ਸਮਾਜਸੇਵੀਆਂ ਵੱਲੋਂ ਨਿਗਮ ਅਤੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ
ਦਵਿੰਦਰ ਸਿੰਘ
ਯਮੁਨਾਨਗਰ, 4 ਫਰਵਰੀ
ਸਮਾਜ ਸੇਵੀ ਆਗਾਜ਼ ਦੇ ਮੈਂਬਰਾਂ ਨੇ ਸ਼ਹਿਰ ਦੀਆਂ ਟੁੱਟੀਆਂ ਸੜਕਾਂ ਦੇ ਮੁੱਦੇ ’ਤੇ ਇੱਕ ਮੰਗ ਪੱਤਰ ਸੌਂਪਿਆ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੌਂਪਿਆ ਅਤੇ ਸਰਕਾਰ ਤੋਂ ਮੰਗ ਕੀਤੀ ਕਿ ਟੁੱਟੀਆਂ ਸੜਕਾਂ ਦੀ ਜਲਦੀ ਤੋਂ ਜਲਦੀ ਮੁਰੰਮਤ ਕਰਵਾਈ ਜਾਵੇ । ਮੰਗ ਪੱਤਰ ਦੇਣ ਗਏ ਸੰਸਥਾ ਦੇ ਆਗੂਆਂ ਦਾ ਕਹਿਣਾ ਸੀ ਕਿ ਅਧਿਕਾਰੀਆਂ ਦਾ ਰਵੱਈਆ ਨਕਾਰਾਤਮਕ ਰਿਹਾ। ਉਨ੍ਹਾਂ ਮੁਤਾਬਕ ਕਾਫ਼ੀ ਦੇਰ ਇੰਤਜ਼ਾਰ ਕਰਨ ਤੋਂ ਬਾਅਦ ਵੀ ਏਡੀਸੀ ਮੈਮੋਰੰਡਮ ਲੈਣ ਹੀ ਨਹੀਂ ਆਏ, ਉਸ ਤੋਂ ਬਾਅਦ ਅਧਿਕਾਰੀਆਂ ਨੇ ਉਨ੍ਹਾਂ ਨੂੰ ਦੱਸਿਆ ਕਿ ਪੰਜ ਵਿਅਕਤੀ ਉਪਰਲੀ ਮੰਜ਼ਿਲ ’ਤੇ ਜਾ ਕੇ ਮੈਮੋਰੰਡਮ ਜਮ੍ਹਾਂ ਕਰਵਾ ਸਕਦੇ ਹਨ । ਜਦੋਂ ਪੰਜ ਵਿਅਕਤੀ ਮੈਮੋਰੰਡਮ ਦੇਣ ਲਈ ਉੱਪਰ ਪਹੁੰਚੇ, ਤਾਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਏਡੀਸੀ ਮੀਟਿੰਗ ਵਿੱਚ ਹਨ ਅਤੇ ਤੁਹਾਨੂੰ ਹੋਰ ਇੰਤਜ਼ਾਰ ਕਰਨਾ ਪਵੇਗਾ। ਮਗਰੋਂ ਸੰਸਥਾ ਦੇ ਸਾਰੇ ਮੈਂਬਰ ਦੁਬਾਰਾ ਹੇਠਾਂ ਆ ਗਏ ਅਤੇ ਨਿਗਮ ਅਤੇ ਪ੍ਰਸ਼ਾਸਨ ਵਿਰੁੱਧ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ।
ਇਸ ਮਗਰੋਂ ਸੀਟੀਐੱਮ ਆਏ ਅਤੇ ਉਨ੍ਹਾਂ ਦਾ ਮੈਮੋਰੰਡਮ ਲੈ ਗਏ। ਆਗਾਜ਼ ਸੰਗਠਨ ਦੇ ਸੰਸਥਾਪਕ ਬਲਬੀਰ ਸਿੰਘ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ ਵੀ ਅਧਿਕਾਰੀ ਰਾਜਿਆਂ ਵਾਂਗ ਵਿਵਹਾਰ ਕਰਦੇ ਹਨ ਅਤੇ ਜਨਤਾ ਦਾ ਸਤਿਕਾਰ ਨਹੀਂ ਕਰਦੇ। ਸੰਸਥਾ ਦੇ ਕਨਵੀਨਰ ਰਾਹੁਲ ਭਾਨ ਕਾਫ਼ੀ ਸਮੇਂ ਤੋਂ ਸੋਸ਼ਲ ਮੀਡੀਆ ਰਾਹੀਂ ਟੁੱਟੀਆਂ ਸੜਕਾਂ ਦਾ ਮੁੱਦਾ ਚੁੱਕ ਰਹੇ ਹਨ । ਉਨ੍ਹਾਂ ਕਿਹਾ ਕਿ ਵਾਰ-ਵਾਰ ਟੁੱਟੀਆਂ ਸੜਕਾਂ ਦਾ ਮੁੱਦਾ ਚੁੱਕਣ ਦੇ ਬਾਵਜੂਦ, ਅਧਿਕਾਰੀ ਇਸ ਬਾਰੇ ਕੁਝ ਨਹੀਂ ਕਰ ਰਹੇ। ਜਗਾਧਰੀ ਤੋਂ ਆਏ ਸੋਨੂੰ ਹਰਜਾਈ ਨੇ ਕਿਹਾ ਕਿ ਜਗਾਧਰੀ ਦੀਆਂ ਸੜਕਾਂ ਦੀ ਹਾਲਤ ਵੀ ਬਹੁਤ ਮਾੜੀ ਹੈ ਅਤੇ ਅਸੀਂ ਅਧਿਕਾਰੀਆਂ ਤੋਂ ਮੰਗ ਕਰਦੇ ਹਾਂ ਕਿ ਇਨ੍ਹਾਂ ਦੀ ਜਲਦੀ ਤੋਂ ਜਲਦੀ ਮੁਰੰਮਤ ਕੀਤੀ ਜਾਵੇ। ਇਸ ਮੌਕੇ ਸਾਬਕਾ ਡਿਪਟੀ ਰਾਮਪਾਲ, ਕਾਂਗਰਸ ਨੇਤਾ ਦਿਨੇਸ਼ ਡੁਮਰਾ, ਸੁਮਿਤ ਪਾਲ ਸਿੰਘ, ਸ਼ਕੁੰਤਲਾ, ਵੀਨਾ ਰਾਣੀ, ਸ਼ਿਵਦਿਆਲ, ਗੁੱਡੂ ਭਾਟੀਆ, ਮਨੋਜ, ਰਾਮ ਵਰਮਾ, ਜਸਵਿੰਦਰ ਸਿੰਘ ਸੰਧੂ ਆਦਿ ਮੌਜੂਦ ਸਨ।