲੀ ਮਸ਼ੀਨ ਵਜੋਂ ਵੀ ਜਾਣਿਆ ਜਾਂਦਾ ਹੈ ਕਿਉਂਕਿ ਇਹ ਹਰ ਦੋ ਸਕਿੰਟ ਵਿੱਚ ਇੱਕ ਆਂਡਾਂ ਦੇ ਦਿੰਦੀ ਹੈ ਅਤੇ ਪੂਰੇ ਦਿਨ ਦੇ 70,000 ਤੋਂ 80,000 ਆਂਡੇ ਦਿੰਦੀ ਹੈ।
ਫ਼ਸਲਾਂ ਅਤੇ ਬਾਗ਼ਾਂ ਵਿੱਚ ਸਿਉਂਕ ਦਾ ਪ੍ਰਬੰਧਨ-
ਕਮਾਦ: ਕਮਾਦ ਵਿੱਚ ਸਿਉਂਕ ਅਪਰੈਲ ਤੋਂ ਜੂਨ ਅਤੇ ਫਿਰ ਅਕਤੂਬਰ ਵਿੱਚ ਹਮਲਾ ਕਰਦੀ ਹੈ। ਇਹ ਜੰਮ ਰਹੇ ਬੂਟਿਆਂ ਦਾ ਨੁਕਸਾਨ ਕਰਦੀ ਹੈ ਅਤੇ ਉੱਗ ਰਹੇ ਛੋਟੇ ਬੂਟਿਆਂ ਨੂੰ ਵੀ ਸੁਕਾ ਦਿੰਦੀ ਹੈ। ਇਸ ਤੋਂ ਬਚਾਅ ਲਈ ਕੇਵਲ ਗਲੀ-ਸੜੀ ਰੂੜੀ ਖਾਦ ਦੀ ਹੀ ਵਰਤੋਂ ਕਰੋ ਅਤੇ ਪਹਿਲੀ ਫ਼ਸਲ ਦੇ ਮੁੱਢ ਜਾਂ ਰਹਿੰਦ-ਖੂੰਹਦ ਖੇਤ ਵਿੱਚੋਂ ਬਾਹਰ ਕੱਢ ਦਿਉ। ਇਸ ਦੀ ਰੋਕਥਾਮ ਲਈ 200 ਮਿਲੀਲਿਟਰ ਕੋਰਾਜਨ 18.5 ਐਸਸੀ (ਕਲੋਰਐਂਟਰਾਨਿਲੀਪਰੋਲ) ਨੂੰ 400 ਲਿਟਰ ਪਾਣੀ ਵਿੱਚ ਘੋਲ ਕੇ ਫੁਆਰੇ ਨਾਲ ਸਿਆੜਾਂ ਵਿੱਚ ਪਈਆਂ ਗੁੱਲੀਆਂ ਉੱਪਰ ਛਿੜਕੋ ਜਾਂ ਫਿਰ ਬਿਜਾਈ ਤੋਂ 45 ਦਿਨਾਂ ਬਾਅਦ 45 ਮਿਲੀਲਿਟਰ ਇਮਿਡਾਗੋਲਡ 17.8 ਐੱਸਐੱਲ (ਇਮਿਡਾਕਲੋਪਰਿਡ) ਨੂੰ 400 ਲਿਟਰ ਪਾਣੀ ਵਿੱਚ ਘੋਲ ਕੇ ਗੰਨੇ ਦੀਆਂ ਕਤਾਰਾਂ ਵਿੱਚ ਫੁਆਰੇ ਨਾਲ ਪਾਉ।
ਨਰਸਰੀ ਅਤੇ ਬਾਗ਼: ਕਿਸਾਨ ਬਾਗ਼ਾਂ ਵਿੱਚ ਸਿਉਂਕ ਦੀ ਰੋਕਥਾਮ ਲਈ ਕਈ ਤਰ੍ਹਾਂ ਦੇ ਕੀਟਨਾਸ਼ਕਾਂ ਦੀ ਵਰਤੋਂ ਕਰਦੇ ਹਨ ਪਰ ਇਨ੍ਹਾਂ ਕੀਟਨਾਸ਼ਕਾਂ ਦਾ ਅਸਰ ਕੁਝ ਹੀ ਦਿਨ ਰਹਿੰਦਾ ਹੈ ਅਤੇ ਕਈ ਵਾਰ ਦੁਬਾਰਾ ਸਿਉਂਕ ਦਾ ਹਮਲਾ ਹੋ ਜਾਂਦਾ ਹੈ। ਵਾਰ-ਵਾਰ ਕੀਟਨਾਸ਼ਕਾਂ ਦੀ ਵਰਤੋਂ ਨਾਲ ਖੇਤੀ ਖ਼ਰਚੇ ਵਧਦੇ ਹਨ ਅਤੇ ਨਾਲ ਹੀ ਵਾਤਾਵਰਨ ਵੀ ਪ੍ਰਦੂਸ਼ਿਤ ਹੁੰਦਾ ਹੈ। ਇਸ ਲਈ ਇਸ ਸਮੱਸਿਆ ਨੂੰ ਠੱਲ੍ਹ ਪਾਉਣ ਲਈ ਇੱਕ ਵਾਤਾਵਰਨ ਸਹਾਈ ਤਕਨਾਲੋਜੀ ਵਿਗਿਆਨਕਾਂ ਵੱਲੋਂ ਬਣਾਈ ਗਈ ਹੈ।
