ਧਰਮਹੇੜੀ ਵਿੱਚ ਠੋਸ ਕੂੜਾ ਪ੍ਰਬੰਧਨ ਪਲਾਂਟ ਚਾਲੂ
ਖੇਤਰੀ ਪ੍ਰਤੀਨਿਧ
ਪਟਿਆਲਾ, 2 ਜੁਲਾਈ
ਬਲਾਕ ਪਟਿਆਲਾ ਦੇ ਪਿੰਡ ਧਰਮਹੇੜੀ ਵਿੱਚ ਸਵੱਛ ਭਾਰਤ ਮਿਸ਼ਨ ਗ੍ਰਾਮੀਣ ਫੇਜ-2 ਤਹਿਤ ਠੋਸ ਕੂੜਾ ਪ੍ਰਬੰਧਨ ਪਲਾਂਟ ਚਾਲੂ ਕੀਤਾ ਗਿਆ ਹੈ। ਇਸ ਠੋਸ ਕੂੜਾ ਪ੍ਰਬੰਧਨ ਪਲਾਂਟ ਰਾਹੀਂ ਘਰ ਤੋਂ ਨਿਕਲਦੇ ਸੁੱਕੇ ਤੇ ਗਿੱਲੇ ਕੂੜੇ ਦੀ ਸੰਭਾਲ ਤੇ ਇਸ ਨੂੰ ਵੱਖ-ਵੱਖ ਕਰਨ ਲਈ ਪਿੰਡ ਵਾਸੀਆਂ ਨੂੰ ਜਾਗਰੂਕ ਕਰਨ ਲਈ ਜਾਗਰੂਕਤਾ ਸਮਾਗਮ ਕਰਵਾਇਆ ਗਿਆ।
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਅੱਜ ਇੱਥੇ ਦੱਸਿਆ ਕਿ ਸਵੱਛ ਭਾਰਤ ਮਿਸ਼ਨ ਗ੍ਰਾਮੀਣ ਫ਼ੇਜ-2 ਤਹਿਤ ਪਿੰਡਾਂ ਵਿਚ ਠੋਸ ਤੇ ਤਰਲ ਕੂੜਾ ਪ੍ਰਬੰਧਨ ਪਲਾਂਟ ਲਗਾਉਣ ਲਈ ਵੱਡੀ ਪੱਧਰ ’ਤੇ ਗਤੀਵਿਧੀਆਂ ਜਾਰੀ ਹਨ। ਇਸ ਮੌਕੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੀ ਡਿਵੀਜ਼ਨ ਨੰਬਰ 2 ਤੋਂ ਆਈਈਸੀ ਵੀਰਪਾਲ ਦੀਕਸ਼ਿਤ ਨੇ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਦੇ ਪਿੰਡਾਂ ਵਿਚ ਲੋਕਾਂ ਨੂੰ ਆਪਣੇ ਘਰਾਂ ਵਿੱਚੋਂ ਨਿਕਲਦੇ ਠੋਸ ਤੇ ਤਰਲ ਕੂੜਾ ਕਰਕਟ ਦੀ ਸੰਭਾਲ ਲਈ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਕਿ ਮਿਲ ਕੇ ਆਪਣਾ ਆਲਾ-ਦੁਆਲਾ ਸਾਫ-ਸੁਥਰਾ ਰੱਖ ਸਕੀਏ। ਇਸੇ ਕੜੀ ਵਜੋਂ ਧਰਮਹੇੜੀ ਵਿੱਚ ਭਾਰਤ ਮਿਸ਼ਨ ਗ੍ਰਾਮੀਣ ਫੇਜ-2 ਤਹਿਤ ਸਾਲਿਡ ਵੇਸਟ ਮੈਨੇਜਮੈਂਟ ਪਲਾਂਟ ਚਾਲੂ ਕਰ ਦਿੱਤਾ ਗਿਆ ਹੈ।
ਗ੍ਰਾਮ ਪੰਚਾਇਤ ਦੇ ਸਰਪੰਚ ਰਣਜੀਤ ਕੌਰ ਦੀ ਅਗਵਾਈ ਵਿਚ ਇਕੱਠੇ ਹੋਏ ਪਿੰਡ ਵਾਸੀਆਂ ਨੇ ਠੋਸ ਕੂੜਾ ਪ੍ਰਬੰਧਨ ਪਲਾਂਟ ਦੀ ਸਦਵਰਤੋਂ ਕਰਨ ਲਈ ਮਤਾ ਪਾਸ ਕੀਤਾ। ਇਸ ਮੌਕੇ ਐੱਨਜੀਓ ਰਾਊਂਡ ਗਲਾਸ ਫਾਊਂਡੇਸ਼ਨ ਦੇ ਸਹਿਯੋਗ ਨਾਲ ਪਿੰਡ ਵਾਸੀਆਂ ਨੂੰ ਆਪਣੇ ਘਰਾਂ ਵਿੱਚੋਂ ਨਿਕਲਦੇ ਠੋਸ ਕੂੜਾ ਕਰਕਟ ਦੀ ਸੰਭਾਲ ਤੇ ਇਸ ਨੂੰ ਸੁੱਕੇ ਤੇ ਗਿੱਲੇ ਕੂੜੇ ਵਿਚ ਵੱਖ-ਵੱਖ ਕਰਨ ਦੀ ਜਾਣਕਾਰੀ ਪ੍ਰਦਾਨ ਕਰਦੇ ਹੋਏ ਬਾਲਟੀਆਂ ਵੀ ਵੰਡੀਆਂ ਗਈਆਂ। ਇਸ ਮੌਕੇ ਬੀਆਰਸੀ ਸਪਨਾ ਸੁਸਨ ਅਤੇ ਮਲਕੀਤ ਸਿੰਘ ਵੀ ਮੌਜੂਦ ਸਨ।