ਸਮਾਜਿਕ ਤੇ ਆਰਥਿਕ ਸਥਿਤੀਆਂ ਨੇ ਮੈਨੂੰ ਲੇਖਕ ਬਣਾਇਆ
ਨਿਰੰਜਣ ਬੋਹਾ
‘ਮੈਂ ਲੇਖਕ ਕਿਉਂ ਬਣਿਆ’ ਸਵਾਲ ਮੇਰੇ ਲਈ ਬਹੁਤ ਗੰਭੀਰ ਅਰਥ ਰੱਖਦਾ ਹੈ। ਇਸ ਸਵਾਲ ਦਾ ਜਵਾਬ ਮੇਰੇ ਕੋਲੋਂ ‘ਮੈਂ ਰੋਟੀ ਕਿਉਂ ਖਾਂਦਾ ਹਾਂ’ ਸਵਾਲ ਦੇ ਬਰਾਬਰ ਦੀ ਹੀ ਜਵਾਬਦੇਹੀ ਮੰਗਦਾ ਹੈ। ਦੋਵੇਂ ਸੁਆਲਾਂ ਦਾ ਸਬੰਧ ਮੇਰੀ ਭੁੱਖ ਨਾਲ ਹੈ। ਜੇ ਰੋਟੀ ਪੇਟ ਦੀ ਭੁੱਖ ਨੂੰ ਸ਼ਾਂਤ ਕਰਦੀ ਹੈ ਤਾਂ ਲਿਖਣਾ ਮੇਰੀ ਰੂਹ ਦੀ ਖੁਰਾਕ ਹੈ। ਇਸ ਖੁਰਾਕ ਨਾਲ ਹੀ ਵਿਚਾਰਾਂ ਦੀ ਭੁੱਖ ਨਾਲ ਬੇਚੈਨ ਹੋਈ ਮੇਰੀ ਰੂਹ ਤੇ ਮਨ ਕੁਝ ਸਮੇਂ ਲਈ ਤ੍ਰਿਪਤ ਹੋ ਜਾਂਦੇ ਨੇ। ਅਕਸਰ ਸੋਚਦਾ ਹਾਂ ਕਿ ਜੇ ਮੈਂ ਲੇਖਕ ਨਾ ਹੁੰਦਾ ਤਾਂ ਮੇਰਾ ਜੀਵਨ ਕਿੰਨਾ ਨੀਰਸ ਤੇ ਬੇਰੰਗ ਹੋਣਾ ਸੀ। ਜੇ ਮੈਂ ਆਪਣੇ ਦਿਲ ਦੇ ਵਲਵਲਿਆਂ ਨੂੰ ਕਾਗਜ਼ ਦੇ ਪੰਨਿਆਂ ’ਤੇ ਉਤਾਰਨ ਦਾ ਅਭਿਆਸੀ ਨਾ ਬਣਦਾ ਤਾਂ ਮੇਰੇ ਸੋਚਣ ਲਈ ਕਿਹੋ ਜਿਹੇ ਮਸਲੇ ਹੋਣੇ ਸਨ, ਇਹ ਸੋਚ ਕੇ ਹੀ ਹੁਣ ਭੈਅ ਜਿਹਾ ਆਉਂਦਾ ਹੈ। ਜੇ ਮੈਂ ਲੇਖਕ ਨਾ ਬਣਦਾ ਤਾਂ ਸ਼ਾਇਦ ਆਪਣੇ ਕਸਬੇ ਦਾ ਇਕ ਦੁਕਾਨਦਾਰ ਹੀ ਹੋਣਾ ਸੀ ਤੇ ਮੇਰੀ ਪਛਾਣ ਦਾ ਦਾਇਰਾ ਇਸ ਕਸਬੇ ਦੇ ਆਸ-ਪਾਸ ਦੇ ਪਿੰਡਾਂ ਤੀਕ ਹੀ ਸੀਮਤ ਰਹਿਣਾ ਸੀ। ਅੱਜ ਮੇਰਾ ਰਾਬਤਾ ਦੇਸ਼ ਵਿਦੇਸ਼ ਵਿਚ ਬੈਠੇ ਹਜ਼ਾਰਾਂ ਲੇਖਕਾਂ ਪਾਠਕਾਂ ਨਾਲ ਜੁੜਿਆ ਹੋਇਆ ਹੈ। ਜੇ ਮੈਂ ਲਿਖਦਾ ਨਾ ਹੁੰਦਾ ਤਾਂ ਮੈਂ ਗੁਲਸ਼ਨ ਨੰਦਾ ਤੇ ਵੇਦ ਪ੍ਰਕਾਸ਼ ਕੰਬੋਜ ਨੂੰ ਗੁਰਦਿਆਲ ਸਿੰਘ, ਜਸਵੰਤ ਸਿੰਘ ਕੰਵਲ ਤੇ ਅਣਖੀ ਨਾਲੋਂ ਵੱਡੇ ਨਾਵਲਕਾਰ ਸਮਝਦੇ ਰਹਿਣਾ ਸੀ।
