ਸੌਰ ਊਰਜਾ: ਚੰਡੀਗੜ੍ਹ ਕੇਂਦਰ ਸ਼ਾਸਿਤ ਪ੍ਰਦੇਸ਼ਾਂ ’ਚੋਂ ਮੋਹਰੀ
ਆਤਿਸ਼ ਗੁਪਤਾ
ਚੰਡੀਗੜ੍ਹ, 31 ਜੁਲਾਈ
ਸਿਟੀ ਬਿਊਟੀਫੁਲ ਚੰਡੀਗੜ੍ਹ ਸੌਰ ਊਰਜਾ ਉਤਪਾਦਨ ’ਚ ਦੇਸ਼ ਦੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚੋਂ ਮੋਹਰੀ ਭੂਮਿਕਾ ਨਿਭਾ ਰਿਹਾ ਹੈ। ਇਸ ਗੱਲ ਦਾ ਪ੍ਰਗਟਾਵਾ ਲੋਕ ਸਭਾ ਵਿੱਚ ਇਕ ਪ੍ਰਸ਼ਨ ਦਾ ਜਵਾਬ ਦਿੰਦਿਆ ਨਵੀਂ ਤੇ ਨਵਿਆਉਣਯੋਗ ਊਰਜਾ ਤੇ ਬਿਜਲੀ ਮੰਤਰੀ ਆਰ.ਕੇ ਸਿੰਘ ਨੇ ਕੀਤਾ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਨੇ 30 ਜੂਨ ਤੱਕ 63.59 ਮੈਗਾਵਾਟ ਸੌਰ ਊਰਜਾ ਦਾ ਉਤਪਾਦਨ ਕਰਨ ਦੀ ਸਮਰੱਥਾ ਸਥਾਪਿਤ ਕੀਤੀ ਹੈ। ਉਨ੍ਹਾਂ ਕਿਹਾ ਕਿ ਜੰਮੂ ਤੇ ਕਸ਼ਮੀਰ ਨੇ 53.29 ਮੈਗਾਵਾਟ, ਪੁੱਡੂਚੇਰੀ ਨੇ 43.26 ਮੈਗਾਵਾਟ, ਅੰਡੇਮਾਨ ਤੇ ਨਿਕੋਬਾਰ ਨੇ 29.91 ਮੈਗਾਵਾਟ, ਲੱਦਾਖ 7.80 ਮੈਗਾਵਾਟ ਸੌਰ ਊਰਜਾ ਉਤਪਾਦਨ ਕਰ ਰਿਹਾ ਹੈ। ਯੂਟੀ ਪ੍ਰਸ਼ਾਸਨ ਦੇ ਅਧਿਕਾਰੀ ਨੇ ਕਿਹਾ ਕਿ ਪਹਿਲਾਂ ਸ਼ਹਿਰ ’ਚ 15 ਅਗਸਤ 2023 ਤੱਕ ਸ਼ਹਿਰ ਵਿੱਚ 75 ਮੈਗਾਵਾਟ ਸੌਰ ਊਰਜਾ ਉਤਪਾਦਨ ਦਾ ਟੀਚਾ ਰੱਖਿਆ ਗਿਆ ਸੀ। ਪਰ 15 ਅਗਸਤ ਤੱਕ ਪੂਰਾ ਨਾ ਹੋਣ ’ਤੇ ਹੁਣ ਯੂਟੀ ਪ੍ਰਸ਼ਾਸਨ ਨੇ ਦਸੰਬਰ 2023 ਤੱਕ ਇਸ ਨੂੰ ਪੂਰਾ ਕਰਨ ਦਾ ਟੀਚਾ ਰੱਖਿਆ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਨੂੰ ਮਾਡਲ ਸੋਲਰ ਸਿਟੀ ਵਜੋਂ ਵਿਕਸਿਤ ਕਰਨ ਲਈ ਸਾਲ 2025 ਤੱਕ ਸ਼ਹਿਰ ਨੂੰ 100 ਫ਼ੀਸਦ ਸੌਰ ਊਰਜਾ ਉਤਪਾਦਨ ’ਚ ਤਬਦੀਲ ਕਰਨ ਦਾ ਟੀਚਾ ਰੱਖਿਆ ਗਿਆ ਹੈ। ਐਨ-ਚੋਅ ਤੇ ਪਟਿਆਲਾ ਕੀ ਰਾਓ ’ਤੇ ਚਾਰ ਕੈਨਾਲ ਟਾਪ ਸੋਲਰ ਪਾਵਰ ਪਲਾਂਟ ਲਗਾਉਣ ਦੀ ਯੋਜਨਾ ਤਿਆਰ ਕੀਤੀ ਗਈ ਹੈ।