ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸੋਸ਼ਲ ਮੀਡੀਆ ਅਤੇ ਸਮਾਜੀਕਰਨ

11:42 AM Aug 24, 2024 IST
ਕੰਵਲਜੀਤ ਕੌਰ ਗਿੱਲ*

ਆਧੁਨਿਕ ਯੁੱਗ ਡਿਜੀਟਲ ਤਕਨਾਲੋਜੀ ਅਤੇ ਮਸਨੂਈ ਬੁੱਧੀ (ਆਰਟੀਫੀਸ਼ਅਲ ਇੰਟੈਲੀਜੈਂਸ) ਦਾ ਹੈ। ਸਮਾਰਟ ਫੋਨ ਜ਼ਰੀਏ ਹਰ ਉਮਰ ਅਤੇ ਵਰਗ ਦਾ ਵਿਅਕਤੀ ਸੋਸ਼ਲ ਮੀਡੀਆ ਉੱਪਰ ਕਾਰਜਸ਼ੀਲ ਹੈ। ਸੋਸ਼ਲ ਮੀਡੀਆ ਦੀਆਂ ਅਨੇਕਾਂ ਹੀ ਐਪਸ ਅਤੇ ਸਾਈਟਾਂ ਹਨ ਜਿਨ੍ਹਾਂ ਦੀ ਬਦੌਲਤ ਅਸੀਂ ਦੁਨੀਆ ਭਰ ਦੀ ਜਾਣਕਾਰੀ ਇੱਕ ਬਟਨ ਦਬਾਉਣ ਨਾਲ ਪ੍ਰਾਪਤ ਕਰ ਸਕਦੇ ਹਾਂ। ਕਈ ਟੂਲਜ਼ ਇਹੋ ਜਿਹੇ ਵੀ ਹਨ ਜਿਹੜੇ ਤੁਹਾਡੇ ਦਿਮਾਗ਼, ਸਿਹਤ ਅਤੇ ਸਮੂਹ ਸਰੀਰਕ ਕਾਰਜ ਪ੍ਰਣਾਲੀ ਨੂੰ ਕੰਟਰੋਲ ਕਰਦੇ ਹਨ। ਸਮਾਰਟ ਫੋਨ ਇਤਨਾ ਕੁ ਸਮਾਰਟ ਹੈ ਕਿ ਕੁਝ ਦੇਰ ਵਰਤੋਂ ਕਰਨ ਤੋਂ ਬਾਅਦ ਉਸ ਕੋਲ ਤੁਹਾਡੇ ਬਾਰੇ ਲਗਭਗ ਸਾਰੀ ਜਾਣਕਾਰੀ ਇਕੱਠੀ ਹੋ ਜਾਂਦੀ ਹੈ। ਤੁਹਾਡੀ ਪਸੰਦ ਕੀ ਹੈ, ਤੁਹਾਨੂੰ ਕਿਹੜੀ ਬਿਮਾਰੀ ਹੈ, ਕਿਸ ਪ੍ਰਕਾਰ ਦੀ ਦਵਾ-ਦਾਰੂ ਤੁਹਾਡੇ ਲਈ ਸਹੀ ਹੈ, ਤੁਸੀਂ ਪਿਛਲੇ ਖ਼ਾਸ ਸਮੇਂ ’ਤੇ ਕਿੱਥੇ ਗਏ ਸੀ, ਤੁਹਾਡੀਆਂ ਖਿੱਚੀਆਂ ਫੋਟੋਆਂ ਤੋਂ ਉਹ ਦੱਸ ਦੇਵੇਗਾ ਅਤੇ ਤੁਹਾਨੂੰ ਫੋਟੋ ਵੀ ਦਿਖਾਵੇਗਾ। ਇੱਥੋਂ ਤੱਕ ਕਿ ਸਮਾਰਟ ਫੋਨ ਨਾਲ ਤੁਸੀਂ ਬੈਠੇ ਬੈਠੇ ਅਲੈਕਸਾ/ ਸੀਰੀ/ ਗੂਗਲ ਆਦਿ ਨੂੰ ਹੁਕਮ ਦੇ ਸਕਦੇ ਹੋ ਕਿ ਕਮਰੇ ਦੀ ਲਾਈਟ ਬੰਦ ਕਰੇ ਜਾਂ ਜਗਾ ਦੇਵੇ; ਤੁਹਾਡੀ ਗ਼ੈਰ-ਮੌਜੂਦਗੀ ਦੌਰਾਨ ਘਰ ਵਿੱਚ ਦਾਖ਼ਲ ਹੋਣ ਵਾਲੇ ਕਿਸੇ ਵੀ ਓਪਰੇ ਵਿਅਕਤੀ ਦਾ ਧਿਆਨ ਰੱਖੇ ਆਦਿ। ਸਮਾਰਟ ਫੋਨ ਰੋਬੋਟ ਦੀ ਸਹਾਇਤਾ ਨਾਲ ਲਗਭਗ ਹਰ ਇੱਕ ਪ੍ਰਕਾਰ ਦੇ ਕੰਮ ਕਰ ਸਕਦਾ ਹੈ। ਇੰਜ ਅਸੀਂ ਕਹਿ ਸਕਦੇ ਹਾਂ ਕਿ ਮਸਨੂਈ ਬੁੱਧੀ ਦੀ ਵਰਤੋਂ ਨਾਲ ਜ਼ਿੰਦਗੀ ਸੁਖਾਲੀ ਹੋ ਗਈ ਹੈ, ਪਰ ਇਹ ਸਾਰਾ ਕੁਝ ਇਤਨਾ ਸਰਲ ਨਹੀਂ ਹੈ।
ਸੋਸ਼ਲ ਮੀਡੀਆ ਉੱਪਰ ਕਾਰਜਸ਼ੀਲ ਰਹਿਣ ਅਤੇ ਸੋਸ਼ਲ ਹੋਣ ਵਿੱਚ ਫ਼ਰਕ ਹੈ। ਕਿਸੇ ਵੀ ਸ਼ੈਅ ਦਾ ਇੱਕ ਸੀਮਾ ਤੋਂ ਵਧੇਰੇ ਪ੍ਰਯੋਗ ਹਮੇਸ਼ਾ ਹੀ ਖ਼ਤਰਨਾਕ ਅਤੇ ਨੁਕਸਾਨਦੇਹ ਹੁੰਦਾ ਹੈ। ਕੁਝ ਇਸੇ ਪ੍ਰਕਾਰ ਦੀ ਸਥਿਤੀ ਹੈ ਸੋਸ਼ਲ ਮੀਡੀਆ ਅਤੇ ਇਸ ਦੀ ਜ਼ਰੂਰਤ ਤੋਂ ਵਧੇਰੇ ਵਰਤੋਂ ਦੀ। ਵਾਧੂ ਸਕਰੀਨ ਸਮਾਂ, ਫਜ਼ੂਲ ਅਤੇ ਅਣ-ਉਤਪਾਦਕ ਕੰਮਾਂ ਵਿੱਚ ਰੁੱਝੇ ਰਹਿਣ ਨਾਲ ਸਮੇਂ ਦੀ ਬਰਬਾਦੀ ਹੁੰਦੀ ਹੈ। ਇਸ ਦੀ ਲਗਾਤਾਰ ਵਰਤੋਂ ਕਰਨ ਵਾਲੇ ਕਈ ਪ੍ਰਕਾਰ ਦੀਆਂ ਮਾਨਸਿਕ, ਮਨੋਵਿਗਿਆਨਿਕ ਅਤੇ ਭਾਵਨਾਤਮਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਉਹ ਚੌਗਿਰਦੇ ਦੇ ਨਾਲ ਜੁੜੇ ਮਹਿਸੂਸ ਕਰਦਿਆਂ ਵੀ ਇਕੱਲਤਾ ਦੀ ਜ਼ਿੰਦਗੀ ਜਿਊਂ ਰਹੇ ਹਨ। ਹੌਲੀ ਹੌਲੀ ਉਹ ਡਿਪਰੈਸ਼ਨ, ਚਿੰਤਾ, ਡਰ ਵਰਗੀਆਂ ਮਾਨਸਿਕ ਬਿਮਾਰੀਆਂ ਦਾ ਸ਼ਿਕਾਰ ਹੋਣ ਲੱਗਦੇ ਹਨ। ਨੀਂਦ ਦਾ ਅਨਿਯਮਤ ਹੋਣਾ ਵੀ ਇਸੇ ਦਾ ਨਤੀਜਾ ਹੈ। ਉਨ੍ਹਾਂ ਵਿੱਚ ਹੀਣ ਭਾਵਨਾ ਤੇ ਨਾਕਾਰਾਤਮਕ ਸੋਚ ਭਾਰੂ ਹੋਣ ਲੱਗਦੀ ਹੈ ਅਤੇ ਵਿਅਕਤੀ ਬਾਹਰ ਵਿਚਰਨ ਦੀ ਥਾਂ ਅੰਤਰਮੁਖੀ ਹੋਣ ਲੱਗਦਾ ਹੈ।
ਸੋਸ਼ਲ ਮੀਡੀਆ ਦੀ ਵਧੇਰੇ ਵਰਤੋਂ ਦਾ ਬੱਚਿਆਂ ਅਤੇ ਖ਼ਾਸ ਤੌਰ ’ਤੇ ਵਿਦਿਆਰਥੀਆਂ ਉੱਪਰ ਸਭ ਤੋਂ ਮਾੜਾ ਅਸਰ ਪੈ ਰਿਹਾ ਹੈ। ਅੰਤਰਰਾਸ਼ਟਰੀ ਵਿਦਿਆਰਥੀ ਅਸੈਸਮੈਂਟ ਪ੍ਰੋਗਰਾਮ (PISA) ਦੁਆਰਾ ਵਿਸ਼ਾਲ ਪੱਧਰ ’ਤੇ ਕੀਤੀ ਖੋਜ ਵੀ ਦੱਸਦੀ ਹੈ ਕਿ ਸੂਚਨਾ ਅਤੇ ਸੰਚਾਰ ਤਕਨੀਕ ਦੀ ਵਧੇਰੇ ਵਰਤੋਂ ਵਿਦਿਆਰਥੀਆਂ ਦੀ ਕਾਰਗੁਜ਼ਾਰੀ ’ਤੇ ਮਾੜਾ ਪ੍ਰਭਾਵ ਪਾਉਂਦੀ ਹੈ। ਵਿਦਿਆਰਥੀ ਇਕਾਗਰ ਚਿੱਤ ਹੋ ਕੇ ਪੜ੍ਹਾਈ ਨਹੀਂ ਕਰ ਸਕਦਾ। ਹਾਲ ਹੀ ਵਿੱਚ ਯੂਨੈਸਕੋ (UNESCO) ਨੇ 14 ਦੇਸ਼ਾਂ ਦੇ ਵਿਦਿਆਰਥੀਆਂ ਦਾ ਇੱਕ ਵੱਡਾ ਸੈਂਪਲ ਲੈ ਕੇ ਅਧਿਐਨ ਕੀਤਾ। ਇਹ ਰਿਪੋਰਟ ਵੀ ਇਸ ਨਤੀਜੇ ’ਤੇ ਪਹੁੰਚੀ ਹੈ ਕਿ ਵਿਦਿਆਰਥੀਆਂ ਦੁਆਰਾ ਮੋਬਾਈਲ ਦੀ ਵਧੇਰੇ ਵਰਤੋਂ ਅਤੇ ਵਿਦਿਅਕ ਪ੍ਰਾਪਤੀ ਦੇ ਪੱਧਰ ਵਿੱਚ ਨਿਘਾਰ ਨਾਲ ਸਿੱਧਾ ਅਤੇ ਸਪਸ਼ਟ ਸਬੰਧ ਹੈ। ਇਹ ਪ੍ਰਾਇਮਰੀ, ਮਿਡਲ, ਕਾਲਜ ਅਤੇ ਯੂਨੀਵਰਸਿਟੀ ਪੱਧਰ ਤੱਕ ਦੇ ਹਰ ਪ੍ਰਕਾਰ ਦੇ ਵਿਦਿਆਰਥੀਆਂ ਅਤੇ ਨੌਜਵਾਨਾਂ ਨੂੰ ਪ੍ਰਭਾਵਿਤ ਕਰਦਾ ਹੈ। ਬੱਚੇ ਇਸ ਦੀ ਲਗਾਤਾਰ ਵਰਤੋਂ ਕਰਨ ਦੇ ਆਦੀ ਹੋ ਰਹੇ ਹਨ ਕਿਉਂਕਿ ਕਲਾਸ ਵਿੱਚ ਜਦੋਂ ਕਿਤਾਬ ਦੀ ਜਗ੍ਹਾ ਸਕਰੀਨ ਅਤੇ ਪੈੱਨ-ਪੈਨਸਿਲ ਦੀ ਜਗ੍ਹਾ ਕੀ-ਬੋਰਡ ਆ ਜਾਂਦਾ ਹੈ ਤਾਂ ਇਹ ਤਕਨੀਕੀ ਸਰੋਤ ਪੜ੍ਹਾਈ ਵਿੱਚ ਮਦਦਗਾਰ ਹੋਣ ਦੀ ਥਾਂ ਵਿਦਿਆਰਥੀ ਦੀ ਮਾਨਸਿਕਤਾ ਉੱਪਰ ਹਾਵੀ ਹੋਣ ਲੱਗਦੇ ਹਨ। ਵਿਦਿਆਰਥੀ ਦਾ ਸਮਾਂ ਅਧਿਆਪਕ ਦੇ ਦੱਸੇ ਸਰੋਤ/ ਸਾਈਟ ਦੀ ਥਾਂ ਹੋਰ ਸਮੱਗਰੀ ਦੇਖਣ/ ਫਰੋਲਣ ਵਿੱਚ ਨਸ਼ਟ ਹੋਣ ਲੱਗਦਾ ਹੈ। ਬੱਚੇ ਦਾ ਸਕਰੀਨ ਸਮਾਂ ਵਧਣ ਲੱਗਦਾ ਹੈ। ਸਕਰੀਨ ਦੀ ਨੀਲੀ ਰੌਸ਼ਨੀ ਦਾ ਨਜ਼ਰ ਉਪਰ ਮਾੜਾ ਪ੍ਰਭਾਵ ਪੈਂਦਾ ਹੈ। ਕੋਵਿਡ-19 ਦੌਰਾਨ ਮਜਬੂਰੀਵੱਸ ਸਮਾਜਿਕ ਦੂਰੀ ਰੱਖਣ ਦੇ ਮਨਸ਼ੇ ਨੂੰ ਪੂਰਾ ਕਰਨ ਲਈ ਸਭ ਵਿਦਿਅਕ ਅਦਾਰੇ, ਦਫਤਰ, ਸਰਕਾਰੀ ਤੇ ਗ਼ੈਰ-ਸਰਕਾਰੀ ਸੰਸਥਾਵਾਂ ਆਦਿ ਬੰਦ ਕਰ ਦਿੱਤੇ ਗਏ ਸਨ। ਦਫਤਰਾਂ ਦਾ ਕੰਮ ਘਰੇ ਬੈਠੇ ਹੀ ਹੋਣ ਲੱਗ ਗਿਆ ਸੀ। ਕੁਝ ਦੇਰ ਬਾਅਦ ਪੜ੍ਹਾਈ ਦਾ ਕਾਰਜ ਜਾਰੀ ਰੱਖਣ ਵਾਸਤੇ ਵਿਦਿਅਕ ਅਦਾਰਿਆਂ ਵਿੱਚ ਆਨਲਾਈਨ ਕਲਾਸਾਂ ਦਾ ਸੰਕਲਪ ਮਾਰਕੀਟ ਵਿੱਚ ਆਇਆ। ਰਵਾਇਤ ਦੇ ਉਲਟ ਜਾਂਦਿਆਂ ਵਿਦਿਆਰਥੀਆਂ ਦੇ ਹੱਥ ਮਜਬੂਰਨ ਸਮਾਰਟ ਫੋਨ ਫੜਾਏ ਗਏ ਪਰ ਨਿੱਜੀ ਕੰਪਨੀਆਂ ਨੂੰ ਘਰੇ ਬੈਠ ਕੇ ਕੰਮ ਕਰਵਾਉਣਾ ਅਤੇ ਆਪਸੀ ਸੰਪਰਕ ਦੇ ਉਲਟ ਸੋਸ਼ਲ ਦੂਰੀ ਬਣਾਈ ਰੱਖਣ ਦਾ ਸਿਧਾਂਤ ਰਾਸ ਆ ਗਿਆ ਜਿਹੜਾ ਹੁਣ ਤੱਕ ਵੀ ਬਹੁਤੀਆਂ ਕੰਪਨੀਆਂ ਵਿੱਚ ਜਾਰੀ ਹੈ। ਵਿਦਿਆਰਥੀਆਂ ਉੱਪਰ ਸਮਾਰਟ ਫੋਨ ਦੀ ਵਧੇਰੇ ਵਰਤੋਂ ਦੇ ਪੈ ਰਹੇ ਨਾਕਾਰਾਤਮਕ ਪ੍ਰਭਾਵ ਸਬੰਧੀ ਯੂਨੈਸਕੋ ਦੀ ਰਿਪੋਰਟ ਆਉਣ ਉਪਰੰਤ ਵੀ ਸਿਰਫ਼ 25 ਫ਼ੀਸਦੀ ਸਕੂਲਾਂ ਨੇ ਇਸ ਦੀ ਵਰਤੋਂ ਬੰਦ ਕਰਨ ਦੇ ਆਦੇਸ਼ ਦਿੱਤੇ ਹਨ।
ਸੋਸ਼ਲ ਮੀਡੀਆ ਉੱਪਰ ਜੋ ਕੁਝ ਪੇਸ਼ ਹੋ ਰਿਹਾ ਹੈ ਜ਼ਰੂਰੀ ਨਹੀਂ ਕਿ ਉਹ ਸਹੀ ਹੋਵੇ। ਪ੍ਰਿੰਟ ਮੀਡੀਆ ਵਿੱਚ ਆਮ ਤੌਰ ’ਤੇ ਕਿਸੇ ਖ਼ਬਰ/ਘਟਨਾ ਨੂੰ ਪਰਖ ਕੇ ਅਤੇ ਉਸ ਦੀ ਅਸਲੀਅਤ ਬਾਰੇ ਯਕੀਨ ਹੋਣ ਉਪਰੰਤ ਹੀ ਛਾਪਿਆ ਜਾਂਦਾ ਹੈ। ਪਰ ਬੋਲਣ ਅਤੇ ਆਪਣੇ ਵਿਚਾਰ ਪੇਸ਼ ਕਰਨ ਦੀ ਆਜ਼ਾਦੀ ਦੇ ਅਧਿਕਾਰ ਦੀ ਵਰਤੋਂ ਕਰਦਿਆਂ, ਕਿਸ ਕਿਸਮ ਦੀ ਯੂਟਿਊਬ ਵੀਡੀਓ ਬਣਾਉਣੀ ਹੈ, ਉਸ ਵਿੱਚ ਕੀ ਵਿਚਾਰ ਪੇਸ਼ ਕਰਨੇ ਹਨ, ਉਹ ਕਿੱਥੋਂ ਤੱਕ ਸਹੀ ਹਨ, ਇਨ੍ਹਾਂ ਵਿਚਾਰਾਂ ਦੀ ਜਾਂਚ ਪੜਤਾਲ ਵੀ ਹੋਈ ਹੈ ਜਾਂ ਨਹੀਂ, ਇਸ ਸਭ ਕੁਝ ਬਾਰੇ ਕੋਈ ਪ੍ਰਸ਼ਨ ਨਹੀਂ ਕਰ ਸਕਦਾ। ਪੜ੍ਹਣ ਤੇ ਸੁਣਨ ਵਾਲਾ ਅਫ਼ਵਾਹਾਂ ਉੱਪਰ ਵੀ ਵਿਸ਼ਵਾਸ ਕਰ ਬੈਠਦਾ ਹੈ। ਧਾਰਮਿਕ ਕੱਟੜਵਾਦ ਅਤੇ ਭਾਈਚਾਰਕ ਨਫ਼ਰਤਾਂ ਫੈਲਾਉਣ ਦਾ ਕੰਮ ਸੋਸ਼ਲ ਮੀਡੀਆ ਬਹੁਤ ਹੀ ਸੁਚੱਜੇ ਅਤੇ ਯੋਜਨਾਬੱਧ ਤਰੀਕੇ ਨਾਲ ਕਰ ਰਿਹਾ ਹੈ। ਸਰਕਾਰਾਂ ਆਪਣੇ ਨਿੱਜੀ ਹਿੱਤਾਂ ਦੀ ਸੁਰੱਖਿਆ ਵਾਸਤੇ ਦੇਸ਼ ਦੇ ਹਿੱਤਾਂ ਨੂੰ ਦਾਅ ’ਤੇ ਲਾਉਣ ਤੋਂ ਵੀ ਗੁਰੇਜ਼ ਨਹੀਂ ਕਰਦੀਆਂ। ਮੌਜੂਦਾ ਕੰਪਨੀਆਂ ਤੇ ਸਿਆਸੀ ਪਾਰਟੀਆਂ ਵੀ ਇਸ ਪ੍ਰਕਾਰ ਦੀ ਸਮੱਗਰੀ ਨੂੰ ਉਤਸ਼ਾਹਿਤ ਕਰਦੀਆਂ ਹਨ ਤਾਂ ਕਿ ਜਨਤਾ ਦਾ ਧਿਆਨ ਅਸਲੀ ਮੁੱਦਿਆਂ ਵੱਲ ਨਾ ਜਾ ਸਕੇ। ਸੋਸ਼ਲ ਮੀਡੀਆ ਦੀ ਵਰਤੋਂ ਦਾ ਇਹ ਸਭ ਤੋਂ ਵੱਡਾ ਨੁਕਸਾਨ ਹੈ।
ਸੋਸ਼ਲ ਮੀਡੀਆ ਦੀ ਵਰਤੋਂ ਦੌਰਾਨ ਵਿਅਕਤੀਗਤ ਨਿੱਜਤਾ ਵੀ ਸੁਰੱਖਿਅਤ ਨਹੀਂ। ਜਦੋਂ ਅਸੀਂ ਕਿਸੇ ਨਾਲ ਗੱਲਬਾਤ ਕਰਦੇ ਹਾਂ ਜਾਂ ਸੁਨੇਹਾ ਭੇਜਦੇ ਹਾਂ ਤਾਂ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਹ ਸੁਨੇਹੇ ਅਤੇ ਸਾਰੀ ਜਾਣਕਾਰੀ ਸਬੰਧਿਤ ਕੰਪਨੀਆਂ ਦੇ ਸਰਵਰ ਰਾਹੀਂ ਇੱਕ ਜਗ੍ਹਾ ਇਕੱਠੀ ਹੋ ਰਹੀ ਹੈ। ਭਾਵੇਂ ਕਿਹਾ ਜਾਂਦਾ ਹੈ ਕਿ ਐਂੱਡ-ਟੂ-ਐਂੱਡ ਇਨਕ੍ਰਿਪਸ਼ਨ ਨਾਲ ਜਾਣਕਾਰੀ ਅਤੇ ਸੁਨੇਹਾ ਭੇਜਣ ਤੇ ਪ੍ਰਾਪਤ ਕਰਨ ਵਿਚਾਲੇ ਹੀ ਰਹਿੰਦਾ ਹੈ, ਪਰ ਇਹ ਭੁਲੇਖਾ ਹੀ ਹੈ। ਇਸ ਪਿੱਛੇ ਕੰਮ ਕਰ ਰਿਹਾ ਸਰਵਰ ਸਾਰਾ ਕੁਝ ਮੌਨੀਟਰ ਕਰ ਰਿਹਾ ਹੁੰਦਾ ਹੈ। ਕੰਪਨੀ ਵਾਲੇ ਜਿਸ ਕਿਸੇ ਦੀ ਵੀ ਜਾਣਕਾਰੀ ਚਾਹੁਣ ਉਸ ਦੇ ਸਮਾਰਟ ਫੋਨ ਦੁਆਰਾ ਵਰਤੋਂ ਕੀਤੇ ਸੋਸ਼ਲ ਮੀਡੀਆ ਨੂੰ ਫਰੋਲ ਕੇ ਕੱਢ ਸਕਦੇ ਹਨ। ਖ਼ੁਫ਼ੀਆ ਏਜੰਸੀਆਂ ਅਤੇ ਪੁਲੀਸ ਵਿਭਾਗ ਵਾਲੇ ਸਮਾਜ ਵਿਰੋਧੀ ਕਾਰਵਾਈਆਂ ਅਤੇ ਹਿੰਸਕ ਵਾਰਦਾਤਾਂ ਬਾਰੇ ਜਾਣਕਾਰੀ ਇੱਥੋਂ ਹੀ ਪ੍ਰਾਪਤ ਕਰਦੇ ਹਨ। ਅਸੀਂ ਇਸ ਭਰਮ ਵਿੱਚ ਪਏ ਰਹਿੰਦੇ ਹਾਂ ਕਿ ਸੋਸ਼ਲ ਮੀਡੀਆ ਰਾਹੀਂ ਅਸੀਂ ਆਪਣੇ ਆਲੇ-ਦੁਆਲੇ ਦੋਸਤਾਂ ਮਿੱਤਰਾਂ, ਸਨੇਹੀਆਂ ਤੇ ਪਰਿਵਾਰਕ ਮੈਂਬਰਾਂ ਦੇ ਸੰਪਰਕ ਵਿੱਚ ਹਾਂ, ਪਰ ਨਿੱਜੀ ਤੌਰ ’ਤੇ ਜਾ ਕੇ ਮਿਲਣ ਅਤੇ ਆਨਲਾਈਨ ਗੱਲਬਾਤ ਕਰਨ ਵਿੱਚ ਬਹੁਤ ਫ਼ਰਕ ਹੈ। ਜਿਵੇਂ ਜਾਣਕਾਰੀ ਹੋਣ ਅਤੇ ਗਿਆਨ ਪ੍ਰਾਪਤੀ ਵਿੱਚ ਅੰਤਰ ਹੈ। ਅਸੀਂ ਸੋਸ਼ਲ ਮੀਡੀਆ ਜ਼ਰੀਏ ਇਨਫਰਮੇਸ਼ਨ ਤਾਂ ਇਕੱਠੀ ਕਰ ਰਹੇ ਹਾਂ, ਪਰ ਗਿਆਨ ਨਹੀਂ। ਦੂਜਾ, ਇੰਝ ਕਰਕੇ ਅਸੀਂ ਬਾਹਰ ਵਿਚਰਨ ਦੀ ਥਾਂ ਅੰਤਰਮੁਖੀ ਹੋ ਰਹੇ ਹਾਂ ਜਿਸ ਦਾ ਸਾਡੇ ਉਪਰ ਦੂਰਗਾਮੀ ਪ੍ਰਭਾਵ ਪੈਂਦਾ ਹੈ। ਸਰੀਰਕ ਅਤੇ ਮਾਨਸਿਕ ਬਿਮਾਰੀਆਂ ਤੇ ਇਕੱਲਤਾ ਦਾ ਅਹਿਸਾਸ ਹੁੰਦਾ ਹੈ। ਦੂਜੇ ਦੀਆਂ ਹੱਸਦਿਆਂ ਖੇਡਦਿਆਂ, ਮੌਜ-ਮਸਤੀ ਕਰਦਿਆਂ ਦੀਆਂ ਤਸਵੀਰਾਂ ਵੇਖ ਕੇ ਆਪਣੇ ਆਪ ਵਿੱਚ ਹੀਣ ਭਾਵਨਾ ਦਾ ਸ਼ਿਕਾਰ ਹੋਣ ਲੱਗਦੇ ਹਾਂ ਤੇ ਅੰਤ ਸਿੱਧੇ ਸੰਪਰਕ ਨਾਲੋਂ ਟੁੱਟ ਜਾਂਦੇ ਹਾਂ। ਇਉਂ ਸੋਸ਼ਲ ਮੀਡੀਆ ਸਮਾਜ ਨੂੰ ਸਮਾਜੀਕਰਨ (socialisation) ਦੇ ਵਿਰੁੱਧ ਕਿਸੇ ਅਣਕਿਆਸੀ ਦਲਦਲ ਵਿੱਚ ਧੱਕ ਰਿਹਾ ਹੈ। ਇਸ ਵਿੱਚ ਸਰਕਾਰਾਂ ਤੇ ਕੰਪਨੀਆਂ ਦੋਵੇਂ ਜ਼ਿੰਮੇਵਾਰ ਹਨ। ਕੰਪਨੀਆਂ ਤੁਹਾਡੀ ਨਿੱਜਤਾ (privacy) ਤੇ ਨਿੱਜਵਾਦ (individualism) ਦੀ ਸੁਰੱਖਿਆ ਦੇ ਪਰਦੇ ਹੇਠ ਆਪਣੇ ਮੁਫ਼ਾਦਾਂ ਨੂੰ ਪੂਰਿਆਂ ਕਰਨ ਵਿੱਚ ਦਿਲਚਸਪੀ ਰੱਖਦੀਆਂ ਹਨ ਪਰ ਅਸਲ ਵਿੱਚ ਐਪਸ ਰਾਹੀਂ ਤੁਹਾਡੀ ਨਿੱਜਤਾ ’ਤੇ ਹਮਲਾ ਹੋ ਰਿਹਾ ਹੈ ਜੋ ਤੁਹਾਨੂੰ ਨਿੱਜਵਾਦ ਵੱਲ ਲਿਜਾ ਰਿਹਾ ਹੈ। ਹੁਣ ਜੇਕਰ ਵਟਸਐੱਪ ਇੱਕ ਪੇਡ ਸਾਈਟ ਬਣਾ ਦਿੰਦੇ ਹਾਂ ਤਾਂ ਕੋਈ ਵੀ ਗੁੱਡ ਮਾਰਨਿੰਗ ਜਾਂ ਗੁੱਡ ਨਾਈਟ ਦੇ ਰੋਜ਼ਾਨਾ ਸੁਨੇਹੇ ਨਹੀਂ ਪਾਏਗਾ ਸਗੋਂ ਆਪਣੇ ਕੰਮ ਵੱਲ ਧਿਆਨ ਦੇਵੇਗਾ। ਸਮਾਰਟ ਫੋਨ ਜੇਕਰ ਤੁਹਾਡਾ ਹੈ ਤਾਂ ਇਸ ਦਾ ਕੰਟਰੋਲ ਵੀ ਤੁਹਾਡੇ ਹੱਥ ਹੈ। ਸੋਸ਼ਲ ਮੀਡੀਆ ਦੀ ਦਲਦਲ ਵਿੱਚੋਂ ਨਿਕਲਣਾ, ਸਮਾਜਿਕ ਮੁੱਦਿਆਂ ਬਾਰੇ ਸੋਚਣਾ, ਸਮਝਣਾ ਜਾਂ ਪਰਖਣਾ, ਸਭ ਆਪਣੇ ਹੱਥ ਹੈ। ਮਨੁੱਖ ਸਮਾਜਿਕ ਪ੍ਰਾਣੀ ਹੈ। ਸਮਾਜ ਬਾਰੇ ਚਿੰਤਿਤ ਹੋਣਾ ਸਾਡਾ ਫਰਜ਼ ਹੈ। ਇਸ ਲਈ ਇਨ੍ਹਾਂ ਉਪਕਰਨਾਂ ਦੀ ਸੁਚੇਤ ਹੋ ਕੇ ਜ਼ਰੂਰਤ ਅਨੁਸਾਰ ਹੀ ਵਰਤੋਂ ਕਰਨੀ ਚਾਹੀਦੀ ਹੈ। ਸੋਸ਼ਲ ਮੀਡੀਆ ਉੱਪਰ ਨਫ਼ਰਤ ਆਦਿ ਫੈਲਾਉਣ ਵਾਲੇ ਸੁਨੇਹੇ ਪੜ੍ਹਨ ਅਤੇ ਅੱਗੇ ਭੇਜਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।
* ਸਾਬਕਾ ਪ੍ਰੋਫੈਸਰ ਆਫ ਇਕਨਾਮਿਕਸ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Advertisement

Advertisement