ਫੁਟਬਾਲ ਟੂਰਨਾਮੈਂਟ: ਫਾਈਨਲ ਮੁਕਾਬਲੇ ਵਿੱਚ ਨਾਮਧਾਰੀ ਕਲੱਬ ਚੈਂਪੀਅਨ
ਪੱਤਰ ਪ੍ਰੇਰਕ
ਗੜ੍ਹਸ਼ੰਕਰ, 22 ਫਰਵਰੀ
ਪ੍ਰਿੰਸੀਪਲ ਹਰਭਜਨ ਸਿੰਘ ਸਪੋਰਟਿੰਗ ਕਲੱਬ ਵੱਲੋਂ ਕਲੱਬ ਦੇ ਪ੍ਰਧਾਨ ਕੁਲਵੰਤ ਸਿੰਘ ਸੰਘਾ ਦੀ ਅਗਵਾਈ ਹੇਠ ਕਰਵਾਏ ਜਾ ਰਹੇ ਆਲ ਇੰਡੀਆ ਪ੍ਰਿੰਸੀਪਲ ਹਰਭਜਨ ਸਿੰਘ ਯਾਦਗਾਰੀ ਫੁਟਬਾਲ ਟੂਰਨਾਮੈਂਟ ਦੇ ਅੱਜ ਕਲੱਬ ਵਰਗ ਦੇ ਫਾਈਨਲ ਮੁਕਾਬਲੇ ਵਿੱਚ ਨਾਮਧਾਰੀ ਕਲੱਬ ਭੈਣੀ ਸਾਹਿਬ ਨੇ ਫੁਟਬਾਲ ਕਲੱਬ ਦਿੱਲੀ ਨੂੰ 1-0 ਦੇ ਅੰਤਰ ਨਾਲ ਹਰਾ ਕੇ ਚੈਂਪੀਅਨ ਬਣਨ ਦਾ ਮਾਣ ਪ੍ਰਾਪਤ ਕੀਤਾ। ਕਾਲਜ ਵਰਗ ਦੇ ਫਾਈਨਲ ਮੁਕਾਬਲੇ ਵਿੱਚ ਖਾਲਸਾ ਕਾਲਜ ਗੜ੍ਹਸ਼ੰਕਰ ਨੇ ਖਾਲਸਾ ਕਾਲਜ ਮਾਹਿਲਪੁਰ ਨੂੰ 1-0 ਦੇ ਅੰਤਰ ਨਾਲ ਹਰਾ ਕੇ ਚੈਂਪੀਅਨਸ਼ਿਪ ਜਿੱਤੀ।
ਅਕੈਡਮੀ ਵਰਗ ਵਿੱਚ ਫੁਟਬਾਲ ਅਕੈਡਮੀ ਬੱਡੋਂ ਨੇ ਰਾਊਂਡ ਗਲਾਸ ਅਕੈਡਮੀ ਮੋਹਾਲੀ ਨੂੰ ਪੈਨਲਟੀ ਕਿੱਕਾਂ ਦੁਆਰਾ 4-2 ਦੇ ਅੰਤਰ ਨਾਲ ਹਰਾ ਕੇ ਚੈਂਪੀਅਨ ਬਣਨ ਦਾ ਮਾਣ ਪ੍ਰਾਪਤ ਕੀਤਾ। ਇਸ ਮੌਕੇ ਟੂਰਨਾਮੈਂਟ ਦੇ ਪ੍ਰਬੰਧਕਾਂ ਵੱਲੋਂ ਕਲੱਬ ਵਰਗ ਦੀ ਜੇਤੂ ਟੀਮ ਨੂੰ 2 ਲੱਖ ਰੁਪਏ ਅਤੇ ਸ਼ਾਨਦਾਰ ਟਰਾਫੀ ਨਾਲ ਸਨਮਾਨਿਤ ਕੀਤਾ ਗਿਆ, ਉਪ ਜੇਤੂ ਟੀਮ ਨੂੰ ਡੇਢ ਲੱਖ ਰੁਪਏ ਅਤੇ ਸਨਮਾਨ ਚਿੰਨ੍ਹ ਦੇ ਕੇ ਨਿਵਾਜਿਆ ਗਿਆ। ਕਾਲਜ ਵਰਗ ਦੀ ਚੈਂਪੀਅਨ ਟੀਮ ਨੂੰ 75 ਹਜ਼ਾਰ ਰੁਪਏ ਅਤੇ ਉਪ ਜੇਤੂ ਟੀਮ ਨੂੰ 50 ਹਜ਼ਾਰ ਰੁਪਏ ਦੀ ਰਾਸ਼ੀ ਦੇ ਚੈੱਕ ਦਿੱਤੇ ਗਏ। ਅਕੈਡਮੀ ਵਰਗ ਦੀ ਜੇਤੂ ਟੀਮ ਨੂੰ ਇਕਤਾਲੀ ਹਜ਼ਾਰ ਅਤੇ ਉਪ ਜੇਤੂ ਟੀਮ ਨੂੰ ਇਕੱਤੀ ਹਜ਼ਾਰ ਦੀ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ। ਫਾਈਨਲ ਮੁਕਾਬਲੇ ਦੌਰਾਨ ਮੁੱਖ ਮਹਿਮਾਨ ਵਜੋਂ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਨੇ ਸ਼ਿਰਕਤ ਕੀਤੀ ਉਨ੍ਹਾਂ ਸਪੋਰਟਿੰਗ ਕਲੱਬ ਦੇ ਪ੍ਰਬੰਧਕਾਂ ਨੂੰ ਟੂਰਨਾਮੈਂਟ ਦੇ ਸਫਲ ਆਯੋਜਨ ਦੀ ਵਧਾਈ ਦਿੱਤੀ ਅਤੇ ਕਲੱਬ ਨੂੰ ਆਪਣੇ ਅਖਤਿਆਰੀ ਕੋਟੇ ਵਿੱਚੋਂ ਪੰਜ ਲੱਖ ਦੀ ਰਾਸ਼ੀ ਦਾ ਚੈੱਕ ਭੇਂਟ ਕੀਤਾ। ਇਸ ਮੌਕੇ ਕਲੱਬ ਦੇ ਪ੍ਰਧਾਨ ਕੁਲਵੰਤ ਸਿੰਘ ਸੰਘਾ ਨੇ ਕਲੱਬ ਨੂੰ ਸਹਿਯੋਗ ਦੇਣ ਵਾਲੀਆਂ ਸ਼ਖਸੀਅਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਭਾਜਪਾ ਆਗੂ ਅਵਿਨਾਸ਼ ਰਾਏ ਖੰਨਾ, ਓਮ ਪ੍ਰਕਾਸ਼ ਚੰਡੀਗੜ੍ਹ, ਕੁਲਵੰਤ ਸਿੰਘ ਰੰਧਾਵਾ ਤੇ ਪ੍ਰੋ. ਅਪਿੰਦਰ ਸਿੰਘ ਸਣੇ ਫੁਟਬਾਲ ਪ੍ਰੇਮੀ ਹਾਜ਼ਰ ਸਨ।