For the best experience, open
https://m.punjabitribuneonline.com
on your mobile browser.
Advertisement

ਸੋਸ਼ਲ ਮੀਡੀਆ ਬਨਾਮ ਬੱਚਿਆਂ ਦਾ ਭਵਿੱਖ

11:16 AM Mar 17, 2024 IST
ਸੋਸ਼ਲ ਮੀਡੀਆ ਬਨਾਮ ਬੱਚਿਆਂ ਦਾ ਭਵਿੱਖ
Advertisement

ਦਵਿੰਦਰ ਕੌਰ ਖੁਸ਼

ਫੇਸਬੁੱਕ, ਇੰਸਟਾਗ੍ਰਾਮ, ਟਿਕਟੌਕ, ਸਨੈਪਚੈਟ ਆਦਿ ਅਜਿਹੀਆਂ ਸੋਸ਼ਲ ਮੀਡੀਆ ਐਪਸ ਹਨ ਜਿਨ੍ਹਾਂ ਦੀ ਵਰਤੋਂ ਸੰਸਾਰ ਪੱਧਰ ਉੱਤੇ ਬੱਚਿਆਂ ਤੋਂ ਲੈ ਕੇ ਵੱਡੇ ਸਾਰੇ ਹੀ ਕਰ ਰਹੇ ਹਨ। ਸੂਚਨਾ ਤਕਨੀਕ ਦੇ ਉੱਨਤ ਹੋਣ ਨਾਲ ਸਾਰਾ ਸੰਸਾਰ ਸਾਡੀ ਪਹੁੰਚ ਵਿੱਚ ਹੈ। ਇਸ ਦੇ ਨਾਲ ਹੀ ਬੱਚਿਆਂ ਦੁਆਰਾ ਵੱਡੇ ਪੱਧਰ ਉੱਤੇ ਇੰਸਟਾਗ੍ਰਾਮ, ਟਿਕਟੌਕ ਆਦਿ ਐਪਸ ਦੀ ਵਰਤੋਂ ਅਤੇ ਇਨ੍ਹਾਂ ਕਾਰਨ ਉਨ੍ਹਾਂ ਦੀ ਸ਼ਖ਼ਸੀਅਤ ਉੱਤੇ ਪੈਂਦੇ ਮਾੜੇ ਪ੍ਰਭਾਵ ਅੱਜ ਮਾਪਿਆਂ, ਅਧਿਆਪਕਾਂ ਅਤੇ ਹੋਰ ਸੰਜੀਦਾ ਨਾਗਰਿਕਾਂ ਲਈ ਚਿੰਤਾ ਦਾ ਵਿਸ਼ਾ ਬਣੇ ਹੋਏ ਹਨ। ਆਮ ਤੌਰ ਉੱਤੇ ਮਾੜੇ ਪ੍ਰਭਾਵਾਂ ਦੀ ਗੱਲਬਾਤ ਵਿੱਚ ‘ਸਮੇਂ ਦੀ ਬਰਬਾਦੀ’, ‘ਅੱਖਾਂ ਖਰਾਬ ਹੋਣ’, ‘ਸਾਰਾ ਦਿਨ ਫੋਟੋਆਂ ਖਿੱਚਦੇ ਰਹਿਣ’, ‘ਪੜ੍ਹਾਈ ਵੱਲ ਧਿਆਨ ਨਾ ਦੇਣ’ ਆਦਿ ਬਾਰੇ ਹੀ ਗੱਲ ਕੀਤੀ ਜਾਂਦੀ ਹੈ ਪਰ ਸਚਾਈ ਇਸ ਤੋਂ ਕਿਤੇ ਜ਼ਿਆਦਾ ਘਿਣਾਉਣੀ ਹੈ। ਸਾਡੇ ਆਲੇ-ਦੁਆਲੇ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ ਜੋ ਹੌਲਨਾਕ ਹਨ। ਸੋਸ਼ਲ ਮੀਡੀਆ ਦੇ ਇਹ ਸੰਦ ਦਿਮਾਗ਼ੀ ਬਿਮਾਰੀਆਂ, ਖ਼ੁਦਕੁਸ਼ੀ, ਜਿਨਸੀ ਹਿੰਸਾ ਅਤੇ ਮਾਨਸਿਕ ਸੋਸ਼ਣ ਤੱਕ ਡੂੰਘੀ ਮਾਰ ਕਰ ਰਹੇ ਹਨ।
ਸਾਲ 2013 ਤੋਂ 2023 ਦੇ ਦਹਾਕੇ ਵਿੱਚ ਅਮਰੀਕਾ ਦੇ ਇੱਕ ਅਦਾਰੇ ‘ਬੱਚਿਆਂ ਦੇ ਸ਼ੋਸ਼ਣ ਅਤੇ ਗਾਇਬ ਹੋਣ ਸਬੰਧੀ ਕੌਮੀ ਕੇਂਦਰ’ ਨੂੰ ਪ੍ਰਤੀ ਦਿਨ 100,000 ਤੋਂ ਵੱਧ ਰਿਪੋਰਟਾਂ ਰੋਜ਼ਾਨਾ ਮਿਲੀਆਂ ਸਨ। ਮੈਟਾ ਦੇ ਇੰਸਟਾਗ੍ਰਾਮ ਨੇ ਪੀਡੋਫਾਈਲਾਂ (ਜਿਨਸੀ ਤੌਰ ’ਤੇ ਬੱਚਿਆਂ ਵੱਲ ਝੁਕਾਅ ਰੱਖਣ ਵਾਲੇ) ਦੇ ਇੱਕ ਨੈੱਟਵਰਕ ਨੂੰ ਜੋੜਨ ਅਤੇ ਉਤਸ਼ਾਹਿਤ ਕਰਨ ਵਿੱਚ ਮਦਦ ਕੀਤੀ ਸੀ। ਪੀਡੋਫਾਈਲਾਂ ਦੇ ਨੈੱਟਵਰਕ ਤੋਂ ਭਾਵ ਬਾਲਗਾਂ ਦਾ ਅਜਿਹਾ ਚੱਕਰ ਹੈ ਜਿਸ ਵਿੱਚ ਨਾਬਾਲਗਾਂ (ਬੱਚਿਆਂ) ਦੀਆਂ ਤਸਵੀਰਾਂ ਤੇ ਵੀਡੀਓਜ਼ ਆਦਿ ਦੀ ਇਤਰਾਜ਼ਯੋਗ (ਬੱਚਿਆਂ ਦੇ ਜਿਨਸੀ ਸ਼ੋਸ਼ਣ) ਰੂਪ ਵਿੱਚ ਪੇਸ਼ਕਾਰੀ ਨੂੰ ਬੱਚਿਆਂ ਦਾ ਜਿਨਸੀ ਸ਼ੋਸ਼ਣ ਕਰਨ ਵਾਲੇ ਮਾਨਸਿਕ ਰੋਗੀਆਂ ਦੀ ਖਪਤ ਲਈ ਇੰਟਰਨੈੱਟ ਦੇ ਵੱਖ-ਵੱਖ ਮਾਧਿਅਮਾਂ ਰਾਹੀਂ ਸਾਂਝਾ ਕੀਤਾ ਜਾਂਦਾ ਹੈ। ਕਈ ਅਧਿਐਨਾਂ ਮੁਤਾਬਿਕ ਇੰਸਟਾਗ੍ਰਾਮ ਵਰਗੇ ਸੋਸ਼ਲ ਮੀਡੀਆ ਮੰਚ ਨਾ ਸਿਰਫ਼ ਅਜਿਹੀ ਸਮੱਗਰੀ ਨੂੰ ਆਪਣੇ ਮੰਚ ਉੱਪਰ ਚੱਲਣ ਦਿੰਦੇ ਹਨ ਸਗੋਂ ਇੰਸਟਾਗ੍ਰਾਮ ਐਲਗੋਰਿਦਮ ਅਜਿਹੇ ਗ਼ੈਰ-ਸਮਾਜੀ ਤੱਤਾਂ ਨੂੰ ਆਪਸ ਵਿੱਚ ਜੋੜਨ ਜਾਂ ਇਨ੍ਹਾਂ ਨੂੰ ਆਪਣਾ ਗ਼ੈਰ-ਇਖ਼ਲਾਕੀ ਧੰਦਾ ਫੈਲਾਉਣ ’ਚ ਮਦਦ ਵੀ ਕਰਦੇ ਹਨ।
ਸਨੈਪਚੈਟ ਅਤੇ ਇੰਸਟਾਗ੍ਰਾਮ ਨੂੰ ਵੱਡੀ ਪੱਧਰ ਉੱਤੇ ਤਸਵੀਰਾਂ ਅਤੇ ਵੀਡੀਓਜ਼ ਲਈ ਵਰਤਿਆ ਜਾਂਦਾ ਹੈ। ਸਨੈਪਚੈਟ ਉੱਤੇ ਭੇਜੀਆਂ ਤਸਵੀਰਾਂ ਜਾਂ ਫਿਰ ਅਜਿਹੀਆਂ ਤਸਵੀਰਾਂ, ਜੋ ਕਿਸੇ ਨਾਲ ਸਾਂਝੀਆਂ ਵੀ ਨਹੀਂ ਕੀਤੀਆਂ ਹੁੰਦੀਆਂ, ਨੂੰ ਕਿਸੇ ਹੋਰ ਕੰਪਨੀਆਂ ਰਾਹੀਂ ਪੋਰਨ ਵੈੱਬਸਾਈਟਾਂ ਉੱਤੇ ਵਰਤਿਆ ਜਾਂਦਾ ਹੈ। ਕਈ ਵਾਰ ਅਜਿਹੀਆਂ ਘਟਨਾਵਾਂ ਦੇ ਸ਼ਿਕਾਰ ਕੁੜੀਆਂ ਜਾਂ ਮੁੰਡੇ ਆਪਣੀਆਂ ਬਹੁਤ ਹੀ ਨਿੱਜੀ ਤਸਵੀਰਾਂ ਦੀ ਗ਼ਲਤ ਉਦੇਸ਼ਾਂ ਲਈ ਵਰਤੋਂ ਬਾਰੇ ਜਾਣਨ ਮਗਰੋਂ ਪ੍ਰੇਸ਼ਾਨ ਹੋ ਕੇ ਖ਼ੁਦਕੁਸ਼ੀ ਵੀ ਕਰ ਲੈਂਦੇ ਹਨ। ਅਮਰੀਕੀ ਜੋੜੇ ਬ੍ਰਾਂਡੀ ਅਤੇ ਟੋਨੀ ਰੌਬਰਟਸ ਦੀ 14 ਸਾਲਾ ਧੀ ਐਂਜਲਿਨ ਨੇ ਖ਼ੁਦਕੁਸ਼ੀ ਇਸ ਲਈ ਕੀਤੀ ਕਿ ਉਹ ਇੰਸਟਾਗ੍ਰਾਮ ’ਤੇ ਉਸ ਨੂੰ ਭੇਜੀ ਗਈ ਇੱਕ ਵੀਡੀਓ ਦੀ ਨਕਲ ਕਰ ਰਹੀ ਸੀ ਜਿਸ ਵਿੱਚ ਰੱਸੇ ਨਾਲ ਲਟਕ ਕੇ ਮਰਨ ਬਾਰੇ ਦੱਸਿਆ ਜਾ ਰਿਹਾ ਸੀ। ਧੀ ਦੀ ਖ਼ੁਦਕੁਸ਼ੀ ਤੋਂ ਬਾਅਦ ਉਨ੍ਹਾਂ ਨੇ ਇੰਸਟਾਗ੍ਰਾਮ ਨੂੰ ਚਲਾਉਣ ਵਾਲੀ ਕੰਪਨੀ ਮੈਟਾ ਖਿਲਾਫ਼ ਕੇਸ ਵੀ ਦਰਜ ਕਰਵਾਇਆ। ਇੰਸਟਾਗ੍ਰਾਮ ਇਸ਼ਤਿਹਾਰਾਂ ਲਈ ਇੱਕ ਵੱਡਾ ਮੰਚ ਹੈ, ਛੋਟੀਆਂ ਵੀਡੀਓ (ਰੀਲ), ਤਸਵੀਰਾਂ ਤੋਂ ਵੱਧ ਕਿਸੇ ਵੀ ਤਰ੍ਹਾਂ ਦੀ ਹੋਰ ਸੰਜੀਦਾ ਸਮੱਗਰੀ ਇਸ ’ਤੇ ਨਹੀਂ ਪੈ ਸਕਦੀ। ਕਾਨੂੰਨੀ ਤੌਰ ਉੱਤੇ ਇੰਸਟਾਗ੍ਰਾਮ ਅਕਾਊਂਟ ਬਣਾਉਣ ਲਈ ਵਰਤੋਂਕਾਰ ਦੀ ਉਮਰ ਘੱਟੋ-ਘੱਟ 13 ਸਾਲ ਹੋਣਾ ਜ਼ਰੂਰੀ ਹੈ ਪਰ ਅਕਾਊਂਟ ਬਣਾਉਣ ਵੇਲੇ ਕਿਸੇ ਵੀ ਤਰ੍ਹਾਂ ਉਮਰ ਬਾਰੇ ਜਾਂਚ ਪੜਤਾਲ ਨਹੀਂ ਕੀਤੀ ਜਾਂਦੀ। ਵੀਡੀਓਜ਼ ਅਤੇ ਤਸਵੀਰਾਂ ਦੇ ਰੂਪ ਵਿੱਚ ਇੰਸਟਾਗ੍ਰਾਮ ਉੱਤੇ ਅਜਿਹੀ ਸਮੱਗਰੀ ਦੀ ਭਰਮਾਰ ਹੈ ਜੋ ਬੱਚਿਆਂ ਲਈ ਖ਼ਤਰਨਾਕ ਹੈ। ਇੱਕ ਵਾਰ ਕਿਸੇ ਵੱਲੋਂ ਦੇਖੇ ਗਏ ਇਸ਼ਤਿਹਾਰ, ਤਸਵੀਰਾਂ ਅਤੇ ਵੀਡੀਓਜ਼ ਵਾਰ-ਵਾਰ ਦਿਖਾਉਣ ਲਈ ਇੰਸਟਾਗ੍ਰਾਮ, ਟਿਕਟੌਕ ਅਤੇ ਹੋਰ ਸੋਸ਼ਲ ਮੀਡੀਆ ਐਪਸ ਤਕਨੀਕੀ ਤੌਰ ਉੱਤੇ ਐਲਗੋਰਿਦਮ ਵਜੋਂ ਜਾਣੇ ਜਾਂਦੇ ਸਾਫਟਵੇਅਰ ਪ੍ਰੋਗਰਾਮ ਵਰਤਦੀਆਂ ਹਨ। ਬੱਚਿਆਂ ਦੀ ਪੋਰਨ ਤੇ ਉਨ੍ਹਾਂ ਦੇ ਜਿਨਸੀ ਸ਼ੋਸ਼ਣ ਲਈ ਉਤਸ਼ਾਹਿਤ ਕਰਦੀ ਸਮੱਗਰੀ ਦਿਖਾਉਣਾ ਤੇ ਇਸ ਦਾ ਪਸਾਰ ਕਰਨਾ ਗ਼ੈਰਕਾਨੂੰਨੀ ਹੈ ਪਰ ਫਿਰ ਵੀ ਹੈਸ਼ਟੈਗ ਰਾਹੀਂ ਇਸ ਦਾ ਪਸਾਰ ਕੀਤਾ ਜਾਂਦਾ ਹੈ।
ਇਕੱਤੀ ਜਨਵਰੀ 2024 ਨੂੰ ਅਮਰੀਕਾ ਵਿੱਚ ਹੋਈ ਇੱਕ ਕਾਂਗਰਸ ਵਿੱਚ ‘ਆਨਲਾਈਨ ਬੱਚਿਆਂ ਦੇ ਵਧ ਰਹੇ ਸੋਸ਼ਣ’ ਬਾਰੇ ਗੱਲ ਕੀਤੀ ਗਈ ਜਿਸ ਵਿੱਚ ਪੰਜ ਕੰਪਨੀਆਂ ਐਕਸ ਕਾਰਪ (ਪਹਿਲਾਂ ਟਵਿੱਟਰ), ਟਿਕਟੌਕ, ਸਨੈਪਚੈਟ, ਮੈਟਾ ਅਤੇ ਡਿਸਕਾਰਡ ਦੇ ਨੁਮਾਇੰਦੇ; ਮਾਪੇ (ਜਿਨ੍ਹਾਂ ਦੇ ਬੱਚਿਆਂ ਦੀ ਜ਼ਿੰਦਗੀ ਉੱਤੇ ਸੋਸ਼ਲ ਮੀਡੀਆ ਨੇ ਬਹੁਤ ਬੁਰਾ ਪ੍ਰਭਾਵ ਪਾਇਆ) ਅਤੇ ਜੱਜ ਤੇ ਵਕੀਲ ਹਾਜ਼ਰ ਸਨ। ਇਸ ਵਿੱਚ ਮੈਟਾ ਦੇ ਸੀਈਓ ਮਾਰਕ ਜ਼ਕਰਬਰਗ ਨੇ ਮੌਖਿਕ ਤੌਰ ਉੱਤੇ ਮਾਪਿਆਂ ਤੋਂ ਮੁਆਫ਼ੀ ਮੰਗੀ। ਬੱਚਿਆਂ ਦੇ ਜਿਨਸੀ ਸ਼ੋਸ਼ਣ ਨੂੰ ਨੈਤਿਕ ਸੰਕਟ ਦੇ ਤੌਰ ਉੱਤੇ ਦੇਖਿਆ ਗਿਆ ਅਤੇ ਬੈਠੇ ਨਿਆਂ ਅਧਿਕਾਰੀਆਂ ਨੇ ਇਸ ਸਬੰਧੀ ਕਾਨੂੰਨ ਬਣਾਉਣ ਦੀ ਗੱਲ ਵੀ ਕੀਤੀ ਸੀ।
ਬੀਤੇ ਸਾਲ ਹੀ ਅਮਰੀਕਾ ਦੀ ਇੱਕ ਜਨਤਕ ਸਿਹਤ ਸਲਾਹਕਾਰ ਨੇ ਕੁਝ ਰਿਪੋਰਟਾਂ ਰਾਹੀਂ ਇਹ ਦੱਸਿਆ ਸੀ ਕਿ ਸੋਸ਼ਲ ਮੀਡੀਆ ਦੀ ਵਰਤੋਂ ਬੱਚਿਆਂ ਅਤੇ ਬਾਲਗਾਂ ਦੀ ਮਾਨਸਿਕ ਸਿਹਤ ਲਈ ‘ਡੂੰਘਾ ਖ਼ਤਰਾ’ ਬਣ ਰਹੀ ਹੈ। ਇਸ ਰਿਪੋਰਟ ਵਿੱਚ ਤਕਨੀਕੀ ਕੰਪਨੀਆਂ ਉੱਤੇ ‘ਫੌਰੀ ਕਾਰਵਾਈ’ ਦੀ ਮੰਗ ਕੀਤੀ ਗਈ ਸੀ।
ਬੇਸ਼ੱਕ ਬੱਚਿਆਂ ਦੇ ਸਰੀਰਕ ਸ਼ੋਸ਼ਣ ਵਿੱਚ ਵਾਧਾ ਹੋਣਾ, ਸੋਸ਼ਲ ਮੀਡੀਆ ਦੁਆਰਾ ਇਤਰਾਜ਼ਯੋਗ ਸਮੱਗਰੀ ਦਿਨ ਰਾਤ ਪਰੋਸਣਾ ਅਤੇ ਬਾਲ ਮਨਾਂ ਨੂੰ ਗੰਧਲਾ ਕਰਨਾ ਨੈਤਿਕ ਸੰਕਟ ਹੈ। ਕਈ ਇਸ ਦਾ ਕਾਰਨ ਟੀਵੀ, ਮੋਬਾਈਲ, ਇੰਟਰਨੈੱਟ ਨੂੰ ਦੱਸਦੇ ਹਨ ਪਰ ਤਕਨਾਲੋਜੀ ਕਿਸੇ ਵੀ ਤਰ੍ਹਾਂ ਇਸ ਦੀ ਦੋਸ਼ੀ ਨਹੀਂ ਹੈ। ਮਸਲਾ ਤਾਂ ਇਹ ਹੈ ਕਿ ਇਸ ਤਕਨਾਲੋਜੀ ਦੀ ਵਰਤੋਂ ਕਿਸ ਮਕਸਦ ਨਾਲ ਕੀਤੀ ਜਾ ਰਹੀ ਹੈ? ਕਾਨੂੰਨ ਬਣਾ ਕੇ ਵੀ ਮਸਲੇ ਉਂਝ ਦੇ ਉਂਝ ਹੀ ਰਹਿੰਦੇ ਹਨ। ਸੋਸ਼ਲ ਮੀਡੀਆ ਦੀ ਵਰਤੋਂ ਨੂੰ ਲੈ ਕੇ ਬਣੇ ਕਾਨੂੰਨਾਂ ਦੀ ਉਲੰਘਣਾ ਵੀ ਕੰਪਨੀਆਂ ਖ਼ੁਦ ਕਰਦੀਆਂ ਹਨ। ਗਾਹਕ ਦੀ ਨਿੱਜਤਾ ਦੀ ਉਲੰਘਣਾ ਅਤੇ ਉਸ ਦਾ ਨਿੱਜੀ ਡੇਟਾ ਦੂਜੀਆਂ ਕੰਪਨੀਆਂ ਨੂੰ ਵੇਚਣ ਦੇ ਮਾਮਲਿਆਂ ਬਾਰੇ ਅਖ਼ਬਾਰਾਂ ਵਿੱਚ ਆਮ ਹੀ ਖ਼ਬਰਾਂ ਆਉਂਦੀਆਂ ਹਨ।
ਇਸ ਵਰਤਾਰੇ ਦਾ ਅਸਲੀ ਕਾਰਨ ਜਾਣਨ ਲਈ ਇਸ ਢਾਂਚੇ ਬਾਰੇ ਗੱਲ ਕਰਨੀ ਹੀ ਪੈਣੀ ਹੈ ਜਿਸ ਵਿੱਚ ਅਸੀਂ ਜਿਊਂ ਰਹੇ ਹਾਂ। ਅੱਜ ਦਾ ਢਾਂਚਾ ਸਰਮਾਏਦਾਰਾ ਹੈ ਜਿਸ ਲਈ ਮਨੁੱਖੀ ਸਰੋਕਾਰ ਕੇਂਦਰੀ ਨੁਕਤਾ ਨਹੀਂ ਹਨ। ਇਕੱਤੀ ਜਨਵਰੀ ਨੂੰ ਹੋਈ ਕਾਂਗਰਸ ਨੈਤਿਕ ਪਤਨ ਦੀ ਦੁਹਾਈ ਦੇ ਰਹੀ ਹੈ ਪਰ ਸੋਸ਼ਲ ਮੀਡੀਆ ਦੇ ਮਾਲਕ ਮਨੁੱਖੀ ਭਲੇ ਲਈ ਨਹੀਂ ਸਗੋਂ ਮੁਨਾਫ਼ੇ ਲਈ ਕੰਮ ਕਰ ਰਹੇ ਹਨ। ਮੌਜੂਦਾ ਸਰਮਾਏਦਾਰੀ ਢਾਂਚਾ ਆਰਥਿਕ ਪੱਧਰ ’ਤੇ ਲਗਾਤਾਰ ਨਿੱਘਰ ਰਿਹਾ ਹੈ। ਇਸ ਦੇ ਨਾਲ ਹੀ ਇਹ ਸੱਭਿਆਚਾਰ ਤੇ ਸਮਾਜਿਕ ਪਤਨ ਦੀਆਂ ਨਵੀਆਂ ਤੋਂ ਨਵੀਆਂ ਸਿਖਰਾਂ ਛੋਹ ਰਿਹਾ ਹੈ। ਬਹੁਗਿਣਤੀ ਦੀ ਲੁੱਟ ’ਤੇ ਪਲ਼ ਰਹੇ ਮੁੱਠੀ ਭਰ ਲੋਕਾਂ ਕੋਲ ਦੌਲਤ ਦੇ ਅੰਬਾਰ ਤਾਂ ਹਨ ਪਰ ਇਨਸਾਨੀ ਸੰਵੇਦਨਾਵਾਂ ਅਤੇ ਸਿਹਤਮੰਦ ਰਿਸ਼ਤਿਆਂ ਪੱਖੋਂ ਕੰਗਾਲੀ ਹੈ। ਖਾਂਦਾ ਪੀਂਦਾ ਮੱਧਵਰਗ ਖਪਤਵਾਦ ’ਚ ਘਿਰਿਆ ਹੋਣ ਕਰਕੇ ਇਕਲਾਪੇ, ਨਿਰਾਸ਼ਾ ਅਤੇ ਬੇਗਾਨਗੀ ਦਾ ਸ਼ਿਕਾਰ ਹੈ। ਬਹੁਤ ਸਾਰੇ ਮਾਮਲਿਆਂ ਵਿੱਚ ਇਸ ਸੱਖਣੇਪਣ ਨੂੰ ‘ਪੋਰਨੋਗ੍ਰਾਫੀ’ ਵਰਗੀਆਂ ਅਲਾਮਤਾਂ ਦੁਆਰਾ ਭਰਿਆ ਜਾਂਦਾ ਹੈ। ਇਹ ਅਜਿਹੇ ਰੁਝਾਨਾਂ ਵਾਲੇ ਵਿਅਕਤੀ ਨੂੰ ਹਰ ਚੀਜ਼ ਨਾਲੋਂ ਤੋੜ ਕੇ ਵਕਤੀ ਤੌਰ ’ਤੇ ਰਾਹਤ ਦੇਣ ਦਾ ਕੰਮ ਕਰਦਾ ਹੈ। ਅਜਿਹੀ ਸੰਤੁਸ਼ਟੀ ਜੋ ਕਿਸੇ ਨੂੰ ਨਸ਼ਾ ਕਰ ਕੇ ਮਿਲਦੀ ਹੈ। ਇਸ ਨਾਲ ਉਸ ਨੂੰ ਇਕੱਲੀ ਸੰਤੁਸ਼ਟੀ ਨਹੀਂ ਸਗੋਂ ਮਾਨਸਿਕ ਨਿਘਾਰ ਅਤੇ ਦੂਜੇ ਇਨਸਾਨਾਂ ਪ੍ਰਤੀ ਜਾਨਵਰ ਬਣਨ ਦੀ ਸਿੱਖਿਆ ਵੀ ਮਿਲਦੀ ਹੈ।
ਇਸ ਸਮੱਸਿਆ ਨੂੰ ਲੈ ਕੇ ਮੌਜੂਦਾ ਢਾਂਚੇ ਦੇ ਬੌਧਿਕ ਚਾਕਰਾਂ ਵੱਲੋਂ ਜਾਂ ਤਾਂ ਹੱਥ ਖੜ੍ਹੇ ਕੀਤੇ ਜਾ ਚੁੱਕੇ ਹਨ ਅਤੇ ਤਕਨਾਲਜੀ ਦਾ ਰੋਣਾ ਰੋਇਆ ਜਾ ਰਿਹਾ ਹੈ ਅਤੇ ਜਾਂ ਇਸ ਨੂੰ ਕਾਨੂੰਨੀ ਤਰੀਕੇ ਨਾਲ ਹੱਲ ਕਰਨ ਬਾਰੇ ਸੋਚਦੇ ਹਨ। ਬੁੱਢਾ ਬਿਮਾਰ ਸਰਮਾਏਦਾਰੀ ਢਾਂਚਾ ਇਸ ਸਮੱਸਿਆ ਨੂੰ ਹੱਲ ਨਹੀਂ ਕਰ ਸਕਦਾ। ਇਸ ਸਮੱਸਿਆ ਦੇ ਹੱਲ ਦਾ ਸਵਾਲ ਇਸ ਢਾਂਚੇ ਦੀ ਆਪਣੀ ਹੋਦ ਨਾਲ ਜੁੜਿਆ ਹੋਇਆ ਹੈ। ਮੁਨਾਫ਼ੇ ਤੋਂ ਬਾਹਰ ਇਹ ਢਾਂਚਾ ਕੰਮ ਨਹੀਂ ਕਰ ਸਕਦਾ। ਇਸ ਲਈ ਜਿਨਸੀ ਸ਼ੋਸ਼ਣ ਅਤੇ ਅਜਿਹੀਆਂ ਸਰਗਰਮੀਆਂ ਨਾਲ ਬੱਚਿਆਂ ਦੇ ਬਚਪਨ ਨੂੰ ਨਰਕ ਬਣਾਉਣ ਵਰਗੀਆਂ ਸਮੱਸਿਆਵਾਂ ਇਸ ਢਾਂਚੇ ਨੂੰ ਖ਼ਤਮ ਕਰਕੇ ਹੀ ਮੁਕੰਮਲ ਰੂਪ ਵਿੱਚ ਹੱਲ ਕੀਤੀਆਂ ਜਾ ਸਕਦੀਆਂ ਹਨ। ਮੌਜੂਦਾ ਢਾਂਚੇ ਨੂੰ ਖ਼ਤਮ ਕਰਕੇ ਨਵਾਂ ਢਾਂਚਾ ਉਸਾਰਨ ਦੀ ਲੰਬੀ ਲੜਾਈ ਦੇ ਨਾਲ-ਨਾਲ ਅੱਜ ਇਹ ਜ਼ਰੂਰੀ ਹੈ ਕਿ ਆਮ ਲੋਕਾਂ, ਨੌਜਵਾਨਾਂ ਅਤੇ ਨਵੀਂ ਪੀੜ੍ਹੀ ਤੱਕ ਨਵਾਂ ਬਦਲਵਾਂ ਸੱਭਿਆਚਾਰ ਲਿਜਾਇਆ ਜਾਵੇ। ਇਸ ਲਈ ਅਜਿਹਾ ਸਾਹਿਤ, ਸੰਗੀਤ, ਫਿਲਮਾਂ ਕਾਰਗਰ ਹੋ ਸਕਦੇ ਹਨ ਜੋ ਇਨਸਾਨ ਲਈ ਹਨ ਅਤੇ ਮਨੁੱਖ ਨੂੰ ਮਨੁੱਖ ਪ੍ਰਤੀ ਸੰਵੇਦਨਸ਼ੀਲ ਬਣਾਉਂਦੇ ਹਨ। ਟੈਕਨਾਲੋਜੀ ਕੰਮ ਨੂੰ ਸੁਖਾਲਾ ਤੇ ਦੁਨੀਆ ਨੂੰ ਤਰੱਕੀਆਂ ਦੀ ਰਾਹ ’ਤੇ ਅੱਗੇ ਲਿਜਾਣ ਲਈ ਬਣਾਈ ਗਈ ਸੀ ਪਰ ਇਸ ਦੀ ਬੇਲੋੜੀ, ਅਸੰਜਮੀ ਅਤੇ ਗ਼ਲਤ ਵਰਤੋਂ ਦੇ ਨਤੀਜੇ ਘਾਤਕ ਸਿੱਧ ਹੋ ਰਹੇ ਹਨ। ਕੋਰੋਨਾ ਕਾਰਨ ਸ਼ੁਰੂ ਹੋਏ ਪੜ੍ਹਾਈ ਦੇ ਆਨਲਾਈਨ ਸਿਸਟਮ ਨੇ ਵੀ ਬੱਚਿਆਂ ਦਾ ਬੇੜਾ ਗਰਕ ਕੀਤਾ ਹੈ। ਕੁਝ ਐਪਸ ’ਤੇ ਪਾਬੰਦੀ ਲਾਗੂ ਹੋਣੀ ਜ਼ਰੂਰੀ ਹੈ ਤਾਂ ਜੋ ਬੱਚਿਆਂ ਦੇ ਭਵਿੱਖ ਨੂੰ ਬਚਾਇਆ ਜਾਵੇ।

Advertisement

ਸੰਪਰਕ: 88472-27740

Advertisement
Author Image

sukhwinder singh

View all posts

Advertisement
Advertisement
×