ਤਾਂ ਜੋ ਹਰ ਘਰ ਗੱਲ ਤੁਰੇ...
![](https://www.punjabitribuneonline.com/wp-content/uploads/2025/01/12501540CD-_KANWALJIT-KAUR-DHILLON_NEW.jpg)
ਸਵਰਾਜਬੀਰ ਦੇ ਨਾਟ-ਸੰਗ੍ਰਹਿ ‘ਇਹ ਗੱਲਾਂ ਕਦੇ ਫੇਰ ਕਰਾਂਗੇ’ ਵਿੱਚ ਛੇ ਲਘੂ ਨਾਟਕ/ਸਕਿੱਟ ਅਤੇ ਇਕਾਂਗੀ ਸ਼ਾਮਿਲ ਹਨ, ਜੋ ਉਸ ਨੇ ਪਿਛਲੇ ਦਸ ਸਾਲਾਂ ਦੇ ਸਮੇਂ ਵਿੱਚ ਲਿਖੇ ਅਤੇ ਕੇਵਲ ਧਾਲੀਵਾਲ ਨੇ ਆਪਣੀਆਂ ਮੰਚੀ ਪੇਸ਼ਕਾਰੀਆਂ ਰਾਹੀਂ ਸਮੇਂ ਸਮੇਂ ਦਰਸ਼ਕਾਂ ਦੇ ਸਨਮੁੱਖ ਕੀਤੇ। ਸਵਰਾਜਬੀਰ ਦੇ ਪਹਿਲੇ ਸਾਰੇ ਵੱਡੇ ਨਾਟਕ ਵੀ ਕੇਵਲ ਧਾਲੀਵਾਲ ਨੇ ਹੀ ਮੰਚਿਤ ਕੀਤੇ ਹਨ। ਸਵਰਾਜਬੀਰ ਪੰਜਾਬੀ ਦਾ ਸਮਰੱਥ, ਗੰਭੀਰ ਅਤੇ ਸੰਵੇਦਨਸ਼ੀਲ ਨਾਟਕਕਾਰ ਹੈ। ਇਸ ਨਾਟ ਪੁਸਤਕ ਤੋਂ ਪਹਿਲਾਂ ਉਸ ਨੇ ਪੰਜਾਬੀ ਨਾਟਕ ਸਾਹਿਤ ਵਿੱਚ ਕਲਾਸਿਕ ਨਾਟਕ ਦਾ ਦਰਜਾ ਰੱਖਦੇ ਵੱਡੇ ਨਾਟਕ- ਧਰਮਗੁਰੂ (1999), ਕ੍ਰਿਸ਼ਨ (2001) ਅਤੇ ਸ਼ਾਇਰੀ (2004) ਦੀ ਸਿਰਜਣਾ ਕੀਤੀ। ਸਵਰਾਜਬੀਰ ਨੇ ਆਪਣੀ ਸਿਰਜਣ ਪ੍ਰਕਿਰਿਆ ਦੇ ਪਹਿਲੇ ਦੌਰ ਵਿੱਚ ਇਤਿਹਾਸ, ਮਿਥਿਹਾਸ ’ਚੋਂ ਕਥਾ ਲੈ ਕੇ ਅਜੋਕੇ ਸਮੇਂ ਦੀਆਂ ਪ੍ਰਸਥਿਤੀਆਂ ਨੂੰ ਸਮਝਣ ਸਮਝਾਉਣ ਦਾ ਯਤਨ ਕੀਤਾ। ਉਹ ਧਰਮ, ਸਿਆਸਤ ਅਤੇ ਸਮਾਜਿਕ ਰਹਿਤਲ ਵਿੱਚ ਪਈਆਂ ਵਿਰੋਧਤਾਵਾਂ ਅਤੇ ਦੋਗਲੇਪਣ ਨੂੰ ਅਜੋਕੇ ਸੰਦਰਭ ਵਿੱਚ ਪੇਸ਼ ਕਰਦਾ ਹੈ। ਉਸ ਦੇ ਹੋਰ ਪ੍ਰਸਿੱਧ ਪੂਰੇ ਨਾਟਕ ਮੇਦਨੀ (2002), ਕੱਲਰ (2007), ਮੱਸਿਆ ਦੀ ਰਾਤ (2013), ਹੱਕ (2015), ਅਗਨੀਕੁੰਡ (2016) ਅਤੇ ਤਸਵੀਰਾਂ (2017) ਹਨ।
