ਸੋਹਨ ਕਾਦਰੀ : ਆਪਣੇ ਆਪ ਤੋਂ ਸੁਤੰਤਰ
ਗੁਰਪ੍ਰੀਤ
ਸੱਜਣ ਪਿਆਰਾ
ਸੋਹਨ ਕਾਦਰੀ ਪੰਜਾਬੀ ਦਾ ਵਿਲੱਖਣ ਕਵੀ ਅਤੇ ਸੰਸਾਰ ਪ੍ਰਸਿੱਧ ਚਿਤਰਕਾਰ ਹੋਇਆ ਹੈ। ਉਹ ਤੁਹਾਨੂੰ ਉਹਦੀਆਂ ਕਿਤਾਬਾਂ ‘ਮਿੱਟੀ-ਮਿੱਟੀ’, ‘ਬੂੰਦ ਸਮੁੰਦਰ’, ‘ਅੰਤਰਜੋਤੀ’ , ‘ਅੰਤਰ-ਝਾਤੀ’ ’ਚ ਮਿਲ ਸਕਦਾ ਹੈ। ਤੁਸੀਂ ਉਸਨੂੰ ਉਹਦੇ ਚਿਤਰਾਂ ’ਚ ਵੀ ਦੇਖ ਸਕਦੇ ਹੋਂ। ਉਹ ਆਪਣੇ ਵਰਗਾ ਆਪ ਸੀ, ਇਕੱਲਾ ਤੇ ਸਭ ’ਚ ਸ਼ਾਮਲ। ਉਹ ਕਿਤੇ ਬੱਝਿਆ ਨਹੀਂ ਸਗੋਂ ਬੱਝਣ ਨੂੰ ਬੁਝਦਾ ਤੇ ਮੁਕਤ ਹੋ ਜਾਂਦਾ। ਇਹ ਉਹਦੀ ਕਵਿਤਾ ਤੇ ਪੇਂਟਿੰਗ ਦਾ ਕਮਾਲ ਹੈ ਕਿ ਉਹ ਪੜ੍ਹਨ ਦੇਖਣ ਵਾਲੇ ਨੂੰ ਵੀ ਆਜ਼ਾਦ ਕਰ ਦਿੰਦੀ ਹੈ।
ਇਸੇ ਲਈ ਉਹਨੇ ਆਪਣੀ ਪਹਿਲੀ ਕਾਵਿ-ਪੋਥੀ ’ਚ ਆਪਣੀ ਇੱਛਾ ਲਿਖੀ: ‘‘ਤਥਾਗਤ ਧਾਰਮਕ, ਸਾਹਿਤਕ ਤੇ ਅਧਿਆਤਮਕ ਅਰਥਾਂ ਤੋਂ ਇਹ ਪੋਥੀ ਮੁਕਤ ਰਹੇ॥ ਸ਼ਾਸਤਰਿਕ ਅਤੇ ਸਿਧਾਂਤਕ ਰੁਚੀਆਂ ਤੋਂ ਰਹਿਤ ਕਿਧਰੇ ਕੋਈ ਇੱਕਾ-ਦੁੱਕਾ ਹੋਵੇ ਜੋ ਇਸ ਨੂੰ ਪੜ੍ਹੇ, ਗੁੜ੍ਹੇ ਅਤੇ ਸੋਧੇ - ਫੇਰ ਭੁੱਲ ਜਾਵੇ।’’ ਅਜਿਹਾ ਸੁਤੰਤਰ ਆਦਮੀ, ਤੁਸੀਂ ਹੈਰਾਨ ਰਹਿ ਜਾਂਦੇ ਹੋ। ਆਪਣੇ ਆਪ ਤੋਂ ਵੀ ਸੁਤੰਤਰ- ਇੱਕਾ ਦੁੱਕਾ, ਕੋਰਾ ਸਫ਼ਾ, ਵਾਰ ਵਾਰ। ਕੋਰੇ ਸਫ਼ੇ ’ਤੇ ਲਿਖੀ/ਅਲਿਖੀ ਕੋਰੀ ਕਵਿਤਾ। ਕਾਦਰੀ ਦੀ ਕਵਿਤਾ ਨੂੰ ਪੜ੍ਹਨ, ਗੁੜ੍ਹਨ, ਸੋਧਣ ਤੇ ਭੁੱਲਣ ਲਈ ਕੋਰਾ ਹੋਣਾ ਪਵੇਗਾ ਕਿਉਂਕਿ ਇਹ ਕਵਿਤਾ ਅਰਥਾਂ ਤੋਂ ਪਾਰ ਦੀ ਕਵਿਤਾ ਹੈ ਜਿੱਥੇ ਵਿਚਾਰ ਨੂੰ ਵਿਚਾਰ ਵਾਚਦਾ ਹੈ ਤੇ ਤੇਰ ਮੇਰ ਮਿਟ ਜਾਂਦੀ ਹੈ।
ਕਾਦਰੀ ਨੇ ਆਪਣੀਆਂ ਕਵਿਤਾਵਾਂ ਨੂੰ ਪੰਜਾਬੀ ਸੂਤਰ ਦਾ ਨਾਂ ਦਿੱਤਾ। ਇਹ ਸੂਤਰ ਨਿਸ਼ਬਦ ਦੇ ਨਾਮ ਹਨ। ਮੈਨੂੰ ਲੱਗਦੈ ਕਾਦਰੀ ਦੀ ਸ਼ੈਲੀ ਵਿਚ ਇਹ ਸੂਤਰ ਨਿਸ਼ਬਦ ਦੇ ਅਨਾਮ ਹਨ। ਇਹ ਸੂਤਰ ਆਪਣੇ ਪਾਠਕ ਨੂੰ ਸ਼ਬਦ ਤੋਂ ਨਿਸ਼ਬਦ ਵੱਲ ਲੈ ਕੇ ਜਾਂਦੇ ਹਨ। ਇਹ ਸੂਤਰ ਨੰਗੀ ਨਦੀ ਦਾ ਵਹਿਣ ਹਨ ਜਿਸ ’ਚ ਸਾਨੂੰ ਪੱਤਿਆਂ ਵਾਂਗ ਵਹਿਣਾ ਪੈਣਾ ਹੈ: ਨੰਗੀ ਨਦੀ ਝੂਠ ਨਹੀਂ ਬੋਲਦੀ।
ਦੇਖਿਆ ਬੰਦਰ ਵਿਚ ਕਲੰਦਰ
ਦੇਖਿਆ ਹਿਰਦੇ ਅੰਦਰ ਮੰਦਰ
ਦੇਖਿਆ ਪੁੱਤਰ ਵਿਚ ਪਤੰਦਰ
ਇਕ ਅੰਤਰ-ਝਾਤੀ ਮਾਰ
ਇਹ ਉਹੋ ਝਾਤੀ ਹੈ ਜਿਸ ਨੂੰ ਬੱਚੇ ਆਪਣੀਆਂ ਅੱਖਾਂ ਆਪਣੇ ਹੱਥਾਂ ਨਾਲ ਢੱਕ ਕੇ ਤੇ ਫਿਰ ਥੋੜੇ ਸਮੇਂ ਬਾਅਦ ਉਨ੍ਹਾਂ ਹੱਥਾਂ ਨੂੰ ਅੱਖਾਂ ਤੋਂ ਹਟਾ ‘ਝਾਤੀ’ ਆਖਦੇ ਖਿੜ-ਖਿੜਾ ਕੇ ਹੱਸ ਪੈਂਦੇ ਹਨ। ਇਹੋ ਹੱਸਣਾ ਧੁਰ ਅੰਦਰ ਨੂੰ ਜਾਣਨਾ ਹੈ। ਬੱਚੇ ਤਾਂ ਹੁਣ-ਖਿਣ ’ਚ ਵਿਚਰ ਰਹੇ ਹੁੰਦੇ ਨੇ, ਅੰਤਰ-ਝਾਤੀ ਦਾ ਇਸ਼ਾਰਾ ਵੀ ਇਸੇ ਹੁਣ-ਖਿਣ ਵੱਲ ਹੈ।
