ਬੀਬੀ ਮੁਮਤਾਜ਼ ਨਾਲ ਸਬੰਧਤ ਗੁਰਦੁਆਰੇ ਹੇਠੋਂ ਮਿੱਟੀ ਖੁਰੀ
ਜਗਮੋਹਨ ਸਿੰਘ
ਰੂਪਨਗਰ,16 ਜੁਲਾਈ
ਪਿਛਲੇ ਦਨਿੀਂ ਲਗਾਤਾਰ ਤਿੰਨ ਦਨਿ ਪਏ ਮੋਹਲੇਧਾਰ ਮੀਂਹ ਦੌਰਾਨ ਰੂਪਨਗਰ ਜ਼ਿਲ੍ਹੇ ਦੇ ਘਾੜ ਇਲਾਕੇ ਵਿੱਚ ਪੁਰਖਾਲੀ ਨੇੜੇ ਪਿੰਡ ਨੌਰੰਗਪੁਰ ਬੜੀ ਵਿੱਚ ਸ਼ਿਵਾਲਿਕ ਪਰਬਤ ਦੀਆਂ ਪਹਾੜੀਆਂ ਵਿੱਚ ਉੱਚੀ ਥਾਂ ਸਥਿਤ ਤਪ ਅਸਥਾਨ ਬੀਬੀ ਮੁਮਤਾਜ਼ ਜੀ ਨਾਲ ਸਬੰਧਤ ਗੁਰਦੁਆਰੇ ਦੀ ਇਮਾਰਤ ਦੇ ਚਾਰ ਚੁਫੇਰਿਓਂ ਮਿੱਟੀ ਖੁਰ ਗਈ ਹੈ। ਇਸ ਕਰਕੇ ਗੁਰਦੁਆਰੇ ਦੀ ਇਮਾਰਤ ਨੂੰ ਕਿਸੇ ਪਲ ਵੀ ਨੁਕਸਾਨ ਪੁੱਜਣ ਦਾ ਖ਼ਤਰਾ ਖੜ੍ਹਾ ਹੋ ਗਿਆ ਹੈ। ਮਿੱਟੀ ਖਿਸਕਣ ਨਾਲ ਗੁਰਦੁਆਰੇ ਦੇ ਅਗਲੇ ਪਾਸੇ ਬਣਾਏ ਗਏ ਦਫ਼ਤਰ ਵਿੱਚ ਵੀ ਤਰੇੜਾਂ ਪੈ ਗਈਆਂ ਹਨ। ਇਹ ਅਸਥਾਨ ਸੰਗਤ ਲਈ ਵੱਡਾ ਮਹੱਤਵ ਰੱਖਦਾ ਹੈ ਕਿਉਂਕਿ ਬੀਬੀ ਮੁਮਤਾਜ਼ ਨੇ ਇਥੇ ਲੰਬਾ ਸਮਾਂ ਨਿਵਾਸ ਕਰਨ ਮਗਰੋਂ ਇਥੇ ਹੀ ਸਰੀਰ ਤਿਆਗਿਆ ਸੀ। ਇੱਥੇ ਸੰਗਤ ਦੇ ਸਹਿਯੋਗ ਨਾਲ ਨਿਹੰਗ ਜਥੇਬੰਦੀ ਬੁੱਢਾ ਦਲ ਵੱਲੋਂ ਸੁੰਦਰ ਇਮਾਰਤ ਉਸਾਰੀ ਗਈ ਹੈ, ਜਿਸ ਨੂੰ ਹੁਣ ਮਿੱਟੀ ਖੁਰਨ ਮਗਰੋਂ ਵੱਡਾ ਖਤਰਾ ਖੜ੍ਹਾ ਹੋ ਗਿਆ ਹੈ। ਇਲਾਕਾ ਘਾੜ ਕਲੱਬ ਦੇ ਪ੍ਰਧਾਨ ਸੁਖਵਿੰਦਰ ਸਿੰਘ ਗਿੱਲ ਤੇ ਹੋਰ ਸ਼ਰਧਾਲੂਆਂ ਨੇ ਪ੍ਰਸ਼ਾਸਨ, ਸਰਕਾਰ ਤੇ ਦਾਨੀ ਸੱਜਣਾਂ ਨੂੰ ਅਪੀਲ ਕੀਤੀ ਹੈ ਕਿ ਉਹ ਬੀਬੀ ਮੁਮਤਾਜ਼ ਦੇ ਯਾਦਗਾਰੀ ਅਸਥਾਨ ਦੀ ਇਮਾਰਤ ਨੂੰ ਢਹਿ-ਢੇਰੀ ਹੋਣ ਤੋਂ ਬਚਾਉਣ ਲਈ ਅੱਗੇ ਆਉਣ।