ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਤਾਂ ਜੋ ਆਸ ਜਿਉਂਦੀ ਰਹੇ...

09:16 AM Jan 07, 2024 IST

ਪਰਮਜੀਤ ਢੀਂਗਰਾ

ਅੱਧੀ ਦੁਨੀਆ

ਹਿਟਲਰ ਇਸ ਦੁਨੀਆ ਤੋਂ ਕਦੋਂ ਦਾ ਰੁਖਸਤ ਹੋ ਚੁੱਕਾ ਹੈ, ਪਰ ਹਿਟਲਰਸ਼ਾਹੀ ਦੇ ਬੀਜੇ ਬੀ ਨਾਸ ਨਹੀਂ ਹੋਏ। ਫਾਸ਼ੀਵਾਦ ਕਿਸੇ ਨਾ ਕਿਸੇ ਰੂਪ ਵਿਚ ਦੁਨੀਆ ਵਿਚ ਹਰ ਸਮੇਂ ਮੌਜੂਦ ਰਹਿੰਦਾ ਹੈ। ਕਦੇ ਧਰਮ, ਕਦੇ ਜਾਤੀ ਅਤੇ ਕਦੇ ਕੱਟੜਵਾਦ ਦੇ ਨਾਂ ’ਤੇ। ਇਸਲਾਮ ਆਪਣੇ ਧਾਰਮਿਕ ਸਰੂਪ ਵਿਚ ਉਦਾਰ ਨਜ਼ਰ ਆਉਂਦਾ ਹੈ। ਇਹਦੇ ਅਸੂਲ, ਪਾਬੰਦੀਆਂ ਬੜੀਆਂ ਆਦਰਸ਼ਕ ਹਨ, ਪਰ ਪਰੰਪਰਾਵਾਂ ਤੇ ਵਿਹਾਰਕ ਪੱਖੋਂ ਇਸ ਨੂੰ ਲਾਗੂ ਕਰਨ ਵਾਲਿਆਂ ਵਿਚੋਂ ਬਹੁਤ ਸਾਰਿਆਂ ਦੀ ਕੱਟੜਤਾ ਨੇ ਇਸ ਦੇ ਇਕ ਹਿੱਸੇ ਨੂੰ ਹਮੇਸ਼ਾਂ ਹਿਟਲਰਸ਼ਾਹੀ ਪੰਜੇ ਹੇਠ ਰੱਖਿਆ ਹੈ। ਇਸੇ ਕਾਰਨ ਇਸਲਾਮੀ ਦੇਸ਼ਾਂ ਵਿਚ ਔਰਤ ਦਾ ਰੁਤਬਾ ਹਮੇਸ਼ਾਂ ਕਾਂਟੇ ਹੇਠ ਰਿਹਾ ਹੈ। ਉਸ ਨੂੰ ਇਕ ਇਨਸਾਨ ਦਾ ਰੁਤਬਾ ਦੇਣ ਦੀ ਥਾਂ ਵਸਤ ਵਾਂਗ ਪਰਿਭਾਸ਼ਤ ਕਰ ਕੇ ਉਹਦੇ ’ਤੇ ਅਨੇਕਾਂ ਪਾਬੰਦੀਆਂ ਆਇਦ ਕੀਤੀਆਂ ਗਈਆਂ ਹਨ। ਸਿੱਟਾ ਇਹ ਨਿਕਲਿਆ ਕਿ ਜਿਹੜੀਆਂ ਮੁਸਲਿਮ ਔਰਤਾਂ ਪੜ੍ਹ ਲਿਖ ਕੇ ਵੱਖੋ ਵੱਖਰੇ ਸ਼ੋਬਿਆਂ ਵਿਚ ਸੇਵਾਵਾਂ ਦੇਣ ਲੱਗੀਆਂ ਉਨ੍ਹਾਂ ਨਾਲ ਧਰਮ ਤੇ ਕੱਟੜਤਾ ਦੇ ਨਾਂ ’ਤੇ ਜ਼ੁਲਮ ਕੀਤੇ ਗਏ, ਉਨ੍ਹਾਂ ਨੂੰ ਜੇਲ੍ਹਾਂ ਦੇ ਨਾਲ ਨਾਲ ਕੋੜਿਆਂ ਤੱਕ ਦੀ ਸਜ਼ਾ ਦਿੱਤੀ ਗਈ। ਇੱਥੋਂ ਤੱਕ ਕਿ ਕਈਆਂ ਨੂੰ ਸੰਗਸਾਰੀ (ਪੱਥਰ ਮਾਰ ਮਾਰ ਕੇ ਮਾਰਨ) ਜਾਂ ਕਿਸੇ ਹੋਰ ਤਰੀਕੇ ਮੌਤ ਦੀ ਸਜ਼ਾ ਦਿੱਤੀ ਗਈ। ਅਜਿਹੀ ਹੀ ਇਕ ਪੱਤਰਕਾਰ ਨਰਗਿਸ ਮੁਹੰਮਦੀ ਹੈ ਜਿਸ ਨੂੰ 2023 ਦਾ ਨੋਬੇਲ ਸ਼ਾਂਤੀ ਪੁਰਸਕਾਰ ਦਿੱਤਾ ਗਿਆ। ਉਹ ਦੁਨੀਆ ਵਿਚ ਮਨੁੱਖੀ ਅਧਿਕਾਰਾਂ ਦੀ ਕਾਰਕੁਨ ਵਜੋਂ ਪਛਾਣੀ ਜਾਂਦੀ ਹੈ।
ਸਾਲ 1998 ਵਿਚ ਨਰਗਿਸ ਮੁਹੰਮਦੀ ਨੂੰ ਇਰਾਨ ਸਰਕਾਰ ਦੇ ਜ਼ੁਲਮਾਂ ਦੀ ਪੋਲ ਖੋਲ੍ਹਣ ਤੇ ਆਲੋਚਨਾ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਤਾਂ ਉਹਨੂੰ ਇਸ ਗੱਲ ਦਾ ਬਿਲਕੁਲ ਅੰਦਾਜ਼ਾ ਨਹੀਂ ਸੀ ਕਿ ਆਉਣ ਵਾਲੇ ਸਮੇਂ ਵਿਚ ਉਹਦੀ ਹੋਣੀ ਕਿਹੋ ਜਿਹੇ ਲੇਖ ਲਿਖਾਈ ਬੈਠੀ ਹੈ। ਉਹਦੇ ਖਿਲਾਫ਼ ਇਕ ਤੋਂ ਬਾਅਦ ਇਕ ਕਈ ਮੁਕੱਦਮੇ ਦਰਜ ਕੀਤੇ ਗਏ। ਉਹਦਾ ਪਾਸਪੋਰਟ ਜ਼ਬਤ ਕਰ ਲਿਆ ਗਿਆ ਤੇ ਉਹਦੇ ਕਿਤੇ ਵੀ ਆਉਣ ਜਾਣ ’ਤੇ ਪਾਬੰਦੀ ਲਾ ਦਿੱਤੀ ਗਈ।
ਇਰਾਨ ਦੀ ਸਰਕਾਰ ਨੇ ਨਰਗਿਸ ਨੂੰ 13 ਵਾਰ ਗ੍ਰਿਫ਼ਤਾਰ ਕੀਤਾ, ਪੰਜ ਵਾਰ ਦੋਸ਼ੀ ਠਹਿਰਾਇਆ ਤੇ 154 ਕੋੜਿਆਂ ਦੀ ਮਾਰ ਦੇ ਨਾਲ ਨਾਲ ਕੁੱਲ 31 ਵਰ੍ਹਿਆਂ ਦੀ ਕੈਦ ਦੀ ਸਜ਼ਾ ਸੁਣਾਈ ਗਈ। ਇਹੀ ਨਹੀਂ ਉਸ ਨੂੰ ਤਹਿਰਾਨ ਦੀ ਸਭ ਤੋਂ ਬਦਨਾਮ ਤੇ ਜ਼ਾਲਮ ਜੇਲ੍ਹ ਐਵਿਨ ਵਿਚ ਕੈਦ ਕਰ ਕੇ ਰੱਖਿਆ ਹੋਇਆ ਹੈ। ਇੰਨੇ ਜ਼ੁਲਮ ਕਰ ਕੇ ਵੀ ਸੱਤਾ ਉਹਦੇ ਚੱਟਾਨੀ ਇਰਾਦੇ ਨੂੰ ਕਮਜ਼ੋਰ ਨਹੀਂ ਕਰ ਸਕੀ ਤੇ ਨਾ ਹੀ ਉਹਦਾ ਇਮਾਨ ਡੁਲਾ ਸਕੀ। ਉਹ ਸਿਰਫ਼ ਆਪਣੇ ਲਈ ਹੀ ਨਹੀਂ ਲੜ ਰਹੀ ਸਗੋਂ ਸਾਰੇ ਇਰਾਨ ਲਈ ਨਿਆਂ ਤੇ ਮਨੁੱਖੀ ਅਧਿਕਾਰਾਂ ਖਾਤਰ ਸੰਘਰਸ਼ ਕਰ ਰਹੀ ਹੈ। ਇਰਾਨ ਦੀ ਨਵੀਂ ਪੀੜ੍ਹੀ ਉਹਨੂੰ ਪ੍ਰਭਾਤ ਦੀ ਪਹਿਲੀ ਕਿਰਨ ਜਾਂ ਆਸ ਦੀ ਬੁਲੰਦੀ ਵਜੋਂ ਤਸੱਵਰ ਕਰ ਰਹੀ ਹੈ।
ਨਰਗਿਸ ਦਾ ਜਨਮ ਤਹਿਰਾਨ ਦੇ ਜੰਜਨ ਵਿਚ 1972 ’ਚ ਹੋਇਆ। ਉਦੋਂ ਬੇਹੱਦ ਕਰੂਰ ਤਾਨਾਸ਼ਾਹ, ਸ਼ਾਹ ਮੁਹੰਮਦ ਰਜ਼ਾ ਪਹਿਲਵੀ ਇਰਾਨ ਦੀ ਸੱਤਾ ’ਤੇ ਕਾਬਜ਼ ਸੀ। ਅਸਹਿਮਤੀ ਨੂੰ ਉਹ ਕਤਈ ਬਰਦਾਸ਼ਤ ਨਹੀਂ ਸੀ ਕਰਦਾ। ਉਹ ਅਸਹਿਮਤੀ ਦੀ ਸੁਰ ਨੂੰ ਕੁਚਲ ਕੇ ਉਹਦਾ ਨਾਮੋ ਨਿਸ਼ਾਨ ਮਿਟਾ ਦੇਣ ਵਾਲਾ ਤਾਨਾਸ਼ਾਹ ਸੀ। ਔਰਤਾਂ ਪ੍ਰਤੀ ਉਹਦਾ ਰਵੱਈਆ ਬੇਹੱਦ ਕੱਟੜਪੁਣੇ ਨਾਲ ਲਬਰੇਜ਼ ਸੀ। ਉਹ ਔਰਤਾਂ ਨੂੰ ਸੀਮਤ ਹੱਕ ਦੇਣ ਦੇ ਪੱਖ ਵਿਚ ਸੀ ਜਿਸ ਨਾਲ ਉਹ ਸਿਰਫ਼ ਜ਼ਿੰਦਗੀ ਜਿਊਂ ਸਕਣ, ਪਰ ਕਿਸੇ ਕਿਸਮ ਦਾ ਕੋਈ ਪ੍ਰਤੀਰੋਧ ਨਾ ਕਰਨ।
1979 ਵਿਚ ਆਏ ਇਨਕਲਾਬ ਨੇ ਸ਼ਾਹ ਦਾ ਤਖ਼ਤਾ ਪਲਟ ਦਿੱਤਾ ਤੇ ਉਹਦੀ ਥਾਂ ਇਕ ਹੋਰ ਕੱਟੜਵਾਦੀ ਸ਼ਖ਼ਸ ਆਇਤੁਲਾ ਖੁਮੈਨੀ ਸੱਤਾ ’ਚ ਆਇਆ। ਸੱਤਾ ਦਾ ਚਿਹਰਾ ਬਦਲਣ ਦੇ ਬਾਵਜੂਦ ਨਾ ਤਾਂ ਰਾਜ-ਕਾਜ ਦੀਆਂ ਨੀਤੀਆਂ ਬਦਲੀਆਂ ਤੇ ਨਾ ਹੀ ਇਰਾਨੀਆਂ ਦੀ ਤਕਦੀਰ। ਖੁਮੈਨੀ ਨੇ ਹਰ ਤਰ੍ਹਾਂ ਦੇ ਨਾਗਰਿਕ ਅਧਿਕਾਰਾਂ ’ਤੇ ਪਾਬੰਦੀ ਲਾ ਦਿੱਤੀ ਜਿਹੜਾ ਵੀ ਇਸ ਦੇ ਵਿਰੋਧ ਵਿਚ ਆਵਾਜ਼ ਚੁੱਕਦਾ ਜਾਂ ਸਰਕਾਰੀ ਨੀਤੀਆਂ ਦੀ ਆਲੋਚਨਾ ਕਰਦਾ ਉਹਨੂੰ ਗ੍ਰਿਫ਼ਤਾਰ ਕਰ ਲਿਆ ਜਾਂਦਾ।
ਅਜਿਹੇ ਅਣਮਨੁੱਖੀ ਹਾਲਾਤ ਅਤੇ ਮਾੜੇ ਸਿਆਸੀ ਮਾਹੌਲ ਵਿਚ ਨਰਗਿਸ ਇਰਾਨੀ ਮਹਿਲਾ ਦੇ ਰੂਪ ਵਿਚ ਆਪਣੀ ਆਜ਼ਾਦ ਹਸਤੀ ਕਾਇਮ ਕਰਨ ਲਈ ਜੂਝ ਰਹੀ ਸੀ। ਸਮਾਜਿਕ ਕਾਰਕੁਨ ਵਜੋਂ ਕਾਰਜਸ਼ੀਲ ਉਹਦੇ ਚਾਚੇ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ। ਕਾਜਿਵਿਨ ਯੂਨੀਵਰਸਿਟੀ ਵਿਚ ਭੌਤਿਕ ਵਿਗਿਆਨ ਵਿਸ਼ੇ ਵਿਚ ਡਿਗਰੀ ਲੈਣ ਮਗਰੋਂ ਇੰਜੀਨੀਅਰ ਬਣਨ ਵਾਲੀ ਨਰਗਿਸ ਸ਼ੁਰੂ ਤੋਂ ਹੀ ਇਨਕਲਾਬੀ ਖ਼ਿਆਲਾਂ ਵਾਲੀ ਸੀ। ਉਹ ਚਾਹੁੰਦੀ ਸੀ ਕਿ ਦੁਨੀਆ ਦੇ ਹੋਰ ਖਿੱਤਿਆਂ ਵਾਂਗ ਇਰਾਨੀ ਔਰਤਾਂ ਵੀ ਰਵਾਇਤਾਂ ਦੀਆਂ ਬੇੜੀਆਂ ਵਿਚੋਂ ਆਜ਼ਾਦ ਹੋ ਕੇ ਸਾਹ ਲੈ ਸਕਣ। ਇਸੇ ਕਰਕੇ ਉਹਨੇ ਔਰਤਾਂ ਲਈ ਇਕ ਸੰਸਥਾ ਖੜ੍ਹੀ ਕੀਤੀ ਜੋ ਪ੍ਰਮੁੱਖ ਰੂਪ ਵਿਚ ਔਰਤਾਂ ਦੇ ਮੁੱਦੇ ਉਭਾਰ ਕੇ ਉਨ੍ਹਾਂ ਲਈ ਇਨਸਾਫ਼ ਦੀ ਮੰਗ ਕਰਦੀ ਹੈ।
ਇਕਵੰਜਾ ਵਰ੍ਹਿਆਂ ਦੀ ਨਰਗਿਸ ਨੇ ਇਰਾਨੀ ਇਸਲਾਮੀ ਗਣਰਾਜ ਵਿਚੋਂ ਮੌਤ ਦੀ ਸਜ਼ਾ ਤੇ ਦੇਸ਼ ਦੀਆਂ ਜੇਲ੍ਹਾਂ ਵਿਚ ਕੈਦ ਸਿਆਸੀ ਕੈਦੀਆਂ ਤੇ ਖ਼ਾਸਕਰ ਔਰਤਾਂ ’ਤੇ ਹੋ ਰਹੇ ਜ਼ੁਲਮਾਂ ਤੇ ਜਿਨਸੀ ਹਿੰਸਾ ਵਿਰੁੱਧ ਮੁਹਿੰਮ ਚਲਾਈ। ਜੇਲ੍ਹ ਦੀਆਂ ਸਲਾਖਾਂ ਪਿੱਛੇ ਹੁੰਦਿਆਂ ਵੀ ਉਹ ਨਿਆਂ, ਹੱਕ, ਸੱਚ, ਆਜ਼ਾਦੀ ਤੇ ਮਨੁੱਖੀ ਅਧਿਕਾਰਾਂ ਲਈ ਜੱਦੋਜਹਿਦ ਕਰ ਰਹੀ ਹੈ। ਅੱਜ ਉਹ ਹਜ਼ਾਰਾਂ ਇਰਾਨੀ ਔਰਤਾਂ ਲਈ ਪ੍ਰੇਰਨਾ ਸ੍ਰੋਤ ਹੈ। ਇਹੀ ਕਾਰਨ ਹੈ ਕਿ ਇਰਾਨ ਦੀ ਨੈਤਿਕ ਪੁਲੀਸ ਦੀ ਹਿਰਾਸਤ ਵਿਚ ਮਹਿਸਾ ਅਮੀਨੀ ਦੀ ਮੌਤ ਮਗਰੋਂ ਮੁਲਕ ਦੀ ਸਰਕਾਰ ਖਿਲਾਫ਼ ਹਜ਼ਾਰਾਂ ਔਰਤਾਂ ਸੜਕਾਂ ’ਤੇ ਉਤਰ ਆਈਆਂ ਤੇ ਨਿਆਂ ਲਈ ਰੱਜ ਕੇ ਵਿਰੋਧ ਪ੍ਰਦਰਸ਼ਨ ਕੀਤੇ।
ਵਾਈਟ ਟਾਰਚਰ ਇਸਲਾਮੀ ਗਣਰਾਜ ਇਰਾਨ ਦੀਆਂ ਜੇਲ੍ਹਾਂ ਵਿਚ ਸਿਆਸੀ ਕੈਦੀਆਂ ਨੂੰ ਮਾਨਸਿਕ ਤੌਰ ’ਤੇ ਤਬਾਹ ਕਰਨ ਦਾ ਇਕ ਜ਼ਾਲਮ ਤਰੀਕਾ ਹੈ। ਉੱਥੇ ਦੀਆਂ ਜੇਲ੍ਹਾਂ ਦੀਆਂ ਕੋਠੜੀਆਂ ਪੱਛਮੀ ਮੁਲਕਾਂ ਦੀਆਂ ਜੇਲ੍ਹਾਂ ਵਾਂਗ ਨਹੀਂ ਹੁੰਦੀਆਂ। ਵਾਈਟ ਟਾਰਚਰ ਤਹਿਤ ਇਰਾਨੀ ਜੇਲ੍ਹਾਂ ਵਿਚ ਇਕੱਲੀਆਂ ਕੋਠੜੀਆਂ ਵਿਚ ਕੈਦੀਆਂ ਨੂੰ ਸੰਚਾਰ ਜਾਂ ਹੋਰ ਸਹੂੁਲਤਾਂ ਤੋਂ ਵਾਂਝਿਆਂ ਰੱਖਿਆ ਜਾਂਦਾ ਹੈ। ਉਨ੍ਹਾਂ ਵਿਚੋਂ ਕੋਈ ਵੀ ਇਕ ਦੂਸਰੇ ਨੂੰ ਮਿਲ ਨਹੀਂ ਸਕਦਾ ਅਤੇ ਨਾ ਹੀ ਉਨ੍ਹਾਂ ਨੂੰ ਪੜ੍ਹਨ ਲਈ ਕਿਤਾਬਾਂ, ਅਖ਼ਬਾਰਾਂ ਜਾਂ ਰਸਾਲੇ ਦਿੱਤੇ ਜਾਂਦੇ ਹਨ। ਕੈਦੀਆਂ ਦੀਆਂ ਅੱਖਾਂ ’ਤੇ ਪੱਟੀ ਬੰਨ੍ਹ ਦਿੱਤੀ ਜਾਂਦੀ ਹੈ। ਇਸ ਨਾਲ ਉਹ ਸਿਰਫ਼ ਆਵਾਜ਼ਾਂ ਸੁਣ ਸਕਦੇ ਹਨ, ਦੇਖ ਬਿਲਕੁਲ ਨਹੀਂ ਸਕਦੇ।
