ਟਰਾਂਸਪੋਰਟਰਾਂ ਤੋਂ ਰਿਸ਼ਵਤ ਲੈਣ ਦੇ ਦੋਸ਼ ਹੇਠ ਸਿਪਾਹੀ ਗ੍ਰਿਫ਼ਤਾਰ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 4 ਜਨਵਰੀ
ਵਿਜੀਲੈਂਸ ਬਿਊਰੋ ਪੰਜਾਬ ਨੇ ਰਿਜਨਲ ਟਰਾਂਸਪੋਰਟ ਅਥਾਰਟੀ (ਆਰਟੀਏ) ਬਠਿੰਡਾ ਦੇ ਗੰਨਮੈਨ ਸਿਪਾਹੀ ਸੁਖਪ੍ਰੀਤ ਸਿੰਘ ਨੂੰ ਆਪਣੇ ਸਾਥੀਆਂ ਦੀ ਮਦਦ ਨਾਲ ਟਰਾਂਸਪੋਰਟਰਾਂ ਤੋਂ ਰਿਸ਼ਵਤ ਲੈਣ ਦੇ ਦੋਸ਼ ਹੇਠ ਕਾਬੂ ਕੀਤਾ ਹੈ। ਮੁਹਾਲੀ ਦੀ ਅਦਾਲਤ ਨੇ ਮੁਲਜ਼ਮ ਨੂੰ ਚਾਰ ਦਿਨ ਦੇ ਪੁਲੀਸ ਰਿਮਾਂਡ ’ਤੇ ਵਿਜੀਲੈਂਸ ਬਿਊਰੋ ਦੀ ਹਿਰਾਸਤ ਵਿੱਚ ਭੇਜ ਦਿੱਤਾ ਹੈ। ਵਿਜੀਲੈਂਸ ਬਿਊਰੋ ਨੇ ਇਹ ਕਾਰਵਾਈ ਮੁੱਖ ਮੰਤਰੀ ਦੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਉੱਪਰ ਆਈ ਸ਼ਿਕਾਇਤ ’ਤੇ ਕੀਤੀ ਹੈ। ਇਹ ਕਾਰਵਾਈ ਬਠਿੰਡਾ ਜ਼ਿਲ੍ਹੇ ਦੇ ਰਾਮਪੁਰਾ ਕਸਬੇ ਨੇੜਲੇ ਪਿੰਡ ਲਹਿਰਾ ਧੂਰਕੋਟ ਦੇ ਟਰਾਂਸਪੋਰਟਰ ਧਰਮ ਸਿੰਘ ਦੀ ਸ਼ਿਕਾਇਤ ’ਤੇ ਕੀਤੀ ਗਈ ਹੈ। ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਹੈ ਕਿ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਵੱਲੋਂ ਉਸ ਦੇ ਟਰੱਕਾਂ ਅਤੇ ਟਿੱਪਰਾਂ ਦੇ ਚਲਾਨ ਕੀਤੇ ਜਾ ਰਹੇ ਸਨ। ਇਹ ਚਲਾਨ ਨਾ ਕਰਨ ਲਈ ਕੁਝ ਅਧਿਕਾਰੀ ਉਸ ਤੋਂ ਕਥਿਤ ਤੌਰ ’ਤੇ ਪ੍ਰਤੀ ਟਰੱਕ 1800 ਰੁਪਏ ਪ੍ਰਤੀ ਮਹੀਨਾ ‘ਸੁਰੱਖਿਆ ਰਾਸ਼ੀ’ ਦੀ ਮੰਗ ਕਰ ਰਹੇ ਹਨ। ਸ਼ਿਕਾਇਤਕਰਤਾ ਨੇ ਕਿਹਾ ਕਿ ਅਧਿਕਾਰੀਆਂ ਨੇ ਉਸ ਦੇ ਖੜੇ ਹੋਏ ਟਰੱਕਾਂ ਦੇ ਚਲਾਨ ਕੀਤੇ ਸਨ ਅਤੇ ਦਬਾਅ ਹੇਠ ਉਸ ਨੇ ਮੋਬਾਈਲ ਫੋਨ ਨੰਬਰ ’ਤੇ ਗੂਗਲ ਪੇਅ ਰਾਹੀਂ 15000 ਰੁਪਏ ਅਦਾ ਕੀਤੇ ਸਨ। ਸ਼ਿਕਾਇਤਕਰਤਾ ਨੇ ਮੁਲਜ਼ਮਾਂ ਨਾਲ ਕੀਤੀ ਗੱਲਬਾਤ ਰਿਕਾਰਡ ਕਰ ਲਈ ਸੀ, ਜੋ ਸਬੂਤ ਵਜੋਂ ਵਿਜੀਲੈਂਸ ਬਿਊਰੋ ਨੂੰ ਸੌਂਪ ਦਿੱਤੀ ਹੈ। ਵਿਜੀਲੈਂਸ ਬਿਊਰੋ ਨੇ ਸ਼ਿਕਾਇਤ ਦੇ ਆਧਾਰ ’ਤੇ ਵਿਜੀਲੈਂਸ ਬਿਊਰੋ ਪੁਲੀਸ ਥਾਣਾ, ਫਲਾਇੰਗ ਸਕੁਐਡ-1, ਪੰਜਾਬ, ਮੁਹਾਲੀ ਵਿੱਚ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।