ਪ੍ਰਾਈਵੇਟ ਸਕੂਲ ਯੂਨੀਅਨ ਵੱਲੋਂ ਨਸ਼ਾ ਤਸਕਰਾਂ ਦਾ ਸਮਾਜਿਕ ਬਾਈਕਾਟ
ਪੱਤਰ ਪ੍ਰੇਰਕ
ਸਰਦੂਲਗੜ੍ਹ, 4 ਜੂਨ
ਜ਼ਿਲ੍ਹਾ ਮਾਨਸਾ ਦੇ ਸਮੂਹ ਪ੍ਰਾਈਵੇਟ ਸਕੂਲਾਂ ਦੀ ਜਥੇਬੰਦੀ ਪ੍ਰਾਈਵੇਟ ਸਕੂਲ ਯੁੂਨੀਅਨ ਦੀ ਇੱਕ ਹੰਗਾਮੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਸਿੱਧੂ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਜ਼ਿਲ੍ਹੇ ਭਰ ਵਿੱਚ ਨਸ਼ਿਆਂ ਦੀ ਸ਼ਰੇਆਮ ਵਿਕਰੀ ਅਤੇ ਨਸ਼ਿਆਂ ‘ਚ ਡੁੱਬ ਰਹੀ ਨੌਜਾਵਾਨ ਪੀੜ੍ਹੀ ‘ਤੇ ਚਿੰਤਾ ਪ੍ਰਗਟਾਈ ਗਈ। ਇਸ ਦੌਰਾਨ ਫੈਸਲਾ ਕੀਤਾ ਗਿਆ ਕਿ ਨਸ਼ੇ ਵੇਚ ਕੇ ਨੌਜਵਾਨਾਂ ਦੀ ਬਰਬਾਦੀ ਕਰਨ ਵਾਲੇ ਲੋਕਾਂ ਦਾ ਸਮਾਜਿਕ ਬਾਈਕਾਟ ਕੀਤਾ ਜਾਵੇਗਾ। ਜਥੇਬੰਦੀ ਨੇ ਐਲਾਨ ਕੀਤਾ ਕਿ ਨਸ਼ਾ ਤਸਕਰੀ ‘ਚ ਸ਼ਾਮਲ ਵਿਅਕਤੀਆਂ ਦੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਵਿੱਚ ਦਾਖਲਾ ਨਹੀਂ ਦਿੱਤਾ ਜਾਵੇਗਾ। ਜੇਕਰ ਨਸ਼ਾ ਤਸਕਰਾਂ ਦੇ ਬੱਚੇ ਕਿਸੇ ਵੀ ਪ੍ਰਾਈਵੇਟ ਵਿੱਚ ਪੜ੍ਹਦੇ ਹਨ ਤਾਂ ਉਨ੍ਹਾਂ ਦਾ ਨਾਮ ਕੱਟਿਆ ਜਾਵੇਗਾ। ਜਥੇਬੰਦੀ ਦੇ ਆਗੂਆਂ ਨੇ ਦੱਸਿਆ ਕਿ ਪਹਿਲੇ ਪੜਾਅ ਦੌਰਾਨ ਨਸ਼ੇ ਵੇਚਣ ਵਾਲਿਆਂ ਦੇ ਪ੍ਰਾਈਵੇਟ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਨੂੰ ਨਿੱਜੀ ਰੂਪ ਵਿੱਚ ਉਨ੍ਹਾਂ ਕੋਲ ਲਿਜਾ ਜਾਇਆ ਜਾਵੇਗਾ ਤੇ ਸਬੰਧਿਤ ਵਿਅਕਤੀ ਨੂੰ ਅਪੀਲ ਕੀਤੀ ਜਾਵੇਗੀ ਕਿ ਉਹ ਨਸ਼ਿਆਂ ਦੀ ਵਿਕਰੀ ਤਰੁੰਤ ਬੰਦ ਕਰੇ। ਜੇਕਰ ਉਹ ਅਪੀਲ ਕਰਨ ਦੇ ਬਾਵਜੂਦ ਵੀ ਨਸ਼ੇ ਵੇਚਦੇ ਹਨ ਤਾਂ ਸਕੂਲ ਵੱਲੋਂ ਪੰਦਰਾਂ ਦਿਨ ਦਾ ਲਿਖਤੀ ਨੋਟਿਸ ਦੇ ਕੇ ਵਿਦਿਆਰਥੀ ਦਾ ਨਾਮ ਕੱਟ ਦਿੱਤਾ ਜਾਵੇਗਾ। ਆਗੂਆਂ ਨੇ ਆਮ ਲੋਕਾਂ ਤੇ ਨਸ਼ਾ ਮੁਕਤ ਸਮਾਜ ਬਣਾਉਣ ‘ਚ ਲੱਗੀਆਂ ਸਮਾਜ ਸੇਵੀ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਉਹ ਲਿਖਤੀ ਰੂਪ ਵਿੱਚ ਨਸ਼ਾ ਤਸਕਰਾਂ ਦੀ ਸਬੰਧਿਤ ਸਕੂਲਾਂ ਨੂੰ ਜਾਣਕਾਰੀ ਦੇਣ ਜਿਸ ਸਕੂਲ ਵਿੱਚ ਗੈਰ-ਸਮਾਜੀ ਵਰਤਾਰੇ ਵਾਲੇ ਲੋਕਾਂ ਦੇ ਬੱਚੇ ਪੜ੍ਹਦੇ ਹਨ ਉਹ ਬਣਦੀ ਕਾਰਵਾਈ ਤੁਰੰਤ ਕਰਨਗੇ। ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਸੁਰੇਸ਼ ਸਿੰਗਲਾ, ਸਕੱਤਰ ਜਨਰਲ ਲੱਖਾ ਸਿੰਘ, ਮੁੱਖ ਬੁਲਾਰੇ ਜਸਵਿੰਦਰ ਸਿੰਘ ਜੌੜਕੀਆਂ, ਜਗਜੀਤ ਕੌਰ ਧਾਲੀਵਾਲ ਤੇ ਗੁਰਪ੍ਰੀਤ ਸਿੰਘ ਸਮੇਤ ਸਮੂਹ ਅਹੁਦੇਦਾਰ ਹਾਜ਼ਰ ਸਨ।