ਉਹ ਆਪਣੀ ਜੱਦੋਜਹਿਦ ਨੂੰ ਵਿਉਂਤਬੱਧ ਕਰ ਕੇ ਇਹ ਲੜਾਈ ਲੜ ਰਹੀ ਹੈ। ਅਨਿਆਂ ਖਿਲਾਫ਼ ਆਵਾਜ਼ ਬੁਲੰਦ ਕਰਨ ਕਰਕੇ ਹੀ ਉਹ ਸੱਤਾ ਦੀਆਂ ਅੱਖਾਂ ਦੀ ਰੜਕ ਬਣੀ ਹੋਈ ਹੈ। ਉਹ ਨੋਬੇਲ ਪੁਰਸਕਾਰ ਪ੍ਰਾਪਤ ਕਰਨ ਵਾਲੀ ਪਹਿਲੀ ਇਰਾਨੀ ਔਰਤ ਸ਼ਿਰੀਨ ਆਬਦੀ ਦੀ ਸੰਸਥਾ ਡਿਫੈਂਡਰਜ਼ ਆਫ ਹਿਊਮਨ ਰਾਈਟਸ ਸੈਂਟਰ ਨਾਲ ਵੀ ਜੁੜੀ ਰਹੀ ਕਿਉਂਕਿ ਇਹ ਵੀ ਔਰਤਾਂ ਦੇ ਹੱਕਾਂ ਲਈ ਲੜਨ ਵਾਲੀ ਮੋਹਰੀ ਸੰਸਥਾ ਹੈ।
ਨਰਗਿਸ ਦੇ ਜੇਲ੍ਹ ਵਿਚ ਹੋਣ ਕਰਕੇ ਨੋਬੇਲ ਪੁਰਸਕਾਰ ਉਹਦੇ ਜੌੜੇ ਬੱਚਿਆਂ ਅਲੀ ਤੇ ਕਿਆਨਾ ਰਹਿਮਾਨੀ ਨੇ ਓਸਲੋ ਸਿਟੀ ਹਾਲ ਵਿਚ ਪ੍ਰਾਪਤ ਕੀਤਾ। ਦੋਵੇਂ ਬੱਚੇ ਆਪਣੇ ਪਿਤਾ ਤਾਗੀ ਰਹਿਮਾਨੀ ਨਾਲ ਪੈਰਿਸ ਵਿਚ ਜਲਾਵਤਨੀ ਭੋਗ ਰਹੇ ਹਨ। ਤਾਗੀ ਰਹਿਮਾਨੀ ਪਿਛਲੇ ਗਿਆਰਾਂ ਸਾਲਾਂ ਤੋਂ ਆਪਣੀ ਪਤਨੀ ਨੂੰ ਨਹੀਂ ਦੇਖ ਸਕਿਆ। ਉਹਦੀ ਧੀ ਕਿਆਨਾ ਨੇ ਇਸ ਮੌਕੇ ਭਾਵੁਕ ਹੁੰਦਿਆਂ ਕਿਹਾ, ‘‘ਮੈਂ ਕਿੰਨੇ ਸਾਲਾਂ ਤੋਂ ਆਪਣੀ ਮਾਂ ਨੂੰ ਨਹੀਂ ਦੇਖਿਆ ਤੇ ਲੱਗਦਾ ਹੈ ਸ਼ਾਇਦ ਹੀ ਹੁਣ ਮੈਂ ਜ਼ਿੰਦਗੀ ਵਿਚ ਆਪਣੀ ਮਾਂ ਨੂੰ ਮਿਲ ਸਕਾਂ ਕਿਉਂਕਿ ਜ਼ਾਲਮ ਸਰਕਾਰਾਂ ਤੋਂ ਰਹਿਮ ਜਾਂ ਮਨੁੱਖੀ ਹਮਦਰਦੀ ਦੀ ਆਸ ਕਰਨਾ ਫਜ਼ੂਲ ਹੈ। ਪਰ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿਉਂਕਿ ਮੇਰੀ ਮਾਂ ਸਦਾ ਮੇਰੇ ਦਿਲ ਵਿਚ ਵਸਦੀ ਹੈ ਤੇ ਮੇਰੇ ਲਈ ਉਹ ਪ੍ਰੇਰਨਾ ਸਰੋਤ ਹੈ।’’