ਮੈਂ ਸਾਹਿਤ ਦੇ ਖੇਤਰ ਨਾਲ ਕਿਵੇਂ ਜੁੜਿਆ? ਦਰਅਸਲ, ਮੈਨੂੰ ਵੀ ਵਿਸ਼ੇਸ਼ ਕਿਸਮ ਦੇ ਸਮਾਜਿਕ ਤੇ ਆਰਥਿਕ ਹਾਲਾਤ ਨੇ ਹੀ ਇਸ ਖੇਤਰ ਨਾਲ ਜੋੜਿਆ ਹੈ। ਮੇਰੇ ਤੋਂ ਪਹਿਲਾਂ ਮੇਰੇ ਖਾਨਦਾਨ ਦੇ ਕਿਸੇ ਵੀ ਸ਼ਖ਼ਸ ਦਾ ਸਾਹਿਤ ਖੇਤਰ ਨਾਲ ਕੋਈ ਵਾਹ ਵਾਸਤਾ ਨਹੀਂ ਸੀ। ਹੁਣ ਤਾਂ ਮੇਰੇ ਰਿਹਾਇਸ਼ੀ ਖੇਤਰ ਬੋਹਾ-ਬੁਢਲਾਡਾ ਵਿਚ ਲਗਾਤਾਰ ਸਾਹਿਤਕ ਸਰਗਰਮੀਆਂ ਹੁੰਦੀਆਂ ਰਹਿੰਦੀਆਂ ਹਨ, ਪਰ 1978-80 ਦੇ ਨੇੜ ਤੇੜ ਇਹ ਖੇਤਰ ਸਾਹਿਤਕ ਤੌਰ ’ਤੇ ਬੰਜਰ ਜਿਹਾ ਸੀ। ਫਿਰ ਵੀ ਮੇਰੇ ਇਸ ਖੇਤਰ ਨਾਲ ਜੁੜਣ ਵਿਚ ਮੈਨੂੰ ਹਾਸਿਲ ਰਹੇ ਸਮਾਜਿਕ ਤੇ ਆਰਥਿਕ ਵਾਤਾਵਰਣ ਨੇ ਹੀ ਵੱਡੀ ਭੂਮਿਕਾ ਨਿਭਾਈ ਹੈ।
ਮੇਰੇ ਹਮੇਸ਼ਾ ਚੁੱਪਚਾਪ ਗੰਭੀਰ ਬੈਠੇ ਰਹਿਣ ਤੇ ਕੰਮ ਦੀ ਗੱਲ ਹੀ ਕਰਨ ਵਾਲੇ ਸੁਭਾਅ ਵੱਲ ਵੇਖਦਿਆਂ ਇਕ ਦਿਨ ਸਾਡੇ ਪੰਜਾਬੀ ਮਾਸਟਰ ਗਿਆਨੀ ਰਣਜੀਤ ਸਿੰਘ ਨਥਾਨਾ ਨੇ ਸਹਿਜ ਸੁਭਾਅ ਹੀ ਕਹਿ ਦਿੱਤਾ ਕਿ ਇਹ ਮੁੰਡਾ ਵੱਡਾ ਹੋ ਕੇ ਜ਼ਰੂਰ ਲੇਖਕ ਜਾਂ ਫਿਲਾਸਫ਼ਰ ਬਣੇਗਾ। ਭਾਵੇਂ ਇਹ ਗੱਲ ਅਧਿਆਪਕ ਨੇ ਮਜ਼ਾਕ ਵਿਚ ਹੀ ਕਹੀ ਹੋਵੇ, ਪਰ ਮੇਰੇ ਅੰਦਰ ਪੂਰੀ ਤਰ੍ਹਾਂ ਘਰ ਕਰ ਗਈ। ਮੈਂ ਮਨ ਹੀ ਮਨ ਫ਼ੈਸਲਾ ਕਰ ਲਿਆ ਕਿ ਮੈਂ ਵੱਡਾ ਹੋ ਕੇ ਲੇਖਕ ਹੀ ਬਣਾਂਗਾ। ਅੱਠਵੀਂ ਜਮਾਤ ਵਿਚ ਪੜ੍ਹਦਿਆਂ ਸੋਚਿਆ, ਸਕੂਲ ਦੇ ਜਿਹੜੇ ਸਾਥੀ ਮੇਰੀ ਸਰੀਰਕ ਕਮਜ਼ੋਰੀ ਕਾਰਨ ਮੇਰਾ ਮਜ਼ਾਕ ਉਡਾਉਂਦੇ ਹਨ, ਇਕ ਦਿਨ ਲੇਖਕ ਬਣ ਕੇ ਉਨ੍ਹਾਂ ਨੂੰ ਦੱਸਾਂਗਾ ਕਿ ਮੇਰੀ ਵੀ ਕੋਈ ਹੋਂਦ ਹੈ।
1980 ਦੇ ਨੇੜ-ਤੇੜ ਸਾਹਿਤ ਸਭਾ ਬਾਘਾ ਪੁਰਾਣਾ ਨਾਲ ਜੁੜਨ ਮਗਰੋਂ ਮੈਂ ਦੇਸ਼ੀ ਵਿਦੇਸ਼ੀ ਸਾਹਿਤ ਦਾ ਨਿੱਠ ਕੇ ਅਧਿਐਨ ਕੀਤਾ। ਉਸ ਵੇਲੇ ‘ਪ੍ਰੀਤਲੜੀ’ ਮੈਗ਼ਜ਼ੀਨ ਸਾਰੇ ਲੇਖਕਾਂ ਨੂੰ ਲਿਖਣ ਲਈ ਨਰੋਈ ਸੇਧ ਤੇ ਉਤਸ਼ਾਹੀ ਊਰਜਾ ਦੇਣ ਦਾ ਕਾਰਜ ਕਰਦਾ ਸੀ। ਮੈਂ ਵੀ ਇਸ ਪਰਚੇ ਨਾਲ ਜੁੜ ਕੇ ਬਹੁਤ ਕੁਝ ਨਵਾਂ ਗ੍ਰਹਿਣ ਕੀਤਾ। ਮੈਨੂੰ ਲੇਖਕ ਬਣਾਉਣ ਵਿਚ ਅਖ਼ਬਾਰਾਂ ਤੇ ਪੰਜਾਬ ਬੁਕ ਸੈਂਟਰ ਤੋਂ ਸਸਤੇ ਭਾਅ ਮਿਲਦੀਆਂ ਰੂਸੀ ਸਾਹਿਤ ਦੀਆਂ ਅਨੁਵਾਦਿਤ ਕਿਤਾਬਾਂ ਦਾ ਬਹੁਤ ਯੋਗਦਾਨ ਰਿਹਾ। ਅੱਜ ਵੀ ਰੂਸੀ ਸਾਹਿਤ ਦਾ ਅਧਿਐਨ ਮੇਰੀ ਪਹਿਲੀ ਪਸੰਦ ਬਣਿਆ ਹੋਇਆ ਹੈ।
ਜੇ ਮੇਰਾ ਬਾਘਾ ਪੁਰਾਣਾ ਜਾਣ ਦਾ ਸਬੱਬ ਨਾ ਬਣਦਾ ਤਾਂ ਮੇਰੀ ਸ਼ਾਇਦ ਮੇਰੇ ਅੰਦਰ ਪੈਦਾ ਹੋਇਆ ਲੇਖਕ ਛੇਤੀ ਹੀ ਦਮ ਤੋੜ ਜਾਂਦਾ। ਬਾਘਾ ਪੁਰਾਣਾ ਰਹਿੰਦਿਆਂ ਮਾਰਕਸੀ ਚਿੰਤਕ ਸੁਰਜੀਤ ਗਿੱਲ ਤੋਂ ਪ੍ਰਾਪਤ ਸਾਹਿਤ ਦੇ ਸਿਧਾਂਤਕ ਪੱਖ ਦਾ ਗਿਆਨ ਹੁਣ ਤੱਕ ਮੇਰੀ ਅਗਵਾਈ ਕਰ ਰਿਹਾ ਹੈ। ਪੰਜਾਬੀ ਸਾਹਿਤ ਦੀ ਆਲੋਚਨਾ ਦੇ ਖੇਤਰ ਵਿਚ ਮੇਰਾ ਥੋੜ੍ਹਾ ਬਹੁਤ ਨਾਂ ਥਾਂ ਨਿਊ ਲਾਈਟ ਫੋਟੋ ਸਟੂਡੀਓ ’ਤੇ ਹੁੰਦੀਆਂ ਰਹੀਆਂ ਸਾਹਿਤਕ ਤੇ ਰਾਜਨੀਤਕ ਬਹਿਸਾਂ ਕਾਰਨ ਹੀ ਹੈ। ਮੈਨੂੰ ਇਸ ਗੱਲ ਦਾ ਮਾਣ ਹੈ ਕਿ ਮੇਰੇ ਬਚਪਨ ਦੀ ਹੀਣ ਭਾਵਨਾ ਨੂੰ ਸਾਰਥਕ ਤੇ ਸਮਾਜ ਉਪਯੋਗੀ ਦਿਸ਼ਾ ਮਿਲੀ। ਇਸ ਦਿਸ਼ਾ ਦੀ ਅਣਹੋਂਦ ਵਿਚ ਮੈਂ ਸਮਾਜ ਪ੍ਰਤੀ ਬਦਲਾ ਲਊ ਨੀਤੀ ਅਪਣਾ ਕੇ ਗ਼ਲਤ ਰਾਹਾਂ ਦਾ ਪਾਂਧੀ ਵੀ ਬਣ ਸਕਦਾ ਸਾਂ।
ਮੌਜੂਦਾ ਸਮਾਜਿਕ, ਆਰਥਿਕ ਤੇ ਰਾਜਨੀਤਕ ਪ੍ਰਬੰਧ ਵੱਲੋਂ ਦਬਾਏ, ਸਤਾਏ ਤੇ ਤੜਫ਼ਾਏ ਜਾ ਰਹੇ ਲੋਕ ਮੇਰੀਆਂ ਸੋਚਾਂ ਨੂੰ ਆਪਣੇ ਵੱਲ ਖਿੱਚਦੇ ਹਨ ਤਾਂ ਮੈਂ ਬੇਚੈਨ ਹੋ ਜਾਂਦਾ ਹਾਂ। ਅਜਿਹੇ ਮੌਕਿਆਂ ’ਤੇ ਮੈਨੂੰ ਆਪਣਾ ਬਚਪਨ ਤੇ ਹੰਢਾਈ ਗ਼ਰੀਬੀ ਦੇ ਦਿਨ ਯਾਦ ਆ ਜਾਂਦੇ ਹਨ ਤੇ ਮੈਂ ਲੋਕਾਂ ਦੀ ਦਸ਼ਾ ਤੇ ਦਿਸ਼ਾ ਬਾਰੇ ਕੁਝ ਲਿਖਣ ਲਈ ਮਜਬੂਰ ਹੋ ਜਾਂਦਾ ਹਾਂ। ਇਉਂ ਮੇਰੀਆਂ ਰਚਨਾਵਾਂ ਲੋਕ ਸਮੱਸਿਆਵਾਂ ਦੇ ਨਾਲ ਮੇਰੇ ਆਪਣੇ ਜੀਵਨ ਦੀ ਵੇਦਨਾ ਦੀ ਵੀ ਤਰਜਮਾਨੀ ਕਰਦੀਆਂ ਹਨ।
ਮੇਰੀ ਹਰ ਸੰਭਵ ਕੋਸ਼ਿਸ਼ ਹੈ ਕਿ ਮੈਂ ਰਚਨਾਵਾਂ ਰਾਹੀਂ ਪ੍ਰਗਟ ਕੀਤੇ ਆਪਣੇ ਅਨੁਭਵਾਂ ਤੇ ਵਿਚਾਰਾਂ ’ਤੇ ਆਪ ਵੀ ਖਰਾ ਉਤਰ ਸਕਾਂ। ਮੇਰੀਆਂ ਦੋ ਵਾਰਤਕ ਪੁਸਤਕਾਂ ‘ਮੇਰੇ ਹਿੱਸੇ ਦਾ ਅਦਬੀ ਸੱਚ’ ਤੇ ‘ਅਦਬ ਦੀਆਂ ਪਰਤਾਂ’ ਨੇ ਲੇਖਕ ਵਰਗ ਬਾਰੇ ਬਹੁਤ ਸਾਰੀਆਂ ਕੌੜੀਆਂ ਸੱਚਾਈਆਂ ਨੂੰ ਵੀ ਉਜਾਗਰ ਕੀਤਾ ਹੈ। ਇਸ ਪੁਸਤਕ ਦੇ ਪ੍ਰਕਾਸ਼ਨ ਮਗਰੋਂ ਮੇਰੀ ਜਵਾਬਦੇਹੀ ਹੋਰ ਵਧ ਗਈ ਹੈ ਕਿ ਆਪਣੀ ਕਥਨੀ ਤੇ ਕਰਨੀ ਵਿਚ ਇਕਸੁਰਤਾ ਕਾਇਮ ਕਰਨ ਪ੍ਰਤੀ ਹੋਰ ਸੁਚੇਤ ਹੋਵਾਂ। ਮੈਂ ਹੁਣ ਤੱਕ ਪੰਜਾਬੀ ਸਾਹਿਤ ਖੇਤਰ ਵਿਚ ਕੇਵਲ ਛੇ ਪੁਸਤਕਾਂ ਦਾ ਹੀ ਯੋਗਦਾਨ ਪਾਇਆ ਹੈ। ਮੌਲਿਕ ਪੁਸਤਕਾਂ ਤੋਂ ਇਲਾਵਾਂ ਮੈਂ ‘ਬੀ.ਐੱਸ. ਬੀਰ ਦਾ ਕਾਵਿ ਜਗਤ’ ਨਾਂ ਦੀ ਵੱਡ-ਆਕਾਰੀ ਪੁਸਤਕ ਦਾ ਸੰਪਾਦਨ ਵੀ ਕੀਤਾ ਹੈ।
ਮੈਂ ਆਪਣੇ ਦੌਰ ਦੇ ਵਧੇਰੇ ਲੇਖਕਾਂ ਵਾਂਗ ਆਪਣੇ ਸਾਹਿਤਕ ਸਫ਼ਰ ਦੀ ਸ਼ੁਰੂਆਤ ਕਵਿਤਾ ਲਿਖ ਕੇ ਕੀਤੀ। ਫਿਰ ਕੁਝ ਸਾਲ ਮਿੰਨੀ ਕਹਾਣੀ ਤੇ ਹਾਸ ਵਿਅੰਗ ’ਤੇ ਕਲਮ ਅਜ਼ਮਾਈ ਕਰਨ ਤੋਂ ਬਾਅਦ ਕਹਾਣੀ ਵੱਲ ਪਰਤ ਆਇਆ। ਪਿਛਲੇ ਤਿੰਨ ਦਹਾਕਿਆਂ ਤੋਂ ਪੰਜਾਬੀ ਸਾਹਿਤ ਸਮੀਖਿਆ ਤੇ ਪੱਤਰਕਾਰੀ ਦੇ ਖੇਤਰ ਵਿਚ ਕਾਰਜ਼ਸੀਲਤਾ ਵਧਣ ਨਾਲ ਮੇਰੇ ਅੰਦਰਲੇ ਕਹਾਣੀਕਾਰ ਨੇ ਪੰਦਰਾਂ ਸਾਲ ਮੇਰੇ ਨਾਲੋਂ ਨਾਤਾ ਤੋੜੀ ਰੱਖਿਆ, ਪਰ ਮੈਂ ਇਸ ਸਮੇ ਦੌਰਾਨ ਬਹੁਤ ਸਾਰੇ ਸਾਹਿਤਕ ਪਰਚਿਆਂ ਲਈ ਲੜੀਵਾਰ ਕਾਲਮ ਲਿਖ ਕੇ ਆਪਣੇ ਅੰਦਰਲੇ ਮੌਲਿਕ ਲੇਖਕ ਨੂੰ ਜਿਉਂਦਾ ਰੱਖਿਆ ਹੈ। ਲੌਕਡਾਊਨ ਦੌਰਾਨ ਮੇਰੇ ਅੰਦਰ ਸੁੱਤਾ ਪਿਆ ਕਹਾਣੀਕਾਰ ਜਾਗ ਪਿਆ ਤੇ ਮੈਂ ਫਿਰ ਕਿਵੇਂ ਕਹਾਣੀ ਵਿਧਾ ਵੱਲ ਪਰਤ ਆਇਆ। ਗੰਭੀਰ ਬਿਮਾਰੀ ਦੀ ਹਾਲਤ ਵਾਲੇ ਦਿਨਾਂ ਨੂੰ ਛੱਡ ਕੇ ਮੈਂ ਕਦੇ ਵੀ ਆਪਣੇ ਲਿਖਣ ਤੇ ਪੜ੍ਹਣ ਦੀ ਨਿਰੰਤਰਤਾ ਟੁੱਟਣ ਨਹੀਂ ਦਿੱਤੀ।