ਪੰਜਾਬ ਦੀ ਸਮਾਜਿਕ ਸਭਿਆਚਾਰਕ ਰਹਿਤਲ ਵਿੱਚ ਪਿੱਤਰ-ਸੱਤਾ ਭਾਰੂ ਹੈ ਅਤੇ ਇਸ ਵਿੱਚ ਜਨ ਮਾਨਸ ਆਪਣੀਆਂ ਮਾਨਸਿਕ ਗ੍ਰੰਥੀਆਂ ਵਿੱਚ ਰਿਸ਼ਤਿਆਂ ਦੀਆਂ ਪੀਡੀਆਂ ਗੰਢਾਂ ਸਣੇ ਪਿਤਰਕੀ ਵਿੱਚ ਜਿਊਂਦਾ ਹੈ। ਪੈਦਾਵਾਰੀ ਸਾਧਨਾਂ ਦੇ ਬਦਲਾਅ ਅਤੇ ਉਨ੍ਹਾਂ ਵਿੱਚ ਔਰਤ ਦੀ ਭਰਪੂਰ ਭਾਗੀਦਾਰੀ ਹੋਣ ਦੇ ਬਾਵਜੂਦ ਔਰਤ ਸਮਾਜਿਕ ਰਿਸ਼ਤਿਆਂ ਦੀਆਂ ਅੰਦਰਲੀਆਂ ਪਰਤਾਂ ਵਿੱਚ ਗੌਣ ਸਥਿਤੀ ਵਿੱਚ ਹੀ ਹੈ।
ਇਸ ਨਾਟਕ ਸੰਗ੍ਰਹਿ ਦੇ ਪਾਤਰ ਸਮਾਜਿਕ ਰਹਿਤਲ ਵਿੱਚ ਪਈਆਂ ਪਿੱਤਰ-ਸੱਤਾ ਦੀਆਂ ਮਾਨਤਾਵਾਂ ਨੂੰ ਪਹਿਲਾਂ ਤਾਂ ਆਪਣੀ ਜ਼ਿੰਦਗੀ ਵਿੱਚ ਬਰਦਾਸ਼ਤ ਕਰੀ ਜਾਂਦੇ ਹਨ, ਪਰ ਨਾਟਕ ਦੇ ਅੰਤ ਉੱਤੇ ਰੱਦ ਕਰਦੇ ਹੋਏ ਬਦਲਾਅ ਲਈ ਜ਼ਮੀਨ ਤਿਆਰ ਕਰਦੇ ਹਨ। ਸਾਡੇ ਸਮਾਜ ਦਾ ਨਜ਼ਰੀਆ ਜੇ ਔਰਤਾਂ (ਮਾਂ, ਧੀ, ਬੀਵੀ, ਭੈਣ) ਪ੍ਰਤੀ ਅਜਿਹਾ ਹੈ ਤਾਂ ਇਹ ਸਮਾਜ ਬਦਲਣ ਦੀ ਲੋੜ ਹੈ। ‘ਇਹ ਗੱਲਾਂ ਕਦੇ ਫੇਰ ਕਰਾਂਗੇ’ ਨਾਟਕ ਦੇ ਪਾਤਰ ਸਵਾਲ ਉਭਾਰਦੇ ਹਨ ਅਤੇ ਨਾਟਕ ਦੇ ਕਿਰਦਾਰ ਪ੍ਰਸਥਿਤੀਆਂ ’ਚੋਂ ਹੱਲ ਲੱਭਦੇ ਦਿਸਦੇ ਹਨ। ਇਨ੍ਹਾਂ ਨਾਟਕਾਂ ਦਾ ਸੁਨੇਹਾ ਸਵਾਲਾਂ ਵਿੱਚ ਹੀ ਪਿਆ ਹੋਇਆ ਹੈ। ਨਾਟਕ ਦੀ ਸਫ਼ਲਤਾ ਇਸ ਵਿੱਚ ਹੀ ਹੁੰਦੀ ਹੈ ਕਿ ਉਹ ਦਰਸ਼ਕ/ਪਾਠਕ ਨੂੰ ਬੇਚੈਨ (Upset) ਕਰੇ। ਕੋਈ ਭਾਸ਼ਨ ਨਾ ਦੇਵੇ। ਹੱਲ ਨਾ ਦੇਵੇ ਸਗੋਂ ਦਰਸ਼ਕ ਖ਼ੁਦ ਨਾਂਹ-ਵਾਚਕ ਪ੍ਰਸਥਿਤੀਆਂ ਦੇ ਰੂ-ਬ-ਰੂ ਹੋ ਕੇ ਉਨ੍ਹਾਂ ਸਵਾਲਾਂ ਦੇ ਹੱਲ ਲੱਭਣ ਵੱਲ ਆਪਣੀ ਯਾਤਰਾ ਆਰੰਭ ਕਰੇ ਅਤੇ ਬਦਲਾਅ ਦੇ ਰਸਤੇ ਤੁਰੇ।
ਇਸ ਨਾਟ-ਸੰਗ੍ਰਹਿ ਵਿੱਚ ਇੱਕ ਪਾਤਰੀ (ਸੋਲੋ) ਨਾਟਕ ਹਨ। ਨਾਟਕ ਵਿਧਾ ਮੰਚੀ ਪੇਸ਼ਕਾਰੀ ਰਾਹੀਂ ਹੀ ਆਪਣਾ ਸਿਰਜਣਾਤਮਕ ਆਕਾਰ ਗ੍ਰਹਿਣ ਕਰਦੀ ਹੈ। ਅਸਲ ਵਿੱਚ ਇੱਕ ਪਾਤਰੀ ਜਾਂ ਦੋ-ਪਾਤਰੀ ਨਾਟਕ-ਅਦਾਕਾਰ ਅਤੇ ਨਿਰਦੇਸ਼ਕ ਦੇ ਨਾਟਕ ਹੁੰਦੇ ਹਨ। ਨਿਰਦੇਸ਼ਕ ਦੀ ਵਿਸ਼ੇ ਨੂੰ ਸਮਝਣ ਅਤੇ ਉਸ ਦੇ ਅੰਦਰ ਪਈ ਨਾਟਕੀ ਟੈਕਸਟ ਤੱਕ ਰਸਾਈ ਹੀ ਨਾਟਕ ਦੀ ਪੇਸ਼ਕਾਰੀ ਦੇ ਮਿਆਰ ਨੂੰ ਤੈਅ ਕਰਦੀ ਹੈ। ਵਿਸ਼ਵ ਨਾਟਕ ਸਾਹਿਤ ਵਿੱਚ ਇੱਕ-ਪਾਤਰੀ ਨਾਟਕਾਂ ਦੀ ‘ਵੇਟਿੰਗ ਫਾਰ ਗੋਦੋ’ ਤੋਂ ਬਾਅਦ ਲੰਮੀ ਫਹਿਰਿਸਤ ਹੈ। ਪੰਜਾਬੀ ਵਿੱਚ ਇੱਕ-ਪਾਤਰੀ ਨਾਟਕ ਵੀਹਵੀਂ ਸਦੀ ਦੇ ਤੀਜੇ ਚੌਥੇ ਦਹਾਕੇ ਤੋਂ ਲਿਖੇ ਜਾਂਦੇ ਰਹੇ ਹਨ। ਨੇੜਲੇ ਸਮਿਆਂ ਵਿੱਚ ਸਮਾਜ ਵਿੱਚ ਸਮੂਹਿਕ ਭਾਗੀਦਾਰੀ ਦੀ ਪ੍ਰਵਿਰਤੀ ਦੇ ਗੌਣ ਹੋਣ ਨਾਲ ਇਸ ਦਾ ਕੋਮਲ ਕਲਾਵਾਂ ਦੀ ਪੇਸ਼ਕਾਰੀ ਉੱਤੇ ਵੀ ਅਸਰ ਪਿਆ ਅਤੇ ਸਾਹਿਤ ਵਿੱਚ ਇਕਹਿਰੇ ਵਰਤਾਰੇ ਵਿੱਚ ਇਸ ਦਾ ਨਿਵਾਰਣ ਹੋਣ ਲੱਗਾ। ਇੱਕੀਵੀਂ ਸਦੀ ਦੇ ਪਹਿਲੇ ਦਹਾਕੇ ਤੋਂ ਪੰਜਾਬੀ ਵਿੱਚ ਇੱਕ-ਪਾਤਰੀ ਨਾਟਕ ਲਿਖਣ ਦਾ ਰੁਝਾਨ ਵਧਿਆ ਹੈ। ਨਿਰਦੇਸ਼ਕ ਤਕਨਾਲੋਜੀਕਲ ਜੁਗਤਾਂ ਦੀ ਵਰਤੋਂ ਨਾਲ ਇੱਕ ਪਾਤਰੀ ਨਾਟਕ ਵਿੱਚ ਲੰਮੀ ਮਨੋਬਚਨੀ ਨਾਲ ਪੈਦਾ ਹੋਈ ਕਾਰਜ ਦੀ ਖੜੋਤ ਦੇ ਖੱਪੇ ਨੂੰ ਪੂਰ ਲੈਂਦਾ ਹੈ।
ਨਾਟਕਕਾਰ ਕੋਲ ਪਾਤਰ ਦੀ ਮਨੋਦਸ਼ਾ ਨੂੰ ਬਿਆਨਣ ਲਈ ਭਾਸ਼ਾ ਹੀ ਮੁੱਖ ਹਥਿਆਰ ਹੁੰਦਾ ਹੈ। ‘ਇਹ ਗੱਲਾਂ ਕਦੇ ਫੇਰ ਕਰਾਂਗੇ’ ਦੇ ਨਾਟਕਾਂ ਵਿੱਚ ਗੀਤਾਂ ਦੀ ਅਹਿਮ ਭੂਮਿਕਾ ਹੈ, ਉਹ ਜਿੱਥੇ ਨਾਟਕ ਦੀ ਤੋਰ ਨੂੰ ਅਗਾਂਹ ਲਿਜਾਂਦੇ ਹਨ ਉੱਥੇ ਪਾਤਰ ਦੀ ਮਨੋਦਸ਼ਾ ਨੂੰ ਬਿਆਨਣ ਵਿੱਚ ਹੋਰ ਸਹਾਈ ਹੁੰਦੇ ਹਨ। ਇਨ੍ਹਾਂ ਨਾਟਕਾਂ ਵਿਚਲੀ ਭਾਸ਼ਾ ਜੁਗਤ ਦਰਸ਼ਕਾਂ ਦੀਆਂ ਮਨੋ-ਇੰਦਰੀਆਂ ਦੇ ਸੁਣਨ ਤੋਂ ਅਗਾਂਹ ਸੋਚਣ, ਸਮਝਣ ਅਤੇ ਦਿਲ-ਦਿਮਾਗ਼ ਨੂੰ ਹਲੂਣਦੀ ਹੈ। ‘ਇਹ ਗੱਲਾਂ ਕਦੇ ਫੇਰ ਕਰਾਂਗੇ’ ਵਿੱਚ ਇੱਕ ਸੰਵਾਦ ਪਾਠ ਹੈ ਜੋ ਪਾਠਕ ਦੇ ਕੰਨਾਂ ਨੇ ਸੁਣਨਾ ਹੈ ਪਰ ਇਨ੍ਹਾਂ ਸਾਰੇ ਨਾਟਕਾਂ ਵਿੱਚ ਇਸ ਸੰਵਾਦ-ਲਿਖਤ ਦੇ ਨਾਲ ਇੱਕ ਸਬ-ਟੈਕਸਟ ਸੰਵਾਦ (Sub-Text) ਵੀ ਪੇਸ਼ ਹੋ ਰਿਹਾ ਹੈ ਜੋ ਪੇਸ਼ਕਾਰੀ ਸਮੇਂ ਦਰਸ਼ਕ ਭਲੀਭਾਂਤ ਦੇਖ/ਸੁਣ ਸਕਦਾ ਹੈ। ਨਾਟਕਾਂ ਦੀ ਸਮੁੱਚੀ ਬਣਤਰ ਵਿੱਚ ਦਿਸਦੇ ਭਾਵ (latent) ਦੇ ਨਾਲ ਬਿੰਬਾਂ ਦੀ ਭਾਸ਼ਾ ਵਿੱਚ ਪੇਸ਼ ਬਾਤਨ ਭਾਵ (Manifest content) ਵੀ ਉਜਾਗਰ ਹੁੰਦਾ ਹੈ ਜੋ ਰੰਗਮੰਚੀ ਪਾਠ ਪੇਸ਼ਕਾਰੀ ਸਮੇਂ ਪਾਤਰ ਦੀ ਵੇਸ਼ਭੂਸ਼ਾ, ਹਾਵ-ਭਾਵ ਅਤੇ ਉਸ ਦੀਆਂ ਸਰੀਰਕ ਮੁਦਰਾਵਾਂ ਰਾਹੀਂ ਇਕਸੁਰ ਹੋ ਕੇ ਪ੍ਰਵਾਹਿਤ ਹੋ ਰਿਹਾ ਹੁੰਦਾ ਹੈ।
ਸੰਵਾਦ ਦਾ ਬਹੁਤ ਮਹੱਤਵ ਹੈ। ਨਾਟਕ ਦੀ ਪੇਸ਼ਕਾਰੀ ਸਮੇਂ ਜਿੱਥੇ ਪਾਤਰਾਂ ਦੇ ਬੋਲਾਂ ਦਾ ਪ੍ਰਭਾਵ ਦਰਸ਼ਕ ਉੱਤੇ ਪੈਂਦਾ ਹੈ, ਉੱਥੇ ਨਿਰਦੇਸ਼ਕ, ਅਦਾਕਾਰ ਦੀ ਸਰੀਰਕ ਮੁਦਰਾ, ਉਸ ਦੇ ਚਿਹਰੇ ਦੇ ਹਾਵ-ਭਾਵ ਅਤੇ ਸੰਵਾਦ ਰਾਹੀਂ ਪਾਤਰ ਸਿਰਜਣ ਵਿੱਚ ਵੱਡਾ ਯੋਗਦਾਨ ਪਾਉਂਦਾ ਹੈ। ਮਿਸਾਲ ਦੇ ਤੌਰ ’ਤੇ ‘ਸਭ ਤੋਂ ਚੰਗੀ ਜ਼ਨਾਨੀ’ ਨਾਟਕ ਵਿੱਚ ਪਾਤਰ ਦੇ ਸੰਵਾਦ /ਭਾਸ਼ਾ ਦੇ ਨਾਲ ਨਾਲ ਸਰੀਰਕ ਕਿਰਿਆਵਾਂ ਅਤੇ ਪ੍ਰਤੀਕ ਦੇ ਤੌਰ ’ਤੇ ਵਰਤੀਆਂ ਜਾਣ ਵਾਲੀਆਂ ਵਸਤਾਂ ਦਾ ਪ੍ਰਯੋਗ ਇੱਕ ਵਧੀਆ ਜੁਗਲਬੰਦੀ ਹੈ। ਨਾਇਕਾ ਦੇ ਸਿਰਹਾਣੇ ਦੇ ਪ੍ਰਯੋਗ ਕਰਨ ਦੇ ਅੰਦਾਜ਼ ਵਿੱਚੋਂ ਹੀ ਉਸ ਦੀ ਮਨੋਦਸ਼ਾ ਦੇ ਦਰਸ਼ਨ ਹੁੰਦੇ ਹਨ ਜੋ ਉਸ ਦੇ ਬੋਲਾਂ ਨੂੰ ਹੋਰ ਗਹਿਰਾਈ ਪ੍ਰਦਾਨ ਕਰਦੇ ਹਨ। ਇਸ ਨਾਟਕ ਵਿੱਚ ਨਾਇਕਾ ਵੱਲੋਂ ਬੁਲਵਾਇਆ ਸੰਵਾਦ ਉਸ ਦੀ ਸਰੀਰਕ ਵੇਦਨਾ ਦੇ ਨਾਲ ਮਨ ਦੀ ਵੇਦਨਾ ਅਤੇ ਵੰਡੀ ਹੋਈ ਰੂਹ ਦੀ ਬਾਤ ਵੀ ਪਾਉਂਦਾ ਹੈ। ‘ਸਭ ਤੋਂ ਚੰਗੀ ਜ਼ਨਾਨੀ’ ਔਰਤ ਦੇ ਇਨਸਾਨੀ ਹਕੂਕ ਦੀ ਦਰਦ-ਦਾਸਤਾਨ ਹੈ ਜਿਹੜੀ ਕੇਵਲ ‘ਭੂਆ’ ਬਣ ਕੇ ਰਹਿ ਗਈ ਹੈ। ਉਸ ਦੀਆਂ ਸਰੀਰਕ, ਮਾਨਸਿਕ ਅਤੇ ਇਨਸਾਨੀ ਲੋੜਾਂ ਸਮਾਜਿਕ ਰਹਿਤਲ ਵਿੱਚ ਕੋਈ ਥਾਂ ਨਹੀਂ ਰੱਖਦੀਆਂ। ਜਿੱਥੇ ਨਾਟਕ ਵਿੱਚ ਪੇਸ਼ਕਾਰੀ ਵਾਲੇ ਬੋਲ ਕੰਨਾਂ ਵਿੱਚ ਪੈਂਦੇ ਹਨ, ਉੱਥੇ ਅਬੋਲ ਬੋਲ ਵੀ ਦਰਸ਼ਕ ਤੱਕ ਰਸਾਈ ਕਰਦੇ ਹਨ। ਇਹ ਹੀ ਸਵਰਾਜਬੀਰ ਦੀ ਨਾਟਕੀ ਭਾਸ਼ਾ ਦਾ ਕਮਾਲ ਹੈ।
ਇਸ ਨਾਟ ਸੰਗ੍ਰਹਿ ਦੇ ਸਾਰੇ ਨਾਟਕ ਔਰਤ ਸਰੋਕਾਰਾਂ ਨਾਲ ਸਬੰਧਿਤ ਹਨ। ਸਮਾਜਿਕ ਰਹਿਤਲ ਵਿੱਚ ਧੀ, ਭੈਣ, ਪਤਨੀ, ਮਾਂ ਪ੍ਰਤੀ ਸਮਾਜ ਦਾ ਨਜ਼ਰੀਆ ਵੀ ਪੇਸ਼ ਕਰਦੇ ਹਨ। ਔਰਤ ਦੇ ਰੁਦਨ, ਮਾਨਸਿਕ ਗੁੰਝਲਾਂ, ਸਮਾਜਿਕ ਦਬਾਓ ਅਤੇ ਸਮਾਜਕ ਰਹਿਤਲ ਵਿੱਚ ਉਸ ਦੇ ਰੁਤਬੇ ਅਤੇ ਵਸੇਬ ਦੁਆਲੇ ਸਾਰਾ ਤਾਣਾ-ਬਾਣਾ ਸਿਰਜਦੇ ਹਨ। ਲਘੂ ਨਾਟਕ ‘ਪਸੰਦ’ ਅਤੇ ‘ਸਭ ਤੋਂ ਚੰਗੀ ਜ਼ਨਾਨੀ’ ਇਸੇ ਸੰਦਰਭ ਨੂੰ ਉਜਾਗਰ ਕਰਦੇ ਹਨ। ‘ਖੁਸ਼ਬੋਅ’ ਵਿੱਚ ਮਰਦ ਪਾਤਰ ਸਮਾਜ ਦੇ ਵੱਡੇ ਹਿੱਸੇ ਦਾ ਪ੍ਰਤੀਨਿਧ ਹੈ ਅਤੇ ਇਸ ਰਾਹੀਂ ਪਿੱਤਰ-ਸੱਤਾ ਦੀ ਗਹਿਰੀ ਦਲਦਲ ਦੇ ਦਰਸ਼ਨ ਹੁੰਦੇ ਹਨ। ਅਖੌਤੀ ਇੱਜ਼ਤ ਪਿੱਛੇ ਬਾਪ ਵੱਲੋਂ ਕਤਲ ਕੀਤੀ ਆਪਣੀ ਧੀ ਬਾਰੇ ਮਨੋਬਚਨੀ ਹੈ। ਨਾਟਕ ਸਵਾਲ ਪੈਦਾ ਕਰਦਾ ਹੈ ਕਿ ਕੀ ਖੁਸ਼ਬੋਅ ਕਤਲ ਕੀਤੀ ਜਾ ਸਕਦੀ ਹੈ? ਪੰਜਾਬ ਅਤੇ ਹਰਿਆਣਾ ਵਿੱਚ ਹੀ ਨਹੀਂ ਸਗੋਂ ਕੈਨੇਡਾ ਅਤੇ ਅਮਰੀਕਾ ਵਿੱਚ ਵਸਦੇ ਪੰਜਾਬੀ ਭਾਈਚਾਰੇ ਵਿੱਚ ਅਖੌਤੀ ਇੱਜ਼ਤ ਪਿੱਛੇ ਅਨੇਕਾਂ ਧੀਆਂ ਦੇ ਕਤਲ ਕੀਤੇ ਗਏ ਹਨ। ਇਸ ਨਾਟਕ ਵਿੱਚ ‘ਸਕੇਲਪਲ’ ਡਾਕਟਰੀ ਪੇਸ਼ੇ ਵਿੱਚ ਵਰਤਿਆ ਜਾਣ ਵਾਲਾ ਔਜ਼ਾਰ ਹੀ ਨਹੀਂ ਸਗੋਂ ਸਮਾਜ ਦੀ ਸਰਜਰੀ ਕਰਨ ਦੇ ਪ੍ਰਤੀਕ ਦੇ ਤੌਰ ’ਤੇ ਪ੍ਰਵਾਹਿਤ ਹੁੰਦਾ ਹੈ। ਲਘੂ ਨਾਟਕ ‘ਪਸੰਦ’ ਵਿੱਚ ਸਮਾਜ ਕੁੜੀ ਨੂੰ ਵਿਆਹੁਣ ਲਈ ਕੇਵਲ ਮੁੰਡੇ ਦੀ ਪਸੰਦ ਨੂੰ ਤਰਜੀਹ ਦਿੰਦਾ ਹੈ। ਕੁੜੀ ਪਸੰਦ ਕੀਤੇ ਜਾਣ ਲਈ ਇੱਕ ਬਾਜ਼ਾਰ ਦੀ ਵਸਤੂ ਦੇ ਤੌਰ ’ਤੇ ਪੇਸ਼ ਕੀਤੀ ਜਾਂਦੀ ਹੈ। ਕੁੜੀ /ਧੀ ਦੇ ਮਨ ਉੱਤੇ ਕੀ ਬੀਤਦੀ ਹੈ ਇਸ ਦੀ ਕਿਸੇ ਪਰਿਵਾਰ ਅਤੇ ਸਮਾਜ ਨੂੰ ਪਰਵਾਹ ਨਹੀਂ ਸਗੋਂ ਵਾਰ ਵਾਰ ‘ਰੱਦ’ ਕੀਤੇ ਜਾਣ ਮਗਰੋਂ ਉਸ ਨੂੰ ਹੀ ਦੋਸ਼ੀ ਠਹਿਰਾਇਆ ਜਾਂਦਾ ਹੈ।
ਇਸ ਨਾਟ-ਸੰਗ੍ਰਹਿ ਦਾ ਮਹੱਤਵਪੂਰਨ ਟਾਈਟਲ ਨਾਟਕ ‘ਇਹ ਗੱਲਾਂ ਕਦੇ ਫੇਰ ਕਰਾਂਗੇ’ ਭਰੂਣ ਹੱਤਿਆ ਬਾਰੇ ਹੈ। ਪੰਜਾਬ ਭਰੂਣਾਂ ਦੇ ਖੂਹ ਮਿਲਣ ਕਰ ਕੇ ਸਾਰੇ ਵਿਸ਼ਵ ਵਿੱਚ ਸ਼ਰਮਸ਼ਾਰ ਹੋਇਆ ਹੈ। ਔਰਤ ਦੀ ਵਾਰ ਵਾਰ ਗਰਭਪਾਤ ਕਰਾਉਣ ਨਾਲ ਖੋਖਲੀ ਹੋਈ ਦੇਹ ਬਾਰੇ ਕਿਸੇ ਪਰਿਵਾਰਕ ਮੈਂਬਰ ਨੂੰ ਪਰਵਾਹ ਨਹੀਂ। ਪੰਜਾਬ ਵਿੱਚ ਕੁੜੀ-ਮੁੰਡੇ ਦਾ ਲਿੰਗ ਅਨੁਪਾਤ ਸਮਾਜ ਦੀ ਚਿੰਤਾ ਦਾ ਵਿਸ਼ਾ ਅਜੇ ਤੱਕ ਨਹੀਂ ਬਣਿਆ।
