ਸਮਾਜਿਕ ਤਰੱਕੀ ਨੇ ਰਿਸ਼ਤਿਆਂ ਨੂੰ ਫਿੱਕਾ ਪਾਇਆ: ਕਟਾਰੂਚੱਕ
ਪੱਤਰ ਪ੍ਰੇਰਕ
ਪਠਾਨਕੋਟ, 24 ਜੁਲਾਈ
ਗੌਰੀ ਸ਼ੰਕਰ ਸੇਵਾ ਸਮਿਤੀ ਵੱਲੋਂ ਸੰਜੀਵ ਮਲਹਣ ਦੀ ਪ੍ਰਧਾਨਗੀ ਹੇਠ ਇੱਥੇ ਕਬਾੜ ਧਰਮਸ਼ਾਲਾ ਵਿੱਚ ‘ਸਾਂਭ ਲਉ ਮਾਪੇ, ਰੱਬ ਮਿਲ ਜਾਊ ਆਪੇ’ ਸਿਰਲੇਖ ਹੇਠ ਸਮਾਗਮ ਕੀਤਾ ਗਿਆ। ਇਸ ਵਿੱਚ ਮੁੱਖ ਮਹਿਮਾਨ ਵਜੋਂ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ, ਬਟਾਲਾ ਦੇ ਵਿਧਾਇਕ ਅਮਨ ਸ਼ੇਰ ਸਿੰਘ ਕਲਸੀ ਤੇ ਸੋਸ਼ਲ ਮੀਡੀਆ ਐਕਟੀਵਿਸਟ ਮਨਦੀਪ ਸਿੰਘ ਮੰਨਾ (ਅੰਮ੍ਰਿਤਸਰ) ਸ਼ਾਮਲ ਹੋਏ। ਇਨ੍ਹਾਂ ਤੋਂ ਇਲਾਵਾ ਪੈਸਕੋ ਦੇ ਚੇਅਰਮੈਨ ਕੈਪਟਨ ਸੁਨੀਲ ਗੁਪਤਾ, ‘ਆਪ’ ਦੇ ਸੂਬਾਈ ਸਕੱਤਰ ਡਾ. ਅਨਿਲ ਭਾਰਦਵਾਜ, ਸੌਰਭ ਬਹਿਲ, ਚੇਅਰਮੈਨ ਪਲਾਨਿੰਗ ਬੋਰਡ ਗੁਰਦਾਸਪੁਰ ਜਗਰੂਪ ਸਿੰਘ ਸੇਖਵਾਂ ਆਦਿ ਵੀ ਹਾਜ਼ਰ ਸਨ। ਇਸ ਮੌਕੇ ਸਕੂਲੀ ਵਿਦਿਆਰਥੀਆਂ ਵੱਲੋਂ ਮਾਤਾ-ਪਿਤਾ ਉੱਪਰ ਆਧਾਰਤ ਨੁੱਕੜ ਨਾਟਕ ਖੇਡਿਆ ਗਿਆ।
ਕੈਬਨਿਟ ਮੰਤਰੀ ਨੇ ਕਿਹਾ ਕਿ ਜਿਉਂ-ਜਿਉਂ ਸਮਾਜ ਤਰੱਕੀ ਕਰ ਰਿਹਾ ਹੈ, ਉਸੇ ਤਰ੍ਹਾਂ ਰਿਸ਼ਤਿਆਂ ਵਿੱਚ ਮਿਠਾਸ ਘਟ ਰਹੀ ਹੈ। ਸਾਂਝੇ ਪਰਿਵਾਰਾਂ ਦਾ ਸਾਡਾ ਪੁਰਾਣਾ ਸੱਭਿਆਚਾਰ ਹੁਣ ਇਕੱਲੇ ਰਹਿਣ ਵੱਲ ਧੱਕਿਆ ਗਿਆ ਹੈ। ਮਾਂ-ਬਾਪ ਇਕਾਂਤ ਵਿੱਚ ਰਹਿ ਰਹੇ ਹਨ। ਉਨ੍ਹਾਂ ਗੌਰੀ ਸ਼ੰਕਰ ਸੇਵਾ ਸਮਿਤੀ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਮਨਦੀਪ ਸਿੰਘ ਮੰਨਾ ਨੇ ਵੀ ਮਾਂ-ਬਾਪ ਦੀ ਸੇਵਾ ਕਰਨ ’ਤੇ ਜ਼ੋਰ ਦਿੱਤਾ।