ਸੋਹਨ ਕਾਦਰੀ ਸੰਸਾਰ ਪ੍ਰਸਿੱਧ ਚਿਤਰਕਾਰ, ਕਵੀ ਤੇ ਯੋਗੀ ਰਿਹਾ ਹੈ। ਯੋਗੀ ਹੋਣਾ ਉਹਨੂੰ ਦੂਜੇ ਚਿਤਰਕਾਰ ਕਵੀਆਂ ਤੋਂ ਵੱਖਰਾ ਕਰਦਾ ਹੈ । ਯੋਗ ਉਹਦੀਆਂ ਇਨ੍ਹਾਂ ਦੋਹਾਂ ਕਲਾਵਾਂ ਦੀ ਵਿਚਕਾਰਲੀ ਕੰਧ ਨੂੰ ਢਾਹ ਦਿੰਦਾ ਹੈ। ਮੈਂ ਕਈ ਵਾਰ ਸੋਚਦਾ ਹਾਂ - ਹਰ ਅੱਖ ਇਕ ਚਿਤਰ ਦੇਖਦੀ ਹੈ ਜਾਂ ਚਿਤਰ ਕਰਕੇ ਅੱਖ ਦੇਖਣਾ ਜਾਣਦੀ ਹੈ। ਪਰ ਕਾਦਰੀ ਦੇ ਸੂਤਰ ਵੱਖਰੇ ਹਨ। ਉਹ ਚਿਤਰ ਬਣਾਉਂਦਾ ਤੇ ਮਿਟਾਉਂਦਾ ਰਿਹਾ ਹੈ। ਸਭ ਕੁਝ ਹੋ ਰਿਹਾ ਹੈ ਇਸ ਨੂੰ ਕੋਈ ਕਰ ਨਹੀਂ ਰਿਹਾ।
ਜਾਪ ਅਜਾਪ
ਕੀਤਾ ਨਹੀਂ ਜਾਂਦਾ
ਹੋਂਦਾ ਰਹਿੰਦਾ
ਗਿਆਨ ਗੋਸ਼ਟ ਤੋਂ ਡੂੰਘਾ ਡੁੱਬ ਕੇ
ਸੋਹਨ ਕਾਦਰੀ ਦੇ ਇਹ ਸੂਤਰ ਸਹਿਜ ਨੇ, ਸਾਦੇ, ਗੋਲ ਮਟੋਲ, ਘੁੰਮਦੇ ਰੁੜ੍ਹਦੇ ਟੱਪੇ ਖਾਂਦੇ। ਇਨ੍ਹਾਂ ਕੋਲ ਲੋਕ ਬੋਲੀ ਹੈ, ਲੋਕ ਗੀਤਾਂ ਜਿਹਾ ਸੁਹਜ। ਬਹੁਤ ਸਾਰੇ ਸੂਤਰਾਂ ’ਚ ਲੋਕ ਗੀਤ ਵੀ ਸ਼ਾਮਲ ਹੋ ਗਏ ਹਨ- ਤੇਰੀ ਮੇਰੀ ਇਕ ਜ਼ਿੰਦਗੀ। ਇਹ ਸੂਤਰ ਇਸੇ ਬੋਲੀ ’ਚ ਹੋ ਸਕਦੇ ਸਨ। ਸਤੀ ਕੁਮਾਰ ਇਸ ਬੋਲੀ ਨੂੰ ਤਿੰਨਾਂ ਕਾਲਾਂ ਵਿਚ ਵਾਪਰ ਰਹੀ ਬੋਲੀ ਆਖਦਾ ਹੈ। ਇਨ੍ਹਾਂ ਸੂਤਰਾਂ ਦਾ ਨਾ ਕੋਈ ਆਦਿ ਹੈ ਨਾ ਕੋਈ ਅੰਤ। ਇਹਦੀ ਕਵਿਤਾ ’ਚ ਚਿਤਰ ਆ ਜਾਂਦਾ ਹੈ ਤੇ ਚਿਤਰ ’ਚ ਕਵਿਤਾ:
ਜੋ ਕੁਝ ਹੋਵੇ, ਠੀਕ ਹੀ ਹੋਵੇ
ਦੂਜਾ ਕੋਈ ਢੰਗ ਨਹੀਂ
‘ਨੀਲਾ’ ਸਿਰਫ਼ ਇਕ ਸ਼ਬਦ ਹੈ
‘ਨੀਲਾ’ ਕੋਈ ਰੰਗ ਨਹੀਂ
ਉਕਤ ਕਵਿਤਾ ਨੂੰ ਲੈ ਕੇ ਅਮਰਜੀਤ ਚੰਦਨ ਨੇ ‘ਹੁਣ-ਖਿਣ’ ਲਈ ਕਾਦਰੀ ਨੂੰ ਸੁਆਲ ਕੀਤਾ। ਇਹ ਸੁਆਲ-ਜੁਆਬ ਦੋ-ਤਿੰਨ ਪੰਨਿਆਂ ’ਤੇ ਫੈਲਿਆ ਹੋਇਆ ਹੈ। ਉਹਦੀ ਹੁਣ-ਖਿਣ ਜ਼ਰੂਰ ਪੜ੍ਹਿਓ। ਦੋ ਤਿੰਨ ਪੰਕਤੀਆਂ ਕਾਦਰੀ ਦੇ ਜੁਆਬ ਦੀਆਂ ਇੱਥੇ ਸਾਂਝੀਆਂ ਕਰ ਰਿਹਾ ਹਾਂ ਤਾਂ ਕਿ ਤੁਸੀਂ ਦੋ ਤਿੰਨ ਪੰਨਿਆਂ ਤੱਕ ਜਾਵੋ। ਕਾਦਰੀ ਦਾ ਜੁਆਬ ਸੀ, “ਜਦੋਂ ਤੁਸੀਂ ਨੀਲਾ ਕਹਿ ਦਿੰਦੇ ਆਂ, ਨੀਲਾ ਲਿਖ ਦਿੰਦੇ ਆਂ। ਉਹਦੇ ’ਚ ਨੀਲੇਪਣ ਦਾ ਅਨੁਭਵ ਨਹੀਂ ਹੁੰਦਾ, ਉਹਦਾ ਸੰਬੋਧ ਹੁੰਦਾ। ਜਿਸ ਵੇਲ਼ੇ ਮੈਂ ਨੀਲਾ ਕਿਹਾ ਤੇ ਤੁਸੀਂ ਸੁਣਿਆ ਤਾਂ ਤੁਸੀਂ ਕੋਈ ਨੀਲਾ ਸੋਚ ਲਿਆ, ਆਪਣੇ ਮਨ ’ਚ ਜਿਹੜਾ ਕਿਤੇ ਦੇਖਿਆ, ਲੇਕਨਿ ਪਤਾ ਨੀਲੇ ਕਿੰਨੇ ਹੁੰਦੇ ਆ? ਮੈਂ ਤਾਂ ਆਰਟਿਸਟ ਆਂ। ਹਜ਼ਾਰ ਨੀਲੇ ਹੁੰਦੇ ਆ ਤੇ ਕੱਲਾ-ਕੱਲਾ ਨੀਲਾ ਦੂਸਰੇ ਦੀ ਨੇੜਤਾ ’ਚ ਹੋਰ ਹੀ ਨੀਲਾ ਬਣ ਜਾਂਦਾ।”
ਕਾਦਰੀ ਨੂੰ ਪੜ੍ਹਦਿਆਂ ਲੱਗਦਾ ਹੈ ਜਵਿੇਂ ਕਿਸੇ ਆਦਿ ਕਵੀ ਨੂੰ ਪੜ੍ਹ ਰਹੇ ਹੋਈਏ। ਉਸ ਬੋਲੀ ਨੂੰ ਮਾਣ ਰਹੇ ਹੋਈਏ ਜੋ ਪਹਿਲਾਂ ਨਹੀਂ ਸੀ। ਪਰ ਆਪਣੀ ਬੋਲੀ ਸੀ, ਘਰੂ ਬੋਲੀ। ਇਨ੍ਹਾਂ ਸੂਤਰਾਂ ’ਚ ਰਹੱਸ ਦੇ ਰਹੱਸ ਨੇ ਜੋ ਖੁੱਲ੍ਹ ਕੇ ਵੀ ਰਹੱਸ ਹੀ ਬਣੇ ਰਹਿੰਦੇ ਨੇ। ਜੋ ਜਾਣ ਕੇ ਵੀ ਅਜਾਣੇ ਤੇ ਅਸਮਝੇ ਰਹਿੰਦੇ ਹਨ। ਇਨ੍ਹਾਂ ਸੂਤਰਾਂ ਲਈ ਬੰਦਾ ਆਪ ਹੀ ਕਵੀ ਹੈ ਤੇ ਆਪ ਹੀ ਪਾਠਕ:
ਵੰਨਸੁਵੱਨੀ ਕਣਕਾਂਵੰਨੀ ਮਾਰੇ ਭਾਹ
