Military Station ’ਚ ਡਿਊਟੀ ਸਮੇਂ ਪਿੱਛੋਂ ਲੱਗੀ ਸੱਟ ਲਈ ਵੀ ਜਵਾਨ ਅਪਾਹਜਤਾ ਲਾਭਾਂ ਦਾ ਹੱਕਦਾਰ: High Court
ਵਿਜੇ ਮੋਹਨ
ਚੰਡੀਗੜ੍ਹ, 16 ਦਸੰਬਰ
ਪੰਜਾਬ ਅਤੇ ਹਰਿਆਣਾ ਹਾਈ ਕੋਰਟ (Punjab and Haryana High Court) ਨੇ ਇਕ ਅਹਿਮ ਫੈਸਲੇ ਵਿਚ ਕਿਹਾ ਹੈ ਕਿ ਜੇ ਕਿਸੇ ਫ਼ੌਜੀ ਜਵਾਨ ਨੂੰ ਫੌਜੀ ਸਟੇਸ਼ਨ ਉਤੇ ਆਪਣੀ ਡਿਊਟੀ ਦੇ ਸਮੇਂ ਤੋਂ ਬਾਅਦ ਵੀ ਕੋਈ ਸੱਟ ਲੱਗ ਜਾਂਦੀ ਹੈ, ਤਾਂ ਵੀ ਉਹ ਅਪਾਹਜਤਾ ਲਾਭਾਂ ਦਾ ਹੱਕਦਾਰ ਹੈ। ਹਾਈ ਕੋਰਟ ਨੇ ਇਸ ਸਬੰਧੀ ਪਹਿਲਾਂ ਆਰਮਡ ਫੋਰਸਿਜ਼ ਟ੍ਰਿਬਿਊਨਲ (Armed Forces Tribunal) ਵੱਲੋਂ ਸੁਣਾਏ ਫੈਸਲੇ ਨੂੰ ਬਰਕਰਾਰ ਰੱਖਿਆ ਹੈ ਅਤੇ ਕਿਹਾ ਹੈ ਕਿ ਫ਼ੌਜ ਇਸ ਬਹਾਨੇ ਅਪਾਹਜਤਾ ਲਾਭ ਦੇਣ ਤੋਂ ਨਾਂਹ ਨਹੀਂ ਕਰ ਸਕਦੀ ਕਿ ਉਸ ਦੀ ਸੱਟ ‘ਡਿਊਟੀ ਸਮੇਂ’ ਤੋਂ ਬਾਅਦ ਲੱਗੀ ਸੀ।
ਹਾਈ ਕੋਰਟ ਰੱਖਿਆ ਮੰਤਰਾਲੇ ਅਤੇ ਫੌਜ ਵੱਲੋਂ ਦਾਇਰ ਇੱਕ ਰਿੱਟ ਪਟੀਸ਼ਨ ਦੀ ਸੁਣਵਾਈ ਕਰ ਰਹੀ ਸੀ ਜਿਸ ਵਿੱਚ ਟ੍ਰਿਬਿਊਨਲ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਗਈ ਸੀ। ਟ੍ਰਿਬਿਊਨਲ ਨੇ ਆਪਣੇ ਫ਼ੈਸਲੇ ਵਿਚ ਰੱਖਿਆ ਸੁਰੱਖਿਆ ਕੋਰ (Defence Security Corps ) ਦੇ ਇੱਕ ਮੈਂਬਰ ਨੂੰ ਅਪੰਗਤਾ ਪੈਨਸ਼ਨ ਦੇਣ ਦਾ ਹੁਕਮ ਦਿੱਤਾ ਸੀ, ਜਿਸ ਨੂੰ ਸਤੰਬਰ 2015 ਵਿੱਚ ਉਸਦੀ ਯੂਨਿਟ ਦੇ ਗੇਟ ਨੇੜੇ ਇੱਕ ਅਣਪਛਾਤੇ ਵਾਹਨ ਵੱਲੋਂ ਟੱਕਰ ਮਾਰ ਦਿੱਤੇ ਜਾਣ ਕਾਰਨ ਉਮਰ ਭਰ ਲਈ 30 ਫ਼ੀਸਦੀ ਅਪੰਗਤਾ ਦਾ ਸਾਹਮਣਾ ਕਰਨਾ ਪਿਆ ਸੀ। ਇਹ ਹਾਦਸਾ ਉਦੋਂ ਵਾਪਰਿਆ ਸੀ ਜਦੋਂ ਉਹ ਡਿਊਟੀ ਤੋਂ ਬਾਅਦ ਆਪਣੀ ਯੂਨਿਟ ਵਿੱਚ ਵਾਪਸ ਆ ਰਿਹਾ ਸੀ।
ਸਰਕਾਰ ਨੇ ਟ੍ਰਿਬਿਊਨਲ ਦੇ ਏਐਫਟੀ ਫੈਸਲੇ ਨੂੰ ਇਸ ਆਧਾਰ 'ਤੇ ਚੁਣੌਤੀ ਦਿੱਤੀ ਸੀ ਕਿ ਅਪੰਗਤਾ ਨੂੰ ‘ਨਾ ਤਾਂ ਫੌਜੀ ਸੇਵਾ ਕਾਰਨ ਹੋਈ ਅਤੇ ਨਾ ਹੀ ਵਧਣ ਵਾਲੀ’ ਕਰਾਰ ਦਿੱਤਾ ਗਿਆ ਹੈ ਅਤੇ ਹਾਦਸਾ ਕਿਉਂਕਿ ‘ਡਿਊਟੀ’ ਸਮੇਂ ਤੋਂ ਬਾਅਦ ਹੋਇਆ ਸੀ, ਹਾਲਾਂਕਿ ਸਿਪਾਹੀ ਨੂੰ ਇਸ ਦੇ ਲਈ ਦੋਸ਼ੀ ਨਹੀਂ ਠਹਿਰਾਇਆ ਗਿਆ ਸੀ।
ਹਾਈ ਕੋਰਟ ਦੇ ਜਸਟਿਸ ਸੁਰੇਸ਼ਵਰ ਠਾਕੁਰ (Justice Sureshwar Thakur ) ਅਤੇ ਜਸਟਿਸ ਸੁਦੀਪਤੀ ਸ਼ਰਮਾ (Justice Sudeepti Sharma) ਦੀ ਦੇ ਡਿਵੀਜ਼ਨ ਬੈਂਚ ਨੇ ਆਪਣੇ ਫੈਸਲੇ ਵਿਚ ਕਿਹਾ ਕਿ ਕਿਸੇ ਵਿਅਕਤੀ ਨੂੰ 'ਆਰਾਮ ਦੇ ਘੰਟਿਆਂ' ਦੌਰਾਨ ਲੱਗੀ ਸੱਟ ਲਈ ਅਪੰਗਤਾ ਪੈਨਸ਼ਨ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿਉਂਕਿ ਉਹ ਸਰਗਰਮ ਸੇਵਾ ਵਿੱਚ ਰਹਿੰਦਾ ਹੈ ਅਤੇ ਅਜਿਹੇ ਸਮੇਂ ਦੌਰਾਨ ਛੁੱਟੀ 'ਤੇ ਨਹੀਂ ਹੁੰਦਾ।