ਆਪਣੇ ਪਰਿਵਾਰ ਨੂੰ ਤੋੜਨ ਵਾਲਿਆਂ ਨੂੰ ਸਮਾਜ ਪਸੰਦ ਨਹੀਂ ਕਰਦਾ: ਅਜੀਤ ਪਵਾਰ
ਗੜ੍ਹਚਿਰੌਲੀ, 8 ਸਤੰਬਰ
ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਨੇ ਕਿਹਾ ਕਿ ‘ਸਮਾਜ ਪਰਿਵਾਰਾਂ ’ਚ ਦਰਾਰਾਂ ਪਸੰਦ ਨਹੀਂ ਕਰਦਾ’ ਅਤੇ ਉਨ੍ਹਾਂ ਨੇ ਇਸ ਗੱਲ ਦਾ ਅਹਿਸਾਸ ਕੀਤਾ ਤੇ ਪਹਿਲਾਂ ਹੀ ਆਪਣੀ ਗਲਤੀ ਸਵੀਕਾਰ ਕਰ ਲਈ ਹੈ। ਉਨ੍ਹਾਂ ਨੇ ਸ਼ਪੱਸ਼ਟ ਤੌਰ ’ਤੇ ਇਹ ਟਿੱਪਣੀ ਹਾਲੀਆ ਲੋਕ ਸਭਾ ਚੋਣਾਂ ਦੌਰਾਨ ਆਪਣੀ ਪਤਨੀ ਸੁਨੇਤਰਾ ਅਤੇ ਆਪਣੇ ਚਾਚੇ ਦੀ ਧੀ ਸੁਪ੍ਰਿਆ ਸੂਲੇ ਵਿਚਾਲੇ ਮੁਕਾਬਲੇ ਦੇ ਸਬੰਧ ’ਚ ਕੀਤੀ ਹੈ। ਇੱਕ ਮਹੀਨੇ ਤੋਂ ਵੀ ਘੱਟ ਸਮੇਂ ਵਿੱਚ ਇਹ ਦੂਜੀ ਵਾਰ ਜਦੋਂ ਐੱਨਸੀਪੀ ਆਗੂ ਅਜੀਤ ਪਵਾਰ ਨੇ ਜਨਤਕ ਤੌਰ ’ਤੇ ਇਹ ਗੱਲ ਕਬੂਲੀ ਹੈ ਕਿ ਉਨ੍ਹਾਂ ਨੇ ਆਪਣੀ ਪਤਨੀ ਨੂੰ ਐੱਨਸੀਪੀ (ਐੱਸਪੀ) ਦੀ ਆਗੂ ਸੁਪ੍ਰਿਆ ਸੂਲੇ (ਸ਼ਰਦ ਪਵਾਰ ਦੀ ਬੇਟੀ) ਖ਼ਿਲਾਫ਼ ਚੋਣ ਲੜਾ ਕੇ ਗਲਤੀ ਕੀਤੀ ਸੀ ਅਤੇ ਕਿਹਾ, ‘‘ਸਿਆਸਤ ਘਰ ਵਿੱਚ ਦਾਖਲ ਨਹੀਂ ਹੋਣੀ ਚਾਹੀਦੀ।’’ ਉਨ੍ਹਾਂ ਨੇ ਇਹ ਗਲਤੀ ਪਾਰਟੀ (ਐੱਨਸੀਪੀ) ’ਚ ਫੁੱਟ ਮਗਰੋਂ ਆਪਣੀਆਂ ਪਹਿਲੀਆਂ ਚੋਣਾਂ ਦੌਰਾਨ ਸੂਬੇ ’ਚ ਮਹਯੂਤੀ ਗੱਠਜੋੜ ’ਚ ਸ਼ਾਮਲ ਪਾਰਟੀਆਂ ਵਿੱਚੋਂ ਇੱਕ ਐੱਨਸੀਪੀ ਦੇ ਮਾੜੇ ਪ੍ਰਦਰਸ਼ਨ ਤੋਂ ਬਾਅਦ ਕਬੂਲੀ ਹੈ। ਗੜ੍ਹਚਿਰੌਲੀ ’ਚ ਸ਼ੁੱਕਰਵਾਰ ਨੂੰ ਐੱਨਸੀਪੀ ਦੀ ਇੱਕ ਰੈਲੀ ’ਚ ਅਜੀਤ ਪਵਾਰ ਨੇ ਪਾਰਟੀ ਆਗੂ ਤੇ ਰਾਜ ਮੰਤਰੀ ਧਰਮਰਾਓ ਬਾਬਾ ਆਤਰਾਮ ਦੀ ਬੇਟੀ ਭਾਗਿਆਸ੍ਰੀ ਦੇ ਸ਼ਰਦ ਪਵਾਰ ਦੀ ਅਗਵਾਈ ਵਾਲੀ ਐੱਨਸੀਪੀ ਐੱਸਪੀ ’ਚ ਜਾਣ ਦੇ ਸਬੰਧ ’ਚ ਆਖੀ। ਭਾਗਿਆਸ੍ਰੀ ਦੇ ਆਗਾਮੀ ਅਸੈਂਬਲੀ ਚੋਣਾਂ ’ਚ ਆਪਣੇ ਪਿਤਾ ਖਿਲਾਫ਼ ਚੋਣ ਲੜਨ ਦੇ ਕਿਆਫੇ ਲੱਗ ਰਹੇ ਹਨ। ਪਵਾਰ ਨੇ ਆਖਿਆ, ‘‘ਇੱਕ ਬੇਟੀ ਨੂੰ ਉਸ ਦੇ ਪਿਤਾ ਤੋਂ ਵੱਧ ਪਿਆਰ ਕੋਈ ਨਹੀਂ ਕਰਦਾ। ਤੁਹਾਨੂੰ ਆਪਣੇ ਪਿਤਾ ਦੀ ਹਮਾਇਤ ਕਰਨੀ ਚਾਹੀਦੀ ਹੈ। ਆਪਣੇ ਹੀ ਪਰਿਵਾਰ ਨੂੰ ਤੋੜਨ ਵਾਲੇ ਨੂੰ ਸਮਾਜ ਕਦੇ ਵੀ ਪ੍ਰਵਾਨ ਨਹੀਂ ਕਰਦਾ।’’ ਉਨ੍ਹਾਂ ਨੇ ਸਿਆਸੀ ਕਦਮ ਨੂੰ ਲੈ ਕੇ ਭਾਗਿਆਸ੍ਰੀ ਤੇ ਉਸ ਦੇ ਪਿਤਾ ਵਿਚਾਲੇ ਦਰਾੜ ਦਾ ਹਵਾਲਾ ਦਿੰਦਿਆਂ ਆਖਿਆ ਕਿ ਇਹ ਇੱਕ ਪਰਿਵਾਰ ਨੂੰ ਤੋੜਨ ਵਾਂਗ ਹੈ। ਅਜੀਤ ਪਵਾਰ ਨੇ ਕਿਹਾ, ‘‘ਸਮਾਜ ਨੂੰ ਇਹ ਪਸੰਦ ਨਹੀਂ ਹੈ। ਮੈਂ ਇਸ ਦਾ ਅਹਿਸਾਸ ਕੀਤਾ ਹੈ ਅਤੇ ਆਪਣੀ ਗਲਤੀ ਮੰਨ ਲਈ ਹੈ।’’ -ਪੀਟੀਆਈ