ਪੁਤਲਾ ਮਿਟੜੀ ਪੰਜਰੰਗੀ ਦਾ
ਹਾਕਮ ਹੁਕਮੀਂ ਵਗਦੀ ਵਾ
‘ਸੁੱਕਾ ਪੱਤਾ ਬੇਪਰਵਾਹ’
ਪਿਆਰ ਦੇ ਸਾਰੇ ਹੌਕੇ ਹਾਸੇ
ਆਖ਼ਰ ਇਕ ਮੁਕਤੀ ਦੀ ਚਾਹ
ਸੋਹਨ ਕਾਦਰੀ ਦਾ ਜਨਮ 2 ਨਵੰਬਰ 1932 ਨੂੰ ਕਪੂਰਥਲਾ ਜ਼ਿਲ੍ਹੇ ਵਿੱਚ ਫਗਵਾੜੇ ਕੋਲ ਪਿੰਡ ਚਾਚੋਕੀ ਵਿੱਚ ਹੋਇਆ। ਇਹਨੇ ਸਥਾਨਕ ਸਕੂਲਾਂ ਵਿਚ ਮੁਢਲੀ ਪੜ੍ਹਾਈ ਹਾਸਲ ਕਰਨ ਉਪਰੰਤ, ਗੌਰਮਿੰਟ ਕਾਲਜ ਸ਼ਿਮਲਾ ਤੋਂ ਫ਼ਾਈਨ ਆਰਟਸ ਦੀ ਮਾਸਟਰ ਦੀ ਡਿਗਰੀ ਲਈ ਤੇ ਅਧਿਆਪਨ ਕਰਨ ਲੱਗ ਪਿਆ। 1963 ਵਿੱਚ ਆਜ਼ਾਦ ਆਰਟਿਸਟ ਵਜੋਂ ਕੰਮ ਸ਼ੁਰੂ ਕਰ ਕੀਤਾ। 1966 ਵਿੱਚ ਪੂਰਬੀ ਅਫ਼ਰੀਕਾ ਚਲਾ ਗਿਆ। ਫਿਰ ਯੂਰਪ ਹੋ ਕੇ ਅਮਰੀਕਾ ਚਲਾ ਗਿਆ। 1966 ਤੋਂ 1970 ਤੀਕ ਚਾਰ ਸਾਲ ਜਿਊਰਿਖ ਅਤੇ ਪੈਰਿਸ ਵਿੱਚ ਰਿਹਾ। ਫਿਰ 1970 ਤੋਂ ਕੋਪਨਹੇਗਨ (ਡੈਨਮਾਰਕ) ਵਿਚ ਇਕ ਚੌਥਾਈ ਸਦੀ ਗੁਜ਼ਾਰੀ। ਆਖ਼ਰੀ ਬਾਰਾਂ ਚੌਦਾਂ ਸਾਲ ਮਿਸੀਸਾਗਾ (ਓਂਟਾਰੀਓ, ਕੈਨੇਡਾ) ਵਿੱਚ ਰਿਹਾ। ਪਹਿਲੀ ਮਾਰਚ 2011 ਨੂੰ ਉਹ ਆਪਣੀਆਂ ਕਿਤਾਬਾਂ ਅਤੇ ਚਿੱਤਰਾਂ ਵਿਚ ਸਮਾ ਗਿਆ।
ਕਾਦਰੀ ਨੂੰ ਇਕ ਵਾਰ ਪੜ੍ਹ ਕੇ ਸ਼ੈਲਫ ਵਿਚ ਨਹੀਂ ਰੱਖਿਆ ਜਾ ਸਕਦਾ। ਇਹ ਤਾਂ ਮਸਤਕ ’ਚ ਟਿਕਦਾ ਹੈ ਤੇ ਵਾਰ ਵਾਰ ਪੜ੍ਹਿਆ ਜਾਂਦਾ ਹੈ। ਇਹਦੇ ਚਿਤਰ ਚੁੱਪ ਨੂੰ ਜਾਣਨ ਦਾ ਰਾਹ ਹਨ, ਸਭ ਕਾਸੇ ਤੋਂ ਪਾਰ ਦਾ ਰਾਹ॥
ਸੰਪਰਕ: 98723-75898