ਇਸ ਤਕਨਾਲੋਜੀ ਵਿੱਚ ਮਿੱਟੀ ਦੇ ਘੜਿਆਂ ਤੋਂ ਟਰੈਪ ਬਣਾ ਕੇ ਉਸ ਵਿੱਚ ਮੱਕੀ ਦੇ ਗੁੱਲ ਪਾ ਕੇ ਨਾਸ਼ਪਤੀ, ਬੇਰ, ਆੜੂ, ਅੰਗੂਰ ਅਤੇ ਆਂਵਲੇ ਦੇ ਬਾਗ਼ਾਂ ਵਿੱਚ ਸਿਉਂਕ ਦੀ ਅਸਰਦਾਰ ਰੋਕਥਾਮ ਕੀਤੀ ਜਾ ਸਕਦੀ ਹੈ। ਸਿਉਂਕ ਨੂੰ ਖ਼ਤਮ ਕਰਨ ਲਈ ਇੱਕ ਏਕੜ ਦੇ ਬਾਗ਼ ਵਿੱਚ 14 ਘੜੇ ਵਰਤੋ। ਇਸ ਟਰੈਪ ਨੂੰ ਬਣਾਉਣ ਲਈ 13 ਇੰਚ ਆਕਾਰ ਵਾਲੇ ਘੜੇ ਲਏ ਜਾਂਦੇ ਹਨ ਜਿਨ੍ਹਾਂ ਵਿੱਚ 24 ਮੋਰੀਆਂ ਕੀਤੀਆਂ ਜਾਂਦੀਆਂ ਹਨ। ਇਨ੍ਹਾਂ ਟਰੈਪਾਂ ਨੂੰ ਮੱਕੀ ਦੇ ਗੁੱਲਾਂ (3-4 ਟੋਟੇ ਕੀਤੇ ਹੋਣ) ਨਾਲ ਭਰ ਕੇ ਅਪਰੈਲ ਦੇ ਪਹਿਲੇ ਹਫ਼ਤੇ ਅਤੇ ਦੁਬਾਰਾ ਫਿਰ ਸਤੰਬਰ ਦੇ ਪਹਿਲੇ ਹਫ਼ਤੇ ਮਿੱਟੀ ਵਿੱਚ 1.5 ਤੋਂ 2 ਫੁੱਟ ਤੱਕ ਡੂੰਘਾ ਦਬਾਉ।
ਇਹ ਟਰੈਪ ਆਪਸ ਵਿੱਚ ਬਰਾਬਰ ਵਿੱਥ ’ਤੇ ਦਬਾਉ। ਲਗਪਗ 20 ਦਿਨਾਂ ਬਾਅਦ ਹਜ਼ਾਰਾਂ ਤੋਂ ਲੱਖਾਂ ਦੀ ਗਿਣਤੀ ਵਿੱਚ ਸਿਉਂਕ ਦੇ ਬੱਚੇ ਘੜੇ (ਟਰੈਪ) ਵਿੱਚ ਭਰ ਜਾਂਦੇ ਹਨ। ਇਨ੍ਹਾਂ ਦੀ ਗਿਣਤੀ ਇਸ ਗੱਲ ’ਤੇ ਵੀ ਨਿਰਭਰ ਕਰਦੀ ਹੈ ਕਿ ਬਾਗ਼ ਵਿੱਚ ਸਿਉਂਕ ਦਾ ਹਮਲਾ ਕਿੰਨਾ ਹੈ ਅਤੇ ਮਿੱਟੀ ਕਿਸ ਤਰ੍ਹਾਂ ਦੀ ਹੈ। ਇਕੱਠੀ ਹੋਈ ਸਿਉਂਕ ਨੂੰ ਖ਼ਤਮ ਕਰਨ ਲਈ ਵਿੱਚ ਕੁਝ ਤੁਪਕੇ ਡੀਜ਼ਲ ਮਿਲੇ ਪਾਣੀ ਵਿੱਚ ਡੁਬੋ ਕੇ ਖ਼ਤਮ ਕਰ ਦਿਉ।
ਇਨ੍ਹਾਂ ਢੰਗਾਂ ਨਾਲ ਕਿਸਾਨ ਸਿਉਂਕ ਦਾ ਯੋਗ ਪ੍ਰਬੰਧ ਵੀ ਕਰ ਸਕਦੇ ਹਨ ਅਤੇ ਨਾਲ ਹੀ ਕੀਟਨਾਸ਼ਕਾਂ ’ਤੇ ਹੋਣ ਵਾਲੇ ਖ਼ਰਚੇ ਨੂੰ ਘਟਾ ਕੇ ਆਪਣੀ ਆਰਥਿਕ ਹਾਲਤ ਨੂੰ ਵੀ ਸੁਧਾਰ ਸਕਦੇ ਹਨ।
*ਕ੍ਰਿਸ਼ੀ ਵਿਗਿਆਨ ਕੇਂਦਰ ਕਪੂਰਥਲਾ।
**ਕ੍ਰਿਸ਼ੀ ਵਿਗਿਆਨ ਕੇਂਦਰ ਹੁਸ਼ਿਆਰਪੁਰ।