‘ਅਦਾਕਾਰ: ਆਦਿ ਅੰਤ ਕੀ ਸਾਖੀ’ ਬਾਰੇ ਕੇਵਲ ਧਾਲੀਵਾਲ ਨੇ ਇਸ ਪੁਸਤਕ ਦੇ ਅੰਤ ਵਿੱਚ ਨਿਰਦੇਸ਼ਕ ਟਿੱਪਣੀ ਵਜੋਂ ਇਸ ਨਾਟਕ ਦੇ ਲਿਖਤ ਪਾਠ ਤੋਂ ਮੰਚੀ-ਪਾਠ (Theatrical Text) ਤੱਕ ਦੇ ਸਫ਼ਰ ਨੂੰ ਦਰਜ ਕੀਤਾ ਹੈ। ਇਹ ਇਸ ਨਾਟਕ ਦੇ ਲਿਖਤ ਖਰੜੇ ਤੋਂ ਮੰਚੀ ਪੇਸ਼ਕਾਰੀ ਦੀ ਯਾਤਰਾ ਦਾ ਹੀ ਬਿਆਨ ਨਹੀਂ ਸਗੋਂ ਹਰ ਨਿਰਦੇਸ਼ਕ ਲਈ ਰਾਹ ਦਸੇਰਾ ਵੀ ਹੈ ਕਿ ਕਿਵੇਂ ਇੱਕ ਨਿਰਦੇਸ਼ਕ ਨਾਟਕ ਨੂੰ ਮੰਚ ਉੱਤੇ ਧੜਕਣ ਪ੍ਰਦਾਨ ਕਰਦਾ ਹੈ। ਇਸ ਨਾਟ-ਸੰਗ੍ਰਹਿ ਵਿਚਲੇ ਸਾਰੇ ਨਾਟਕ ਅਦਾਕਾਰ-ਨਿਰਦੇਸ਼ਕ ਦੇ ਨਾਟਕ ਹੋ ਨਿੱਬੜਦੇ ਹਨ ਕਿਉਂਕਿ ਇੱਕ ਪਾਤਰ ਨੇ ਬਹੁਤ ਸਾਰੇ ਕਿਰਦਾਰਾਂ ਨੂੰ ਇੱਕੋ ਸਮੇਂ ਜਿਊਣਾ ਹੁੰਦਾ ਹੈ। ਨਿਰਦੇਸ਼ਕ ਅਜਿਹਾ ਮੰਚੀ ਕਰਾਫਟ ਸਿਰਜਦਾ ਹੈ ਜਿਸ ਵਿੱਚ ਵੇਸ਼-ਭੂਸ਼ਾ, ਗੀਤ-ਸੰਗੀਤ, ਸੈੱਟ ਤੋਂ ਇਲਾਵਾ ਅਦਾਕਾਰ ਦੀਆਂ ਸਰੀਰਕ-ਕਿਰਿਆਵਾਂ (Body Language) ਦੇ ਅਸਲ ਨੂੰ ਪੇਸ਼ ਕਰਨ ਵਿੱਚ ਸਹਾਈ ਹੁੰਦੀਆਂ ਹਨ। ਪ੍ਰੋੜ ਅਦਾਕਾਰ ਹੀ ਇੱਕ-ਪਾਤਰ ਰਾਹੀਂ ਬਹੁਤ ਸਾਰੀਆਂ ਪ੍ਰਸਥਿਤੀਆਂ ਅਤੇ ਕਿਰਦਾਰਾਂ ਨੂੰ ਪੇਸ਼ ਕਰ ਸਕਦਾ ਹੈ। ‘ਇਹ ਗੱਲਾਂ ਕਦੇ ਫੇਰ ਕਰਾਂਗੇ’ ਵਿੱਚ ‘ਅਦਾਕਾਰ: ਆਦਿ ਅੰਤ ਕੀ ਸਾਖੀ’ ਬਾਰੇ ਨਿਰਦੇਸ਼ਕ ਟਿੱਪਣੀ ਤੋਂ ਸਹਿਜੇ ਹੀ ਅੰਦਾਜ਼ਾ ਲਾ ਸਕਦੇ ਹਾਂ।
