For the best experience, open
https://m.punjabitribuneonline.com
on your mobile browser.
Advertisement

ਸਮਾਜ ਸੇਵੀਆਂ ਨੇ ਮਿਰਜ਼ਾਪੁਰ ਤੇ ਪੜਛ ਡੈਮ ’ਚ ਪਾਣੀ ਭਰਨ ਦਾ ਬੀੜਾ ਚੁੱਕਿਆ

06:50 AM Jun 20, 2024 IST
ਸਮਾਜ ਸੇਵੀਆਂ ਨੇ ਮਿਰਜ਼ਾਪੁਰ ਤੇ ਪੜਛ ਡੈਮ ’ਚ ਪਾਣੀ ਭਰਨ ਦਾ ਬੀੜਾ ਚੁੱਕਿਆ
ਮਿਰਜ਼ਾਪੁਰ ਡੈਮ ਵਿੱਚ ਮੋਟਰ ਨਾਲ ਪਾਣੀ ਭਰਦਾ ਹੋਇਆ ਨੌਜਵਾਨ।
Advertisement

ਮਿਹਰ ਸਿੰਘ
ਕੁਰਾਲੀ, 19 ਜੂਨ
ਬਲਾਕ ਮਾਜਰੀ ਦੀਆਂ ਸ਼ਿਵਾਲਿਕ ਦੀਆਂ ਪਹਾੜੀਆਂ ਵਿੱਚ ਵਸੇ ਪਿੰਡਾਂ ਪੜਛ ਅਤੇ ਮਿਰਜ਼ਾਪੁਰ ਦੇ ਡੈਮਾਂ ਵਿੱਚ ਪਾਣੀ ਸੁੱਕਣ ਕਾਰਨ ਜੰਗਲੀ ਜੀਵਾਂ ਦੀ ਜਾਨ ਖਤਰੇ ਵਿੱਚ ਪੈ ਚੁੱਕੀ ਹੈ। ਪਹਾੜੀ ਜੰਗਲ ਵਿੱਚ ਜਾਨਵਰਾਂ ਦੇ ਪਿਆਸੇ ਮਰਨ ਕਾਰਨ ਹੁਣ ਸਮਾਜ ਸੇਵੀਆਂ ਵਲੋਂ ਦੋਵੇਂ ਡੈਮਾਂ ਵਿੱਚ ਪਾਣੀ ਦਾ ਪ੍ਰਬੰਧ ਕਰਨ ਲਈ ਉਪਰਾਲੇ ਸ਼ੁਰੂ ਕਰ ਦਿੱਤੇ ਗਏ ਹਨ।
ਪਹਾੜੀ ਪਿੰਡ ਪੜਛ ਦੇ ਡੈਮ ’ਚ ਪਾਣੀ ਸੁੱਕਣ ਕਾਰਨ ਜੰਗਲੀ ਜਾਨਵਰਾਂ ਦੇ ਜੀਵਨ ਨੂੰ ਬਣੇ ਖਤਰੇ ਨੂੰ ਦੇਖਦਿਆਂ ਪ੍ਰਭ ਆਸਰਾ ਪਡਿਆਲਾ ਅਤੇ ਲੋਕ ਹਿੱਤ ਮਿਸ਼ਨ ਦੀ ਟੀਮ ਨੇ ਪੜਛ ਡੈਮ ਦਾ ਦੌਰਾ ਕੀਤਾ। ਪ੍ਰਭ ਆਸਰਾ ਦੇ ਮੁਖੀ ਭਾਈ ਸ਼ਮਸ਼ੇਰ ਸਿੰਘ ਅਤੇ ਲੋਕ ਹਿਤ ਮਿਸ਼ਨ ਦੇ ਆਗੂ ਰਵਿੰਦਰ ਸਿੰਘ ਵਜੀਦਪੁਰ ਨੇ ਦੱਸਿਆ ਕਿ ਡੈਮ ਬਿਲਕੁਲ ਸੁੱਕ ਚੁੱਕਾ ਹੈ ਅਤੇ ਪਿਆਸ ਨਾਲ ਮਰੇ ਹਿਰਨ, ਨੀਲ ਗਾਵਾਂ ਅਤੇ ਹੋਰ ਜੰਗਲੀ ਜਾਨਵਰਾਂ ਦੇ ਪਿੰਜਰ ਹਰ ਪਾਸੇ ਨਜ਼ਰ ਆ ਰਹੇ ਹਨ।
ਇਸੇ ਦੌਰਾਨ ਸ਼ਮਸ਼ੇਰ ਸਿੰਘ, ਰਵਿੰਦਰ ਸਿੰਘ ਵਜ਼ੀਦਪੁਰ ਤੇ ਹੋਰਨਾਂ ਨੇ ਸਰਕਾਰ ਨੇ ਪ੍ਰਸ਼ਾਸਨ ਤੋਂ ਇਸ ਸਮੱਸਿਆ ਦੇ ਹੱਲ ਦੀ ਮੰਗ ਅਤੇ ਮਾਹਿਰਾਂ ਦੀ ਟੀਮ ਭੇਜ ਕੇ ਜਾਨਵਰਾਂ ਦੀ ਜਾਨ ਬਚਾਉਣ ਲਈ ਢੁਕਵੇਂ ਪ੍ਰਬੰਧ ਕਰਨ ਦੀ ਮੰਗ ਕੀਤੀ ਹੈ। ਡੈਮ ਵਿੱਚ ਬਣੀ ਇਸ ਸਥਿਤੀ ਨੂੰ ਦੇਖਦਿਆਂ ਇਲਾਕੇ ਦੇ ਪਿੰਡਾਂ ਦੇ ਨੌਜਵਾਨਾਂ ਨੇ ਖੁਦ ਇਸ ਸਮੱਸਿਆ ਦੇ ਹੱਲ ਅਤੇ ਜੰਗਲੀ ਜੀਵਾਂ ਨੂੰ ਬਚਾਉਣ ਦਾ ਬੀੜਾ ਚੁੱਕਿਆ ਹੈ। ਨੌਜਵਾਨਾਂ ਵੱਲੋਂ ਪਹਾੜੀ ਖੇਤਰ ਵਿੱਚ ਟੋਏ ਪੁੱਟ ਕੇ ਟੈਂਕਰਾਂ ਨਾਲ ਭਰਿਆ ਜਾ ਰਿਹਾ ਹੈ ਤਾਂ ਜੋ ਜੀਵ ਪਾਣੀ ਪੀ ਕੇ ਪਿਆਸ ਬੁਝਾ ਸਕਣ।
ਦੂਜੇ ਪਾਸੇ ਮਿਰਜ਼ਾਪੁਰ ਡੈਮ ਦੀ ਵੀ ਅਜਿਹੀ ਹੀ ਸਥਿਤੀ ਬਣੀ ਹੋਈ ਹੈ। ਮਿਰਜ਼ਾਪੁਰ ਡੈਮ ਦਾ ਪਾਣੀ ਸੁੱਕਣ ਕਿਨਾਰੇ ਹੋਣ ਕਾਰਨ ਜੰਗਲੀ ਜੀਵਾਂ ਦੀ ਜਾਨ ਖਤਰੇ ਵਿੱਚ ਪੈ ਚੁੱਕੀ ਹੈ। ਪਿਆਸ ਨਾਲ ਰੋਜ਼ਾਨਾ ਹੀ ਜੰਗਲੀ ਜੀਵ ਮਰ ਰਹੇ ਹਨ। ਇਨ੍ਹਾਂ ਜੀਵਾਂ ਨੂੰ ਬਚਾਉਣ ਲਈ ਸਰਕਾਰ ਤੇ ਪ੍ਰਸ਼ਾਸਨ ਨੇ ਭਾਵੇਂ ਨੇ ਕੋਈ ਉਪਰਾਲਾ ਹਾਲੇ ਤੱਕ ਨਹੀਂ ਕੀਤਾ ਪਰ ਪਿੰਡ ਵਾਸੀਆਂ ਨੇ ਮੋਟਰ ਚਲਾਕ ਫਲੈਕਸੀਵਲ ਪਾਈਪ ਨਾਲ ਪਾਣੀ ਡੈਮ ਤੱਕ ਪਹੁੰਚਾਉਣ ਦਾ ਉਪਰਾਲਾ ਕੀਤਾ ਹੈ। ਪਿੰਡ ਮਿਰਜ਼ਾਪੁਰ ਦੇ ਵਸਨੀਕਾਂ ਨੇ ਵੀ ਇਲਾਕਾ ਨਿਵਾਸੀਆਂ ਨੂੰ ਇਸ ਕਾਰਜ ਵਿੱਚ ਸਹਿਯੋਗ ਕਰਨ ਦੀ ਮੰਗ ਕੀਤੀ ਹੈ।

Advertisement

Advertisement
Advertisement
Author Image

Advertisement