ਜਦੋਂ ਕੋਈ ਰਚਨਾ ਮੇਰੀ ਸਿਰਜਣ ਪ੍ਰਕਿਰਿਆ ਵਿਚ ਲੰਘਦੀ ਹੈ ਤਾਂ ਮੈਨੂੰ ਨਿਸ਼ਚਿਤ ਸਮੇਂ ਤੇ ਸਥਾਨ ਦੀ ਚੋਣ ਕਰਨ ਦੀ ਲੋੜ ਨਹੀਂ ਪੈਂਦੀ। ਨਾ ਹੀ ਮੈਂ ਕਈ ਵੱਡੇ ਲੇਖਕਾਂ ਵਾਂਗ ਇਹ ਵਹਿਮ ਪਾਲਿਆ ਹੈ ਕਿ ਇਸ ਕੁਰਸੀ ਜਾਂ ਬੈੱਡ ’ਤੇ ਬੈਠ ਕੇ ਹੀ ਮੈਂ ਚੰਗੀ ਰਚਨਾ ਲਿਖ ਸਕਦਾ ਹਾਂ। ਜਦੋਂ ਮੇਰਾ ਦਿਲ ਦਿਮਾਗ਼ ਮਿਲ ਕੇ ਮੈਨੂੰ ਕੋਈ ਰਚਨਾ ਲਿਖਣ ਦਾ ਹੁਕਮ ਕਰਦੇ ਨੇ ਤਾਂ ਉਸੇ ਵੇਲੇ ਉਨ੍ਹਾਂ ਦਾ ਆਖਾ ਮੰਨ ਲੈਂਦਾ ਹਾਂ। ਸਵੇਰ ਜਾਂ ਸ਼ਾਮ ਦੀ ਸੈਰ ’ਤੇ ਜਾਣ ਵੇਲੇ ਮੈਂ ਵਿਸ਼ੇਸ਼ ਤੌਰ ’ਤੇ ਮਨ ਹੀ ਮਨ ਲਿਖੀ ਜਾਣ ਵਾਲੀ ਰਚਨਾ ਦੀ ਵਿਉਂਤਬੰਦੀ ਕਰਦਾ ਤੇ ਲੋੜੀਂਦੀ ਕਾਂਟ-ਛਾਂਟ ਵੀ ਕਰ ਲੈਂਦਾ ਹਾਂ। ਜਦੋਂ ਮਨ ਵਿਚ ਰਚਨਾ ਦੀ ਪੂਰੀ ਰੂਪ ਰੇਖਾ ਤਿਆਰ ਹੋ ਜਾਵੇ ਤਾਂ ਮੈਂ ਇਸ ਨੂੰ ਲਿਖ ਕੇ ਦਮ ਲੈਂਦਾ ਹਾਂ। ਅੱਜ ਕਲਮ ਦੀ ਥਾਂ ਕੰਪਿਊਟਰ ਨੇ ਲੈ ਲਈ ਹੈ ਤਾਂ ਮੈਂ ਵੀ ਇਸ ਦਾ ਪੂਰਾ ਲਾਹਾ ਲੈ ਰਿਹਾ ਹਾਂ। ਜੇ ਰਾਤ ਨੂੰ ਕਿਸੇ ਕਾਰਨ ਮੇਰੀ ਨੀਂਦ ਖੁੱਲ੍ਹ ਜਾਵੇ ਤੇ ਕੋਈ ਰਚਨਾ ਉਪਜਣ ਲਈ ਕਾਹਲੀ ਹੋਵੇ ਤਾਂ ਸਵੇਰ ਹੋਣ ਦੀ ਉਡੀਕ ਨਹੀਂ ਕਰਦਾ ਤੇ ਉਸ ਵੇਲੇ ਕੀ ਬੋਰਡ ’ਤੇ ਉਂਗਲਾਂ ਮਾਰਨ ਲੱਗਦਾ ਹਾਂ।
ਸੰਪਰਕ: 89682-82700