ਸਵਰਾਜਬੀਰ ਪਾਤਰ ਦੇ ਕਿਰਦਾਰਾਂ ਨੂੰ ਸਮਝਣ ਅਤੇ ਪੇਸ਼ ਕਰਨ ਲਈ ਥਾਂ ਪੁਰ ਥਾਂ ਨਿਰਦੇਸ਼ਕੀ ਸਹਾਇਕ ਟਿੱਪਣੀਆਂ ਵੀ ਦਿੰਦਾ ਹੈ। ਇਹ ਸਟੇਜ ਸੈਟਿੰਗ ਸਮੇਂ ਅਤੇ ਮੰਚ ਉੱਤੇ ਵਰਤੋਂ ਵਿੱਚ ਲਿਆਉਣ ਵਾਲੀਆਂ ਵਸਤਾਂ ਹਨ। ਅਸਲ ਵਿੱਚ ਇਹ ਨਾਟਕ ਲੇਖਕ, ਅਦਾਕਾਰ ਅਤੇ ਨਿਰਦੇਸ਼ਕ ਦੀ ਜੁਗਲਬੰਦੀ ਦੇ ਨਾਟਕ ਹਨ। ਨਵਸ਼ਰਨ ਨੇ ਇਸ ਪੁਸਤਕ ਦੀ ਭੂਮਿਕਾ ਵਿੱਚ ਲਿਖਿਆ ਹੈ ਕਿ ‘ਇਹ ਗੱਲਾਂ ਹੁਣੇ ਹੀ ਤੁਰਨੀਆਂ ਚਾਹੀਦੀਆਂ ਹਨ।’ ਕੇਵਲ ਧਾਲੀਵਾਲ ਨੇ ਨਿਰਦੇਸ਼ਕੀ ਟਿੱਪਣੀ ਵਿੱਚ ਲਿਖਿਆ ਕਿ ‘ਇਹ ਗੱਲਾਂ ਅਸੀਂ ਵਾਰ ਵਾਰ ਕਰਾਂਗੇ’। ਸਾਹਿਤਕਾਰਾਂ, ਲੇਖਕਾਂ, ਕਲਾਕਾਰਾਂ ਤੇ ਅਦਾਕਾਰਾਂ ਦੇ ਵਾਰ ਵਾਰ ਗੱਲਾਂ ਕਰਨ ਤੋਂ ਬਾਅਦ ਵੀ ਸਮਾਜ ਵਿਚਲੀ ਪਿੱਤਰ-ਸੱਤਾ ਦੀ ਗੁੰਝਲਦਾਰ ਪ੍ਰਸਥਿਤੀ ਦੀ ਜਕੜ ਕਿਉਂ ਨਹੀਂ ਟੁੱਟ ਰਹੀ? ਇਹ ਹੀ ਇਨ੍ਹਾਂ ਨਾਟਕਾਂ ਦਾ ਮੁੱਖ ਸਵਾਲ ਹੈ। ਸਵਾਲ ਪੈਦਾ ਹੁੰਦਾ ਹੈ ਕਿ ਉਹ ਕਿਹੜਾ ਵਰਤਾਰਾ ਹੈ ਜਿਹੜਾ ‘ਖੁਸ਼ਬੋਅ’ ਵਿਚਲੇ ਉਜਾਗਰ ਸਿੰਘ (ਬਾਪ) ਅਤੇ ਭਰਾ ਨੂੰ ਮਿਲ ਕੇ ਆਪਣੀ ਧੀ ਅਤੇ ਭੈਣ ਦਾ ਕਤਲ ਕਰਨ ਲਈ ਮਾਨਸਿਕ ਤੌਰ ’ਤੇ ਤਿਆਰ ਕਰਦਾ ਹੈ। ਇਨ੍ਹਾਂ ਨਾਟਕਾਂ ਦਾ ਉਦੇਸ਼ ਇਹੀ ਹੈ ਕਿ ਇਸ ਸਮਾਜਿਕ ਰਹਿਤਲ ਵਿਚਲੀ ਮਾਨਸਿਕਤਾ ਬਦਲੇ ਬਿਨਾਂ ਤੰਦਰੁਸਤ ਸਮਾਜ ਦੀ ਸਿਰਜਣਾ ਨਹੀਂ ਹੋ ਸਕਦੀ, ਜਿਸ ਵਿੱਚ ਔਰਤ ਨੂੰ ਸ਼ਖ਼ਸੀ ਆਜ਼ਾਦੀ ਸਮੇਤ ਜ਼ਿੰਦਗੀ ਦੇ ਹਰ ਮਸਲੇ ਉੱਤੇ ਆਪਣੀ ਚੋਣ ਕਰਨ ਦਾ ਅਧਿਕਾਰ ਹੋਵੇ। ਸਮਾਜਿਕ ਬਦਲਾਅ ਲਈ ਇੱਕ ਵੱਡੀ ਸਮੂਹਿਕ ਲਹਿਰ ਉਸਾਰਨ ਦੀ ਲੋੜ ਹੈ ਫਿਰ ਹੀ ਸਵਰਾਜਬੀਰ ਵੱਲੋਂ ਨਾਟਕਾਂ ਵਿੱਚ ਕੀਤੀਆਂ ਗੱਲਾਂ ਘਰਾਂ ਤੋਂ ਸੱਥਾਂ ਤੱਕ ਤੁਰਨਗੀਆਂ।
ਸੰਪਰਕ: 70870-91838