ਜੇਲ੍ਹ ਵਿਚ ਕੈਦ ਨਰਗਿਸ ਨੇ ਆਪਣੇ ਸੁਨੇਹੇ ਵਿਚ ਦੁਨੀਆ ਭਰ ਦੇ ਨਿਆਂਪਸੰਦ ਲੋਕਾਂ ਤੇ ਮਨੁੱਖੀ ਅਧਿਕਾਰਾਂ ਦੇ ਰਖਵਾਲਿਆਂ ਦਾ ਸ਼ੁਕਰੀਆ ਅਦਾ ਕਰਦਿਆਂ ਕਿਹਾ ਕਿ ‘ਅੱਜ ਉਨ੍ਹਾਂ ਦੀ ਹਮਾਇਤ ਦੀ ਵੱਡੀ ਲੋੜ ਹੈ ਕਿਉਂਕਿ ਇਰਾਨ ਵਰਗੇ ਮੁਲਕਾਂ ਵਿਚ ਸਰਕਾਰ ਦੇ ਦਮਨਕਾਰੀ ਤੇ ਵਿਨਾਸ਼ਕਾਰੀ ਜ਼ੁਲਮਾਂ ਖਿਲਾਫ਼ ਡੱਟਣਾ ਤੇ ਉਨ੍ਹਾਂ ਦਾ ਵਿਰੋਧ ਕਰਨਾ ਸਮੇਂ ਦੀ ਲੋੜ ਹੈ। ਜੇ ਅਸੀਂ ਰਲ ਕੇ ਅਜਿਹੀਆਂ ਜ਼ਾਲਮ ਸਰਕਾਰਾਂ ਖਿਲਾਫ਼ ਸੰਘਰਸ਼ ਵਿੱਢ ਸਕੀਏ ਤਾਂ ਹੀ ਮਨੁੱਖੀ ਅਧਿਕਾਰਾਂ ਤੇ ਮਨੁੱਖਤਾ ਦੀ ਰਾਖੀ ਹੋ ਸਕੇਗੀ।’
ਨਰਗਿਸ ਬੜੇ ਮਜ਼ਬੂਤ ਇਰਾਦੇ ਵਾਲੀ ਔਰਤ ਹੈ। ਉਹਨੇ ਕਈ ਕਿਤਾਬਾਂ ਵੀ ਲਿਖੀਆਂ ਹਨ। ਇਨ੍ਹਾਂ ਵਿਚ ਦਿ ਰਿਫਾਰਮਜ਼, ਦਿ ਸਟ੍ਰੈਟਜਿਕ ਐਂਡ ਦਿ ਟੈਕਟਿਕਸ ਤੇ ਵਾਈਟ ਟਾਰਚਰ ਪ੍ਰਮੁੱਖ ਹਨ। ਇਹ ਸਾਰੀਆਂ ਉਹਦੇ ਜੇਲ੍ਹ ਸੰਘਰਸ਼ ਤੇ ਮਨੁੱਖੀ ਅਧਿਕਾਰਾਂ ਲਈ ਲੜਾਈ ਦੇ ਤਜ਼ਰਬੇ ਦੀ ਉਪਜ ਹਨ।
ਉਹਨੂੰ ਕਈ ਵਾਰ ਗ੍ਰਿਫ਼ਤਾਰ ਕੀਤਾ ਗਿਆ ਤੇ ਵਿਗੜਦੀ ਸਿਹਤ ਕਰਕੇ ਕਈ ਵਾਰ ਰਿਹਾਅ ਵੀ ਕੀਤਾ ਗਿਆ, ਪਰ ਜੇਲ੍ਹ ਵਿਚੋਂ ਆਜ਼ਾਦ ਹੋਣ ਲਈ ਉਹਨੂੰ ਅਜੇ ਲੰਮਾ ਸਫ਼ਰ ਤੈਅ ਕਰਨਾ ਪਵੇਗਾ। ਉਹਦੀ ਰਿਹਾਈ ਲਈ ਅੱਜ ਦੁਨੀਆ ਭਰ ਵਿਚੋਂ ਆਵਾਜ਼ਾਂ ਉੱਠ ਰਹੀਆਂ ਹਨ। ਸਾਨੂੰ ਸਭ ਨੂੰ ਉਹਦੇ ਹੱਕ ਵਿਚ ਆਵਾਜ਼ ਉਠਾਉਣੀ ਚਾਹੀਦੀ ਹੈ ਤਾਂ ਜੋ ਆਸ ਜਿਉਂਦੀ ਰਹਿ ਸਕੇ ਤੇ ਮਨੁੱਖਤਾ ਵਿਚ ਸਾਡਾ ਵਿਸ਼ਵਾਸ ਬਣਿਆ ਰਹੇ। ਆਮੀਨ!

Advertisement

ਸੰਪਰਕ: 94173-58120

Advertisement
Advertisement